ਆਰਬੀਆਈ ਗਵਰਨਰ ਉਰਜਿਤ ਪਟੇਲ ਦੇ ਅਸਤੀਫ਼ੇ ਦੀ ਟਾਈਮਿੰਗ ਇਸ ਲਈ ਸਵਾਲਾਂ ’ਚ

ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਰਿਜ਼ਰਵ ਬੈਂਕ ਦੀ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਉਰਜਿਤ ਪਟੇਲ ਦੇ ਸੰਦੇਸ਼ ਵਿੱਚ ਕਿਹਾ ਗਿਆ ਹੈ, "ਨਿੱਜੀ ਕਾਰਨਾਂ ਕਾਰਕੇ ਮੈਂ ਤੁਰੰਤ ਪ੍ਰਭਾਵ ਤੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਲਿਆ ਹੈ।''

"ਪਿਛਲੇ ਕਈ ਸਾਲਾਂ ਤੋਂ ਭਾਰਤੀ ਰਿਜ਼ਰਵ ਬੈਂਕ ਵਿੱਚ ਵੱਖੋ-ਵੱਖਰੇ ਅਹੁਦਿਆਂ ਤੇ ਰਹਿਣਾ ਮੇਰੇ ਲਈ ਮਾਣ ਵਾਲੀ ਗੱਲ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਰਿਜ਼ਰਵ ਬੈਂਕ ਕਰਮਚਾਰੀਆਂ ਅਤੇ ਰਿਜ਼ਰਵ ਬੈਂਕ ਦੀ ਸਖ਼ਤ ਮਿਹਨਤ ਅਤੇ ਸਹਿਯੋਗ ਬੜਾ ਅਹਿਮ ਰਿਹਾ ਹੈ।''

ਉਨ੍ਹਾਂ ਕਿਹਾ, "ਮੈਂ ਇਸ ਮੌਕੇ 'ਤੇ ਆਪਣੇ ਸਹਿਯੋਗੀਆਂ ਅਤੇ ਰਿਜ਼ਰਵ ਬੈਂਕ ਦੇ ਆਰਬੀਆਈ ਦੇ ਕੇਂਦਰੀ ਬੋਰਡ ਦੇ ਨਿਰਦੇਸ਼ਕਾਂ ਪ੍ਰਤੀ ਧੰਨਵਾਦੀ ਹਾਂ ਅਤੇ ਭਵਿੱਖ ਲਈ ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਭੇਂਟ ਕਰਦਾ ਹਾਂ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਉਰਜਿਤ ਪਟੇਲ ਦੀ ਕਮੀ ਨੂੰ ਮਹਿਸੂਸ ਕਰਨਗੇ। ਉਨ੍ਹਾਂ ਕਿਹਾ ਕਿ ਉਰਜਿਤ ਪਟੇਲ ਪੇਸ਼ਵਰ ਤਰੀਕੇ ਨਾਲ ਆਪਣੀਆਂ ਸੇਵਾਵਾਂ ਨੂੰ ਨਿਭਾਇਆ ਹੈ।

ਭਾਰਤ ਦੇ ਵਿੱਤ ਮੰਤਰੀ ਦੀ ਪ੍ਰਤੀਕਿਰਿਆ

ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਉਨ੍ਹਾਂ ਦੇ ਅਸਤੀਫੇ ਬਾਰੇ ਕਿਹਾ, “ਸਰਕਾਰ ਉਰਜਿਤ ਪਟੇਲ ਵੱਲੋਂ ਆਰਬੀਆਈ ਦੇ ਗਵਰਨਰ ਅਤੇ ਉੱਪ ਗਵਰਨਰ ਵਜੋਂ ਦੇਸ ਦੀਆਂ ਕੀਤੀਆਂ ਸੇਵਾਵਾਂ ਨੂੰ ਮਾਨਤਾ ਦਿੰਦੀ ਹੈ। ਮੇਰੇ ਲਈ ਉਨ੍ਹਾਂ ਨਾਲ ਕੰਮ ਕਰਨਾ ਅਤੇ ਉਨ੍ਹਾਂ ਦੀ ਵਿਦਵਤਾ ਤੋਂ ਲਾਭ ਲੈਣਾ ਖ਼ੁਸ਼ਕਿਸਮਤੀ ਵਾਲੀ ਗੱਲ ਸੀ। ਮੈਂ ਪਟੇਲ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਉਨ੍ਹਾਂ ਦੇ ਲੰਬੇ ਜਨਤਕ ਜੀਵਨ ਦੀ ਕਾਮਨਾ ਕਰਦਾ ਹਾਂ।”

ਭਾਰਤ ਦੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਉਰਜਿਤ ਪਟੇਲ ਦੇ ਅਸਤੀਫ਼ੇ ਤੋਂ ਬਾਅਦ ਕੀਤੇ ਟਵੀਟ ਵਿੱਚ ਲਿਖਿਆ, ਮੈਂ ਡਾ਼ ਉਰਜਿਤ ਪਟੇਲ ਦੇ ਅਸਤੀਫ਼ੇ ਤੋਂ ਦੁਖੀ ਹਾਂ ਪਰ ਹੈਰਾਨ ਨਹੀਂ। ਸਵੈ-ਮਾਣ ਵਾਲਾ ਕੋਈ ਵਿਦਵਾਨ ਜਾਂ ਅਕਾਦਮਿਕ ਇਸ ਸਰਕਾਰ ਵਿੱਚ ਕੰਮ ਨਹੀਂ ਕਰ ਸਕਦਾ।,"

ਆਰਥਿਕ ਮਾਮਲਿਆਂ ਦੇ ਜਾਣਕਾਰ ਸੁਜਾਨ ਹਜਰਾ ਨੇ ਇਸ ਬਾਰੇ ਆਪਣੀ ਰਾਇ ਦਿੰਦਿਆਂ ਕਿਹਾ, "ਅਸਤੀਫ਼ੇ ਦੀ ਉਮੀਦ ਨਹੀਂ ਸੀ। ਇਸ ਦਾ (ਅਸਤੀਫ਼ੇ) ਸਮਾਂ ਹੈਰਾਨ ਕਰਨ ਵਾਲਾ ਹੈ ਕਿਉਂਕਿ ਗਵਰਨਰ ਨੇ ਵਿਵਾਦਿਤ ਬੋਰਡ ਮੀਟਿੰਗ ਤੋਂ ਬਾਅਦ ਅਤੇ ਦਸੰਬਰ ਦੀ ਆਰਥਿਕ ਨੀਤੀ ਦੌਰਾਨ ਵੀ ਕੰਮ ਕਰਨਾ ਜਾਰੀ ਰੱਖਿਆ ਸੀ।"

"ਇਹ ਸਰਕਾਰ ਨਾਲ ਮਸਲਿਆਂ ਬਾਰੇ ਵਿਚਾਰਾਂ ਦੇ ਮਤਭੇਦਾਂ ਦੀ ਸਿਖਰ ਲਗਦੀ ਹੈ। ਸਾਨੂੰ ਲੱਗ ਰਿਹਾ ਸੀ ਕਿ ਵਖਰੇਵੇਂ ਖ਼ਤਮ ਹੋ ਰਹੇ ਹਨ ਪਰ ਅਸਤੀਫ਼ੇ ਨੇ ਕੁਝ ਹੋਰ ਹੀ ਸਾਬਤ ਕਰ ਦਿੱਤਾ ਹੈ। ਇਸ ਨਾਲ ਉਲਝਣ ਪੈਦਾ ਹੋਵੇਗੀ ਜੋ ਕਿ ਜਲਦੀ ਹੀ ਕਿਸੇ ਭਰੋਸੇਯੋਗ ਗਵਰਨਰ ਦੀ ਨਿਯੁਕਤੀ ਨਾਲ ਹੀ ਦੂਰ ਹੋ ਸਕਦੀ ਹੈ।'

ਰਿਜ਼ਰਵ ਬੈਂਦ ਕੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਜਦੋਂ ਪਿਛਲੇ ਮਹੀਨੇ ਆਪਣੇ ਭਾਸ਼ਣ ਵਿੱਚ ਖੁੱਲ੍ਹ ਕੇ ਰਿਜ਼ਰਵ ਬੈਂਕ ਦੀ ਖੁਦ ਮੁਖਤਿਆਰੀ ਦੀ ਵਕਾਲਤ ਕੀਤੀ ਸੀ। ਉਨ੍ਹਾਂ ਨੇ ਮੰਨਿਆ ਸੀ ਕਿ ਨਕਦੀ ਦੀ ਉਪਲਬਧਤਾ, ਕਰੈਡਿਟ ਫਲੋ ਅਤੇ ਸਰਕਾਰ ਦੇ ਅਧਿਕਾਰ ਨੂੰ ਲੈ ਕੇ ਮੋਦੀ ਸਰਕਾਰ ਤੇ ਰਿਜ਼ਰਵ ਬੈਂਕ ਵਿਚਾਲੇ ਮਤਭੇਦ ਹੈ।

ਸਮੀਰ ਹਾਸ਼ਮੀ, ਬੀਬੀਸੀ ਦੇ ਭਾਰਤ ਤੋਂ ਵਾਪਰਕ ਪੱਤਰਕਾਰ

ਪਿਛਲੇ ਦੋ ਮਹੀਨਿਆਂ ਤੋਂ ਕਿਆਸ ਲਾਏ ਜਾ ਰਹੇ ਸਨ ਕਿ ਉਰਜਿਤ ਪਟੇਲ ਰਿਜ਼ਰਵ ਬੈਂਕ ਦੇ 24ਵੇਂ ਗਵਰਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।

ਪਿਛਲੇ ਹਫ਼ਤੇ ਮੈਂ ਡਾ਼ ਉਰਜਿਤ ਪਟੇਲ ਵੱਲੋਂ ਰਿਜ਼ਰਵ ਬੈਂਕ ਦੇ ਹੈਡਕੁਆਰਟਰ ਵਿੱਚ ਸੱਦੀ ਗਈ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਇਆ।

ਜਦੋਂ ਉਨ੍ਹਾਂ ਨੂੰ ਰਿਜ਼ਰਵ ਬੈਂਕ ਅਤੇ ਸਰਕਾਰ ਦਰਮਿਆਨ ਚੱਲ ਰਹੇ ਤਣਾਅ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਹਾਲਾਂਕਿ ਉਨ੍ਹਾਂ ਇਸ਼ਾਰਾ ਕੀਤਾ ਕਿ ਸਭ ਭਲਾ ਨਹੀਂ ਹੈ ਜਦਕਿ ਰਿਪੋਰਟਾਂ ਆ ਰਹੀਆਂ ਸਨ ਕਿ ਦੋਵਾਂ ਧਿਰਾਂ ਵਿੱਚ ਕੋਈ ਸਮਝੌਤਾ ਹੋ ਗਿਆ ਹੈ।

ਡਾ਼ ਪਟੇਲ ਦੇ ਅਸਤੀਫ਼ੇ ਨੇ ਵਿਸ਼ਲੇਸ਼ਕਾਂ ਦੇ ਉਨ੍ਹਾਂ ਖ਼ਦਸ਼ਿਆਂ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸਰਕਾਰ ਰਿਜ਼ਰਵ ਬੈਂਕ ਦੀ ਖ਼ੁਦ-ਮੁਖ਼ਤਿਆਰੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਇਲਜ਼ਾਮਾਂ ਨੂੰ ਸਰਾਕਰ ਨੇ ਖਾਰਜ ਕੀਤਾ ਹੈ।

ਦਿਲਚਸਪ ਗੱਲ ਹੈ ਕਿ ਇਹ ਅਸਤੀਫ਼ਾ ਰਿਜ਼ਰਵ ਬੈਂਕ ਦੇ ਡਾਇਰੈਕਟਰਾਂ ਦੀ ਬੋਰਡ ਮੀਟਿੰਗ ਤੋਂ ਚਾਰ ਦਿਨ ਪਹਿਲਾਂ ਆਇਆ ਹੈ। ਇਸ ਮੀਟਿੰਗ ਵਿੱਚ ਕੁਝ ਵਿਵਾਦਿਤ ਮੁੱਦੇ ਵੀ ਵਿਚਾਰੇ ਜਾਣੇ ਸਨ।

ਬੋਰਡ ਵਿੱਚ ਸਰਕਾਰ ਵੱਲੋਂ ਲਾਏ ਹੋਏ ਕਈ ਮੈਂਬਰ ਹਨ। ਇਹ ਮੈਂਬਰ ਰਿਜ਼ਰਵ ਬੈਂਕ ਦੀ ਪ੍ਰਬੰਧਕੀ ਬਾਡੀ ਉੱਪਰ ਸਰਕਾਰ ਦੀਆਂ ਕੁਝ ਮੰਗਾਂ ਨਾਲ ਸਹਿਮਤ ਹੋਣ ਲਈ ਦਬਾਅ ਪਾ ਰਹੇ ਸਨ।

ਡਾ਼ ਪਟੇਲ ਦੇ ਅਸਤੀਫ਼ੇ ਨਾਲ ਨਿਵੇਸ਼ਕਾਂ ਨੂੰ ਵੀ ਅਸਹਿਜ ਹੋਣਗੇ। ਖ਼ਾਸ ਕਰਕੇ ਜਦੋਂ ਭਾਰਤ ਦੀ ਆਰਥਿਕ ਵਾਧਾ ਦਰ ਮੱਧਮ ਚੱਲ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)