ਸੋਸ਼ਲ: ‘ਗੁਰਦੁਆਰੇ ’ਚ ਪ੍ਰਧਾਨਗੀ ਲਈ ਇੱਕ ਹੋਰ ਝੜਪ, ਲੋਕ ਕਦੋਂ ਸਿੱਖਣਗੇ’

ਅਮਰੀਕਾ ਵਿੱਚ ਇੰਡੀਆਨਾਪੋਲਿਸ ਦੇ ਇੱਕ ਗੁਰਦੁਆਰੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹੋਈ ਝੜਪ ਦੌਰਾਨ ਚਾਰ ਸਿੱਖ ਜ਼ਖ਼ਮੀ ਹੋਏ ਹਨ।

ਇਹ ਘਟਨਾ ਇੰਡੀਆਨਾਪੋਲਿਸ ਦੇ ਦੱਖਣ ਵਿੱਚ ਸਥਿਤ ਗੁਰਦੁਆਰੇ ਵਿੱਚ ਹਰ ਦੋ ਸਾਲ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਵਾਪਰੀ।

ਸੋਸ਼ਲ ਮੀਡੀਆ 'ਤੇ ਇਸ ਝੜਪ ਬਾਰੇ ਕਈ ਲੋਕਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ।

ਅਮਰਿੰਦਰ ਸਿੰਘ ਨੇ ਲਿਖਿਆ, ''ਲੀਡਰ ਬਣਨ ਲਈ ਗੁਰਦੁਆਰੇ ਵਿੱਚ ਇੱਕ ਹੋਰ ਝੜਪ? ਇਹ ਲੋਕ ਕਦੋਂ ਸਿੱਖਣਗੇ? ਕੁਰਸੀ ਅਤੇ ਪੈਸੇ ਨਾਲ ਮੋਹ ਕਦੋਂ ਮੁੱਕੇਗਾ? ਕਿਉਂ ਨਹੀਂ ਸਮਝਦੇ ਕਿ ਮੁੱਦਿਆਂ ਨੂੰ ਸੁਲਝਾਉਣ ਦੇ ਹੋਰ ਵੀ ਤਰੀਕੇ ਹੁੰਦੇ ਹਨ?''

ਸੁਖੀ ਸੰਧੂ ਨੇ ਟਵੀਟ ਕੀਤਾ, ''ਇਹ ਸਿੱਖਾਂ ਨੂੰ ਕੀ ਹੋ ਰਿਹਾ ਹੈ? ਹਰ ਸਾਲ ਸਿੱਖ ਚੋਣਾਂ ਦੌਰਾਨ ਝੜਪ ਕਿਉਂ ਹੁੰਦੀ ਹੈ?''

ਫੇਸਬੁੱਕ 'ਤੇ ਜਦ ਇਹ ਵੀਡੀਓ ਸਾਂਝਾ ਕੀਤਾ ਗਿਆ ਤਾਂ ਇਸ ਨੂੰ ਕਈ ਲੋਕਾਂ ਨੇ ਵੇਖਿਆ ਅਤੇ ਕਮੈਂਟ ਕੀਤੇ।

ਨਰਿੰਦਰ ਜੋਹਲ ਨੇ ਲਿਖਿਆ, ''ਕਿਹੋ ਜਿਹਾ ਸਾਡਾ ਵਿਰਸਾ ਤੇ ਕਿਹੋ ਜਿਹੀ ਸਾਡੀ ਹਾਲਤ ਹੋ ਰੱਖੀ ਹੈ।''

ਮੋਹਿੰਦਰ ਕੌਰ ਨੇ ਲਿਖਿਆ, ''ਆਪਣੀਆਂ ਪੱਗਾਂ ਆਪ ਹੀ ਰੋਲ ਰਹੇ ਹਨ।''

ਇੰਦਰਜੀਤ ਸਿੰਘ ਨੇ ਲਿਖਿਆ, ''ਬੇਹੱਦ ਸ਼ਰਮਨਾਕ...ਉਦਾਂ ਕਹਿੰਦੇ ਹਨ ਕਿ ਨਾਨਕ ਸ਼ਾਹ ਫਕੀਰ ਫਿਲਮ ਨਹੀਂ ਚਲਾਉਣੀ।''

ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਗੁਰਦੁਆਰੇ ਦੇ ਅੰਦਰ ਲੋਕ ਇੱਕ ਦੂਜੇ ਨਾਲ ਹੱਥੋਪਾਈ ਕਰ ਰਹੇ ਹਨ। ਉੱਥੇ ਦੀ ਪੁਲਿਸ ਫਿਲਹਾਲ ਇਸ ਦੀ ਜਾਂਚ ਵਿੱਚ ਲੱਗੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)