ਐਮਪੀ ਤੇ ਰਾਜਸਥਾਨ ’ਚ ਕਾਂਗਰਸ ਨੂੰ ਮਿਲੇਗਾ ਬਸਪਾ ਦਾ ਸਾਥ, 3 ਸੂਬਿਆਂ ’ਚ ਸਰਕਾਰ ਬਣਾਉਣ ਦੀ ਤਿਆਰੀ

ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਤਿੰਨ ਸੂਬਿਆਂ 'ਚ ਕਾਂਗਰਸ ਨੇ ਭਾਜਪਾ ਨੂੰ ਪਛਾੜ ਦਿੱਤਾ ਹੈ।

ਛੱਤੀਸਗੜ੍ਹ ਸੂਬੇ ਦੀਆਂ ਕੁੱਲ 90 ਸੀਟਾਂ ਹਨ। ਚੋਣ ਕਮੀਸ਼ਨ ਦੇ ਅੰਕੜਿਆਂ ਮੁਤਾਬਕ ਹੁਣ ਤਕ ਕਾਂਗਰਸ ਨੇ 68 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ ਅਤੇ ਭਾਜਪਾ ਨੇ 15 ਸੀਟਾਂ 'ਤੇ। ਦੋ ਸੀਟਾਂ ਬਸਪਾ ਤੇ 5 ਸਟਾਂ ਜੇਸੀਸੀ ਨੇ ਜਿੱਤੀਆਂ ਹਨ।

ਰਾਜਸਥਾਨ ਵਿੱਚ ਕੁੱਲ 200 ਸੀਟਾਂ ਹਨ ਪਰ ਬਹੁਜਨ ਸਮਾਜ ਪਾਰਟੀ ਦੇ ਇੱਕ ਉਮੀਦਵਾਰ ਦੀ ਮੌਤ ਕਾਰਨ 199 ਸੀਟਾਂ ਉੱਤੇ ਵੋਟਿੰਗ ਹੋਈ। ਰਾਜਸਥਾਨ ਦੀਆਂ ਸਾਰੀਆਂ 199 ਸੀਟਾਂ ਦੇ ਨਤੀਜੇ ਆ ਗਏ ਸਨ।

ਰਾਜਸਥਾਨ ਵਿੱਚ ਕਾਂਗਰਸ ਨੇ 99 ਸੀਟਾਂ ਜਿੱਤੀਆਂ ਅਤੇ ਭਾਜਪਾ ਨੇ 73 ਸੀਟਾਂ ਜਿੱਤੀਆਂ ਸਨ। ਇੱਥੇ ਬਸਪਾ 6, ਆਜ਼ਾਦ 7 ਅਤੇ ਹੋਰ 8 ਸੀਟਾਂ ਉੱਤੇ ਜਿੱਤ ਦਰਜ ਕਰ ਚੁੱਕੇ ਹਨ।

ਮੱਧ ਪ੍ਰਦੇਸ਼ ਦੀਆਂ 230 ਸੀਟਾਂ ਹਨ। ਇਸ ਵਿੱਚੋਂ ਕਾਂਗਰਸ ਨੇ 114 ਅਤੇ ਭਾਜਪਾ ਨੇ 109 ਸੀਟਾਂ ਉੱਤੇ ਜਿੱਤ ਹਾਸਲ ਕੀਤੀ।

ਬਸਪਾ ਨੇ 2 ਸੀਟਾਂ ਜਿੱਤਿਆ ਅਤੇ ਇੱਕ ਸੀਟ ਸਮਾਜਵਾਦੀ ਪਾਰਟੀ ਦੇ ਹਿੱਸੇ ਆਈ। ਹੋਰ 4 ਸੀਟਾਂ ਜਿੱਤ ਚੁੱਕੇ ਹਨ।

ਬਸਪਾ ਨੇ ਦਿੱਤਾ ਕਾਂਗਰਸ ਨੂੰ ਸਮਰਥਨ

ਬਸਪਾ ਮੁੱਖੀ ਮਾਇਆਵਤੀ ਨੇ ਇਹ ਘੋਸ਼ਣਾ ਕੀਤੀ ਹੈ ਕਿ ਉਹ ਕਾਂਗਰਸ ਨੂੰ ਸਮਰਥਨ ਦੇਣਗੇ।

ਇਸ ਦੇ ਨਾਲ ਹੀ ਕਾਂਗਰਸ ਦਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਅੱਧੇ ਤੋਂ ਵਧ ਸੀਟਾਂ ਦਾ ਅੰਕੜਾ ਪਾਰ ਹੋ ਗਿਆ।

ਛੱਤੀਸਗੜ ਵਿੱਚ ਇਹ ਅੰਕੜਾ ਪਹਿਲਾਂ ਹੀ ਪਾਰ ਸੀ।

ਕਾਂਗਰਸ ਹੁਣ ਤਿੰਨਾਂ ਰਾਜਾਂ ਵਿੱਚ ਸਰਕਾਰ ਬਣਾਉਣ ਲਈ ਤਿਆਰ ਹੈ।

ਪੰਜ ਸਾਲਾਂ 'ਚ ਅੰਕੜਿਆਂ 'ਚ ਕੀ ਆਇਆ ਫ਼ਰਕ?

ਛੱਤੀਸਗੜ੍ਹ (90)

  • ਕਾਂਗਰਸ: 43% ਵੋਟ (2013: 40.3%), 68 ਸੀਟਾਂ (2013: 39)
  • ਭਾਜਪਾ: 33% ਵੋਟ (2013: 41%), 15 ਸੀਟਾਂ (2013: 49)
  • ਬਸਪਾ: 3.9% ਵੋਟ (2013: 4.3%), 2 ਸੀਟਾਂ (2013: 1)

ਮੱਧ ਪ੍ਰਦੇਸ਼ (230)

  • ਕਾਂਗਰਸ: 40.9% ਵੋਟ (2013: 36.4%), 114 ਸੀਟਾਂ (2013: 58)
  • ਭਾਜਪਾ: 41% ਵੋਟ (2013: 44.9%), 109 ਸੀਟਾਂ (2013: 165)
  • ਬਸਪਾ: 5% ਵੋਟ (2013: 6.3%), 2 ਸੀਟਾਂ (2013: 4)

ਰਾਜਸਥਾਨ (200)*

  • ਕਾਂਗਰਸ: 39.3% ਵੋਟ (2013: 33.7%), 99 ਸੀਟਾਂ (2013: 21)
  • ਭਾਜਪਾ: 38.8% ਵੋਟ (2013: 46%), 73 ਸੀਟਾਂ (2013: 163)
  • ਬਸਪਾ: 4% ਵੋਟ (2013: 3.4%), 6 ਸੀਟਾਂ (2013: 3)

*1 ਸੀਟ 'ਤੇ ਉਮੀਦਵਾਰ ਦੀ ਮੌਤ ਹੋਣ ਕਾਰਨ ਚੋਣ ਮੁਲਤਵੀ

ਮੁੱਖ ਮੰਤਰੀ ਕੌਣ ਬਣੇਗਾ?

ਰਾਜਸਥਾਨ ਕਾਂਗਰਸ 'ਚ ਮੁੱਖ ਮੰਤਰੀ ਬਣਨ ਦੀ ਦੌੜ 'ਚ ਨਵੀਂ ਪੀੜ੍ਹੀ ਦੇ ਮੰਨੇ ਜਾਂਦੇ ਸਚਿਨ ਪਾਇਲਟ ਸ਼ਾਮਲ ਹਨ, ਜੋ ਕਿ ਸੂਬਾ ਇਕਾਈ ਦੇ ਪ੍ਰਧਾਨ ਵੀ ਹਨ।

ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਹਨ, ਜਿਨ੍ਹਾਂ ਨੇ ਰੁਝਾਨਾਂ ਤੋਂ ਬਾਅਦ ਸਮਰਥਕਾਂ ਨੂੰ ਚਾਹ ਵਰਤਾਈ।

ਸ਼ਾਮ ਨੂੰ ਗਹਿਲੋਤ ਦੇ ਘਰ ਦੇ ਬਾਹਰ ਸਮਰਥਕਾਂ ਨੇ ਇਕੱਠੇ ਹੋ ਕੇ, ਨਾਹਰੇ ਲਗਾ ਕੇ ਰਾਹੁਲ ਗਾਂਧੀ ਤੋਂ ਮੰਗ ਕੀਤੀ ਕਿ ਗਹਿਲੋਤ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇ।

ਇਹ ਵੀ ਜ਼ਰੂਰ ਪੜ੍ਹੋ

ਮੁੱਖ ਮੰਤਰੀ ਕੌਣ ਬਣੇਗਾ? ਇਸ ਸਵਾਲ 'ਤੇ ਗਹਿਲੋਤ ਨੇ ਹੱਸਦਿਆਂ ਆਖਿਆ ਕਿ ਇਹ ਤਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੀਦਾ ਹੈ। ਪਾਇਲਟ ਦਾ ਵੀ ਇਹੀ ਕਹਿਣਾ ਸੀ।

ਮੱਧ ਪ੍ਰਦੇਸ਼ 'ਚ ਵੀ ਮੁੱਖ ਮੰਤਰੀ ਬਣਨ ਦੇ ਕਾਂਗਰਸ 'ਚ ਦੋ ਦਾਅਵੇਦਾਰ ਹਨ — ਨਵੀਂ ਪੀੜ੍ਹੀ ਦੇ ਮੰਨੇ ਜਾਂਦੇ ਤੇ ਸੂਬਾ ਪ੍ਰਧਾਨ ਜੋਤਿਰਾਦਿੱਤਿਆ ਸਿੰਧੀਆ ਅਤੇ ਪੁਰਾਣੇ ਘਾਗ ਮੰਨੇ ਜਾਂਦੇ ਕਮਲ ਨਾਥ।

ਸਿੰਧੀਆ ਨੇ ਟਵਿੱਟਰ ਉੱਪਰ ਸਾਥੀਆਂ ਨੂੰ ਵਧਾਈ ਦਿੱਤੀ

ਮੋਦੀ ਦਾ ਹੁਣ ਕੀ?

ਇਨ੍ਹਾਂ ਰੁਝਾਨਾਂ ਉੱਪਰ ਬੀਬੀਸੀ ਦੇ ਦਲਜੀਤ ਅਮੀ ਨਾਲ ਗੱਲਬਾਤ ਕਰਦਿਆਂ ਵਿਸ਼ਲੇਸ਼ਕ ਅਤੁਲ ਸੂਦ ਨੇ ਕਿਹਾ ਕਿ ਇਨ੍ਹਾਂ ਰੁਝਾਨਾਂ 'ਚ ਐਂਟੀ-ਬੀਜੇਪੀ ਮਾਹੌਲ ਨਜ਼ਰ ਆ ਰਿਹਾ ਹੈ ਪਰ ਕਾਂਗਰਸ ਵੱਲੋਂ ਕੋਈ ਨਵਾਂ ਏਜੰਡਾ ਅਜੇ ਵੀ ਨਜ਼ਰ ਨਹੀਂ ਆ ਰਿਹਾ।

ਬੀਬੀਸੀ ਨਾਲ ਫੇਸਬੁੱਕ ਲਾਈਵ ਦੌਰਾਨ ਸੀਨੀਅਰ ਪੱਤਰਕਾਰ ਜਤਿਨ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੇ ਅੰਦਰ ਪੁਰਾਣੇ-ਨਵੇਂ ਦੇ ਝਗੜੇ ਨੂੰ ਹਟਾ ਕੇ ਹੁਣ ਪੁਰਾਣੇ-ਨਵੇਂ ਦੇ ਗੱਠਜੋੜ ਦਾ ਫਾਰਮੂਲਾ ਅਪਣਾਇਆ ਜੋ ਕਿ ਕੰਮ ਕਰਦਾ ਦਿਸ ਰਿਹਾ ਹੈ।

ਨਾਲ ਹੀ ਜਤਿਨ ਨੇ ਕਿਹਾ, "ਕਾਂਗਰਸ ਦੀ ਆਦਤ ਹੈ, ਭਾਰਤੀ ਕ੍ਰਿਕਟ ਟੀਮ ਤਰ੍ਹਾਂ ਜਿੱਤਿਆ ਮੈਚ ਹਾਰਨ ਦੀ ਕੋਸ਼ਿਸ਼ ਕਰਦੀ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਸੀਟਾਂ ਦੀ ਬਜਾਇ ਵੋਟ ਫ਼ੀਸਦ ਉੱਪਰ ਵੀ ਨਜ਼ਰ ਰੱਖਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਨਤੀਜਿਆਂ ਨੂੰ ਬਿਹਤਰ ਸਮਝਿਆ ਜਾ ਸਕੇ।

ਜਤਿਨ ਮੁਤਾਬਕ ਬਸਪਾ ਦੀ ਪਰਫਾਰਮੈਂਸ ਵੀ ਬਹੁਤ ਮਾਅਨੇ ਰੱਖਦੀ ਹੈ।

ਬਸਪਾ ਦੀ ਅਹਿਮੀਅਤ

ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਦੀਆਂ ਇਨ੍ਹਾਂ ਤਿੰਨਾਂ ਰਾਜਾਂ 'ਚ ਕੁਝ ਸੀਟਾਂ ਆ ਰਹੀਆਂ ਸਨ, ਹਾਲਾਂਕਿ ਅਜੇ ਇਹ ਸਵਾਲ ਬਾਕੀ ਹੈ ਕਿ ਇਹ ਕਾਂਗਰਸ ਨਾਲ ਰਲੇਗੀ ਕਿ ਨਹੀਂ।

ਉੰਝ "ਮਹਾਗੱਠਬੰਧਨ" ਬਣਾਉਣ ਦੀ ਕਵਾਇਦ ਲਈ ਇਸੇ ਹਫਤੇ ਹੋਈ ਮੀਟਿੰਗ 'ਚ ਬਸਪਾ ਨੇ ਸ਼ਮੂਲੀਅਤ ਨਹੀਂ ਕੀਤੀ ਸੀ।

ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੇ ਕਿਹਾ ਕਿ ਸਥਾਨਕ ਪਾਰਟੀਆਂ ਨੂੰ ਵੀ ਕਾਫੀ ਸਮਰਥਨ ਮਿਲਿਆ ਹੈ ਅਤੇ ਕਾਂਗਰਸ ਵੀ ਹੁਣ ਗੱਠਜੋੜ ਕਰਨ ਦਾ ਵੱਲ ਸਿੱਖ ਚੁੱਕੀ ਹੈ।

ਐੱਨਡੀਟੀਵੀ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਸਾਫ ਹੈ ਕਿ ਨਵੇਂ ਸਮੀਕਰਨ ਸੂਬਾਵਾਰ ਬਨਣਗੇ ਅਤੇ ਲੋਕ ਸਭਾ ਚੋਣਾਂ ’ਤੇ ਇਨ੍ਹਾਂ ਨਤੀਜਿਆਂ ਦਾ ਬਹੁਤ ਅਸਰ ਪਵੇਗਾ ਤੇ ਮਾਇਆਵਤੀ ਦੀ ਬਸਪਾ ਵੱਡੀ ਪਲੇਅਰ ਹੋਵੇਗੀ।

ਇਹ ਵੀ ਜ਼ਰੂਰ ਪੜ੍ਹੋ

ਬਾਕੀ ਦੋਹਾਂ ਸੂਬਿਆਂ ਦੀ ਗੱਲ ਕਰੀਏ ਤਾਂ ਤੇਲੰਗਾਨਾ 'ਚ ਮੌਜੂਦਾ ਸੱਤਾਧਾਰੀ ਪਾਰਟੀ ਟੀਆਰੈੱਸ ਮੁੜ ਜਿੱਤੀ ਹੈ, ਮਿਜ਼ੋਰਮ 'ਚ ਕਾਂਗਰਸ ਸੱਤਾ ਗੁਆਉਂਦੀ ਨਜ਼ਰ ਆ ਰਹੀ ਹੈ।

ਪੰਜਾਬ 'ਚ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਰੁਝਾਨ ਦੇ ਸਿਰ 'ਤੇ ਵੱਡੇ ਦਾਅਵੇ ਕਰਦਿਆਂ ਕਿਹਾ, "ਤੇਲੰਗਾਨਾ ਤੇ ਮਿਜ਼ੋਰਮ 'ਚ ਨਾ ਜਿੱਤਣ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸਲ ਲੜਾਈ ਭਾਜਪਾ ਨਾਲ ਹੈ। ਮਿਜ਼ੋਰਮ ਤੋਂ ਤਾਂ ਸਾਰੇ ਵਿਧਾਇਕ ਉਸੇ ਪਾਰਟੀ ਨਾਲ ਜੁੜ ਜਾਂਦੇ ਹਨ ਜਿਸ ਦੀ ਕੇਂਦਰ 'ਚ ਸਰਕਾਰ ਹੋਵੇ। 2019 'ਚ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਸ਼ਾਨੋਸ਼ੋਕਤ ਨਾਲ ਸਰਕਾਰ ਬਣਾਏ ਗੀ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)