ਐਮਪੀ, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਚੋਣਾਂ ਮਗਰੋਂ ਮੋਦੀ ਤੇ ਰਾਹੁਲ ਇਹ ਗਲਤਫਹਿਮੀ ਨਾ ਪਾਲਣ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਚੋਣ ਨਤੀਜਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਕਾਂਗਰਸ-ਮੁਕਤ ਨਾਅਰੇ ਨੂੰ ਨਕਾਰ ਦਿੱਤਾ ਹੈ।

ਜ਼ਾਹਰ ਤੌਰ 'ਤੇ ਪਿਛਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 'ਚ ਵੱਡੀ ਜਿੱਤ ਅਤੇ ਗੁਜਰਾਤ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਉਮੀਦ ਨਾਲੋਂ ਕਿਤੇ ਚੰਗੇ ਪ੍ਰਦਰਸ਼ਨ ਨੇ ਕਾਂਗਰਸ ਦੇ ਮਨੋਬਲ ਨੂੰ ਹੁੰਗਾਰਾ ਦਿੱਤਾ ਸੀ। ਪਰ ਇਨ੍ਹਾਂ ਤਿੰਨ ਸੂਬਿਆਂ ਦੇ ਵਿਧਾਨ ਸਭਾ ਨਤੀਜੇ 'ਭਾਜਪਾ ਕਦੇ ਹਾਰ ਨਹੀਂ ਸਕਦੀ' ਵਾਲੀ ਧਾਰਨਾ ਨੂੰ ਜ਼ਰੂਰ ਬਦਲ ਦੇਣਗੇ।

ਨਰਿੰਦਰ ਮੋਦੀ ਦੇ ਨਾ ਹਾਰਨ ਵਾਲੇ ਅਕਸ ਨੂੰ ਢਾਹ ਲੱਗੀ ਹੈ। ਦੂਜੇ ਪਾਸੇ ਕਰੀਬ ਇੱਕ ਸਾਲ ਪਹਿਲਾਂ ਹੀ ਪਾਰਟੀ ਪ੍ਰਧਾਨ ਵਜੋਂ ਕਮਾਨ ਆਪਣੇ ਹੱਥ ਲੈਣ ਵਾਲੇ ਰਾਹੁਲ ਗਾਂਧੀ ਦੇ ਲਈ ਇਹ ਵੱਡਾ ਹੌਸਲਾ ਹੈ।

ਇਹ ਵੀ ਪੜ੍ਹੋ:

ਕਾਂਗਰਸ ਦੇ ਸੀਨੀਅਰ ਲੀਡਰ ਮਣੀ ਸ਼ੰਕਰ ਅਈਅਰ ਨੇ ਬੀਬੀਸੀ ਨੂੰ ਕਿਹਾ ਕਾਂਗਰਸ ਨੇ ਆਪਣੇ ਲੰਬੇ ਇਤਿਹਾਸ ਵਿੱਚ ਕਈ ਉਤਰਾਅ-ਚੜ੍ਹਾਅ ਦੇਖੇ ਹਨ।

''2014 ਦੀਆਂ ਚੋਣਾਂ ਦੌਰਾਨ ਪਾਰਟੀ ਕਾਫ਼ੀ ਹੇਠਲੇ ਪੱਧਰ 'ਤੇ ਚਲੀ ਗਈ ਸੀ ਪਰ ਹੁਣ ਅਸੀਂ ਮੁੜ ਪੱਟੜੀ 'ਤੇ ਆ ਗਏ ਹਾਂ।''

ਭਾਜਪਾ ਦਾ ਇੱਕ 'ਅਨੁਸ਼ਾਸਿਤ' ਲੀਡਰ ਹਰ ਕਿਸੇ ਨੂੰ ਯਾਦ ਕਰਵਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਦਾ ਪੈਟਰਨ ਹਮੇਸ਼ਾ ਕੌਮੀ ਚੋਣਾਂ ਨਾਲੋਂ ਵੱਖਰਾ ਹੁੰਦਾ ਹੈ।

ਉਨ੍ਹਾਂ ਮੁਤਾਬਕ ਇਹ ਚੋਣਾਂ ਵੱਖਰੇ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਇਨ੍ਹਾਂ ਨਤੀਜਿਆਂ ਨਾਲ ਉਨ੍ਹਾਂ ਦੀ ਪਾਰਟੀ ਦੀ 2019 ਦੀ ਜਿੱਤ ਖ਼ਤਰੇ 'ਚ ਨਹੀਂ ਆ ਜਾਵੇਗੀ।

ਰੁਝਾਨਾਂ ਨੇ ਜਦੋਂ ਕਾਂਗਰਸ ਦੀ ਜਿੱਤ ਵੱਲ ਇਸ਼ਾਰਾ ਕਰਨਾ ਸ਼ੁਰੂ ਕੀਤਾ ਤਾਂ ਕਾਂਗਰਸ ਦੇ ਕਈ ਲੀਡਰਾਂ ਅਤੇ ਪਾਰਟੀ ਵਰਕਰਾਂ ਨੇ ਉਦੋਂ ਹੀ ਪਾਰਟੀ ਹੈੱਡਕੁਆਟਰ ਵਿੱਚ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਕਾਂਗਰਸ ਲੀਡਰ ਦਾ ਕਹਿਣਾ ਹੈ ਕਿ ਭਾਜਪਾ ਦੇ ਹੰਕਾਰ ਨੂੰ ਵੋਟਰਾਂ ਨੇ ਕਰਾਰਾ ਜਵਾਬ ਦਿੱਤਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਭਰੋਸਾ ਸੀ ਕਿ ਇਹ ਨਤੀਜੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਵਰਕਰਾਂ ਦਾ ਹੌਸਲਾ ਵਧਾਉਣਗੇ।

ਰਾਜਸਥਾਨ ਤੋਂ ਇੱਕ ਪਾਰਟੀ ਵਰਕਰ ਦਾ ਕਹਿਣਾ ਹੈ ਕਿ ਜੇਕਰ ਐਨੀ ਮਜ਼ਬੂਤ ਸਥਿਤੀ 'ਤੇ ਰਹਿ ਕੇ ਵੀ 2019 ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਹੁੰਦੀ ਹੈ ਤਾਂ ਉਹ ਸਾਡੀ ਹਾਰ ਹੋਵੇਗੀ।

ਨਤੀਜੇ ਦਰਸਾਉਂਦੇ ਹਨ ਕਿ ਭਾਜਪਾ ਦੇ ਕੱਟੜ ਹਿੰਦੂਤਵਾ ਵਾਲੀ ਜੁਮਲੇਬਾਜ਼ੀ ਨੂੰ ਵੋਟਰਾਂ ਨੇ ਨਕਾਰਿਆ ਹੈ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਾਨਾਥ ਭਾਜਪਾ ਦੇ ਸਟਾਰ ਪ੍ਰਚਾਰਕ ਸਨ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ 83 ਰੈਲੀਆਂ ਨੂੰ ਸੰਬੋਧਿਤ ਕੀਤਾ।

ਆਪਣੇ ਭਾਸ਼ਣਾਂ ਵਿੱਚ ਉਹ ਕਾਂਗਰਸ 'ਤੇ ਮੁਸਲਿਮ ਭਾਈਚਾਰੇ ਨੂੰ ਫੁਸਲਾਉਣ ਦਾ ਇਲਜ਼ਾਮ ਲਗਾਉਂਦੇ ਰਹੇ ਹਨ।

ਉਹ ਲਗਾਤਾਰ ਇਹੀ ਕਹਿੰਦੇ ਰਹੇ ਕਿ ਕਿਵੇਂ ਕਾਂਗਰਸ ਨੇ ਅੱਤਵਾਦੀਆਂ ਨੂੰ ''ਬਿਰਆਨੀ'' ਖੁਆਈ ਜਦਕਿ ਉਨ੍ਹਾਂ ਦੀ ਪਾਰਟੀ ਨੇ ਅੱਤਵਾਦੀਆਂ ਦੀਆਂ ਗੋਲੀਆਂ ਖਾਧੀਆਂ।

ਪੰਜ ਸਾਲਾਂ 'ਚ ਅੰਕੜਿਆਂ 'ਚ ਕੀ ਆਇਆ ਫ਼ਰਕ?

ਛੱਤੀਸਗੜ੍ਹ (90)

  • ਕਾਂਗਰਸ: 43% ਵੋਟ (2013: 40.3%), 68 ਸੀਟਾਂ (2013: 39)
  • ਭਾਜਪਾ: 33% ਵੋਟ (2013: 41%), 15 ਸੀਟਾਂ (2013: 49)
  • ਬਸਪਾ: 3.9% ਵੋਟ (2013: 4.3%), 2 ਸੀਟਾਂ (2013: 1)

ਮੱਧ ਪ੍ਰਦੇਸ਼ (230)

  • ਕਾਂਗਰਸ: 40.9% ਵੋਟ (2013: 36.4%), 114 ਸੀਟਾਂ (2013: 58)
  • ਭਾਜਪਾ: 41% ਵੋਟ (2013: 44.9%), 109 ਸੀਟਾਂ (2013: 165)
  • ਬਸਪਾ: 5% ਵੋਟ (2013: 6.3%), 2 ਸੀਟਾਂ (2013: 4)

ਰਾਜਸਥਾਨ (200)*

  • ਕਾਂਗਰਸ: 39.3% ਵੋਟ (2013: 33.7%), 99 ਸੀਟਾਂ (2013: 21)
  • ਭਾਜਪਾ: 38.8% ਵੋਟ (2013: 46%), 73 ਸੀਟਾਂ (2013: 163)
  • ਬਸਪਾ: 4% ਵੋਟ (2013: 3.4%), 6 ਸੀਟਾਂ (2013: 3)

*1 ਸੀਟ 'ਤੇ ਉਮੀਦਵਾਰ ਦੀ ਮੌਤ ਹੋਣ ਕਾਰਨ ਚੋਣ ਮੁਲਤਵੀ

ਲੋਕ ਸਭਾ ਚੋਣਾਂ 'ਤੇ ਇਨ੍ਹਾਂ ਨਤੀਜਿਆਂ ਦਾ ਪਵੇਗਾ ਅਸਰ

ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਸੀ। ਇਨ੍ਹਾਂ ਸੂਬਿਆਂ ਦੇ ਚੋਣ ਨਤੀਜਿਆਂ ਨੇ ਇਹ ਦਿਖਾ ਦਿੱਤਾ ਕਿ ਮੋਦੀ ਦਾ ਜਾਦੂ ਖ਼ਤਮ ਹੋ ਰਿਹਾ ਹੈ।

ਨਰਿੰਦਰ ਮੋਦੀ ਨੇ 33 ਅਤੇ ਅਮਿਤ ਸ਼ਾਹ ਨੇ 54 ਰੈਲੀਆਂ ਨੂੰ ਸੰਬੋਧਿਤ ਕੀਤਾ ਪਰ ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਉਨ੍ਹਾਂ ਦੀ ਇੱਛਾ ਮੁਤਾਬਕ ਨਤੀਜੇ ਲਿਆਉਣ ਵਿੱਚ ਫੇਲ੍ਹ ਹੋ ਗਈਆਂ।

ਇਹ ਵੀ ਪੜ੍ਹੋ:

ਅਗਲੇ ਸਾਲ ਅਪ੍ਰੈਲ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਆਖ਼ਰੀ ਵਿਧਾਨ ਸਭਾ ਚੋਣਾਂ ਸਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਇਹ ਨਤੀਜੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਤੇ ਅਸਰ ਕਰਨਗੇ ਜੋ ਕਾਂਗਰਸ ਲਈ ਵੱਡੀ ਰਾਹਤ ਵਾਲੀ ਗੱਲ ਹੈ।

ਪਰ ਭਾਜਪਾ ਆਗੂਆਂ ਦਾ ਤਰਕ ਹੈ ਕਿ ਇਨ੍ਹਾਂ ਨਤੀਜਿਆਂ ਦਾ ਬਹੁਤ ਪ੍ਰਭਾਵ ਨਹੀਂ ਪਵੇਗਾ। ਪਰ ਇੱਕ ਗੱਲ ਜ਼ਰੂਰ ਪੱਕੀ ਹੋ ਗਈ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)