ਪੰਜਾਬੀ ਗਾਇਕ ਕਿਉਂ ਹਨ ਗੈਂਗਸਟਰਾਂ ਦੇ ਨਿਸ਼ਾਨੇ 'ਤੇ?

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪੰਜਾਬ ਵਿਚ ਗੈਂਗਸਟਰ ਮੁੜ ਤੋਂ ਸੁਰਖ਼ੀਆਂ ਵਿੱਚ ਆ ਗਏ ਹਨ।

ਹਮਲੇ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਡਰ ਦਾ ਮਾਹੌਲ ਹੈ। 26 ਜਨਵਰੀ 2018 ਨੂੰ ਨਾਮੀ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਕਥਿਤ ਪੁਲਿਸ ਮੁਕਾਬਲੇ ਤੋਂ ਬਾਅਦ ਕਰੀਬ ਦੋ ਮਹੀਨੇ ਗੈਂਗਸਟਰ ਸ਼ਾਂਤ ਰਹੇ।

ਮੁਕਾਬਲੇ ਤੋਂ ਬਾਅਦ ਪੁਲਿਸ ਨੂੰ ਵੀ ਲੱਗਾ ਕਿ ਗੈਂਗਸਟਰ ਕਥਿਤ ਪੁਲਿਸ ਮੁਕਾਬਲੇ ਤੋਂ ਬਾਅਦ ਡਰ ਗਏ ਹਨ ਪਰ ਪਰਮੀਸ਼ ਵਰਮਾ ਉੱਤੇ ਤਾਜ਼ਾ ਹਮਲੇ ਨੇ ਉਨ੍ਹਾਂ ਨੂੰ ਫਿਰ ਤੋਂ ਸੁਰਖ਼ੀਆਂ ਵਿਚ ਲਿਆ ਦਿੱਤਾ ਹੈ।

ਆਖ਼ਰ ਪੰਜਾਬੀ ਗਾਇਕ ਹੁਣ ਗੈਂਗਸਟਰਾਂ ਦੇ ਨਿਸ਼ਾਨ ਉੱਤੇ ਕਿਉਂ ਆ ਗਏ ਹਨ? ਇਸ ਮੁੱਦੇ 'ਤੇ ਅਸੀਂ ਕਲਾਕਾਰਾਂ ਅਤੇ ਸਾਬਕਾ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਕੀ ਹੈ ਮਿਊਜ਼ਿਕ ਜਗਤ ਦੀ ਰਾਏ?

ਗਾਇਕ ਪੰਮੀ ਬਾਈ ਨੇ ਆਖਿਆ ਹੈ ਕਿ ਇਸ ਮਾਮਲੇ ਵਿਚ ਨਿੱਜੀ ਰੰਜਿਸ਼ ਵੀ ਹੋ ਸਕਦੀ ਹੈ ਪਰ ਕੁੱਲ ਮਿਲਾ ਕੇ ਘਟਨਾ ਮਾੜੀ ਹੈ।

ਉਨ੍ਹਾਂ ਆਖਿਆ ਕਿਹਾ, "ਉਹ ਪਿਛਲੇ 25 ਸਾਲਾਂ ਤੋਂ ਗਾਇਕੀ ਦੇ ਖੇਤਰ ਵਿਚ ਹਨ ਅਤੇ ਗੁਰਦਾਸ ਮਾਨ ਨੂੰ ਕਰੀਬ 35 ਸਾਲ ਹੋ ਗਏ ਪਰ ਅਸੀਂ ਕਦੇ ਵੀ ਕੋਈ ਬਾਊਂਸਰ ਜਾਂ ਗੰਨਮੈਨ ਨਹੀਂ ਰੱਖਿਆ।''

''ਇਸ ਦੇ ਬਾਵਜੂਦ ਸਾਡੇ ਨਾਲ ਕੋਈ ਮਾੜੀ ਘਟਨਾ ਨਹੀਂ ਹੋਈ। ਉਨ੍ਹਾਂ ਆਖਿਆ ਕਿ ਅੱਜ-ਕੱਲ੍ਹ ਦੇ ਗਾਇਕ ਆਪਣੇ ਨਾਲ ਦਸ ਦਸ ਬਾਊਂਸਰ ਰੱਖਦੇ ਹਨ। ਲੋਕ ਕਲਾਕਾਰ ਨੂੰ ਮਿਲਣਾ ਚਾਹੁੰਦੇ ਹਨ ਪਰ ਬਾਊਂਸਰ ਧੱਕੇ ਮਾਰਦੇ ਹਨ ਇਸ ਕਰਕੇ ਕਈ ਵਾਰ ਫੈਨ ਗ਼ੁੱਸੇ ਵੀ ਹੋ ਜਾਂਦੇ ਹਨ।''

ਉਨ੍ਹਾਂ ਕਿਹਾ, "ਕਲਾਕਾਰਾਂ ਨੂੰ ਲੋਕ ਬਣਾਉਂਦੇ ਪਰ ਜਦੋਂ ਕਲਾਕਾਰ ਬਣ ਜਾਂਦੇ ਹਨ ਉਦੋਂ ਉਹ ਉਨ੍ਹਾਂ ਤੋਂ ਦੂਰ ਹੋ ਜਾਂਦੇ ਹਨ।''

ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਕਲਾਕਾਰਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ ਹੈ ਅਤੇ ਇਸ ਨਾਲ ਕਲਾਕਾਰ ਦੇ ਮਨੋਬਲ ਉੱਤੇ ਅਸਰ ਪਵੇਗਾ।

ਉਨ੍ਹਾਂ ਕਿਹਾ, "ਕਲਾਕਾਰਾਂ ਨੇ ਲੋਕਾਂ 'ਚ ਜਾ ਕੇ ਆਪਣੀ ਪੇਸ਼ਕਾਰੀ ਦੇਣੀ ਹੈ ਪਰ ਜੇ ਅਜਿਹੀਆਂ ਘਟਨਾਵਾਂ ਹੋਣਗੀਆਂ ਤਾਂ ਇੰਡਸਟਰੀ ਅਤੇ ਕਲਾਕਾਰ ਦੋਵਾਂ ਲਈ ਮਾੜਾ ਹੈ।''

"ਜੇ ਕਿਸੇ ਨਾਲ ਕੋਈ ਮਤਭੇਦ ਹੋ ਜਾਂਦਾ ਹੈ ਤਾਂ ਉਹ ਬੈਠ ਕੇ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਹੈ।''

ਇੱਕ ਹੋਰ ਗਾਇਕ ਨੇ ਨਾਮ ਨਾ ਛਾਪਣ ਦੀ ਸ਼ਰਤ ਨਾਲ ਦੱਸਿਆ ਕਿ ਕਲਾਕਾਰ ਸਭ ਦਾ ਸਾਂਝਾ ਹੁੰਦਾ ਹੈ ਅਤੇ ਕਿਸੇ ਨਾਲ ਕਿਸੇ ਦੀ ਕੋਈ ਦੁਸ਼ਮਣੀ ਨਹੀਂ ਹੁੰਦੀ। ਭੀੜ ਵਿਚ ਜੇ ਕੋਈ ਅਜਿਹੀ ਹਰਕਤ ਕਰਦਾ ਹੈ ਤਾਂ ਇਸ ਨਾਲ ਕਲਾਕਾਰ ਦੇ ਮਨ ਵਿਚ ਡਰ ਪੈਦਾ ਹੋਵੇਗਾ।

ਪੰਜਾਬ ਦੇ ਸਾਬਕਾ ਏਡੀਜੀਪੀ ਐਸ ਕੇ ਸ਼ਰਮਾ ਦੇ ਕਹਿਣਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਗੈਂਗਸਟਰ ਪੰਜਾਬੀ ਗਾਇਕਾਂ ਦੇ ਖ਼ਿਲਾਫ਼ ਹਨ।

ਉਨ੍ਹਾਂ ਆਖਿਆ ਕਿ ਪਰਮੀਸ਼ ਵਰਮਾ ਉੱਤੇ ਹਮਲੇ ਦੇ ਪਿੱਛੇ ਨਿੱਜੀ ਕਾਰਨ ਵੀ ਹੋ ਸਕਦੇ ਹਨ।

ਪਹਿਲਾਂ ਵੀ ਹੋ ਚੁੱਕੇ ਹਨ ਹਮਲੇ

ਕਲਾਕਾਰਾਂ ਉੱਤੇ ਹਮਲੇ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਨਾਮਵਰ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਨਜੋਤ ਕੌਰ ਦਾ ਕਤਲ ਉਸ ਸਮੇਂ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਜਦੋਂ ਉਹ ਜਲੰਧਰ ਨੇੜੇ ਅਖਾੜਾ ਲਾਉਣ ਲਈ ਪਹੁੰਚੇ ਸਨ।

ਇਸ ਘਟਨਾ ਨੂੰ ਉਸ ਸਮੇਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਸਭ ਤੋਂ ਮਾੜੀ ਘਟਨਾ ਮੰਨਿਆ ਗਿਆ ਸੀ। ਪੰਜਾਬੀ ਕਵੀ ਅਵਤਾਰ ਸਿੰਘ ਪਾਸ਼ ਦੇ ਕਤਲ ਨੇ ਵੀ ਪੰਜਾਬੀ ਸਾਹਿਤਕ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਪੰਜਾਬੀ ਮਿਊਜ਼ਿਕ ਅਤੇ ਗੈਂਗਸਟਰ

ਗੈਂਗਸਟਰ ਉੱਤੇ ਬਕਾਇਦਾ ਫ਼ਿਲਮਾਂ ਬਣ ਰਹੀਆਂ ਹਨ (ਰੁਪਿੰਦਰ ਗਾਂਧੀ, ਰੁਪਿੰਦਰ ਗਾਂਧੀ ਪਾਰਟ 2, ਜੋਰਾ ਦਸ ਨੰਬਰੀਆ ਆਦਿ)।

ਇਸ ਤੋਂ ਇਲਾਵਾ ਗੀਤਾਂ ਵਿਚ ਗੈਂਗਸਟਰਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਗਾਇਕ ਮਨਕੀਰਤ ਔਲਖ ਦੇ ਗਾਣੇ 'ਜੇਲ੍ਹਾਂ ਵਿਚੋਂ ਫ਼ੋਨ ਆਉਣਗੇ' ਅਤੇ "ਪਿੰਡ ਪਿਆ ਸਾਰਾ ਗੈਂਗ ਲੈਂਡ ਬਣਿਆ", ਗਾਇਕ ਗੁਰਸੇਵਕ ਢਿੱਲੋਂ ਦਾ 'ਗੈਂਗਸਟਰ ਸਾਈਨ', ਤੇ ਗਾਇਕ ਏ ਕੇ ਦਾ ਗੀਤ 'ਮੁੰਡੇ ਦੀ ਹੈ ਗੈਂਗਸਟਰ ਲੁੱਕ ਬੱਲੀਏ' ਇਸਦੇ ਤਾਜ਼ਾ ਉਦਾਹਰਣ ਹਨ।

ਇਸੇ ਕਰਕੇ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਖ਼ਿਲਾਫ਼ ਮੁਹਿੰਮ ਛੇੜਨੀ ਪਈ। ਕੁਝ ਦਿਨ ਇਸ ਮੁੱਦੇ 'ਤੇ ਕਾਫ਼ੀ ਬਹਿਸ ਵੀ ਹੋਈ।

ਪੰਜਾਬ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ

26 ਜਨਵਰੀ 2018 ਨੂੰ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨੂੰ ਕਥਿਤ ਪੁਲਿਸ ਮੁਕਾਬਲੇ ਮਗਰੋਂ ਖ਼ਤਮ ਕਰਨ ਦਾ ਦਾਅਵਾ ਕੀਤਾ ਗਿਆ ਸੀ। ਇਸ ਕਥਿਤ ਐਨਕਾਊਂਟਰ ਨੇ ਦੇਸ ਦੀ ਮੀਡੀਆ ਦਾ ਧਿਆਨ ਇਸ ਸਮੱਸਿਆ ਵੱਲ ਖਿੱਚਿਆ।

ਉਸ ਸਮੇਂ ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਅੰਕੜਿਆਂ ਨੂੰ ਪੇਸ਼ ਕਰਦਿਆਂ ਆਖਿਆ ਸੀ ਕਿ ਸੂਬੇ ਵਿਚ ਏ ਕੈਟਾਗਰੀ ਦੇ 17 ਅਤੇ ਬੀ ਕੈਟਾਗਰੀ ਦੇ 21 ਗੈਂਗਸਟਰ ਸਰਗਰਮ ਹਨ।

ਸੋਸ਼ਲ ਮੀਡੀਆ 'ਤੇ ਪ੍ਰਸਿੱਧੀ

ਪੰਜਾਬ ਵਿਚ ਜਿੰਨੇ ਵੀ ਗੈਂਗਸਟਰ ਹਨ ਉਹ ਸਾਰੇ ਹੀ ਸੋਸ਼ਲ ਮੀਡੀਆ ਉੱਤੇ ਸਰਗਰਮ ਹਨ। ਇੱਥੋਂ ਤੱਕ ਕਿ ਦਿਲਪ੍ਰੀਤ ਸਿੰਘ ਨਾਮਕ ਨੌਜਵਾਨ ਨੇ ਫੇਸਬੁਕ ਰਾਹੀਂ ਹੀ ਪਰਮੀਸ਼ ਵਰਮਾ ਉੱਤੇ ਹਮਲੇ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਲਈ।

ਇਸ ਤੋਂ ਸਪਸ਼ਟ ਹੈ ਕਿ ਨੌਜਵਾਨਾਂ ਤੱਕ ਪਹੁੰਚ ਬਣਾਉਣ ਲਈ ਗੈਂਗਸਟਰ ਸੋਸ਼ਲ ਮੀਡੀਆ ਖ਼ਾਸ ਤੌਰ 'ਤੇ ਫੇਸਬੁੱਕ ਦਾ ਸਹਾਰਾ ਲੈਂਦੇ ਹਨ।

ਹਮਲੇ ਤੋਂ ਬਾਅਦ ਉਸ ਨੇ ਦੋ ਪੋਸਟਾਂ ਫੇਸਬੁੱਕ ਉੱਤੇ ਸਾਂਝੀਆਂ ਕੀਤੀਆਂ। ਬਕਾਇਦਾ ਇਸ ਉੱਤੇ ਕਮੈਂਟ ਵੀ ਹੋਏ।

ਇਸੀ ਤਰ੍ਹਾਂ ਨਾਮੀ ਗੈਂਗਸਟਰ ਵਿੱਕੀ ਗੌਂਡਰ ਭਾਵੇਂ ਮਾਰਿਆ ਗਿਆ ਹੈ ਪਰ ਵੀ ਉਸ ਦੇ ਫੇਸਬੁੱਕ ਉੱਤੇ ਪ੍ਰਸ਼ੰਸਕ ਅੱਜ ਵੀ ਜੁੜੇ ਹੋਏ ਹਨ। ਗੈਂਗਸਟਰ ਜੇਲ੍ਹ ਵਿਚ ਹੋਣ ਜਾਂ ਫਿਰ ਬਾਹਰ ਉਹ ਫੇਸਬੁੱਕ ਉੱਤੇ ਲਾਈਵ ਹੁੰਦੇ ਹਨ ਅਤੇ ਬਕਾਇਦਾ ਪੋਸਟਾਂ ਪਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)