ਬਾਦਲ ਨੇ ਭੁੱਲਾਂ ਬਖਸ਼ਾਉਣ ਦੇ ਤੀਜੇ ਦਿਨ ਕਿਹਾ 'ਸਾਡੇ ਤੋਂ ਮੁਆਫ਼ੀ ਤਾਂ ਜਿਸਤੋਂ ਮਰਜ਼ੀ ਮੰਗਾ ਲਵੋ', ਪਰ ਕਾਹਦੀ ਮੁਆਫ਼ੀ ਇਹ ਫਿਰ ਨਹੀਂ ਦੱਸਿਆ

''ਜੇਕਰ ਕੋਈ ਗਲਤੀ ਹੋਈ ਹੈ ਤਾਂ ਗੁਰੂ ਸਾਹਿਬ ਬਖਸ਼ਣਹਾਰ ਹਨ ਉਹ ਬਖਸ਼ ਦੇਣ। ਅਸੀਂ ਗੁਰੂ ਦੇ ਦਰ 'ਤੇ ਭੁੱਲਾਂ ਦੀ ਬਖਸ਼ੀਸ਼ ਕਰਵਾਉਣ ਵਾਸਤੇ ਹਾਜਰ ਹੋਏ ਹਾਂ''

ਇਹ ਸ਼ਬਦ ਤਿੰਨ ਦਿਨਾਂ ਤੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਜੋੜਿਆਂ ਦੀ ਸੇਵਾ ਕਰਕੇ, ਭਾਂਡੇ ਮਾਂਜ ਕੇ ਭੁੱਲਾਂ ਬਖਸ਼ਾ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਨ।

ਉਮੀਦ ਸੀ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਮਗਰੋਂ ਅਕਾਲੀ ਦਲ ਦੀ ਲੀਡਰਸ਼ਿਪ ਕੁੱਝ ਦੱਸੇਗੀ ਕਿ ਇਹ ਕਿਹੜੀਆਂ ਭੁੱਲਾਂ ਬਖਸ਼ਾ ਰਹੀ ਹੈ, ਪਰ ਅਜਿਹਾ ਹੋਇਆ ਨਹੀਂ।

ਪੱਤਰਕਾਰਾਂ ਨੇ ਜਦੋਂ ਬਾਦਲ ਨੂੰ ਪੁੱਛਿਆ ਕਿ ਤੁਸੀਂ ਕਿਹੜੀਆਂ-ਕਿਹੜੀਆਂ ਭੁੱਲਾਂ ਬਖਸ਼ਾਈਆਂ ਤਾਂ ਬਾਦਲ ਨੇ ਕੁਝ ਨਹੀਂ ਦੱਸਿਆ। ਤਕਰੀਬਨ ਪੰਜ ਮਿੰਟ ਤੱਕ ਪੱਤਰਕਾਰਾਂ ਨਾਲ ਗੱਲਬਾਤ ਕਰਨ ਮਗਰੋਂ ਉਨ੍ਹਾਂ ਕਿਸੇ ਵੀ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ।

ਬਰਗਾੜੀ ਮੋਰਚੇ ਤੋਂ ਲੈ ਕੇ ਅਕਾਲ ਤਖਤ ਤੋਂ ਡੇਰਾ ਮੁਖੀ ਨੂੰ ਮੁਆਫੀ ਵਰਗੇ ਸਵਾਲਾਂ 'ਤੇ ਬਾਦਲ ਕਹਿੰਦੇ ਨਜ਼ਰ ਆਏ ਕਿ ਮੈਂ ਇਸ ਸਮਾਗਮ ਨੂੰ ਸਿਆਸੀ ਤੌਰ 'ਤੇ ਕਿਤੇ ਨਹੀਂ ਲਿਜਾਣਾ ਚਾਹੁੰਦਾ।

ਉਨ੍ਹਾਂ ਅੱਗੇ ਕਿਹਾ, ''ਅਸੀਂ ਤਿੰਨ ਦਿਨ ਤੱਕ ਸਤਿਕਾਰ ਸਹਿਤ ਤੇ ਨਿਮਰਤਾ ਸਹਿਤ ਵਾਹਿਗੁਰੂ ਅੱਗੇ ਅਪੀਲ ਕਰਨੀ ਹੈ। ਅਸੀਂ ਪਹਿਲਾਂ ਵੀ ਮੁਆਫੀ ਮੰਗੀ ਹੈ, ਤੁਹਾਡੇ ਤੋਂ ਅਤੇ ਸੰਗਤ ਤੋਂ ਵੀ ਮੁਆਫੀ ਮੰਗਦੇ ਹਾਂ। ਸਾਡੇ ਤੋਂ ਮੁਆਫ਼ੀ ਤਾਂ ਜਿਸਤੋਂ ਮਰਜੀ ਮੰਗਾ ਲਵੋ।''

ਇਹ ਵੀ ਪੜ੍ਹੋ

ਸ਼ਨੀਵਾਰ ਤੋਂ ਸ਼ੁਰੂ ਹੋਇਆਪ੍ਰੋਗਰਾਮ

'ਜਾਣੇ-ਅਣਜਾਣੇ' ਕੀਤੀਆਂ ਗਈਆਂ ਭੁੱਲਾਂ ਦੀ ਮੁਆਫੀ ਮੰਗਣ ਦੇ ਲਈ ਅਕਾਲੀ ਦਲ ਦੀ ਸਿਖ਼ਰਲੀ ਲੀਡਰਸ਼ਿਪ ਸ਼ਨੀਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੀ ਸੀ।

ਇਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਜਗੀਰ ਕੌਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਪਰਮਿੰਦਰ ਢੀਂਡਸਾ ਸ਼ਾਮਿਲ ਸਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)