ਇੱਕ ਮਾਂ ਦਾ ਪੁੱਤ ਸਿੱਖ ਤੇ ਧੀਆਂ ਮੁਸਲਮਾਨ ਕਿਵੇਂ ਬਣੀਆਂ

    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਪਚਾਰਾ (ਡੇਰਾ ਬਾਬਾ ਨਾਨਕ) ਤੋਂ ਬੀਬੀਸੀ ਪੰਜਾਬੀ ਲਈ

ਪਾਕਿਸਤਾਨ ਦੇ ਕੌਮੀ ਰੋਜ਼ਾਨਾ ਅਖ਼ਬਾਰ 'ਦਿ ਨਿਊਜ਼' ਨੇ 27 ਨਵੰਬਰ ਦੇ ਅੰਕ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ, ਜਿਸ ਦਾ ਸਿਰਲੇਖ ਸੀ, '71 ਸਾਲ ਬਾਅਦ ਮਿਲਣੀ: ਨਨਕਾਣਾ ਸਾਹਿਬ ਵਿੱਚ ਦੋ ਮੁਸਲਿਮ ਭੈਣਾਂ ਆਪਣੇ ਸਿੱਖ ਵੀਰ ਨੂੰ ਮਿਲੀਆ'।

ਇਸੇ ਖ਼ਬਰ ਨੂੰ ਇਸੇ ਦਿਨ ਭਾਰਤ ਦੇ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ 'ਹਿੰਦੋਸਤਾਨ ਟਾਈਮਜ਼' ਨੇ, 'ਵੰਡ ਤੋਂ ਬਆਦ ਪਹਿਲੀ ਵਾਰ ਮੁਸਲਿਮ ਭੈਣਾਂ ਨੂੰ ਮਿਲਿਆ ਸਿੱਖ ਭਰਾ',ਦੀ ਸੁਰਖੀ ਹੇਠ ਛਾਪਿਆ।

ਦੋਵਾਂ ਮੁਲਕਾਂ ਦੇ ਮੀਡੀਆਂ ਵਿੱਚ ਛਪੀਆਂ ਖ਼ਬਰਾਂ ਵਿਚ ਵਰਤੇ ਗਏ ਵਿਸ਼ੇਸ਼ਣਾਂ ਤੋਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਜਦੋਂ ਡੇਰਾ ਬਾਬਾ ਨਾਨਕ ਦੇ ਬੇਅੰਤ ਸਿੰਘ ਨੇ ਆਪਣੀਆਂ ਮੁਸਲਿਮ ਭੈਣਾਂ ਨੂੰ ਗਲਵਕੜੀ ਪਾਈ ਹੋਵੇਗੀ ਤਾਂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ 'ਚ ਕਿਹੋ ਜਿਹਾ ਭਾਵੁਕ ਮਾਹੌਲ ਬਣਿਆ ਹੋਵੇਗਾ।

ਬੀਬੀਸੀ ਪੰਜਾਬੀ ਦੀ ਟੀਮ ਨੇ ਬੇਅੰਤ ਸਿੰਘ ਦੇ ਪਿੰਡ ਉਸ ਨਾਲ ਮੁਲਾਕਾਤ ਕੀਤੀ ਅਤੇ ਇਸ ਦੇ ਮਨੋਭਾਵਾਂ ਨੂੰ ਜਾਣਿਆ।

ਮਾਂ ਦੀਆਂ ਜਾਈਆਂ

ਬੇਅੰਤ ਸਿੰਘ ਹੁਣ ਗੁਰਦਾਸਪੁਰ ਵਿਚਲੇ ਆਪਣੇ ਪਿੰਡ ਪਰਾਚਾ ਵਾਪਸ ਪਰਤ ਆਇਆ ਹੈ। 72 ਸਾਲਾ ਬੇਅੰਤ ਸਿੰਘ ਪਾਕਿਸਤਾਨ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਸੰਗਤ ਨਾਲ ਪਾਕਿਸਤਾਨ ਗਿਆ ਸੀ।

ਇਹ ਵੀ ਪੜ੍ਹੋ:

ਬੇਅੰਤ ਸਿੰਘ ਲਈ ਇਹ ਪਾਕਿਸਤਾਨ ਦੌਰਾ ਇਸ ਲਈ ਖ਼ਾਸ ਸੀ ਕਿਉਂਕਿ ਜਿੱਥੇ ਉਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੇ ਦਰਸ਼ਨ ਕੀਤੇ ਉੱਥੇ ਉਹ ਮਨ ਵਿੱਚ 70 ਸਾਲ ਤੋਂ ਦੱਬੇ ਵਲਵਲੇ ਅਤੇ ਉਲਝਣਾਂ ਨੂੰ ਦੂਰ ਕਰਕੇ ਮੁੜਿਆ ਹੈ।

ਬੇਅੰਤ ਸਿੰਘ 1947 ਦੀ ਵੰਡ ਦੌਰਾਨ ਆਪਣੀ ਗੁਆ ਚੁੱਕੀ ਮਾਂ ਨੂੰ ਤਾਂ ਨਹੀਂ ਮਿਲ ਸਕਿਆ ਪਰ ਉਸ ਦੀਆਂ ਦੋ ਮੁਸਲਿਮ ਧੀਆਂ, ਜਿਨ੍ਹਾਂ ਨੂੰ ਬੇਅੰਤ ਸਿੰਘ ਆਪਣੀ ਮਾਂ ਦੀਆ ਜਾਈਆਂ ਭੈਣਾਂ ਆਖਦਾ ਹੈ, ਨੂੰ ਮਿਲ ਕੇ ਆਪਣੇ ਘਰ ਪਰਤਿਆ ਹੈ।

ਉਸਦਾ ਕਹਿਣਾ ਹੈ, "ਗੁਰੂ ਨਾਨਕ ਮਹਾਰਾਜ ਦੀ ਕਿਰਪਾ ਨਾਲ ਆਪਣੀਆਂ ਭੈਣਾਂ ਨੂੰ ਮਿਲ ਸਕਿਆ ਹਾਂ ਅਤੇ ਉਨ੍ਹਾਂ ਨਾਲ 10 ਦਿਨ ਬਿਤਾ ਕੇ ਆਇਆ ਹਾਂ।"

ਅੱਲ੍ਹਾ ਰੱਖੀ ਦੀ ਕਹਾਣੀ

ਬੇਅੰਤ ਸਿੰਘ ਨੇ ਦੱਸਿਆ ਕਿ ਜਦੋਂ ਵੰਡ ਹੋਈ ਤਾਂ ਉਸ ਦੇ ਪਿਤਾ ਨੇ ਪਿੰਡ ਦੀ ਹੀ ਇਕ ਮੁਸਲਿਮ ਪਰਿਵਾਰ ਦੀ ਧੀ, ਜੋ ਪਿੰਡ ਰਹਿ ਗਈ ਅਤੇ ਉਸ ਦਾ ਪੂਰਾ ਪਰਿਵਾਰ ਪਾਕਿਸਤਾਨ ਚਲਾ ਗਿਆ ਨਾਲ ਵਿਆਹ ਕਰਵਾ ਲਿਆ ਸੀ।

ਬੇਅੰਤ ਸਿੰਘ ਮੁਤਾਬਕ ਉਸ ਤੋਂ ਬਾਅਦ ਜਦ ਕਰੀਬ 5 ਸਾਲ ਬਾਅਦ ਦੋਵਾਂ ਦੇਸਾਂ ਦੀਆ ਹਕੂਮਤਾਂ ਨੇ ਸਮਝੌਤਾ ਕੀਤਾ ਕਿ ਦੋਵੇਂ ਦੇਸਾਂ 'ਚ ਵੰਡ ਸਮੇਂ ਪਰਿਵਾਰ ਤੋਂ ਵਿਛੜ ਗਏ ਲੋਕ ਆਪਣੇ ਆਪਣੇ ਮੁਲਕ ਜਾਣਗੇ, ਤਾਂ ਉਸ ਦੀ ਮਾਂ ਅੱਲ੍ਹਾ ਰੱਖੀ ਨੂੰ ਫੌਜ ਨੇ ਪਾਕਿਸਤਾਨ ਭੇਜ ਦਿੱਤਾ।

ਬੇਅੰਤ ਸਿੰਘ ਨੇ ਦੱਸਿਆ ਕਿ ਉਹ ਉਸ ਵੇਲੇ ਕਰੀਬ ਡੇਢ ਸਾਲ ਦਾ ਸੀ ਜਦਕਿ ਉਸਦੀ ਵੱਡੀ ਭੈਣ 3 ਸਾਲ ਦੀ ਸੀ ਅਤੇ ਉਦੋਂ ਉਨ੍ਹਾਂ ਤੋਂ ਮਾਂ ਵਿਛੜ ਗਈ।

ਬੇਅੰਤ ਸਿੰਘ ਨੇ ਆਖਿਆ ਕਿ ਦੋਵੇਂ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੀ ਦਾਦੀ ਕਰਮ ਕੌਰ ਨੇ ਕੀਤਾ ਅਤੇ ਛੋਟੇ ਹੁੰਦੇ ਤੋਂ ਲੈ ਕੇ ਹਰ ਸਮੇਂ ਮਾਂ ਦਾ ਵਿਛੋੜਾ ਉਹਨਾਂ ਨੂੰ ਸਤਾਉਂਦਾ ਰਿਹਾ ਅਤੇ ਇੰਝ ਹੀ ਸ਼ਇਦ ਉਹਨਾਂ ਦੀ ਮਾਂ ਵੀ ਪਾਕਿਸਤਾਨ 'ਚ ਉਹਨਾਂ ਨੂੰ ਭੁੱਲ ਨਾ ਸਕੀ।

ਉਰਦੂ ਵਾਲੀ ਚਿੱਠੀ

ਇਸ ਤਰ੍ਹਾਂ ਸਾਲਾਂ ਬੀਤ ਗਏ ਤਾਂ ਉਹਨਾਂ ਦੇ ਪਿੰਡ ਦੇ ਇਕ ਮੱਖਣ ਸਿੰਘ ਫੌਜੀ ਨੂੰ ਪਾਕਿਸਤਾਨ ਤੋਂ ਉਰਦੂ 'ਚ ਚਿੱਠੀ ਆਈ। ਇਸ ਵਿੱਚ ਉਹਨਾਂ ਦੀ ਮਾਂ ਅੱਲ੍ਹਾ ਰੱਖੀ ਨੇ ਆਪਣੇ ਬੱਚਿਆ ਦੀ ਖੈਰ ਸਲਾਮਤੀ ਹੋਣ ਦੀ ਉਮੀਦ ਜਤਾਈ ਅਤੇ ਉਸ ਚਿੱਠੀ ਰਾਹੀਂ ਹੀ ਉਸ ਨੇ ਉੱਥੇ ਆਪਣੇ ਵਿਆਹ ਹੋਣ ਅਤੇ ਦੋ ਬੱਚੀਆਂ ਹੋਣ ਦਾ ਜ਼ਿਕਰ ਕੀਤਾ ਸੀ।

ਉਸ ਚਿੱਠੀ ਤੋਂ ਬਾਅਦ ਦੋਵਾਂ ਪਰਿਵਾਰਾਂ ਦਾ ਮੇਲ ਜੋਲ ਚਿੱਠੀਆਂ ਰਾਹੀਂ ਅਤੇ ਸਮੇਂ ਨਾਲ ਫੋਨ ਰਾਹੀਂ ਹੋਣ ਲੱਗਾ।

ਕੁਝ ਸਮੇਂ ਤੱਕ ਉਹ ਇੰਟਰਨੈੱਟ ਰਾਹੀਂ ਵੀਡੀਓ ਕਾਲਿੰਗ ਰਾਹੀਂ ਗੱਲਬਾਤ ਕਰਦੇ ਰਹੇ।

70 ਸਾਲ ਬਾਅਦ ਬਣਿਆ ਸਬੱਬ

ਪਰ ਬੇਅੰਤ ਸਿੰਘ ਨੇ ਆਖਿਆ ਕਿ ਉਸਦੇ ਮਨ 'ਚ ਹਮੇਸ਼ਾ ਆਪਣੀਆਂ ਭੈਣਾਂ ਨੂੰ ਮਿਲਣ ਇੱਛਾ ਰਹਿੰਦੀ ਸੀ।

ਇਸ ਵਾਰ ਬੇਅੰਤ ਸਿੰਘ ਦੇ ਬੇਟੇ ਲਖਵਿੰਦਰ ਸਿੰਘ ਨੇ ਪਾਸਪੋਰਟ ਬਣਵਾ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਜਥੇ ਨਾਲ ਜਾਣ ਦਾ ਪ੍ਰਬੰਧ ਕਰ ਦਿੱਤਾ।

ਬੇਅੰਤ ਸਿੰਘ ਨੇ ਆਖਿਆ, ''ਜਿਵੇਂ ਹੀ ਮੈਂ ਪਾਕਿਸਤਾਨ ਜਥੇ ਦੇ ਰੂਪ ਵਿਚ ਗੁਰਦਵਾਰਾ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਸ ਦੀਆਂ ਦੋਵੇਂ ਭੈਣਾਂ ਉਲਫ਼ਤ ਬੀਬੀ ਤੇ ਮਿਰਾਜ ਬੀਬੀ ਬਾਹਰ ਖੜੀਆ ਉਸਦੀ ਉਡੀਕ ਕਰ ਰਹੀਆਂ ਸਨ।''

'ਪਰ ਪਾਕਿਸਤਾਨੀ ਫ਼ੌਜ ਨੇ ਉਹਨਾਂ ਨੂੰ ਜਥੇ ਦੇ ਨੇੜੇ ਨਹੀਂ ਆਉਣ ਦਿੱਤਾ ਅਤੇ ਜਦੋਂ ਉਸਨੇ ਪਾਕਿਸਤਾਨ ਫ਼ੌਜੀਆਂ ਨੂੰ ਗੁਜਾਰਿਸ਼ ਕੀਤੀ ਤਾਂ ਉਹਨਾਂ ਖੁਦ ਦੋਵਾਂ ਬੀਬੀਆਂ ਨੂੰ ਬੁਲਾਇਆ ਅਤੇ ਉਹਨਾਂ ਦਾ ਮਿਲਾਪ ਕਰਵਾਇਆ'।

ਗਲ਼ਵਕੜੀਆਂ ਤੇ ਵਿਰਲਾਪ

ਬੇਅੰਤ ਸਿੰਘ ਨੇ ਘੜੀ ਬਿਆਨ ਕਰਦਿਆਂ ਕਿਹਾ, ''ਜਿਵੇ ਹੀ ਉਸ ਦੀਆਂ ਭੈਣਾਂ ਸਾਹਮਣੇ ਆਈਆਂ ਤਾਂ ਉਹਨਾਂ ਤਿੰਨਾਂ ਭੈਣ ਭਰਾਵਾਂ ਤੋਂ ਕੋਈ ਗੱਲ ਨਹੀਂ ਹੋਈ ਅਤੇ ਕਾਫੀ ਸਮੇਂ ਤਕ ਉਹ ਗਲਵਕੜੀਆਂ ਪਾਉਂਦੇ ਰਹੇ ਅਤੇ ਵਿਰਲਾਪ ਕਰਦੇ ਰਹੇ।''

ਉਸਦੀਆਂ ਭੈਣਾਂ ਉਸਦਾ ਮੱਥਾ ਚੁੰਮ ਦੀਆਂ ਰਹੀਆਂ ਅਤੇ ਭੈਣਾਂ ਨੇ ਠੂਠੀਆਂ,ਪਤਾਸਿਆਂ ਅਤੇ ਛੁਹਾਰਿਆ ਨਾਲ ਪਰੋਇਆ ਹੋਇਆ ਹਾਰ ਪਾ ਕੇ ਉਸਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ:

ਬੇਅੰਤ ਸਿੰਘ ਨੇ ਆਖਿਆ ਕਿ ਉਸ ਸਮੇਂ ਜੋ ਵੀ ਉਹਨਾਂ ਨੇੜੇ ਖੜ੍ਹਾ ਸੀ ਉਸ ਦੀਆਂ ਅੱਖਾਂ 'ਚ ਵੀ ਅੱਥਰੂ ਸਨ ਅਤੇ ਭੈਣ ਭਰਾਵਾਂ ਦੇ ਮਿਲਾਪ ਦੀ ਚਰਚਾ ਕਰ ਰਿਹਾ ਸੀ।

ਉਥੇ ਹੀ ਇਸ ਮਿਲਾਪ ਤੋਂ ਬਾਅਦ ਭੈਣਾਂ ਅਤੇ ਭਰਾ ਬੇਅੰਤ ਸਿੰਘ ਦੀ ਬੇਨਤੀ ਪ੍ਰਵਾਨ ਕਰਨ ਉਪਰੰਤ ਪਾਕਿਸਤਾਨ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਬੇਅੰਤ ਸਿੰਘ ਨੂੰ ਭੈਣਾਂ ਦੇ ਘਰ ਰਾਤ ਰੁਕਣ ਦੀ ਇਜਾਜ਼ਤ ਦਿਤੀ।

ਸੱਤ ਦਹਾਕੇ ਤੇ 10 ਦਿਨ

ਭੈਣਾਂ ਨੂੰ ਵੀ ਭਾਰਤ ਤੋਂ ਆਏ ਜਥੇ ਨਾਲ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ।

ਬੇਅੰਤ ਸਿੰਘ ਨੇ ਦੱਸਿਆ ਕਿ ਦੋਵਾਂ ਭੈਣਾਂ ਨੇ ਉਸਦੇ ਆਉਣ ਤੇ ਕਈ ਸ਼ਗਨ ਮਨਾਏ ਉਹਨਾਂ ਦੇ ਘਰ ਤਾਂ ਮੇਲੇ ਵਰਗਾ ਮਾਹੌਲ ਸੀ। ਰਾਤ ਨੂੰ ਭੈਣਾਂ ਨੇ ਰੋਟੀ ਵੇਲੇ ਖੁਦ ਬੁਰਕੀਆਂ ਉਸਦੇ ਮੂੰਹ 'ਚ ਪਾਈਆਂ, ਜਿਵੇਂ ਇਕ ਮਾਂ ਪੁੱਤ ਨੂੰ ਰੋਟੀ ਪਿਆਰ ਨਾਲ ਖਵਾਉਂਦੀ ਹੈ।

ਬੇਅੰਤ ਸਿੰਘ ਨੇ ਅੱਗੇ ਦੱਸਿਆ ਕਿ ਉਹਨਾਂ ਦੇ ਮਨ 'ਚ ਮਾਂ ਨੂੰ ਮਿਲਣ ਦੀ ਤਾਂਘ ਸਾਲਾਂ ਤੋਂ ਸੀ ਪਰ ਮੇਲ ਉਸ ਪ੍ਰਮਾਤਮਾ ਨੂੰ ਮਨਜੂਰ ਨਾ ਹੋਇਆ। ਆਪਣੀਆਂ ਇਹਨਾਂ ਦੋਵੇਂ ਭੈਣਾਂ ਨੂੰ ਮਿਲ ਕੇ ਉਸ ਦਾ ਮਨ ਸ਼ਾਂਤ ਹੋ ਗਿਆ।

ਬੇਅੰਤ ਸਿੰਘ ਮੁਤਾਬਕ ਉਸਦੀ ਭੈਣ ਉਲਫ਼ਤ ਬੀਬੀ ਨੇ ਦੱਸਿਆ ਕਿ ਜਿਵੇਂ ਉਸਦੇ ਮਨ 'ਚ ਮਾਂ ਨੂੰ ਮਿਲਣ ਦੀ ਇੱਛਾ ਸੀ ਉਸੇ ਹੀ ਤਰ੍ਹਾਂ ਉਸਦੀ ਮਾਂ ਵੀ ਉਹਨਾਂ ਦੋਵੇਂ ਧੀ ਪੁੱਤ ਦੇ ਵਿਛੋੜੇ ਨੂੰ ਲੈ ਕੇ ਵਿਰਲਾਪ ਕਰਦੀ ਰਹਿੰਦੀ ਸੀ।

ਉਹ ਆਪਣੇ ਆਖ਼ਰੀ ਸਮੇਂ ਵਿਚ ਰੋ ਰੋ ਅੱਖਾਂ ਗਵਾ ਬੈਠੀ ਅਤੇ ਫਿਰ ਅੱਲ੍ਹਾ ਨੂੰ ਪਿਆਰੀ ਹੋ ਗਈ।

ਬੇਅੰਤ ਸਿੰਘ ਨੇ ਆਖਿਆ ਕਿ ਜ਼ਿੰਦਗੀ ਦੇ ਇਸ ਪੜਾਅ 'ਚ ਹੀ ਸਹੀ ਉਹ ਆਪਣੀਆਂ ਭੈਣਾਂ ਨੂੰ ਪਾਕਿਸਤਾਨ ਚ ਮਿਲ ਆਏ ਹਨ।

10 ਦਿਨ ਜੋ ਪਲ ਉਹਨਾਂ ਨਾਲ ਬਿਤਾਏ ਉਹ ਕਦੇ ਵਾਪਿਸ ਨਹੀਂ ਆਉਣਗੇ ਪਰ ਉਹ ਪਲ ਆਉਣ ਵਿਚ ਕਰੀਬ 70 ਸਾਲ ਦਾ ਸਮਾਂ ਲੱਗ ਗਿਆ।

ਦਸ ਦਿਨ ਉਸਦੀਆਂ ਭੈਣਾਂ ਨੇ ਉਸ ਨਾਲ ਲਾਡ ਕੀਤਾ ਜਿਵੇਂ ਉਹ ਪਰਛਾਵੇਂ ਵਾਂਗ ਉਸ ਨਾਲ ਰਹੀਆਂ, ਉਸ ਸਮੇਂ ਨੂੰ ਉਸ ਪਲ ਨੂੰ ਯਾਦ ਕਰ ਮਨ ਭਰ ਆਉਂਦਾ ਹੈ।

ਹੁਣ ਭੈਣਾਂ ਦੀ ਵਾਰੀ

ਬੇਅੰਤ ਸਿੰਘ ਮੁਤਾਬਕ ਦੋਵੇਂ ਭੈਣਾਂ ਨੇ ਉਹਨਾਂ ਨੂੰ ਕਈ ਤੋਹਫੇ ਦੇ ਕੇ ਭੇਜਿਆ ਹੈ, ਆਪਣੀ ਭਰਜਾਈ ਲਈ ਕੱਪੜੇ ਅਤੇ ਭਤੀਜੇ ਲਈ ਅਤੇ ਪੂਰੇ ਪਰਿਵਾਰ ਲਈ ਬਹੁਤ ਕੁਝ ਪਿਆਰ ਵਜੋਂ ਭੇਜਿਆ ਹੈ।

ਬੇਅੰਤ ਸਿੰਘ ਆਪਣੀਆਂ ਮਾਂ ਜਾਈਆਂ ਭੈਣਾਂ ਨੂੰ ਭਾਰਤ ਆਉਣ ਦਾ ਸੱਦਾ ਦੇ ਆਏ ਹਨ ਅਤੇ ਉਹਨਾਂ ਨੇ ਵੀ ਆਪਣੀ ਮਾਂ ਦਾ ਪਿੰਡ ਵੇਖਣ ਦੀ ਇੱਛਾ ਪ੍ਰਗਟਾਈ ਹੈ।

ਬੇਅੰਤ ਸਿੰਘ ਨੇ ਕਿਹਾ, 'ਮੈਂ ਵੈਸਾਖੀ ਮੌਕੇ ਦੁਬਾਰਾ ਪਾਕਿਸਤਾਨ ਜਥੇ ਨਾਲ ਜਾਵਾਂਗਾ ਅਤੇ ਆਪਣੀ ਪਤਨੀ ਨੂੰ ਵੀ ਨਾਲ ਲੈ ਕੇ ਜਾਵਾਂਗਾ। ਉਸਦੀਆਂ ਭੈਣਾਂ ਨੇ ਆਪਣੀ ਭਰਜਾਈ ਨੂੰ ਵੀ ਮਿਲਣ ਦੀ ਇੱਛਾ ਜਤਾਈ ਹੈ।

ਬੇਅੰਤ ਸਿੰਘ ਦਾ ਕਹਿਣਾ ਹੈ ਕਿ ਇਹ ਸਭ ਕੁਝ " ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਨਾਲ ਹੀ ਹੋ ਸਕਿਆ ਹੈ, ਨਹੀਂ ਤਾਂ ਉਸ ਨੇ ਕਦੇ ਵੀ ਆਪਣੀ ਇਸ ਉਮੀਦ ਨੂੰ ਪੂਰਾ ਹੋਣ ਬਾਰੇ ਸੋਚਿਆ ਹੀ ਨਹੀਂ ਸੀ। "

ਸਰਕਾਰਾਂ ਨੂੰ ਅਪੀਲ

ਬੇਅੰਤ ਸਿੰਘ ਪਾਕਿਸਤਾਨ ਅਤੇ ਭਾਰਤ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਹਨਾਂ ਨੂੰ ਅਤੇ ਉਹਨਾਂ ਵਰਗੇ ਵਿਛੜੇ ਪਰਿਵਾਰਾਂ ਨੂੰ ਇਕ ਦੂਸਰੇ ਨਾਲ ਮਿਲਣ ਲਈ ਵੀਜ਼ਾ ਦੇਣ ਵਿਚ ਕੁਝ ਰਾਹਤ ਦੇਣ।

ਇਹ ਵੀ ਪੜ੍ਹੋ:

ਬੇਅੰਤ ਸਿੰਘ ਦੀ ਇੱਛਾ ਹੈ ਕਿ ਵਿਛੜੇ ਪਰਿਵਾਰ ਆਪਸ 'ਚ ਇਕ ਦੂਸਰੇ ਦੇ ਦੁਖ-ਸੁਖ 'ਚ ਸ਼ਰੀਕ ਹੋ ਸਕਣ।

ਉਸਦੀ ਇਹ ਦਿਲੀ ਤਮੰਨਾ ਹੈ ਕਿ ਦੋਵਾਂ ਮੁਲਕਾਂ 'ਚ ਕੜਵਾਹਟ ਘੱਟ ਹੋਵੇ ਅਤੇ ਪਿਆਰ ਦੀ ਇਕ ਠੰਢੀ ਹਵਾ ਸਰਹੱਦਾਂ ਦੇ ਆਰ -ਪਾਰ ਵਗੇ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)