ਰਾਜਸਥਾਨ 'ਚ ਭਾਜਪਾ ਦਾ 15 ਲੱਖ ਰੁਜ਼ਗਾਰ ਦਾ ਵਾਅਦਾ : ਮੈਂ ਭੁੱਖਾ ਮਰ ਰਿਹਾ ਸੀ ਇਸ ਲਈ ਡੁੰਗਰਪੁਰ ਛੱਡਣਾ ਪਿਆ

    • ਲੇਖਕ, ਰੌਕਸੀ ਗਾਗਡੇਕਰ
    • ਰੋਲ, ਬੀਬੀਸੀ ਪੱਤਰਕਾਰ

24 ਸਾਲ ਦੇ ਦਿਨੇਸ਼ ਦਾਮੋਰ ਦੀ ਜ਼ਿੰਦਗੀ ਦੱਖਣੀ ਰਾਜਸਥਾਨ ਦੇ ਡੁੰਗਰਪੁਰ ਅਤੇ ਗੁਜਰਾਤ ਦੇ ਅਹਿਮਦਾਬਾਦ ਵਿਚਾਲੇ ਫਸ ਕੇ ਰਹਿ ਗਈ ਹੈ।

ਚਾਰ ਸਾਲ ਪਹਿਲਾਂ ਵਿਆਹੇ ਗਏ ਦਿਨੇਸ਼ ਨੂੰ ਮੁਸ਼ਕਲ ਨਾਲ ਹੀ ਆਪਣੀ ਧੀ, ਪਤਨੀ ਅਤੇ ਬੁੱਢੇ ਮਾਪਿਆਂ ਲਈ ਸਮਾਂ ਮਿਲਦਾ ਹੈ। ਦਾਮੋਰ ਅਹਿਮਦਾਬਾਦ ਵਿੱਚ ਵੇਟਰ ਦੀ ਨੌਕਰੀ ਕਰਦਾ ਹੈ ਅਤੇ ਦੋ ਮਹੀਨਿਆਂ ਵਿੱਚ ਇੱਕ ਵਾਰ ਆਪਣੇ ਪਿੰਡ ਜਾਂਦਾ ਹੈ।

ਰਾਜਸਥਾਨ ਦੀਆਂ ਚੋਣਾਂ ਵਿੱਚ ਬੇਰੁਜ਼ਗਾਰੀ ਇੱਕ ਅਹਿਮ ਮੁੱਦਾ ਹੈ, ਇਸ ਦੇ ਬਾਵਜੂਦ ਦਾਮੋਰ ਵਰਗੇ ਹੋਰ ਕਈ ਨੌਜਵਾਨਾਂ ਨੂੰ ਸਰਕਾਰ ਤੋਂ ਕੋਈ ਆਸ ਨਹੀਂ ਹੈ।

ਦਾਮੋਰ 2012 ਵਿੱਚ ਅਹਿਮਦਾਬਾਦ ਚਲਿਆ ਗਿਆ ਸੀ, ਸ਼ੁਰੂਆਤ 'ਚ ਉਸ ਨੇ ਉਦੇਪੁਰ ਵਿੱਚ ਕੰਮ ਕੀਤਾ ਪਰ ਉੱਥੇ ਤਨਖਾਹ ਬਹੁਤ ਘੱਟ ਸੀ।

ਫੇਰ ਉਸ ਨੇ ਅਹਿਮਦਾਬਾਦ ਜਾਣ ਦਾ ਫੈਸਲਾ ਲਿਆ ਜਿੱਥੇ ਹੁਣ ਉਹ ਸਾਈਂਸ ਸਿਟੀ ਰੋਡ 'ਤੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਹੈ। ਦਾਮੋਰ ਪਾਰਟੀਆਂ ਵਿੱਚ ਵੇਟਰ ਦਾ ਕੰਮ ਕਰਦਾ ਹੈ। ਉਹ ਮਹੀਨੇ ਦੇ ਕਰੀਬ 9000 ਰੁਪਏ ਕਮਾਉਂਦਾ ਹੈ।

ਇਹ ਵੀ ਪੜ੍ਹੋ:

ਉਹ ਕਾਮਰਸ ਵਿੱਚ ਗ੍ਰੈਜੁਏਸ਼ਨ ਕਰ ਰਿਹਾ ਹੈ ਤੇ ਪੇਪਰ ਵੀ ਦਿੰਦਾ ਹੈ। ਫੇਰ ਵੀ ਉਸ ਨੂੰ ਉਮੀਦ ਨਹੀਂ ਹੈ ਕਿ ਉਹ ਕਦੇ ਆਪਣੇ ਸੂਬੇ ਵਿੱਚ ਚੰਗੀ ਨੌਕਰੀ ਹਾਸਿਲ ਕਰ ਸਕੇਗਾ।

ਉਸਨੇ ਬੀਬੀਸੀ ਗੁਜਰਾਤੀ ਨੂੰ ਕਿਹਾ, ''ਜਾਂ ਤੇ ਇੱਥੇ ਨੌਕਰੀਆਂ ਨਹੀਂ ਹਨ ਜਾਂ ਬਹੁਤ ਘੱਟ ਤਨਖ਼ਾਹਾਂ ਹਨ। ਇੱਥੇ ਗੈਰ-ਹੁਨਰਮੰਦ ਮਜ਼ਦੂਰ ਦੀ ਮੰਗ ਗੁਜਰਾਤ ਤੋਂ ਕਿਤੇ ਘੱਟ ਹੈ।''

ਡੁੰਗਰਪੁਰ ਦੇ ਇੱਕ ਪਿੰਡ ਵਿੱਚ ਦੋ ਏਕੜ ਜ਼ਮੀਨ ਹੋਣ ਦੇ ਬਾਵਜੂਦ ਗਣੇਸ਼ ਮੀਨਾ ਨੂੰ ਅਹਿਮਦਾਬਾਦ ਵਿੱਚ ਇੱਕ ਨੌਕਰ ਦਾ ਕੰਮ ਕਰਨਾ ਪਿਆ।

ਆਪਣੀ ਪਤਨੀ ਨਾਲ ਉਹ ਮਹੀਨੇ ਦੇ 12,000 ਰੁਪਏ ਕਮਾਉਣ ਲਈ ਤਿੰਨ ਘਰਾਂ ਵਿੱਚ ਕੰਮ ਕਰਦਾ ਹੈ।

ਉਸ ਨੇ ਕਿਹਾ, ''ਮੈਂ ਭੁੱਖਾ ਮਰ ਰਿਹਾ ਸੀ, ਇਸ ਲਈ 2013 ਵਿੱਚ ਅਹਿਮਦਾਬਾਦ ਆ ਗਿਆ ਅਤੇ ਬਾਅਦ 'ਚ ਆਪਣੀ ਪਤਨੀ ਨੂੰ ਵੀ ਲੈ ਆਇਆ।''

ਗਣੇਸ਼ ਅਤੇ ਉਸਦੀ ਪਤਨੀ ਅਹਿਮਦਾਬਾਅਦ ਦੇ ਬੋਪਾਲ ਇਲਾਕੇ ਵਿੱਚ ਕੰਮ ਕਰਦੇ ਹਨ ਅਤੇ ਉਸੇ ਇਲਾਕੇ ਵਿੱਚ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦੇ ਹਨ।

ਕੀ ਕਰ ਰਹੇ ਹਨ ਸਿਆਸੀ ਆਗੂ?

ਇਨ੍ਹਾਂ ਨੌਜਵਾਨਾਂ ਦੀਆਂ ਸਮੱਸਿਆਵਾਂ ਨੇ ਚੋਣਾਂ ਦੀਆਂ ਰੈਲੀਆਂ ਵਿੱਚ ਸਿਆਸੀ ਆਗੂਆਂ ਨੂੰ ਬੋਲਣ ਲਈ ਮਜਬੂਰ ਕੀਤਾ ਹੈ।

ਡੁੰਗਰਪੁਰ ਜ਼ਿਲ੍ਹੇ ਦੇ ਹਲਕੇ ਆਸਪੁਰ ਤੋਂ ਭਾਜਪਾ ਐਮਐਲਏ ਗੋਪੀਚੰਦ ਮੀਨਾ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਦੀ ਸਿੱਖਿਆ ਦਾ ਪੱਧਰ ਘੱਟ ਸੀ, ਜਿਸ ਕਾਰਨ ਉਨ੍ਹਾਂ ਨੂੰ ਗੁਜਰਾਤ ਵਰਗੇ ਸੂਬੇ ਨੂੰ ਜਾਣਾ ਪਿਆ।

ਇਸ ਜ਼ਿਲ੍ਹੇ ਦੇ ਤਿੰਨੇ ਹਲਕਿਆਂ ਦੀ ਸਾਰੀਆਂ ਅਸੈਂਬਲੀ ਸੀਟਾਂ ਡੁੰਗਰਪੁਰ ਦੀ ਐਸਸੀ ਭਾਈਚਾਰੇ ਲਈ ਹਨ।

ਉਨ੍ਹਾਂ ਕਿਹਾ, ''ਅਸੀਂ ਗੁਜਰਾਤ ਵਾਂਗ ਆਪਣੀ ਇੰਡਸਟ੍ਰੀ ਬਿਹਤਰ ਬਣਾਉਣਾ ਚਾਹੁੰਦੇ ਹਨ।'' ਗੋਪੀਚੰਦ ਨੇ ਇਸ ਇਲਾਕੇ ਵਿੱਚ ਟੈਕਸਟਾਈਲ ਮਿਲ ਖੋਲਣ ਦਾ ਸੁਝਾਅ ਦਿੱਤਾ ਸੀ।

ਭਾਜਪਾ ਨੇ 5000 ਰੁਪਏ ਦਾ ਬੇਗੁਜ਼ਗਾਰ ਭੱਤਾ ਦੇਣ ਦਾ ਵਾਅਦਾ ਕੀਤਾ ਹੈ, ਨਾਲ ਹੀ ਇਹ ਵੀ ਕਿ ਉਹ ਅਗਲੇ ਪੰਜ ਸਾਲਾਂ ਵਿੱਚ 50 ਲੱਖ ਹੋਰ ਨੌਕਰੀਆਂ ਦੇਣਗੇ।

ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਪਿਛਲੇ ਪੰਜ ਸਾਲਾਂ ਵਿੱਚ 15 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ।

ਦੂਜੇ ਪਾਸੇ ਕਾਂਗਰਸ ਨੇ ਇਨ੍ਹਾਂ ਦਾਅਵਿਆਂ ਨੂੰ ਝੂਠਾ ਦੱਸਿਆ ਹੈ, ਉਨ੍ਹਾਂ ਮੁਤਾਬਕ ਭਾਜਪਾ ਨੇ ਆਪਣੇ ਪਿਛਲੇ ਮੈਨੀਫੈਸਟੋ ਵਿੱਚ ਵੀ ਇਹੀ ਦਾਅਵੇ ਕੀਤੇ ਸਨ।

ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਲਜ਼ਾਮ ਲਗਾਇਆ ਕਿ ਸੂਬਾ ਸਰਕਾਰ ਦਾ ਪੰਜ ਸਾਲਾਂ ਵਿੱਚ 44 ਲੱਖ ਨੌਕਰੀਆਂ ਦਾ ਅੰਕੜਾ ਗਲਤ ਹੈ। ਉਨ੍ਹਾਂ ਕਿਹਾ ਕਿ ਡੇਢ ਲੱਖ ਸਰਕਾਰੀ ਨੌਕਰੀਆਂ 'ਚੋਂ 1,10,000 ਪਿਛਲੀ ਕਾਂਗਰਸ ਸਰਕਾਰ ਨੇ ਦਿੱਤੀਆਂ ਸਨ।

ਕਾਂਗਰਸ ਨੇ ਕਿਹਾ ਹੈ ਕਿ ਉਹ ਅਜਿਹਾ ਮਾਹੌਲ ਬਣਾਉਣਗੇ ਜਿਸ ਨਾਲ ਹੋਰ ਨੌਕਰੀਆਂ ਪੈਦਾ ਹੋਣਗੀਆਂ। 3500 ਰੁਪਏ ਦਾ ਬੇਰੁਜ਼ਗਾਰੀ ਭੱਤਾ ਦੇਣ ਦਾ ਵੀ ਵਾਅਦਾ ਕੀਤਾ ਹੈ।

ਇਹ ਵੀ ਪੜ੍ਹੋ:

ਔਰਤਾਂ ਦਾ ਸ਼ੰਘਰਸ਼

ਦਿਨੇਸ਼ ਦਾਮੋਰ ਦੀ ਪਤਨੀ ਮਨੀ ਕੁਮਾਰੀ 23 ਸਾਲ ਦੀ ਹੈ। ਪਤੀ ਕੋਲ ਨਾ ਹੋਣ ਕਰਕੇ ਉਹ ਬੇਹਦ ਪ੍ਰੇਸ਼ਾਨ ਹੈ।

ਉਸਨੇ ਦੱਸਿਆ, ''ਮੈਨੂੰ ਘਰ ਦੇ ਕੰਮ ਦੇ ਨਾਲ ਖੇਤੀ ਵੀ ਖੁਦ ਹੀ ਕਰਨੀ ਪੈਂਦੀ ਹੈ, ਕੰਮ ਲਈ ਪਤੀ ਨੂੰ ਦੂਜੇ ਸੂਬੇ ਭੇਜਣ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਹੈ।''

ਮਨੀ ਕੁਮਾਰੀ ਚਾਹੁੰਦੀ ਹੈ ਕਿ ਉਸਦਾ ਪਤੀ ਆਪਣੀ ਪੜ੍ਹਾਈ ਪੂਰੀ ਕਰਕੇ ਲੋਕਲ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਕਰੇ।

ਆਜੀਵਿਕਾ ਬਿਓਰੋ ਦੇ ਕੌਰਡਿਨੇਟਰ ਕਮਲੇਸ਼ ਸ਼ਰਮਾ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, ''ਜਦ ਮਰਦ ਕਮਾਉਣ ਲਈ ਬਾਹਰ ਚਲੇ ਜਾਂਦੇ ਹਨ ਤਾਂ ਸਾਰਾ ਕੁਝ ਔਰਤਾਂ ਨੂੰ ਹੀ ਕਰਨਾ ਪੈਂਦਾ ਹੈ, ਵਿਆਹਾਂ 'ਤੇ ਜਾਣ ਤੋਂ ਲੈ ਕੇ ਬੱਚਿਆਂ ਨੂੰ ਸਕੂਲ ਛੱਡਣ ਤੱਕ।''

''ਅਸੀਂ ਕਈ ਵਾਰ ਵੇਖਿਆ ਹੈ ਕਿ ਔਰਤਾਂ ਨੂੰ ਪਰਿਵਾਰ ਵਿੱਚ ਸਿਹਤ ਸਬੰਧੀ ਐਮਰਜੰਸੀ ਦੌਰਾਨ ਮੁਸ਼ਕਲਾਂ ਆਉਂਦੀਆਂ ਹਨ।''

ਇਹ ਵੀ ਪੜ੍ਹੋ:

ਪਰਵਾਸੀ ਮਜ਼ਦੂਰਾਂ ਦੇ ਹੱਕਾਂ ਲਈ ਬਣੀ ਸੰਸਥਾ ਆਜੀਵਿਕਾ ਬਿਓਰੋ ਦੇ ਇੱਕ ਸਰਵੇਅ ਮੁਤਾਬਕ 78 ਫੀਸਦ ਪਰਵਾਸੀ ਇਕੱਲੇ ਮਰਦ ਹਨ। ਉਨ੍ਹਾਂ ਕਿਹਾ, ''ਜੰਗਲ ਅਤੇ ਖੇਤੀ ਦੀ ਜ਼ਮੀਨ ਘਟੀ ਹੈ, ਖੇਤੀ ਲਈ ਸਹੂਲਤਾਂ ਵੀ ਘੱਟ ਹਨ, ਇਸ ਲਈ ਪਰਵਾਸ ਵਧਿਆ ਹੈ।''

''ਕਈ ਨੌਜਵਾਨ ਪ੍ਰੇਸ਼ਾਨੀ ਕਰਕੇ ਗੁਜਰਾਤ ਵਿੱਚ ਕਿਸੇ ਵੀ ਤਨਖਾਹ 'ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ।''

ਆਜੀਵਿਕਾ ਬਿਓਰੋ ਦੇ ਸਰਵੇਅ ਮੁਤਾਬਕ 46 ਫੀਸਦ ਪੇਂਡੂ ਘਰਾਂ ਦੇ ਇੱਕ ਜਾਂ ਇੱਕ ਦੋਂ ਵੱਧ ਮੈਂਬਰ ਪਰਵਾਸ ਕਰ ਚੁਕੇ ਹਨ।

51 ਫੀਸਦ ਪਰਵਾਸ ਗੁਜਰਾਤ ਨੂੰ ਹੈ। ਵਧੇਰੇ ਲੋਕ ਅਹਿਮਦਾਬਾਦ, ਤੇ ਸੂਰਤ ਜਾਂਦੇ ਹਨ। ਰਾਜਸਥਾਨ ਦੇ ਕੁਲ ਪਰਵਾਸੀਆਂ 'ਚੋਂ 20 ਫੀਸਦ ਅਹਿਮਦਾਬਾਦ ਜਾਂਦੇ ਹਨ।

ਸਰਵੇਅ ਇਹ ਵੀ ਕਹਿੰਦਾ ਹੈ ਕਿ 78 ਫੀਸਦ ਪਰਵਾਸੀ ਇਕੱਲੇ ਮਰਦ ਹਨ ਅਤੇ 20 ਫੀਸਦ ਆਪਣੇ ਪਰਿਵਾਰ ਨਾਲ ਜਾਂਦੇ ਹਨ।

ਡੁੰਗਰਪੁਰ ਦੇ ਘੱਟੋ-ਘੱਟ 30 ਫੀਸਦ ਪਰਵਾਸੀ ਹੋਟਲ ਅਤੇ ਹੌਸਪਿਟੈਲਿਟੀ ਇੰਡਸਟ੍ਰੀ 'ਚੋਂ ਹਨ ਅਤੇ 20 ਫੀਸਦ ਘਰਾਂ ਵਿੱਚ ਨੌਕਰ ਦਾ ਕੰਮ ਕਰਦੇ ਹਨ।

ਸਰਵੇਅ ਕਿਵੇਂ ਕਰਾਇਆ ਗਿਆ ਸੀ?

ਰਾਜਸਥਾਨ ਦੀਆਂ 10 ਵੱਖ-ਵੱਖ ਥਾਵਾਂ ਤੋਂ ਕੁਝ ਸਵਾਲ ਪੁੱਛੇ ਗਏ। ਉੱਤਰ ਪੂਰਬੀ, ਦੱਖਣ ਪੂਰਬੀ, ਦੱਖਣੀ ਤੇ ਉੱਤਰੀ ਇਲਾਕੇ ਤੋਂ ਦੋ-ਦੋ ਸੂਬੇ ਲਏ ਗਏ ਸਨ।

ਹਰ ਜ਼ਿਲ੍ਹੇ ਤੋਂ ਦੋ ਲੋਕਾਂ ਨਾਲ 2014 ਵਿੱਚ ਸਰਵੇਅ ਕੀਤਾ ਗਿਆ ਸੀ। ਕਮਲੇਸ਼ ਸ਼ਰਮਾ ਮੁਤਾਬਕ ਇਹ ਪਹਿਲਾ ਸਰਵੇਅ ਹੈ ਜੋ ਪਰਵਾਸੀਆਂ ਬਾਰੇ ਜਾਣਕਾਰੀ ਦਿੰਦਾ ਹੈ।

ਸੈਂਸਸ ਰਾਹੀਂ ਵੀ ਪਰਵਾਸੀਆਂ ਦੇ ਅੰਕੜੇ ਦਾ ਪਤਾ ਲਗਾਇਆ ਗਿਆ ਸੀ।

ਤੁਸੀਂ ਇਹ ਵੀਡੀਓਜ਼ ਵੀ ਵੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)