ਪੰਜਾਬ ਦੀਆਂ ਵਿਦਿਆਰਥੀ ਚੋਣਾਂ ਬਾਰੇ ਕੀ ਕਹਿੰਦੇ ਹਨ ਇਹ ਸਿਆਸਤਦਾਨ?

    • ਲੇਖਕ, ਸੁਨੀਲ ਕਟਾਰੀਆ
    • ਰੋਲ, ਬੀਬੀਸੀ ਪੱਤਰਕਾਰ

ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਅਦ ਪੰਜਾਬ ਵਿੱਚ ਵਿਦਿਆਰਥੀ ਚੋਣਾਂ ਨੂੰ ਕਰਵਾਉਣ ਦਾ ਫ਼ੈਸਲਾ ਮੌਜੂਦਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।

ਇਹ ਐਲਾਨ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ, ਜਿਸ ਮੁਤਾਬਕ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਨਵੇਂ ਅਕਾਦਮਿਕ ਵਰ੍ਹੇ ਤੋਂ ਵਿਦਿਆਰਥੀ ਕੌਂਸਲਾਂ ਦੀਆਂ ਚੋਣਾਂ ਹੋਣਗੀਆਂ।

ਲੰਮੇ ਸਮੇਂ ਬਾਅਦ ਪੰਜਾਬ ਵਿੱਚ ਵਿਦਿਆਰਥੀ ਚੋਣਾਂ ਨੂੰ ਲੈ ਕੇ ਕੀ ਸੋਚਦੇ ਹਨ ਪੰਜਾਬ ਦੇ ਉਹ ਸਿਆਸਤਦਾਨ ਜਿਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਬਤੌਰ ਵਿਦਿਆਰਥੀ ਸਿਆਸਤਦਾਨ ਕੀਤੀ ਤੇ ਅੱਜ ਮੁੱਖ ਧਾਰਾ ਦੀ ਸਿਆਸਤ ਵਿੱਚ ਹਨ।

ਪੰਜਾਬ ਸਰਕਾਰ ਦਾ ਵਿਦਿਆਰਥੀ ਚੋਣਾਂ ਕਰਵਾਉਣ ਦਾ ਫ਼ੈਸਲਾ

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਰਕਾਰ ਦੇ ਵਿਦਿਆਰਥੀ ਚੋਣਾਂ ਕਰਵਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ, ''ਨੌਜਵਾਨਾਂ ਲਈ ਇਹ ਚੰਗਾ ਕਦਮ ਹੈ।''

''ਨੌਜਵਾਨਾਂ ਲਈ ਆਪਣੀ ਲੀਡਰਸ਼ਿਪ ਕਾਇਮ ਕਰਨ ਦਾ ਇਹ ਇੱਕ ਮੌਕਾ ਹੈ, ਕਿਉਂਕਿ ਇਹ ਇੱਕ ਅਜਿਹਾ ਮੰਚ ਹੈ ਜਿੱਥੇ ਨੌਜਵਾਨ ਆਪਣੀ ਪਰਿਪੱਕਤਾ ਦਿਖਾਉਂਦੇ ਹਨ ਤੇ ਗਲਤ ਆਦਤਾਂ ਤੋਂ ਵੀ ਬੱਚਦੇ ਹਨ।

''ਜਿਹੜੀ ਅੱਜ ਗੈਂਗਵਾਰ ਪੰਜਾਬ ਵਿੱਚ ਹੋ ਰਹੀ ਹੈ, ਉਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਲੰਮੇ ਸਮੇਂ ਤੋਂ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਨਹੀਂ ਹੋਈਆਂ ਸਨ।''

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਕਮਲ ਸ਼ਰਮਾ 20 ਸਾਲ ਤੱਕ ਵਿਦਿਆਰਥੀ ਸਿਆਸਤ ਦਾ ਹਿੱਸਾ ਰਹੇ ਹਨ।

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਵਿਦਿਆਰਥੀ ਚੋਣਾਂ ਕਰਵਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਤੇ ਕਿਹਾ, ''ਵਿਦਿਆਰਥੀ ਸਿਆਸਤ ਰਾਹੀਂ ਨੌਜਵਾਨਾਂ ਨੂੰ ਦੇਸ ਦੀਆਂ ਲੋਕਤਾਂਤਰਿਕ ਸੰਸਥਾਵਾਂ ਦੇ ਨਾਲ-ਨਾਲ ਲੋਕਤਾਂਤਰਿਕ ਮਰਿਆਦਾਵਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ।''

ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਵਿਦਿਆਰਥੀ ਚੋਣਾਂ ਦੇ ਕੈਪਟਨ ਅਮਰਿੰਦਰ ਸਿੰਘ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ, ''ਇਸ ਫ਼ੈਸਲੇ ਲਈ ਮੈਂ ਪਿਛਲੇ ਪੰਜ ਸਾਲਾਂ ਤੋਂ ਆਵਾਜ਼ ਚੁੱਕਦਾ ਰਿਹਾ ਹਾਂ ਅਤੇ ਹੁਣ ਸਰਕਾਰ ਵਿੱਚ ਰਹਿ ਕੇ ਵੀ ਮੈਂ ਇਸ ਬਾਬਤ ਮੁੱਖ ਮੰਤਰੀ ਨੂੰ ਗੁਜ਼ਾਰਿਸ਼ ਕਰਦਾ ਰਿਹਾ।''

''ਇਹ ਚੋਣਾਂ ਲੋਕਤੰਤਰ ਦਾ ਇੱਕ ਅਹਿਮ ਅੰਗ ਹਨ, ਕਿਉਂਕਿ ਇੱਥੋਂ ਹੀ ਆਉਣ ਵਾਲੀ ਪੀੜ੍ਹੀ ਲਈ ਰਾਹ ਖੁੱਲ੍ਹਦਾ ਹੈ।''

ਅੱਜ ਦੇ ਸਮੇਂ ਵਿੱਚ ਇਨਾਂ ਚੋਣਾਂ ਦੀ ਲੋੜ

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਇਸ ਬਾਰੇ ਕਹਿੰਦੇ ਹਨ, ''ਵਿਦਿਆਰਥੀ ਚੋਣਾਂ ਨੂੰ ਲੈ ਕੇ ਤਿੰਨ ਦਹਾਕੇ ਤੋਂ ਵੱਧ ਸਮੇਂ ਦਾ ਵੱਡਾ ਵਕਫ਼ਾ ਪੈ ਗਿਆ।''

''ਜਿਹੜੀ ਨੌਜਵਾਨ ਪੀੜ੍ਹੀ ਲੀਡਰਸ਼ਿਪ ਦੇ ਤੌਰ 'ਤੇ ਆਉਣੀ ਸੀ ਉਹ ਨਾ ਆ ਸਕੀ ਅਤੇ ਹੁਣ ਵੀ ਉਨੀਂ ਪਰਿਪੱਕਤਾ ਨਾਲ ਨੌਜਵਾਨ ਸਿਆਸੀ ਧਿਰ ਨਹੀਂ ਆ ਰਹੀ।''

ਕਮਲ ਸ਼ਰਮਾ ਅਨੁਸਾਰ, ''ਵਿਦਿਆਰਥੀ ਸਿਆਸਤ ਦੀ ਲੋੜ ਪੰਜਾਬ ਵਿੱਚ ਬਹੁਤ ਦੇਰ ਤੋਂ ਸੀ, ਲੰਮੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ ਪਰ ਇਹ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ, ਪਰ ਦੇਰ ਆਏ ਦਰੁਸਤ ਆਏ।''

ਕੁਲਜੀਤ ਸਿੰਘ ਨਾਗਰਾ ਨੇ ਕਿਹਾ, ''ਹਰ ਵਰਗ ਦੀ ਗੱਲ ਕਰਨ ਲਈ ਨੁਮਾਇੰਦਾ ਹੋਣਾ ਬਹੁਤ ਜ਼ਰੂਰੀ ਹੈ।''

ਅੱਜ ਦੇ ਵਿਦਿਆਰਥੀਆਂ ਦੀ ਸਿਆਸਤ 'ਚ ਕਾਬਲੀਅਤ

ਵਿਦਿਆਰਥੀ ਦੀ ਸਿਆਸਤ 'ਚ ਕਾਬਲੀਅਤ ਬਾਰੇ ਪ੍ਰੋ.ਪ੍ਰੇਮ ਸਿੰਘ ਚੁੰਦੂਮਾਜਰਾ ਨੇ ਕਿਹਾ, ''ਹੌਲੀ-ਹੌਲੀ ਜਦੋਂ ਜਿੰਮੇਵਾਰੀ ਪੈਂਦੀ ਹੈ, ਲੋਕਾਂ ਪ੍ਰਤੀ ਜਵਾਬਦੇਹ ਹੋਣਾ ਪੈਂਦਾ ਹੈ ਤਾਂ ਫਿਰ ਕੁਦਰਤੀ ਤੌਰ 'ਤੇ ਇਨਸਾਨ ਨੂੰ ਆਪਣੇ ਆਪ 'ਚ ਸੁਧਾਰ ਕਰਨਾ ਪੈਂਦਾ ਹੈ।''

''ਵੋਟਰਾਂ ਕੋਲ ਜਾਣ 'ਤੇ ਜਿੰਮੇਵਾਰੀ ਦਾ ਅਹਿਸਾਸ ਵੀ ਹੁੰਦਾ ਹੈ, ਫਿਰ ਕੰਮ ਕਰਕੇ ਦਿਖਾਉਂਗੇ ਤਾਂ ਜਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ, ਕਿਉਂਕਿ ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਅਗਲੀ ਵਾਰੀ ਜਿੱਤ ਨਹੀਂ ਸਕਦੇ।''

ਉਨ੍ਹਾਂ ਅੱਗੇ ਕਿਹਾ, ''ਹੁੰਦਾ ਇਹ ਰਿਹਾ ਸੀ ਕਿ ਵੱਡੇ-ਵੱਡੇ ਪੋਸਟਰ ਲਾ ਲਏ ਜਾਂਦੇ ਸਨ ਤੇ ਦਾਦਾਗਿਰੀ ਨਾਲ ਲੀਡਰਸ਼ਿਪ ਕਾਇਮ ਹੋ ਰਹੀ ਸੀ, ਇਸ ਦਾ ਨੌਜਵਾਨ ਪੀੜ੍ਹੀ 'ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ।''

ਉਧਰ ਕਮਲ ਸ਼ਰਮਾ ਇਸ ਸਬੰਧੀ ਕਹਿੰਦੇ ਹਨ, ''ਮੈ ਮੰਨਦਾ ਹਾਂ ਕਿ ਕਿਸੇ ਵੀ ਜੀਵੰਤ ਲੋਕਤੰਤਰ ਲਈ ਇਹ ਜ਼ਰੂਰੀ ਹੈ ਕਿ ਚੰਗੇ ਵਿਦਿਆਰਥੀ ਲੀਡਰ ਪੈਦਾ ਹੋਣ ਤਾਂ ਜੋ ਉਹ ਅੱਗੇ ਜਾ ਕੇ ਵੱਖ-ਵੱਖ ਥਾਵਾਂ 'ਤੇ ਕੰਮ ਕਰ ਸਕਣ।''

ਵਿਦਿਆਰਥੀ ਚੋਣਾਂ ਦੇ ਫਾਇਦੇ ਤੇ ਨੁਕਸਾਨ

ਇਸ ਸਵਾਲ 'ਤੇ ਪ੍ਰੋ. ਪ੍ਰੇਮ ਸਿੰਘ ਚੁੰਦੂਮਾਜਰਾ ਕਹਿੰਦੇ ਹਨ, ''ਥੋੜ੍ਹੀ ਦੇਰ ਲਈ ਤਾਂ ਵਿਦਿਆਰਥੀ ਚੋਣਾਂ ਵਿੱਚ ਗੈਂਗ ਤੰਤਰ ਚੱਲੇਗਾ, ਅਸੀਂ ਆਪ ਇਨ੍ਹਾਂ ਦਾ ਸਾਹਮਣਾ ਕੀਤਾ ਸੀ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ 'ਚ ਪ੍ਰਧਾਨ ਬਣਿਆ ਉੱਥੇ ਕਈ ਕਿਸਮ ਦੇ ਗੈਂਗ ਹੁੰਦੇ ਸੀ।''

''25-30 ਲੋਕ ਮੈੱਸ ਵਿੱਚ ਆ ਕੇ ਰੋਟੀ ਖਾ ਜਾਂਦੇ ਸੀ ਅਤੇ ਕਿਸੇ ਦੇ ਖਾਤੇ 'ਚ ਲਿਖਵਾ ਜਾਂਦੇ ਸੀ।''

''ਦੋ ਸਾਲ ਸਾਨੂੰ ਕੋਸ਼ਿਸ਼ਾਂ ਕਰਨੀਆਂ ਪਈਆਂ ਤੇ ਇਹ ਲੋਕ ਫਿਰ ਜ਼ਿਆਦਾ ਸਮਾਂ ਟਿਕ ਨਹੀਂ ਸਕਦੇ।''

ਕਮਲ ਸ਼ਰਮਾ ਕਹਿੰਦੇ ਹਨ, ''ਜਿਹੜੀ ਚੀਜ਼ ਲੋਕਤੰਤਰ ਜਾਂ ਹੱਕ ਲਈ ਹੈ ਉਸ ਦਾ ਨੁਕਸਾਨ ਨਹੀਂ ਹੋ ਸਕਦਾ।''

ਇਸ ਸਵਾਲ 'ਤੇ ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾਨੇ ਕਿਹਾ, ''ਪਹਿਲਾਂ ਚੋਣਾਂ ਵਿਦਿਆਰਥੀ ਜੱਥੇਬੰਦੀਆਂ ਦੇ ਨਾਂ 'ਤੇ ਹੁੰਦੀਆਂ ਸਨ ਅਤੇ ਜਦੋਂ ਇਹ ਬੰਦ ਹੋਈਆਂ ਤਾਂ ਜੱਥੇਬੰਦੀਆਂ ਦੇ ਨਾਂ ਗੈਂਗਸਟਰਾਂ ਦੇ ਨਾਂ 'ਤੇ ਪਏ, ਜਿਵੇਂ ਕਿ ਗਾਂਧੀ ਸਟੂਡੈਂਟ ਗਰੁੱਪ ਯੂਨੀਅਨ, ਭਲਵਾਨ ਸਟੂਡੈਂਟ ਗਰੁੱਪ ਯੂਨੀਅਨ, ਸੱਤਾ ਸਟੂਡੈਂਟ ਗਰੁੱਪ ਯੂਨੀਅਨ।

''ਪਹਿਲਾਂ ਵਿਦਿਆਰਥੀ ਚੋਣਾਂ ਪੋਸਟਰਾਂ ਤੱਕ ਸੀਮਿਤ ਸੀ, ਹੁਣ ਅਜਿਹਾ ਨਹੀਂ ਹੁੰਦਾ।''

ਬਾਦਲ ਸਰਕਾਰ ਸਮੇਂ ਕਿਉਂ ਨਹੀਂ ਹੋਇਆ ਵਿਦਿਆਰਥੀ ਚੋਣਾਂ ਦਾ ਫ਼ੈਸਲਾ

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋ. ਚੰਦੂਮਾਜਰਾ ਕਹਿੰਦੇ ਹਨ, ''ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਪਰ ਉਦੋਂ ਸਾਡੀ ਗੱਲ ਮੰਨੀ ਨਹੀਂ ਗਈ, ਕਈ ਵਾਰੀ ਪਾਰਟੀਆਂ 'ਚ ਗੱਲ ਨਹੀਂ ਮੰਨੀ ਜਾਂਦੀ, ਪਰ ਅਸੀਂ ਉਦੋਂ ਵੀ ਹੱਕ ਵਿੱਚ ਸੀ ਕਿ ਵਿਦਿਆਰਥੀ ਚੋਣ ਹੋਣੀ ਚਾਹੀਦੀ ਹੈ।''

''ਕਈ ਵਾਰ ਹੋਰ ਮੁਫ਼ਾਦ ਭਾਰੀ ਹੋ ਜਾਂਦੇ ਹਨ, ਲੜਾਈ-ਝਗੜੇ ਵੀ ਹੁੰਦੇ ਹਨ ਪਰ ਕੁੱਲ ਮਿਲਾ ਕੇ ਵਿਦਿਆਰਥੀਆ ਚੋਣਾਂ ਦਾ ਫਾਇਦਾ ਹੁੰਦਾ ਹੈ।''

ਇਸ ਸਵਾਲ 'ਤੇ ਭਾਜਪਾ ਦੇ ਕਮਲ ਸ਼ਰਮਾ ਨੇ ਕਿਹਾ, ''ਉਦੋਂ ਫ਼ੈਸਲਾ ਨਹੀਂ ਕਰ ਸਕੇ ਪਰ ਹੁਣ ਇਸ ਦਾ ਸਵਾਗਤ ਕਰਨਾ ਬਣਦਾ ਹੈ।''

ਉਧਰ ਮੌਜੂਦਾ ਸਰਕਾਰ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਕਹਿੰਦੇ ਹਨ, ''ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਉਨ੍ਹਾਂ ਦੀ ਅਖ਼ੌਤੀ ਵਿਦਿਆਰਥੀ ਸੰਸਥਾ ਐੱਸ ਓ ਆਈ ਵੱਲੋਂ 2012 ਵਿੱਚ ਪਟਿਆਲਾ ਵਿੱਚ ਹੋਈ ਰੈਲੀ ਵਿੱਚ ਵਿਦਿਆਰਥੀ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਸੀ, ਪਰ ਮੁੱਕਰ ਗਏ ਕਿਉਂਕਿ ਉਹ ਚੋਣਾਂ ਨਹੀਂ ਕਰਵਾਉਣਾ ਚਾਹੁੰਦੇ ਸਨ।''

''ਉਨ੍ਹਾਂ ਨੂੰ ਇੰਝ ਲਗਦਾ ਸੀ ਕਿ ਜਦੋਂ ਇੱਕ ਨਵੀਂ ਲੀਡਰਸ਼ਿਪ ਕਾਲਜਾਂ ਤੇ ਯੂਨੀਵਰਸਿਟੀਆਂ 'ਚੋਂ ਆਉਂਦੀ ਹੈ ਤਾਂ ਉਨ੍ਹਾਂ ਵਿੱਚ ਹੋਰ ਮਾਅਦਾ ਹੁੰਦਾ ਹੈ, ਜਿਹੜਾ ਕਾਬਿਲ ਹੁੰਦਾ ਹੈ ਵਿਦਿਆਰਥੀ ਉਸ ਨੂੰ ਬਤੌਰ ਲੀਡਰ ਚੁਣਦੇ ਹਨ।''

''ਸਰਕਾਰ ਨੂੰ ਇੰਝ ਲੱਗਦਾ ਸੀ ਕਿ ਜੇ ਨਵੀਂ ਪੀੜ੍ਹੀ ਆਵੇਗੀ ਤਾਂ ਸਾਡੀ ਹਕੂਮਤ ਹਿੱਲੇਗੀ।''

ਵਿਦਿਆਰਥੀਆਂ ਚੋਣਾਂ ਤੇ ਵਿਦਿਆਰਥੀ ਸਿਆਸਤ ਬਾਰੇ ਬੋਲਦਿਆਂ ਇਨ੍ਹਾਂ ਸਿਆਸਤਦਾਨਾਂ ਨੇ ਹੋਰ ਵੀ ਵਿਚਾਰ ਰੱਖੇ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਵਿਦਿਆਰਥੀ ਚੋਣਾਂ ਜਿੱਤਣ ਤੇ ਪੜ੍ਹਾਈ ਤੇ ਅਕਾਦਮਿਕ ਮਸਲਿਆਂ ਦੀ ਜ਼ਿੰਮੇਵਾਰੀ ਵੀ ਅਦਾ ਕਰਦੇ ਹਨ ਅਤੇ ਪੜ੍ਹਾਈ ਦੇ ਨਤੀਜੇ ਮਾੜੇ ਆਉਂਦੇ ਹਨ ਤਾਂ ਦੋਸ਼ ਵਿਦਿਆਰਥੀ ਯੂਨੀਅਨ ਨੂੰ ਹੀ ਜਾਂਦਾ ਹੈ।

ਇਸੇ ਤਰ੍ਹਾਂ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਚੋਣਾਂ ਵਿੱਚ ਸ਼ਰਾਬ ਜਾਂ ਹੋਰ ਚੀਜ਼ਾਂ ਦੀ ਵਰਤੋਂ ਹੁੰਦੀ ਹੈ, ਪਰ ਮੈਂ ਚਾਹੁੰਦਾ ਹਾਂ ਕਿ ਵਿਦਿਆਰਥੀ ਚੋਣਾਂ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋਣ ਅਤੇ ਫ਼ਿਰ ਵਿਦਿਆਰਥੀ ਚੋਣਾਂ ਵਿੱਚ ਬਿਹਤਰੀ ਹੋ ਸਕੇਗੀ।

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਵਿਦਿਆਰਥੀ ਜੱਥੇਬੰਦੀਆਂ ਨੂੰ ਇਹ ਅਪੀਲ ਰਹੇਗੀ ਕਿ ਮਾੜੇ ਰੁਝਾਨ ਨਾਲ ਇਨਾਂ ਚੋਣਾਂ ਨੂੰ ਬਚਾਉਣ ਦੀ ਕੋਸ਼ਿਸ਼ ਉਹ ਪਹਿਲਾਂ ਹੀ ਇਕੱਠੇ ਬੈਠ ਕੇ ਕਰਨ ਅਤੇ ਚੋਣਾਂ ਕਰਵਾਉਣ ਸਬੰਧੀ ਸਿਫਾਰਿਸ਼ਾਂ ਸਰਕਾਰ ਤੱਕ ਪਹੁੰਚਾਉਣ।

ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਬਦਮਾਸ਼ ਸਿਆਸੀ ਲੀਡਰਾਂ ਅਤੇ ਪੁਲਿਸ ਦੇ ਬਣਾਏ ਹੁੰਦੇ ਹਨ ਅਤੇ ਪੰਜਾਬ ਵਿੱਚ ਇੱਕ ਸਾਲ 'ਚ ਗੈਂਗਸਟਰ ਹੁਣ ਕਿੱਥੇ ਚਲੇ ਗਏ।

ਉਨ੍ਹਾਂ ਅੱਗੇ ਕਿਹਾ ਹੁਣ ਕੋਈ ਗੈਂਗਸਟਰ ਨਹੀਂ ਦਿਖਦਾ। ਜਦੋਂ ਸੂਬੇ ਦੀ ਸਰਕਾਰ ਵਿੱਚ ਸਮਰੱਥਾ ਹੁੰਦੀ ਹੈ ਕਿ ਉਨ੍ਹਾਂ ਹਾਲਾਤ ਠੀਕ ਰੱਖਣੇ ਹਨ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਰਹਿੰਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)