ਕੁੜੀ ਨੇ 'ਗੰਦੇ' ਪਿੰਡ ਨੂੰ ਕਿਵੇਂ ਬਣਵਾਇਆ ਅਜੀਤ ਨਗਰ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

''ਮੇਰੇ ਪਿੰਡ ਦਾ ਨਾਂ ਗੰਦਾ ਹੈ। ਇਸ ਨਾਂ ਕਰ ਕੇ ਲੋਕ ਸਾਡੀ ਬਹੁਤ ਬੇਇੱਜ਼ਤੀ ਕਰਦੇ ਹਨ।''

ਸੱਤਵੀਂ ਜਮਾਤ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਹਰਿਆਣਾ ਦੇ ਫ਼ਤਿਹਾਬਾਦ ਜ਼ਿਲ੍ਹੇ ਦੇ 'ਗੰਦਾ' ਪਿੰਡ ਦਾ ਨਾਂ ਹੁਣ ਅਜੀਤ ਨਗਰ ਕਰ ਦਿੱਤਾ ਗਿਆ ਹੈ।

ਪਿੰਡ ਦੇ ਸਰਪੰਚ ਲਖਵਿੰਦਰ ਰਾਮ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਹ ਕਈ ਸਾਲਾਂ ਤੋਂ ਪਿੰਡ ਦਾ ਨਾਂ ਬਦਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਫਿਰ ਉਨ੍ਹਾਂ ਪਿੰਡ ਦੀ ਇੱਕ ਬੱਚੀ ਤੋਂ ਇਸ ਦੇ ਬਾਰੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਵਾਉਣ ਬਾਰੇ ਸੋਚਿਆ ਜਿਸ ਦਾ ਅਸਰ ਵੀ ਹੋਇਆ।

ਉਨ੍ਹਾਂ ਕਿਹਾ, "ਸਾਰੇ ਵਸਨੀਕਾਂ ਨੂੰ ਆਪਣੇ ਪਿੰਡ ਦੇ ਨਾਂ ਨੂੰ ਲੈ ਕੇ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਇੱਥੋਂ ਤੱਕ ਕਿ ਕੋਈ ਆਪਣੀ ਕੁੜੀ ਨੂੰ ਸਾਡੇ ਪਿੰਡ ਵਿਚ ਵਿਆਹੁਣਾ ਨਹੀਂ ਚਾਹੁੰਦਾ ਸੀ।"

ਇਹ ਵੀ ਪੜ੍ਹੋ:

ਪਿੰਡ ਦਾ ਨਾਂ 'ਗੰਦਾ' ਕਿਵੇਂ ਪਿਆ ਪੁੱਛਣ 'ਤੇ ਲਖਵਿੰਦਰ ਨੇ ਦੱਸਿਆ, "ਕਈ ਦਹਾਕੇ ਪਹਿਲਾਂ ਸਾਡੇ ਪਿੰਡ ਵਿਚ ਹੜ੍ਹ ਆਇਆ ਸੀ ਜਿਸ ਤੋਂ ਬਾਅਦ ਪਿੰਡ ਵਿੱਚ ਕਾਫ਼ੀ ਮਲਬਾ ਇਕੱਠਾ ਹੋ ਗਿਆ ਸੀ।''

''ਪਿੰਡ ਦੇ ਦੌਰੇ 'ਤੇ ਆਏ ਇੱਕ ਅੰਗਰੇਜ਼ ਅਫ਼ਸਰ ਨੇ ਮਲਬਾ ਵੇਖ ਕਿਹਾ ਕਿ ਇਹ ਪਿੰਡ ਤਾਂ ਬਹੁਤ ਗੰਦਾ ਹੈ, ਇਸ ਤੋਂ ਬਾਅਦ ਸਾਡੇ ਪਿੰਡ ਦਾ ਨਾ ਹੀ 'ਗੰਦਾ' ਪੈ ਗਿਆ।"

ਪਿਛਲੇ 3 ਸਾਲਾਂ ਵਿਚ ਕੇਂਦਰ ਸਰਕਾਰ ਨੂੰ ਦੇਸ ਦੇ ਲਗਭਗ 50 ਪਿੰਡਾ ਵਿਚੋਂ ਨਾਂ ਬਦਲਣ ਦੀਆਂ ਅਰਜ਼ੀਆਂ ਮਿਲੀਆਂ ਹਨ। ਇਨ੍ਹਾਂ ਵਿਚੋਂ ਕੁੱਝ ਨਾਂ ਤਾਂ ਬਹੁਤ ਹੀ ਅਜੀਬੋ-ਗ਼ਰੀਬ ਹਨ ਅਤੇ ਕੁਝ ਭੇਦਭਾਵ 'ਤੇ ਆਧਾਰਿਤ ਹਨ।

ਨਾਂ ਬਦਲਣ ਦੇ ਸਿਆਸੀ ਕਾਰਨ

ਨਾਂ ਬਦਲਣ ਦੀਆਂ ਕੁਝ ਅਰਜ਼ੀਆਂ ਪਿੱਛੇ ਸਿਆਸੀ ਕਾਰਨ ਵੀ ਨਜ਼ਰ ਆਉਂਦੇ ਹਨ। ਜਿਵੇਂ ਰਾਜਸਥਾਨ ਦੇ ਅਲਵਰ ਜ਼ਿਲੇ ਦੇ ਇੱਕ ਪਿੰਡ ਦਾ ਨਾਂ 'ਚੋਰ ਬਸਾਈ' ਸੀ, ਜਿਸ ਦਾ ਨਾਂ ਹੁਣ 'ਬਸਾਈ' ਰੱਖ ਦਿੱਤਾ ਗਿਆ ਹੈ।

ਹਰਿਆਣਾ ਦੇ ਜ਼ਿਲੇ ਹਿਸਾਰ ਦੇ ਇੱਕ ਪਿੰਡ 'ਕਿੰਨਰ' ਦਾ ਵੀ ਨਾਂ ਪਿਛਲੇ ਸਾਲ ਬਦਲ ਕੇ 'ਗੈਬੀ ਨਗਰ' ਕਰ ਦਿੱਤਾ ਗਿਆ।

ਇਸ ਪਿੰਡ ਦੇ ਇੱਕ ਵਸਨੀਕ ਨੇ ਦੱਸਿਆ, "ਉੱਤਰ ਭਾਰਤ ਵਿਚ ਕਈ ਵਾਰ ਅਸੀਂ ਆਪਣੇ ਨਾਂ ਦੇ ਨਾਲ, ਉਪ-ਨਾਂ ਦੇ ਤੌਰ 'ਤੇ ਆਪਣੇ ਪਿੰਡ ਦਾ ਨਾਂ ਜੋੜਦੇ ਹਾਂ। ਕਈ ਵਾਰੀ ਇਸ ਨਾਂ ਕਰਕੇ ਬੜੀ ਦਿੱਕਤ ਵੀ ਆਉਂਦੀ ਸੀ।"

ਇਹ ਵੀ ਪੜ੍ਹੋ:

ਇਸੇ ਤਰਜ਼ 'ਤੇ ਉੱਤਰ ਪ੍ਰਦੇਸ਼ ਦੇ 'ਮੁਗ਼ਲ ਸਰਾਏ' ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ 'ਪੰਡਿਤ ਦੀਨ ਦਿਆਲ ਉਪਾਧਿਆਏ ਸਟੇਸ਼ਨ' ਰੱਖਿਆ ਗਿਆ, ਜਿਸ ਦੀ ਕਾਫ਼ੀ ਆਲੋਚਨਾ ਵੀ ਹੋਈ। ਇਹ ਕਿਹਾ ਗਿਆ ਕਿ ਸਰਕਾਰ ਨੇ ਇਸ ਨਾਂ ਨੂੰ ਮੁਸਲਿਮ ਨਾਂ ਹੋਣ ਕਾਰਨ ਬਦਲਿਆ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਵਿਚ ਡਿਪਟੀ-ਸਕੱਤਰ ਕ੍ਰਿਸ਼ਨ ਕੁਮਾਰ ਮੁਤਾਬਕ ਅਕਤੂਬਰ ਦੇ ਮਹੀਨੇ ਤੱਕ 40 ਪਿੰਡਾਂ ਦੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਹਨ।

ਉਨ੍ਹਾਂ ਮੁਤਾਬਕ 11 ਨਾਵਾਂ ਨੂੰ ਬਦਲੇ ਜਾਉਣ ਦੀ ਪ੍ਰਕਿਰਿਆ ਅਜੇ ਜਾਰੀ ਹੈ। ਇਨ੍ਹਾਂ ਵਿਚ 3-3 ਪਿੰਡ ਹਰਿਆਣਾ ਅਤੇ ਨਾਗਾਲੈਂਡ ਵਿਚ ਹਨ, ਮਹਾਰਾਸ਼ਟਰ ਅਤੇ ਰਾਜਸਥਾਨ ਦੇ ਵੀ 2-2 ਪਿੰਡ ਹਨ, ਜਦਕਿ ਇੱਕ ਪਿੰਡ ਮੱਧ-ਪ੍ਰਦੇਸ਼ ਦਾ ਹੈ।

ਭਾਰਤ ਵਿੱਚ ਕਿਵੇਂ ਬਦਲੇ ਜਾਂਦੇ ਪਿੰਡਾਂ ਦੇ ਨਾਂ?

ਭਾਰਤ ਵਿਚ ਪਿੰਡ ਦਾ ਨਾਂ ਬਦਲਣ ਵਾਸਤੇ ਉੱਥੋਂ ਦੇ ਵਸਨੀਕਾਂ ਨੂੰ ਇਸ ਦਾ ਕੋਈ ਮਜ਼ਬੂਤ ਤਰਕ ਸੂਬਾ ਸਰਕਾਰ ਨੂੰ ਦੇਣਾ ਪੈਂਦਾ ਹੈ।

ਇਸ ਉੱਤੇ ਆਖਰੀ ਫ਼ੈਸਲਾ ਕੇਂਦਰ ਸਰਕਾਰ ਕਰਦੀ ਹੈ, ਪਰ ਆਪਣੇ ਫ਼ੈਸਲੇ ਤੋਂ ਪਹਿਲਾਂ ਉਹ ਰੇਲਵੇ, ਡਾਕ ਵਿਭਾਗ ਅਤੇ ਸਰਵੇ ਆਫ਼ ਇੰਡੀਆ ਤੋਂ ਮਨਜ਼ੂਰੀ ਪ੍ਰਾਪਤ ਕਰਦੀ ਹੈ।

ਇਸ ਪੂਰੀ ਪ੍ਰਕਿਰਿਆ ਵਿਚ ਬਹੁਤ ਸਾਰੀਆਂ ਗੱਲਾਂ ਧਿਆਨ ਵਿਚ ਰੱਖੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਇੱਕ ਇਹ ਵੀ ਹੈ ਕਿ ਨਵਾਂ ਪ੍ਰਸਤਾਵਿਤ ਕੀਤਾ ਗਿਆ ਨਾਂ ਕਿਸੀ ਮੌਜੂਦਾ ਥਾਂ ਦਾ ਨਾ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)