You’re viewing a text-only version of this website that uses less data. View the main version of the website including all images and videos.
ਕੀ ਇਹ ਔਰਤ ਪਛਾਣ ਚੋਰੀ ਕਰਨ ਲਈ ਕਰਦੀ ਹੈ 'ਕਤਲ'?
ਫਲੋਰਿਡਾ ਪੁਲਿਸ ਸ਼ੱਕ ਦੇ ਆਧਾਰ 'ਤੇ ਉਸ ਔਰਤ ਦੀ ਤਲਾਸ਼ ਕਰ ਰਹੀ ਹੈ ਜਿਸ 'ਤੇ ਪਛਾਣ ਚੋਰੀ ਕਰਨ ਲਈ ਇੱਕ ਔਰਤ ਦੇ ਕਤਲ ਦਾ ਇਲਜ਼ਾਮ ਹੈ।
ਰੈਸ 'ਤੇ ਆਪਣੇ ਪਤੀ ਦੇ ਕਤਲ ਦਾ ਵੀ ਇਲਜ਼ਾਮ ਹੈ। ਰੈਸ 'ਤੇ ਇਹ ਵੀ ਇਲਜ਼ਾਮ ਹੈ ਕਿ ਉਸ ਨੇ ਅਜਿਹੀ ਔਰਤ ਦਾ ਕਤਲ ਕੀਤਾ ਹੈ ਜੋ ਉਸ ਵਾਂਗ ਵਿਖਾਈ ਦਿੰਦੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਭ ਉਸ ਨੇ ਆਪਣੀ ਪਛਾਣ ਲੁਕਾਉਣ ਲਈ ਕੀਤਾ।
ਪੁਲਿਸ ਮੁਤਾਬਕ 56 ਸਾਲਾ ਐਨ ਰੈਸ ਦੀ ਭਾਲ ਵਿੱਚ ਕਈ ਸੂਬਿਆਂ ਦੀ ਪੁਲਿਸ ਲੱਗੀ ਹੋਈ ਹੈ। ਪੁਲਿਸ ਅਨੁਸਾਰ ਰੈਸ ਪੀੜਤ ਨੂੰ ਮਾਰਨ ਤੋਂ ਪਹਿਲਾਂ ਉਸ ਨਾਲ ਕਈ ਦਿਨਾਂ ਤੋਂ ਚੈਟਿੰਗ ਕਰ ਰਹੀ ਸੀ।
ਲੀ ਕਾਊਂਟੀ ਦੇ ਜੇਲ੍ਹ ਵਾਰਡਨ ਕਾਰਮੀਨ ਮਾਰਸੀਨੋ ਮੁਤਾਬਕ ਉਸਦਾ ਮਕਸਦ 59 ਸਾਲਾ ਪਰਮੀਲਾ ਹਚੀਨਸਨ ਦੀ ਪਛਾਣ ਨੂੰ ਚੋਰੀ ਕਰਨਾ ਸੀ।
ਟੈਕਸਸ ਪੁਲਿਸ ਮੁਤਾਬਕ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਕਰਪਸ ਕਰਿਸਟੀ ਤੋਂ ਭੱਜ ਗਈ ਹੈ।
ਮਾਰਸੀਨੋ ਨੇ ਐਨਬੀਸੀ ਨਿਊਜ਼ ਨੂੰ ਦੱਸਿਆ ਕਿ ਰੈਸ ਨੂੰ ਖ਼ਤਰਨਾਕ ਅਤੇ ਹਥਿਆਰਬੰਦ ਮੰਨਿਆ ਜਾਵੇ ਜੋ ਕਿ ਪੈਸੇ ਖ਼ਤਮ ਹੋਣ ਤੋਂ ਬਾਅਦ ਜਲਦੀ ਹੀ ਕਿਸੇ ਦਾ ਕਤਲ ਕਰ ਸਕਦੀ ਹੈ।
ਉਨ੍ਹਾਂ ਨੇ ਕਿਹਾ,''ਰੈਸ ਬਾਕੀ ਮਾਵਾਂ ਅਤੇ ਦਾਦੀਆਂ ਦੀ ਤਰ੍ਹਾਂ ਹੀ ਦਿਖਦੀ ਅਤੇ ਹੱਸਦੀ ਹੈ। ਉਸਦੇ ਤਿੰਨ ਬੱਚੇ ਅਤੇ ਇੱਕ ਪੋਤਾ ਹੈ।''
''ਉਸ ਬਾਰੇ ਮਿਲੀ ਜਾਣਕਾਰੀ ਮੁਤਾਬਕ ਉਸ ਨੂੰ ਜੂਏ ਦੀ ਲਤ ਸੀ ਅਤੇ ਪੂਰੀ ਯੋਜਨਾਬੱਧ ਤਰੀਕੇ ਨਾਲ ਕਤਲ ਨੂੰ ਅੰਜਾਮ ਦਿੰਦੀ ਸੀ।''
ਸੋਮਵਾਰ ਨੂੰ ਰਿਲੀਜ਼ ਹੋਈ ਵੀਡੀਓ ਕਲਿੱਪ ਵਿੱਚ ਰੈਸ ਨੀਲੇ ਰੰਗ ਦੀ ਸ਼ਰਟ ਵਿੱਚ ਵਿਖਾਈ ਦੇ ਰਹੀ ਹੈ। ਉਸ ਸਮੇਂ ਉਹ ਪੀੜਤ ਨਾਲ ਗੱਲ ਕਰ ਰਹੀ ਸੀ।
ਸ਼ੁੱਕਰਵਾਰ ਨੂੰ ਮਾਰਸੀਨੋ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ,''ਰੈਸ ਅਜਿਹੀਆਂ ਔਰਤਾਂ ਨਾਲ ਦੋਸਤੀ ਕਰਦੀ ਹੈ ਜੋ ਉਸ ਵਾਂਗ ਦਿਖਾਈ ਦਿੰਦੀਆਂ ਹਨ ਤਾਂਕਿ ਉਹ ਉਸਦੀ ਪਛਾਣ ਚੋਰੀ ਕਰ ਸਕੇ।''
ਪੁਲਿਸ ਦਾ ਕਹਿਣ ਹੈ ਮੀਨੀਸੋਤਾ ਦੇ ਬਲੂਮਿੰਗ ਪ੍ਰੇਰੀ ਵਿੱਚ ਰੈਸ ਆਪਣੇ ਪਤੀ ਦਾ ਕਤਲ ਕਰਨ ਤੋਂ ਬਾਅਦ ਫਲੋਰੀਡਾ ਵਿੱਚ ਜਾ ਕੇ ਲੁੱਕ ਗਈ।
ਪੁਲਿਸ ਮੁਤਾਬਕ ਪਿਛਲੇ ਸੋਮਵਾਰ ਨੂੰ ਉਨ੍ਹਾਂ ਨੂੰ ਹਚੀਨਸਨ ਦੀ ਲਾਸ਼ ਫੋਰਟ ਮਾਈਰਸ ਬੀਚ ਤੋਂ ਮਿਲੀ ਪਰ ਉਸਦੀ ਮੌਤ ਸ਼ਾਇਦ ਉਸ ਤੋਂ ਕਾਫ਼ੀ ਦਿਨ ਪਹਿਲਾਂ ਹੀ ਹੋ ਚੁੱਕੀ ਸੀ।
ਸੂਬੇ ਵਿੱਚੋਂ ਭੱਜਣ ਤੋਂ ਪਹਿਲਾਂ ਉਸ ਨੇ ਹਚੀਨਸਨ ਦਾ ਕੈਸ਼, ਕਰੈਡਿਟ ਕਾਰਡਸ, ਆਈਡੀ ਅਤੇ ਕਾਰ ਚੋਰੀ ਕਰ ਲਏ ਸੀ।
ਅਥਾਰਿਟੀ ਹੁਣ ਹਚੀਨਸਨ ਦੀ 2005 ਦੀ ਉਹ ਗੱਡੀ ਲੱਭ ਰਹੀ ਹੈ ਜਿਹੜੀ ਫਲੋਰਿਡਾ ਲਾਇਸੈਂਸ ਪਲੇਟ 'ਤੇ ਆਧਾਰਿਤ ਹੈ।
ਰੈਸ ਦੇ ਪਤੀ ਡੇਵਿਡ ਰੈਸ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਮੀਨੀਸੋਤਾ ਵਿੱਚ ਰੈਸ ਦੀ 23 ਮਾਰਚ ਤੋਂ ਭਾਲ ਕਰ ਰਹੀ ਸੀ।
ਅਥਾਰਿਟੀ ਦਾ ਕਹਿਣਾ ਹੈ ਸ਼ਾਇਦ ਉਸ ਨੇ ਆਪਣੇ ਪਤੀ ਨੂੰ ਮਾਰਨ ਤੋਂ ਪਹਿਲਾਂ ਉਸਦੇ 11 ਹਜ਼ਾਰ ਡਾਲਰ ਚੋਰੀ ਕੀਤੇ ਸੀ।
ਚਾਰਜਸ਼ੀਟ ਵਿੱਚ ਲਿਖਿਆ ਹੈ ਪਰਮੀਲਾ ਹਚੀਨਸਨ ਦਾ ਕਤਲ ਇਸੇ ਹਥਿਆਰ ਨਾਲ ਕੀਤਾ ਗਿਆ ਹੋ ਸਕਦਾ ਹੈ ਜਿਸ ਨਾਲ ਉਸ ਨੇ ਆਪਣੇ ਪਤੀ ਡੇਵਿਡ ਰੈਸ ਦਾ ਕਤਲ ਕੀਤਾ ਸੀ।
ਐਫਬੀਆਈ ਦੀ ਸਾਲਾਨਾ ਜੁਰਮ ਅੰਕੜਿਆਂ ਦੀ ਰਿਪੋਰਟ ਮੁਤਾਬਕ ਅਮਰੀਕਾ ਵਿੱਚ 10 ਕਤਲਾਂ ਵਿੱਚੋਂ 1 ਕਤਲ ਔਰਤਾਂ ਵੱਲੋਂ ਕੀਤਾ ਜਾਂਦਾ ਹੈ।