ਮੋਦੀ ਦੀ ਲੀਡਰਸ਼ਿਪ 'ਚ ਹਾਰ ਮਗਰੋਂ ਭਾਜਪਾ ਦਾ ਰਾਹ ਹਿੰਦੂਤਵ ਜਾਂ ਹੋਰ -ਨਜ਼ਰੀਆ

    • ਲੇਖਕ, ਪ੍ਰਿਅੰਕਾ ਪਾਠਕ
    • ਰੋਲ, ਬੀਬੀਸੀ ਦੇ ਵਿਸ਼ਵ ਧਾਰਮਿਕ ਮਾਮਲਿਆਂ ਦੀ ਪੱਤਰਕਾਰ

ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਭਾਜਪਾ ਦਾ ਕਾਂਗਰਸ ਹੱਥੋਂ ਹਾਰਨਾ ਇੱਕ ਵੱਡਾ ਝਟਕਾ ਹੈ। ਇਨ੍ਹਾਂ ਨਤੀਜਿਆਂ ਨੇ ਇਹ ਵੀ ਬਹਿਸ ਛੇੜ ਦਿੱਤੀ ਹੈ ਕਿ, ਕੀ ਭਾਜਪਾ ਨੂੰ ਹਿੰਦੁਤਵ ਦਾ ਏਜੰਡਾ ਪੁੱਠਾ ਪੈ ਗਿਆ ਹੈ।

ਖੇਤਰੀ ਪਾਰਟੀਆਂ ਨੇ ਬਾਕੀ ਬਚੇ ਦੋ ਸੂਬਿਆਂ ਵਿੱਚ ਜਿੱਤ ਹਾਸਿਲ ਕੀਤੀ ਹੈ। ਇਨ੍ਹਾਂ ਨਤੀਜਿਆਂ ਨੇ 2019 ਦੀਆਂ ਆਮ ਚੋਣਾਂ ਲਈ ਭਾਜਪਾ ਦੇ ਰਾਹ ਵਿਚ ਮੁਸ਼ਕਿਲ ਹਾਲਾਤ ਪੈਦਾ ਕਰ ਦਿੱਤੇ ਹਨ।

2014 ਵਿੱਚ ਸਰਕਾਰ ਬਣਾਉਣ ਤੋਂ ਬਾਅਦ 13 ਸੂਬੇ ਜਿੱਤਣ ਵਾਲੀ ਭਾਜਪਾ ਦੇ ਅਜਿੱਤ ਰਥ ਦੀ ਰਫ਼ਤਾਰ ਹੁਣ ਘੱਟ ਹੋ ਰਹੀ ਹੈ।

ਭਾਜਪਾ ਨੂੰ ਹੁਣ ਵੱਡੇ ਪੱਧਰ 'ਤੇ ਬਾਹਰੀ ਤੇ ਅੰਦਰੂਨੀ ਆਤਮ-ਮੰਥਨ ਦੀ ਲੋੜ ਹੈ। ਉਨ੍ਹਾਂ ਨੂੰ ਇਸ ਬਾਰੇ ਸੋਚਣਾ ਪਵੇਗਾ ਕਿ, ਕੀ ਭਾਜਪਾ ਦਾ ਕੱਟੜ ਹਿੰਦੁਤਵ ਦਾ ਏਜੰਡਾ ਪੁੱਠਾ ਪੈ ਗਿਆ ਹੈ? ਕੀ ਭਾਜਪਾ ਦੇ 'ਸਭ ਕਾ ਸਾਥ, ਸਭ ਕਾ ਵਿਕਾਸ' ਦੇ ਏਜੰਡੇ ਤੋਂ ਧਰੁਵੀਕਰਨ ਦੀ ਸਿਆਸਤ ਵੱਲ ਮੁੜਨਾ ਅਗਲੇ ਸਾਲ ਨੁਕਸਾਨ ਪਹੁੰਚਾ ਸਕਦਾ ਹੈ?

ਇਹ ਵੀ ਪੜ੍ਹੋ:

ਇਹ ਜਾਇਜ਼ ਸਵਾਲ ਹਨ, ਜਿਨ੍ਹਾਂ ਦਾ ਜਵਾਬ ਲੱਭਣਾ ਜ਼ਰੂਰੀ ਹੈ ਕਿਉਂਕਿ ਕੱਟੜਵਾਦ ਹਿੰਦੁਤਵ ਦਾ ਅਕਸ ਰੱਖਣ ਵਾਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਪੰਜਾਂ ਸੂਬਿਆਂ ਵਿੱਚ ਭਾਜਪਾ ਦੇ ਸਟਾਰ ਪ੍ਰਚਾਰਕ ਰਹੇ।

ਯੋਗੀ ਅਦਿੱਤਿਆਨਾਥ ਨੇ ਪੰਜ ਸੂਬਿਆਂ ਵਿੱਚ 74 ਰੈਲੀਆਂ ਨੂੰ ਸੰਬੋਧਨ ਕੀਤਾ। ਇਨ੍ਹਾਂ ਵਿੱਚ 26 ਰਾਜਸਥਾਨ ਵਿੱਚ, 23 ਛੱਤੀਸਗੜ੍ਹ, 17 ਮੱਧ ਪ੍ਰਦੇਸ਼ ਅਤੇ 8 ਰੈਲੀਆਂ ਨੂੰ ਤੇਲੰਗਾਨਾ ਵਿੱਚ ਸੰਬੋਧਨ ਕੀਤਾ।

ਯੋਗੀ ਦਾ ਹਿੰਦੁਤਵ ਦਾ ਏਜੰਡਾ

ਇਸ ਦੇ ਮੁਕਾਬਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 56 ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਨੇ ਸੰਘ ਪਰਿਵਾਰ ਦੀਆਂ ਕੱਟੜਪੰਥੀ ਜਥੇਬੰਦੀਆਂ- ਆਰਐੱਸਐੱਸ ਤੇ ਵਿਸ਼ਵ ਹਿੰਦੂ ਪਰਿਸ਼ਦ ਨਾਲ ਵੀ ਕੁਝ ਵਕਤ ਤੋਂ ਸੰਪਰਕ ਵਧਾਇਆ।

1980ਵਿਆਂ ਦੇ ਆਖਰ ਵਿੱਚ ਉਨ੍ਹਾਂ ਵੱਲੋਂ ਰਾਮ ਜਨਮ ਭੂਮੀ ਮੁਹਿੰਮ ਨੂੰ ਜ਼ੋਰ ਨਾਲ ਵਧਾਇਆ। ਇਹ ਮੁਹਿੰਮ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਨੂੰ ਲੈ ਕੇ ਸੀ।

ਯੋਗੀ ਵੱਲੋਂ ਰਾਮ ਮੰਦਰ ਵਿਵਾਦ ਨੂੰ 24 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ, ਸਰਯੂ ਦਰਿਆ ਨੇੜੇ ਦੀਵਾਲੀ ਮੌਕੇ ਤਿੰਨ ਲੱਖ ਦੀਵੇ ਬਾਲੇ, 2019 ਦੇ ਅਰਧ ਕੁੰਭ ਮੇਲੇ ਤੋਂ ਪਹਿਲਾਂ ਇਲਾਹਾਬਾਦ ਦਾ ਨਾਂ ਪ੍ਰਯਾਗਰਾਜ ਰੱਖਿਆ ਅਤੇ ਸੂਬੇ ਵਿੱਚ ਰਾਮ ਦਾ ਬੁੱਤ ਲਗਵਾਉਣ ਦੀ ਵੀ ਗੱਲ ਕੀਤੀ।

ਜੇ ਅਦਿੱਤਿਆਨਾਥ ਵੀਐੱਚਪੀ ਦੀ ਲੀਡਰਸ਼ਿਪ ਨੂੰ ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਉਹ ਨਰਿੰਦਰ ਮੋਦੀ ਦਾ ਬਦਲ ਹੋ ਸਕਦੇ ਹਨ ਅਤੇ ਹਿੰਦੁਤਵ ਦੇ ਏਜੰਡੇ ਨੂੰ ਹੋਰ ਮਜਬੂਤੀ ਨਾਲ ਅੱਗੇ ਵਧਾ ਸਕਦੇ ਹਨ ਤਾਂ ਸ਼ਨੀਵਾਰ ਦੀ ਹਾਰ ਉਨ੍ਹਾਂ ਦੇ ਦਾਅਵੇ ਨੂੰ ਕਮਜ਼ੋਰ ਕਰਦੀ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਹਾਲ ਵਿੱਚ ਹੋਈ ਹਾਰ ਦਾ ਕਾਰਨ ਪਾਰਟੀ ਦਾ ਵਿਕਾਸ ਦੀ ਏਜੰਡੇ ਤੋਂ ਪਿੱਛੇ ਹਟਣਾ ਹੈ। ਉਨ੍ਹਾਂ ਅਨੁਸਾਰ ਹਿੰਦੁਤਵ ਦਾ ਏਜੰਡਾ ਪੁੱਠਾ ਪਿਆ ਹੈ।

ਵਿਕਾਸ ਦੇ ਏਜੰਡੇ ’ਤੇ ਹਮਲਾ

ਕੁਝ ਲੋਕ ਸੰਘ ਪਰਿਵਾਰ ਵਿੱਚ ਇਸ ਤੋਂ ਸਹਿਮਤ ਨਹੀਂ ਹਨ ਅਤੇ ਉਹ ਮੰਨਦੇ ਹਨ ਕਿ ਅਸਲ ਵਿੱਚ ਇਸ ਤੋਂ ਉਲਟ ਹੋਇਆ ਹੈ।

ਉਨ੍ਹਾਂ ਅਨੁਸਾਰ ਜਿਵੇਂ ਲੋਕਾਂ ਦਾ ਸਰਕਾਰ ਦੀਆਂ ਆਰਥਿਕ ਨੀਤੀਆਂ ਤੋਂ ਮੋਹਭੰਗ ਹੋਇਆ ਹੈ , ਉਸੇ ਤਰ੍ਹਾਂ ਲੋਕਾਂ ਦਾ ਸਰਕਾਰ ਵੱਲੋਂ ਰਾਮ ਮੰਦਰ ਬਣਾਉਣ ਦੇ ਵਾਅਦੇ ਤੋਂ ਵੀ ਵਿਸ਼ਵਾਸ ਉੱਠ ਗਿਆ ਹੈ।

ਇਹ ਵੀ ਪੜ੍ਹੋ:

ਜੇ ਸਰਕਾਰ ਨੂੰ ਰਾਮ ਮੰਦਰ ਬਾਰੇ ਚੇਤੇ ਕਰਵਾਉਣ ਲਈ ਵੀਐੱਚਪੀ ਤੇ ਆਰਐੱਸਐੱਸ ਨੂੰ ਸੜਕਾਂ 'ਤੇ ਆਉਣਾ ਪਵੇ ਤਾਂ ਇਹ ਤੁਹਾਨੂੰ ਕੀ ਦੱਸ ਰਿਹਾ ਹੈ?

ਇਸ ਹਫ਼ਤੇ ਰਾਮ ਲੀਲਾ ਮੈਦਾਨ ਵਿੱਚ ਰਾਮ ਮੰਦਰ ਬਣਾਉਣ ਦੀ ਮੰਗ ਲਈ ਹੋਈ ਰੈਲੀ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ। ਉਨ੍ਹਾਂ ਨੇ ਸਰਕਾਰ ਵੱਲੋਂ ਰਾਮ ਮੰਦਰ ਨਾ ਬਣਾਏ ਜਾਣ 'ਤੇ ਸਰਕਾਰ ਦੀ ਨਿੰਦਾ ਕੀਤੀ।

ਉਨ੍ਹਾਂ ਨੇ ਨਾਅਰੇ ਲਾਏ, ਪਹਿਲੇ ਰਾਮ ਕੋ ਆਸਨ ਦੋ ਫਿਰ ਹਮਕੋ ਸੁਸ਼ਾਸਨ ਦੋ-। ਇਸ ਨਾਅਰੇ ਮੋਦੀ ਦੇ ਵਿਕਾਸ ਦੇ ਏਜੰਡੇ 'ਤੇ ਸਿੱਧਾ ਹਮਲਾ ਸਨ।

ਅੰਦਰੂਨੀ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਲੋਕ ਇਸ ਨੂੰ ਭਾਜਪਾ ਸਰਕਾਰ ਤੇ ਆਰਐੱਸਐੱਸ-ਵੀਐੱਚਪੀ ਦੀ ਪਰਿਵਾਰਕ ਲੜਾਈ ਮੰਨਦੇ ਹਨ।

ਇਹ ਕਲੇਸ਼ 2001 ਦੀ ਯਾਦ ਤਾਜ਼ਾ ਕਰਵਾਉਂਦਾ ਹੈ, ਜਦੋਂ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਨੇ ਚੰਗੀ ਅਰਥ ਵਿਵਸਥਾ ਵੇਲੇ ਵੀਐੱਚਪੀ-ਆਰਐੱਸਐੱਸ ਦੀ ਰਾਮ ਮੰਦਰ ਬਣਾਉਣ ਦੀ ਮੰਗ ਦਾ ਦਬਾਅ ਝਲਿਆ ਸੀ।

ਆਰਐੱਸਐੱਸ ਦੀ ਭੂਮਿਕਾ ਨਹੀਂ ਹੁੰਦੀ ਨਜ਼ਰਅੰਦਾਜ਼

ਉਨ੍ਹਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਰਾਮ ਮੰਦਰ ਬਾਰੇ ਕੋਈ ਕਦਮ ਨਹੀਂ ਚੁੱਕੇ ਗਏ ਤਾਂ ਉਨ੍ਹਾਂ ਦੇ ਕਾਰਕੁਨਾਂ ਵੱਲੋਂ ਮਾਰਚ 2002 ਵਿੱਚ ਮੰਦਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ।

ਮੌਜੂਦਾ ਵਕਤ ਵਿੱਚ ਭਾਜਪਾ ਦੀ ਸਰਕਾਰ ਕਮਜ਼ੋਰ ਅਰਥਵਿਵਸਥਾ ਨੂੰ ਸੰਭਾਲ ਰਹੀ ਹੈ। ਚੋਣਾਂ ਵਿੱਚ ਹਿੰਦੁਤਵ ਦੇ ਏਜੰਡੇ ਦੇ ਫੇਲ੍ਹ ਹੋਣ ਦੇ ਬਾਵਜੁਦ ਉਸ ਵੱਲ ਮੁੜ ਤੋਂ ਜ਼ੋਰ ਦੇਣ ਦੇ ਦਬਾਅ ਨੇ ਮੋਦੀ ਸਰਕਾਰ ਲਈ ਮੁਸ਼ਕਿਲਾਂ ਖੜ੍ਹੀ ਕੀਤੀਆਂ ਹਨ।

ਹੁਣ ਮੋਦੀ ਸਰਕਾਰ ਨੂੰ ਵਿਕਾਸ ਤੇ ਹਿੰਦੁਤਵ ਵਿਚਾਲੇ ਇੱਕ ਨੂੰ ਚੁਣਨਾ ਹੋਵੇਗਾ।

ਆਰਐੱਸਐੱਸ ਦੇ ਕਾਰਕੁਨ ਆਪਣੇ ਅਨੁਸ਼ਾਸਨ ਅਤੇ ਚੋਣਾਂ ਦੌਰਾਨ ਆਪਣੀ ਐਕਟਿਵ ਕੰਮਕਾਜ ਕਾਰਨ ਭਾਜਪਾ ਦੀ ਕਾਮਯਾਬੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

2014 ਵਿੱਚ ਹਿੰਦੀ ਭਾਸ਼ੀ ਸੂਬਿਆਂ ਵਿੱਚ ਭਾਜਪਾ ਦੀ ਵੱਡੀ ਜਿੱਤ ਪਿੱਛੇ ਉਨ੍ਹਾਂ ਦਾ ਅਹਿਮ ਯੋਗਦਾਨ ਸੀ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

ਭਾਵੇਂ ਮਾਹਿਰਾਂ ਦੇ ਇੱਕ ਧੜੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਿੰਦੁਤਵ ਦਾ ਏਜੰਡਾ ਪੁੱਠਾ ਪੈ ਗਿਆ ਤੇ ਸਰਕਾਰ ਨੂੰ ਮੁੜ ਤੋਂ ਅਰਥ ਵਿਵਸਥਾ ਵੱਲ ਧਿਆਨ ਦੇਣ ਦੀ ਲੋੜ ਹੈ ਪਰ ਕੁਝ ਲੋਕਾਂ ਅਨੁਸਾਰ ਪਾਰਟੀ ਨੂੰ ਮੁੜ ਕੋਰ ਏਜੰਡੇ ਵੱਲ ਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਉਹ ਕੋਰ ਏਜੰਡਾ ਹੈ, ਰਾਮ ਮੰਦਰ, ਯੂਨੀਫਾਰਮ ਸਿਵਿਲ ਕੋਡ ਅਤੇ ਗਊਆਂ ਦੀ ਸੁਰੱਖਿਆ। ਤਾਂ ਜੋ ਭਾਜਪਾ ਆਪਣੇ ਹਮਾਇਤੀਆਂ ਨੂੰ ਦੱਸ ਸਕੀਏ ਕਿ ਭਾਜਪਾ ਨੇ ਇਹ ਮੁੱਦੇ ਛੱਡੇ ਨਹੀਂ ਹਨ।

ਭਾਵੇਂ ਭਾਜਪਾ-ਆਰਐੱਸਐੱਸ ਤੇ ਵੀਐੱਚਪੀ ਦੇ ਲੋਕ ਮੰਨਦੇ ਹਨ ਕਿ ਅਰਥਵਿਵਸਥਾ ਮੁਸ਼ਕਿਲ ਹਾਲਾਤ ਤੋਂ ਗੁਜ਼ਰ ਰਹੀ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਆਮ ਚੋਣਾਂ ਹਿੰਦੁਤਵ ਦੇ ਮੁੱਦਿਆਂ 'ਤੇ ਹੀ ਲੜੀਆਂ ਜਾਣਗੀਆਂ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)