ਕਿਵੇਂ ਲਵੇਗਾ ਰੂਸ ਸੀਰੀਆ ਹਮਲੇ ਦਾ ਬਦਲਾ: ਬ੍ਰਿਟੇਨ ਮੀਡੀਆ ਦੀਆਂ ਰਿਪੋਰਟਾਂ?

ਸੀਰੀਆ ਉੱਤੇ ਅਮਰੀਕਾ ਤੇ ਉਸ ਦੇ ਸਹਿਯੋਗੀ ਬ੍ਰਿਟੇਨ-ਫਰਾਂਸ ਦੇ ਮਿਜ਼ਾਇਲ ਹਮਲੇ ਦਾ ਜਵਾਬ ਰੂਸ ਕਿਸ ਤਰ੍ਹਾਂ ਦੇਣ ਜਾ ਰਿਹਾ ਹੈ। ਬ੍ਰਿਟੇਨ ਦੇ ਪ੍ਰਮੁੱਖ ਅਖ਼ਬਾਰਾਂ ਦੀਆਂ ਰਿਪੋਰਟਾਂ ਉੱਤੇ ਭਰੋਸਾ ਕਰੀਏ ਤਾਂ ਰੂਸ ਨੇ ਬ੍ਰਿਟੇਨ ਤੋਂ ਸੀਰੀਆ ਹਮਲੇ ਦਾ ਬਦਲਾ ਲੈਣ ਲਈ ਉਸ ਖ਼ਿਲਾਫ਼ ਸਾਇਬਰ ਜੰਗ ਛੇੜ ਦਿੱਤੀ ਹੈ।

'ਦਾ ਡੇਲੀ ਟੈਲੀਗਰਾਫ਼' ਨੇ ਇਸ ਖ਼ਬਰ ਨੂੰ ਆਪਣੀ ਮੁੱਖ ਸੁਰਖ਼ੀ ਬਣਾਉਦਿਆਂ ਦਾਅਵਾ ਕੀਤਾ ਹੈ ਕਿ ਰੂਸ ਨੇ ਯੂਕੇ ਨੂੰ 'ਸਾਇਬਰ ਵਾਰ' ਦੀ ਧਮਕੀ ਦਿੱਤੀ ਹੈ। ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸੀਰੀਆ ਹਮਲੇ ਦੇ ਬਦਲੇ ਦੀ ਕਾਰਵਾਈ ਲਈ 'ਡਰਟੀ ਟਰਿੱਕ' ਮੁਹਿੰਮ ਸ਼ੁਰੂ ਕੀਤੀ ਹੈ।

ਅਖ਼ਬਾਰ ਨੇ ਰਿਪੋਰਟ ਵਿੱਚ 'ਵਾਇਟਹਾਲ' ਦੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਕਰਮਲਿਨ ਨਾਲ ਸਬੰਧਤ ਸੋਸ਼ਲ ਮੀਡੀਆ ਅਕਾਊਂਟਸ ਰਾਹੀ ਉਸੇ ਦਿਨ ਤੋਂ ਗਲਤ ਜਾਣਕਾਰੀ ਪ੍ਰਚਾਰਿਤ ਕੀਤੀ ਜਾ ਰਹੀ ਹੈ, ਜਿਸ ਦਿਨ ਤੋਂ ਮਿਜ਼ਾਇਲ ਹਮਲਾ ਕੀਤਾ ਗਿਆ ਸੀ।

ਇਸੇ ਤਰ੍ਹਾਂ ਡੇਲੀ ਐਕਸਪ੍ਰੈਸ ਨੇ ਵੀ ਇਸ ਖ਼ਬਰ ਨੂੰ 'ਰੂਸ ਦੀ ਜਵਾਬੀ ਕਾਰਵਾਈ ਤੋਂ ਬਾਅਦ ਸਾਇਬਰ ਜੰਗ ਦਾ ਅਲਾਰਟ' ਸੁਰਖ਼ੀ ਨਾਲ ਪਹਿਲੇ ਪੰਨੇ ਉੱਤੇ ਮੁੱਖ ਥਾਂ ਦਿੱਤੀ ਹੈ।

ਇਸ ਅਖ਼ਬਾਰ ਦਾ ਵੀ ਦਾਅਵਾ ਹੈ ਕਿ ਰੂਸੀ ਹੈਕਰਾਂ ਵਲੋਂ ਬ੍ਰਿਟੇਨ ਦੇ ਕੰਪਿਊਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਰਿਪੋਰਟ ਮੁਤਾਬਕ ਏਅਰਪੋਰਟਾਂ, ਰੇਲ ਨੈੱਟਵਰਕ, ਹਸਪਤਾਲ, ਬਿਜਲੀ ਸਪਲਾਈ ਤੇ ਬੈਂਕਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ।

ਇਸ ਨੇ ਨਾਲ ਹੀ ਜਾਸੂਸੀ ਤੰਤਰ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀਆਂ ਨਿੱਜੀ ਜਾਣਕਾਰੀਆਂ ਨੂੰ ਜਨਤਕ ਕਰਕੇ ਕਸੂਤੇ ਹਾਲਾਤ ਪੈਦਾ ਕੀਤੇ ਜਾ ਸਕਦਾ ਹੈ।

ਇਸੇ ਦੌਰਾਨ 'ਡੇਲੀ ਮਿਰਰ' ਨੇ ਆਪਣੇ ਫਰੰਟ ਪੇਜ਼ ਉੱਤੇ ਪੁਤਿਨ ਦੀ ਵੱਡੀ ਫੋਟੋ ਨਾਲ ਜਲਦ ਹੋਵੇਗਾ ਜਵਾਬੀ ਹਮਲਾ 'ਪੁਤਿਨ ਜ਼ ਸਾਇਬਰ ਵਾਰ ਔਨ ਬਿਟੇਨ' ਦੀ ਸੁਰਖੀ ਨਾਲ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਹੈ।

ਡੇਲੀ ਮੇਲ ਨੇ ਵੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਰੂਸ ਦੇ ਕਿਸੇ ਵੀ ਸੰਭਾਵੀਂ ਸਾਇਬਰ ਹਮਲੇ ਨੂੰ ਰੋਕਣ ਲਈ ਬ੍ਰਿਟੇਨ ਦੀ ਖ਼ੁਫ਼ੀਆ ਏਜੰਸੀ ਜੀਸੀਐੱਚਕਿਊ ਨੂੰ ਚੌਕਸ ਕਰ ਦਿੱਤਾ ਗਿਆ ਹੈ। ਅਖ਼ਬਾਰ ਨੇ ਵਿਦੇਸ਼ ਸਕੱਤਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਹਰ ਸੰਭਾਵੀਂ ਖਤਰੇ ਨਾਲ ਨਿਪਟਣ ਲਈ ਕਦਮ ਚੁੱਕੇ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)