'ਸੀਰੀਆ 'ਚ ਸਬੂਤਾਂ ਨਾਲ ਨਹੀਂ ਹੋਈ ਛੇੜਖਾਨੀ'

ਰੂਸ ਨੇ ਸੀਰੀਆ ਵਿੱਚ ਇਕ ਸ਼ੱਕੀ ਕੈਮੀਕਲ ਹਮਲੇ ਵਾਲੀ ਥਾਂ 'ਤੇ ਸਬੂਤਾਂ ਨਾਲ ਛੇੜਛਾੜ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ।

ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਬੀਬੀਸੀ ਦੇ 'ਹਾਰਡ ਟਾਕ' ਪ੍ਰੋਗਰਾਮ ਦੌਰਾਨ ਇੰਟਰਵਿਊ ਵਿੱਚ ਆਖਿਆ, "ਮੈਂ ਗਾਰੰਟੀ ਦੇ ਸਕਦਾ ਹਾਂ ਕਿ ਰੂਸ ਨੇ ਉਸ ਥਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਹੈ।"

ਬ੍ਰਿਟੇਨ ਅਤੇ ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਡੂਮਾ ਵਿੱਚ ਸ਼ੱਕੀ ਕੈਮੀਕਲ ਹਮਲੇ ਦੇ ਸਬੂਤਾਂ ਨੂੰ ਮਿਟਾਉਣ ਵਿੱਚ ਰੂਸ ਸੀਰੀਆ ਸਰਕਾਰ ਦੀ ਮਦਦ ਕਰ ਰਿਹਾ ਹੈ। ਕੌਮਾਂਤਰੀ ਜਾਂਚ ਦਲ ਡੂਮਾ ਕਸਬੇ ਤੱਕ ਪਹੁੰਚ ਨਹੀਂ ਸਕੇ ਹਨ।

ਭਾਵੇਂ ਰੂਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਕੈਮੀਕਲ ਹਥਿਆਰਾਂ ਦੀ ਰੋਕਥਾਮ ਲਈ ਕੰਮ ਕਰਨ ਵਾਲੇ ਸੰਗਠਨ ਨੂੰ ਉਸ ਵੱਲੋਂ ਸੀਰੀਆ ਵਿੱਚ ਕਥਿਤ ਤੌਰ 'ਤੇ ਹੋਏ ਕੈਮੀਕਲ ਹਮਲੇ ਦੀ ਥਾਂ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਰੂਸ ਨੇ ਕਿਹਾ ਹੈ ਕਿ ਸੀਰੀਆ ਵਿੱਚ ਕਥਿਤ ਰਸਾਇਣਕ ਹਮਲੇ ਵਾਲੀ ਥਾਂ ਦੀ ਜਾਂਚ ਬੁੱਧਵਾਰ ਨੂੰ ਕੀਤੀ ਜਾ ਸਕਦੀ ਹੈ। ਅਮਰੀਕਾ ਨੇ ਰਸਾਇਣਕ ਹਥਿਆਰਾਂ ਦੀ ਜਾਂਚ ਕਰਨ ਵਾਲੇ ਕੌਮਾਂਤਰੀ ਸਮੂਹ ਨੂੰ ਆਗਾਹ ਕੀਤਾ ਸੀ ਕਿ ਰੂਸ ਡੂਮਾ ਵਿੱਚ ਰਸਾਇਣਕ ਹਮਲੇ ਦੇ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ।

ਡੂਮਾ ਉੱਤੇ ਜਦੋਂ ਸੱਤ ਅਪ੍ਰੈਲ ਨੂੰ ਹਮਲਾ ਹੋਇਆ ਸੀ ਉਦੋਂ ਉੱਥੇ ਬਾਗੀਆਂ ਦਾ ਕਬਜ਼ਾ ਸੀ ਪਰ ਹੁਣ ਇਹ ਥਾਂ ਸੀਰੀਆ ਤੇ ਰੂਸੀ ਫੌਜ ਦੇ ਕਬਜ਼ੇ ਹੇਠ ਹੈ।

ਓਪੀਸੀਡਬਵਲੂ ਯਾਨੀ ਆਰਗੇਨਾਇਜ਼ੇਸ਼ਨ ਫਾਰ ਪ੍ਰੋਹਿਬਸ਼ਨ ਆਫ ਕੈਮੀਕਲ ਵੈਪਨਜ਼ ਦੁਨੀਆਂ ਭਰ ਵਿੱਚ ਰਸਾਇਣਕ ਹਥਿਆਰਾਂ ਨੂੰ ਨਸ਼ਟ ਕਰਨ ਅਤੇ ਉਨ੍ਹਾਂ ਦੀ ਰੋਕਥਾਮ ਲਈ ਕੰਮ ਕਰਦੀ ਹੈ।

ਓਪੀਸੀਡਬਵਲੂ ਦੀ ਕਹਿਣਾ ਹੈ ਕਿ ਉਸਦੇ 9 ਮੈਂਬਰੀ ਜਾਂਚ ਦਲ ਨੂੰ ਦਮਿਸ਼ਕ ਵਿੱਚ ਸੀਰੀਆ ਅਤੇ ਰੂਸ ਦੇ ਅਧਿਕਾਰੀਆਂ ਨੇ ਕਿਹਾ ਕਿ ਡੂਮਾ ਵਿੱਚ ਅਜੇ ਸੁਰੱਖਿਆ ਦਾ ਕੁਝ ਖ਼ਤਰਾ ਬਣਿਆ ਹੋਇਆ ਹੈ। ਇਸ ਲਈ ਅਜੇ ਟੀਮ ਨੂੰ ਉੱਥੇ ਨਹੀਂ ਭੇਜਿਆ ਜਾ ਸਕਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)