ਬਾਦਲਾਂ ਦੇ ਭੁੱਲ ਬਖ਼ਸ਼ਾਉਣ 'ਤੇ ਸਿੱਖ ਚਿੰਤਕਾਂ ਨੇ ਚੁੱਕੇ ਕਿਹੜੇ ਸਵਾਲ

    • ਲੇਖਕ, ਇੰਦਰਜੀਤ ਕੌਰ
    • ਰੋਲ, ਪੱਤਰਕਾਰ, ਬੀਬੀਸੀ

'ਜਾਣੇ-ਅਣਜਾਣੇ' ਕੀਤੀਆਂ ਗਈਆਂ ਭੁੱਲਾਂ ਦੀ ਮੁਆਫੀ ਮੰਗਣ ਦੇ ਲਈ ਅਕਾਲੀ ਦਲ ਦੀ ਸਿਖ਼ਰਲੀ ਲੀਡਰਸ਼ਿਪ ਸ਼ਨੀਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੀ ਸੀ।

ਇਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਜਗੀਰ ਕੌਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਪਰਮਿੰਦਰ ਢੀਂਡਸਾ ਸ਼ਾਮਿਲ ਸਨ।

ਸਭ ਦੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਇਹ ਆਗੂ ਕਿਹੜੀਆਂ ਭੁੱਲਾਂ ਬਖਸ਼ਾਉਣ ਆਏ ਸਨ ਅਤੇ ਸਿੱਖ ਮਰਿਆਦਾ ਮੁਤਾਬਕ ਭੁੱਲ ਬਖਸ਼ਾਉਣ ਦਾ ਇਹ ਤਰੀਕਾ ਕਿੰਨਾ ਵਾਜਿਬ ਹੈ।

ਇਸ ਬਾਰੇ ਸਿੱਖ ਬੁੱਧੀਜੀਵੀ ਡਾ. ਬਲਕਾਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਭੁੱਲ ਬਖਸ਼ਾਉਣ ਦੇ ਲਈ ਇੱਕ ਵਿਧੀ ਹੈ। ਪਰ ਬਾਦਲ ਤੇ ਅਕਾਲੀਆਂ ਨੇ ਇਸ ਲਈ ਗਲਤ ਤਰੀਕਾ ਅਪਣਾਇਆ।

ਉਨ੍ਹਾਂ ਦੱਸਿਆ, "ਜੇ ਕਿਸੇ ਨੇ ਵੀ ਭੁੱਲ ਬਖਸ਼ਾਉਣੀ ਹੈ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਜਾਂਦਾ ਹੈ। ਉਸ ਦੀ ਇਜਾਜ਼ਤ ਜਥੇਦਾਰ ਦਿੰਦੇ ਹਨ। ਫਿਰ ਬਖਸ਼ੀਸ਼ ਹੁੰਦੀ ਹੈ।

ਉਂਝ ਵੀ ਤਨਖਾਹ ਲੱਗਦੀ ਹੈ ਤਾਂ ਮਾਫੀ ਮੰਗਣ ਲਈ ਦਰਬਾਰ ਸਾਹਿਬ ਪਹੁੰਚਿਆ ਜਾਂਦਾ ਹੈ। ਪਰ ਇਹ ਤਾਂ ਖੁਦ ਹੀ ਚਲੇ ਗਏ ਹਨ। ਸਿੱਖ ਧਰਮ ਮੁਤਾਬਕ ਅਜਿਹਾ ਕਿਸੇ ਅਸੂਲ ਅਧੀਨ ਨਹੀਂ ਹੁੰਦਾ। ਅਕਾਲੀ ਦਲ ਦੇ ਇਨ੍ਹਾਂ ਆਗੂਆਂ ਨੇ ਕਿਸੇ ਮਰਿਆਦਾ ਦੀ ਪਾਲਣਾ ਨਹੀਂ ਕੀਤੀ।"

ਇਹ ਵੀ ਪੜ੍ਹੋ:

ਡਾਕਟਰ ਬਲਕਾਰ ਸਿੰਘ ਨੇ ਅੱਗੇ ਕਿਹਾ, "ਇਹ ਸਿਰਫ਼ ਸਿਆਸਤ ਹੈ, ਇਸ ਵਿੱਚ ਕੋਈ ਧਾਰਮਿਕ ਭਾਵਨਾ ਤਾਂ ਹੈ ਹੀ ਨਹੀਂ। ਕਿਸੇ ਗਲਤੀ ਦੀ ਮੁਆਫ਼ੀ ਕੋਈ ਵੀ ਸਿੱਖ ਘਰ ਜਾਂ ਕਿਸੇ ਵੀ ਗੁਰਦੁਆਰੇ ਵਿੱਚ ਕਰ ਸਕਦਾ ਹੈ।

ਸਿੱਖ ਧਰਮ ਵਿੱਚ ਅਜਿਹੀ ਖਿਮਾ ਯਾਚਨਾ ਕਦੇ ਵੀ ਨਹੀਂ ਕੀਤੀ ਗਈ ਜੋ ਬਿਲਕੁਲ ਵੀ ਸਪਸ਼ਟ ਨਾ ਹੋਵੇ। 'ਜਾਣੇ-ਅਣਜਾਣੇ' ਕੋਈ ਭੁੱਲ ਹੋ ਗਈ ਹੋਵੇ ਇਹ ਤਾਂ ਅਸੀਂ ਰੋਜ਼ਾਨਾ ਅਰਦਾਸ ਵਿੱਚ ਵੀ ਕਹਿ ਦਿੰਦੇ ਹਾਂ।

ਇਸ ਦਾ ਇੰਨ੍ਹਾਂ ਨੂੰ ਕੋਈ ਸਿਆਸੀ ਫਾਇਦਾ ਵੀ ਨਹੀਂ ਹੋਣਾ। ਅਕਾਲੀ ਦਲ ਨੂੰ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਿਆ ਹੈ। ਇਹ ਪੰਥਕ ਮੁੱਦਾ ਨਹੀਂ ਹੈ।"

ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਹੜੀ ਭੁੱਲ ਦੀ ਮੁਆਫ਼ੀ ਮੰਗ ਰਿਹਾ ਸੀ?

ਇਸੇ ਦੌਰਾਨ ਸਿੱਖ ਚਿੰਤਕ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੀ ਮੌਜੂਦਗੀ 'ਤੇ ਸਵਾਲ ਖੜ੍ਹੇ ਕੀਤੇ ਹਨ।

ਭਾਈ ਅਸ਼ੋਕ ਸਿੰਘ ਬਾਗੜੀਆ ਦਾ ਕਹਿਣਾ ਹੈ, "ਸਭ ਤੋਂ ਪਹਿਲਾਂ ਤਾਂ ਇਹੀ ਸਪਸ਼ਟ ਨਹੀਂ ਹੈ ਕਿ ਮਾਫ਼ੀ ਕੌਣ ਮੰਗ ਰਿਹਾ-ਪਾਰਟੀ ਜਾਂ ਬਾਦਲ ਪਰਿਵਾਰ। ਫਿਰ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਕਿਉਂ ਹਨ।

ਉਹ ਕਿਹੜੀ ਗਲਤੀ ਦੀ ਮੁਆਫੀ ਮੰਗ ਰਹੇ ਹਨ। ਇਹ ਮੁਆਫ਼ੀ ਤਾਂ ਕਿਸੇ ਵੀ ਗੁਰਦੁਆਰੇ ਵਿੱਚ ਮੰਗੀ ਜਾ ਸਕਦੀ ਸੀ। ਅਕਾਲ ਤਖ਼ਤ ਨੂੰ ਸਿਆਸਤ ਲਈ ਵਰਤਣਾ ਅਕਾਲ ਤਖਤ ਦੀ ਬੇਇਜ਼ਤੀ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਮੁਆਫ਼ੀ ਮੰਗਣ ਦੇ ਤਰੀਕੇ 'ਤੇ ਵੀ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ, "ਬਤੌਰ ਸਿੱਖ ਨਿਮਰਤਾ ਨਾਲ ਮੁਆਫ਼ੀ ਮੰਗੀ ਜਾਂਦੀ ਹੈ।

ਮੰਗਣਾ ਦੋ ਕਿਸਮ ਦਾ ਹੁੰਦਾ ਹੈ-ਬੇਨਤੀ ਕਰਨਾ ਅਤੇ ਮੰਗ ਕਰਨਾ। ਇਹ ਮੰਗ ਵਾਲੀ ਮੁਆਫ਼ੀ ਹੈ। ਉਨ੍ਹਾਂ ਦੇ ਨਾਲ ਪੂਰਾ ਕਾਫਿਲਾ ਸੀ। ਸੁਰੱਖਿਆ ਮੁਲਾਜ਼ਮ ਸਨ। ਭੁੱਲ ਬਖਸ਼ਾਉਣ ਲਈ ਇਹ ਤਰੀਕਾ ਸਹੀ ਨਹੀਂ ਹੈ।"

ਹਾਲੇ ਤੱਕ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਅਕਾਲੀ ਦਲ ਦੇ ਇੰਨ੍ਹਾਂ ਆਗੂਆਂ ਵੱਲੋਂ ਕਿਹੜੇ ਵੇਲੇ ਦੀ ਮੁਆਫ਼ੀ ਮੰਗੀ ਗਈ ਹੈ।

ਇਹ ਵੀ ਪੜ੍ਹੋ:

ਭਾਈ ਅਸ਼ੋਕ ਸਿੰਘ ਬਾਗੜੀਆ ਦਾ ਕਹਿਣਾ ਹੈ, "ਜੇ ਇਹ ਮੁਆਫ਼ੀ ਅਕਾਲੀ-ਭਾਜਪਾ ਸਰਕਾਰ ਦੇ ਸੱਤਾ ਵਿੱਚ ਰਹਿੰਦੇ ਹੋਏ ਕਿਸੇ ਗਲਤੀ ਲਈ ਮੰਗੀ ਗਈ ਹੈ ਤਾਂ ਭਾਜਪਾ ਦਾ ਕੋਈ ਆਗੂ ਨਾਲ ਕਿਉਂ ਨਹੀਂ ਸੀ। ਸਰਕਾਰ ਗਠਜੋੜ ਦੀ ਸੀ, ਇਸ ਲਈ ਦੋਹਾਂ ਪਾਰਟੀਆਂ ਦੇ ਆਗੂਆਂ ਨੂੰ ਨਾਲ ਹੋਣਾ ਚਾਹੀਦਾ ਸੀ।"

ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਅੱਜ ਕੋਈ ਗੱਲਬਾਤ ਨਹੀਂ ਕਰਨਗੇ ਅਤੇ ਇਸ ਬਾਰੇ ਸਾਰੇ ਸਵਾਲਾਂ ਦੇ ਜਾਵਾਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਦਿੱਤੇ ਜਾਣਗੇ। ਇਸ ਪ੍ਰੈੱਸ ਕਾਨਫਰੰਸ ਦੀ ਸਭ ਨੂੰ ਉਡੀਕ ਰਹੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)