ਅੰਮ੍ਰਿਤਸਰ : ਬਾਦਲਾਂ ਦੇ ਭੁੱਲ ਬਖਸ਼ਾਉਣ 'ਤੇ ਕੀ -ਕੀ ਨੇ ਪ੍ਰਤੀਕਰਮ -ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ: ਮਾਨ

ਸ਼ਨੀਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 93ਵੇਂ ਜਨਮਦਿਨ ਮੌਕੇ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਜਾਣੇ-ਅਣਜਾਣੇ' ਕੀਤੀਆਂ ਭੁੱਲਾਂ ਦੀ ਮੁਆਫੀ ਮੰਗਣ ਪਹੁੰਚੀ ਹੋਈ ਹੈ।

ਅਕਾਲੀ ਲੀਡਰਸ਼ਿਪ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਪਰਮਿੰਦਰ ਢੀਂਡਸਾ ਸ਼ਾਮਿਲ ਹਨ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬੀਬੀ ਜਗੀਰ ਕੌਰ ਵੀ ਅੰਮ੍ਰਿਤਸਰ ਪਹੁੰਚੇ ਹੋਏ ਹਨ। ਇਸ ਸਾਰੇ ਘਟਨਾਕ੍ਰਮ ਬਾਰੇ ਵੱਖ-ਵੱਖ ਸਿਆਸੀ ਪ੍ਰਤੀਕਰਮ ਸਾਹਮਣੇ ਆ ਰਹੇ ਹਨ,ਆਓ ਪਾਈਏ ਇੱਕ ਨਜ਼ਰ:

ਇਹ ਵੀ ਪੜ੍ਹੋ:

ਅਕਾਲੀ ਦਲ ਦਾ ਪੱਖ:

ਪ੍ਰਕਾਸ਼ ਸਿੰਘ ਬਾਦਲਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਅੱਜ ਕੋਈ ਗੱਲਬਾਤ ਨਹੀਂ ਕਰਨਗੇ ਅਤੇ ਇਸ ਬਾਰੇ ਸਾਰੇ ਸਵਾਲਾਂ ਦੇ ਜਾਵਾਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਦਿੱਤੇ ਜਾਣਗੇ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ, "ਅਕਾਲੀ ਦਲ ਨੇ ਦਸ ਸਾਲ ਸਰਕਾਰ ਵਿੱਚ ਰਹਿ ਕੇ ਪੰਜਾਬ ਦੀ ਸੇਵਾ ਕੀਤੀ ਹੈ। ਇੰਨੀ ਲੰਬੀ ਸੇਵਾ ਦੌਰਾਨ ਜਾਣੇ-ਅਣਜਾਣੇ ਕਈ ਭੁੱਲਾਂ ਹੋ ਜਾਂਦੀਆਂ ਹਨ। ਸਿੱਖ ਧਰਮ ਦੀ ਇਹ ਰਵਾਇਤ ਹੈ ਕਿ ਅਸੀਂ ਗੁਰੂ ਕੋਲੋਂ ਮਾਫੀ ਮੰਗ ਸਕਦੇ ਹਾਂ।"

ਕੈਪਟਨ ਅਮਰਿੰਦਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਧਰਮ ਦੇ ਨਾਂ 'ਤੇ ਸਿਆਸੀ ਡਰਾਮਾ ਕਰਨ ਲਈ ਖਿੱਲੀ ਉਡਾਈ ਹੈ ਅਤੇ ਆਪਣੇ ਪਿਛਲੇ 10 ਸਾਲ ਦੇ ਕੁਸ਼ਾਸ਼ਨ ਦੌਰਾਨ ਕੀਤੀਆਂ ਗਲਤੀਆਂ ਲਈ ਪਸ਼ਚਾਤਾਪ ਕਰਨ ਲਈ ਚੁਣੌਤੀ ਦਿੱਤੀ ਹੈ।

ਚੰਡੀਗੜ੍ਹ ਤੋਂ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਬਾਦਲ ਪਰਿਵਾਰ ਅਤੇ ਹੋਰਾਂ ਆਗੂਆਂ ਤੇ ਵਿਧਾਇਕਾਂ ਵੱਲੋਂ ਜਨਤਕ ਹਿਮਾਇਤ ਹਾਸਲ ਕਰਨ ਵਾਸਤੇ ਧਰਮ ਦੀ ਦੁਵਰਤੋਂ ਕਰਨ ਲਈ ਤਿੱਖੀ ਆਲੋਚਨਾ ਕੀਤੀ ਹੈ ਕਿਉਂਕਿ ਅਕਾਲੀ ਦਲ ਪਿਛਲੇ ਦੋ ਸਾਲਾਂ ਦੌਰਾਨ ਆਪਣਾ ਜਨਤਕ ਸਮਰਥਣ ਪੂਰੀ ਤਰਾਂ ਗਵਾ ਚੁੱਕਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀਆਂ ਗਲਤੀਆਂ ਨੂੰ ਪ੍ਰਵਾਨ ਕਰਨ ਵਿੱਚ ਅਸਫਲ ਰਹਿਣ 'ਤੇ ਦੁੱਖ ਪ੍ਰਗਟ ਕੀਤਾ ਹੈ ਜਦੋਂ ਕਿ ਉਹ ਮੁਆਫੀ ਦੇ ਲਈ ਅਕਾਲਤਖਤ ਪਹੁੰਚੇ ਹਨ।

ਉਨਾਂ ਕਿਹਾ ਕਿ ਬਾਦਲ ਇਸ ਗੱਲ ਨੂੰ ਚੰਗੀ ਤਰਾਂ ਜਾਣਦੇ ਹਨ ਕਿ ਉਨਾਂ ਨੇ ਆਪਣੇ ਕਾਲ ਦੌਰਾਨ ਕਿਹੜੀਆਂ ਗਲਤੀਆਂ ਕੀਤੀਆਂ ਹਨ ਪਰ ਅਜਏੇ ਉਨਾਂ ਨੇ ਇਨਾਂ ਗਲਤੀਆਂ ਲਈ ਮੁਆਫੀ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰਸ਼ਿਪ ਦੀ ਆਪਣੇ ਸਿਆਸੀ ਹਿੱਤਾਂ ਦੇ ਵਾਸਤੇ ਧਰਮ ਦੀ ਓਟ ਲੈਣ ਲਈ ਤਿੱਖੀ ਆਲੋਚਨਾ ਕੀਤੀ ਹੈ।

ਭਗਵੰਤ ਮਾਨ:

'ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ , ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ', ਇਹ ਸ਼ਬਦ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਵਾਲੇ ਦਿਨ ਦਰਬਾਰ ਸਾਹਿਬ ਜਾ ਕੇ ਭੁੱਲਾਂ ਬਖ਼ਸ਼ਾ ਰਹੇ ਅਕਾਲੀਆਂ ਉੱਤੇ ਭਗਵੰਤ ਮਾਨ ਨੇ ਕਾਫ਼ੀ ਸਖ਼ਤ ਟਿੱਪਣੀਆਂ ਕੀਤੀਆਂ।

ਆਪਣੇ ਫੇਸਬੁੱਕ ਪੇਜ਼ ਤੋਂ ਲਾਇਵ ਹੁੰਦਿਆਂ ਭਗਵੰਤ ਮਾਨ ਨੇ ਕਿਹਾ, ' ਅਕਾਲੀ ਦੱਸਣ ਕਿ ਉਹ ਕਿਸ ਗਲਤੀ ਦੀ ਭੁੱਲ਼ ਬਖ਼ਸ਼ਾ ਕਰੇ ਹਨ, ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੈ, ਇਸ ਦਿਨ ਤਾਂ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਚਾਹੀਦੀਆਂ ਸਨ, ਪਰ ਅਕਾਲੀ ਦਲ ਵਾਲੇ ਭੁੱਲਾਂ ਬਖ਼ਸ਼ਾ ਰਹੇ ਹਨ। ਜੇਕਰ ਬਾਦਲ ਦੇ ਜਨਮ ਦਿਨ ਦੀ ਭੁੱਲ਼ ਬਖ਼ਸਾਈ ਜਾ ਰਹੀ ਹੈ ਤਾਂ ਸਾਨੂੰ ਵੀ ਦੱਸ ਦਿੰਦੇ ਅਸੀਂ ਵੀ ਆ ਜਾਂਦੇ।'

ਭਗਵੰਤ ਮਾਨ ਨੇ ਕਿਹਾ'ਅਕਾਲੀਆਂ ਦੀ ਮੱਤ ਮਾਰੀ ਗਈ ਹੈ, ਇਸ ਲਈ ਉਨ੍ਹਾਂ ਨੰੂ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰ ਰਹੇ ਹਨ'।

ਅਵਤਾਰ ਸਿੰਘ ਮੱਕੜ:

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ, "ਇਹ ਇੱਕ ਧਾਰਿਮਕ ਪ੍ਰਕਿਰਿਆ ਹੈ, ਜਿਸ ਲਈ ਮਰਿਯਾਦਾ ਤੈਅ ਹੈ। ਕੋਈ ਵੀ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਘਰ ਜਾ ਸਕਦਾ ਹੈ, ਪਰ ਧਾਰਮਿਕ ਮਾਫੀ ਕਾਨੂੰਨੀ ਮਾਫ਼ੀ ਨਹੀਂ ਦੁਆ ਸਕਦੀ।"

ਡਾ਼ ਧਰਮਵੀਰ ਗਾਂਧੀ:

"ਸ਼ਾਇਦ ਇਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਪੰਜਾਬ ਵਿੱਚ ਪੰਥਕ ਸਰਾਕਰ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਜਿਸ ਤਰ੍ਹਾਂ ਉਨ੍ਹਾਂ ਦੇ ਦੋਸ਼ੀਆਂ ਨੂੰ ਦੋ ਕਮਿਸ਼ਨ ਬਣਨ ਤੋਂ ਬਾਅਦ ਵੀ ਕੋਈ ਅਸਰਦਾਰ ਕਾਰਵਾਈ ਨਹੀਂ ਹੋਈ।

ਕੋਈ ਗ੍ਰਿਫ਼ਤਾਰ ਨਹੀਂ ਹੋਈ ਸਜ਼ਾਵਾਂ ਨਹੀਂ ਹੋਈਆਂ। ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੰਘਾਂ ਦੇ ਉੱਤੇ ਅਤਿਆਚਾਰ ਕੀਤੇ ਗਏ, ਮੌਤਾਂ ਵੀ ਹੋਈਆਂ ਹਨ। ਉਹ ਸਾਰੀਆਂ ਪੰਥਕ ਸਰਕਾਰ ਦੌਰਾਨ ਹੋਈਆਂ।"

"ਅਕਾਲੀਆਂ ਨੇ ਪੰਜਾਬ ਨੂੰ ਕੱਲਾ ਆਰਥਿਕ ਪੱਖੋਂ ਹੀ ਨਹੀਂ ਲੁੱਟਿਆ, ਉਨ੍ਹਾਂ ਨੇ ਪੰਜਾਬ ਦੀਆਂ ਜੋ ਸਿੱਖ ਸੰਸਥਾਵਾਂ ਸਨ ਉਨ੍ਹਾਂ ਨੂੰ ਜੇਬ੍ਹੀ ਸੰਸਥਾਵਾਂ ਬਣਾ ਦਿੱਤਾ। ਇਨ੍ਹਾਂ ਸੰਸਥਾਵਾਂ ਦੀ ਜੋ ਸਰਬਉੱਚਤਾ ਸੀ ਗੀ, ਉਨ੍ਹਾਂ ਦੀ ਕਦਰ ਘਟਾਈ ਹੈ। ਸਿੱਖ ਪੰਥ ਵਿੱਚ ਉਸਦੇ ਖਿਲਾਫ ਬਹੁਤ ਜ਼ਿਆਦਾ ਗੁੱਸਾ ਹੈ।"

"ਉਸ ਗੁੱਸੇ ਨੂੰ ਠੰਢਾ ਕਰਨ ਲਈ ਸ਼ਾਇਦ ਉਨ੍ਹਾਂ ਨੇ ਸੋਚਿਆ ਹੋਵੇ ਕਿ ਅਕਾਲ ਤਖ਼ਤ ਤੇ ਭੁੱਲ ਬਖ਼ਸ਼ਾ ਲਈ ਜਾਵੇ। ਲੋਕ ਕਿੰਨਾਂ ਕਿ ਬਖ਼ਸ਼ਦੇ ਨੇ ਕਿੰਨਾਂ ਨਹੀਂ ਇਹ ਲੋਕਾਂ ਨੇ ਦੇਖਣਾ ਹੈ, ਘੱਟੋ-ਘੱਟ ਉਨ੍ਹਾਂ ਦੀ ਕੋਸ਼ਿਸ਼ ਇਹੀ ਹੈ।"

ਸੁਖ਼ਪਾਲ ਸਿੰਘ ਖਹਿਰਾ:

ਉੱਧਰ ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਸੁਖ਼ਪਾਲ ਸਿੰਘ ਖਹਿਰਾ ਵੀ ਸ਼ਨਿੱਚਰਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਤੋਂ ਇਨਸਾਫ ਮਾਰਚ ਕੱਢ ਰਹੇ ਹਨ। ਉਨ੍ਹਾਂ ਮੁਤਾਬਕ ਇਹ ਮਾਰਚ ਪੰਜਾਬ ਦੀਆਂ ਪਿਛਲੀਆਂ ਅਕਾਲੀ ਕਾਂਗਰਸੀ ਸਰਕਾਰਾਂ ਵੱਲੋਂ ਪੰਜਾਬ ਅਤੇ ਪੰਜਾਬੀਆਂ ਨਾਲ ਕੀਤੇ ਬੇਇਨਸਾਫ਼ੀ ਖਿਲਾਫ਼ ਹੈ।

ਸੁਖ਼ਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਭੁੱਲ਼ ਬਖ਼ਸ਼ਾਉਣ ਦੀ ਕਾਰਵਾਈ ਨੂੰ ਸਿਆਸੀ ਡਰਾਮਾ ਦੱਸਿਆ।

ਤਲਵੰਡੀ ਸਾਬੋ ਵਿਚ ਇਨਸਾਫ਼ ਮਾਰਚ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ, 'ਕੀ ਜਿਹੜੇ ਗੁਨਾਹ ਕੀਤੇ ਬਾਦਲਾਂ ਨੇ ਕੀਤੇ ਹਨ, ਉਹ ਬਖ਼ਸ਼ਣ ਯੋਗ ਹਨ। ਖਹਿਰਾ ਨੇ ਲੋਕਾਂ ਤੋਂ ਪੁੱਛਿਆ, 'ਕੀ ਗੁਰੂ ਦੀ ਬੇਅਦਬੀ ਦੀਆਂ ਘਟਨਾਵਾਂ, ਬਰਗਾੜੀ ਗੋਲੀਕਾਂਡ, ਨਸ਼ੇ ਨਾਲ ਪੰਜਾਬ ਦੀ ਜੁਆਨੀ ਤਬਾਹ ਕਰਨਾ ਬਖ਼ਸ਼ਣ ਯੋਗ ਗੁਨਾਹ ਨਹੀਂ ਹਨ।

ਖਹਿਰਾ ਨੇ ਕਿਹਾ ਇਹ ਬੱਜਰ ਗੁਨਾਹ ਹਨ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਬਾਦਲ ਤੇ ਅਕਾਲੀ ਦਲ ਆਗੂਆਂ ਨੂੰ ਮਾਫ਼ ਕਰਨ ਦੀ ਗਲਤੀ ਨਾ ਕਰਨ, ਇਹ ਲੋਕਾਂ ਦੇ ਦੋਸ਼ੀ ਨੇ ਇਨ੍ਹਾਂ ਨੂੰ ਲੋਕ ਸਜ਼ਾ ਦੇਣਗੇ'।

ਅਵਤਾਰ ਸਿੰਘ ਮੱਕੜ:

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ, "ਇਸ ਮਾਫੀ ਬਾਰੇ ਕਿਹਾ ਹੈ ਕਿ ਧਾਰਮਿਕ ਮਾਫੀ ਕਾਨੂੰਨੀ ਮਾਫ਼ੀ ਨਹੀਂ ਦੁਆ ਸਕਦੀ।"

ਦੂਸਰੇ ਪਾਸੇ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਬਾਰੇ ਹਾਲੇ ਤੱਕ ਕੋਈ ਵੀ ਟਿੱਪਣੀ ਕਰਨ ਤੋਂ ਬਚਦੇ ਰਹੇ ਹਨ। ਜਦਕਿ ਸ਼੍ਰੋਮਣੀ ਕਮੇਟੀ ਵੀ ਇਸ ਭੁੱਲ ਬਖ਼ਸ਼ਾਉਣ ਵਿੱਚ ਹਿੱਸਾ ਲੈ ਰਹੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਪਸੰਦ ਆਉਣਗੀਆਂ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)