ਸੀਰੀਆ ਹਮਲਾ: ਮੋਦੀ ਸਰਕਾਰ ਲਈ ਕੀ ਹਨ ਨੁਕਸਾਨ?

ਸੀਰੀਆ 'ਤੇ ਅਮਰੀਕੀ ਹਮਲੇ ਨਾਲ ਭਾਰਤ ਨੂੰ ਦੋਹਰੀ ਮਾਰ ਪੈ ਸਕਦੀ ਹੈ ਕਿਉਂਕਿ ਇੱਥੇ ਪਹਿਲਾਂ ਹੀ ਤੇਲ ਦੀਆਂ ਕੀਮਤਾਂ ਵੱਧ ਚੁੱਕੀਆਂ ਹਨ।

ਦੇਸ ਦੇ ਕਈ ਸੂਬਿਆਂ ਵਿੱਚ ਚੋਣਾਂ ਹੋਣ ਵਾਲੀਆਂ ਹਨ। ਅਗਲੇ ਸਾਲ ਆਮ ਚੋਣਾਂ ਦੀਆਂ ਤਿਆਰੀਆਂ ਵਿੱਚ ਰੁੱਝੀ ਕੇਂਦਰ ਸਰਕਾਰ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਭਾਰਤ ਵਿੱਚ ਪਿੱਛਲੇ ਮਹੀਨੇ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਸੀ।

ਕੌਮਾਂਤਰੀ ਤੇਲ ਏਜੰਸੀ ਨੇ ਵੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਤੇਲ ਦੀ ਸਪਲਾਈ ਵਿੱਚ ਕਮੀ ਆਉਣ ਕਰਕੇ ਬਾਜ਼ਾਰ ਵਿੱਚ ਕੀਮਤਾਂ ਵਧਣਗੀਆਂ।

ਸੀਰੀਆ 'ਤੇ ਅਮਰੀਕਾ ਦੇ ਹਮਲੇ ਦੀਆਂ ਕਿਆਸ ਅਰਾਈਆਂ ਕਰਕੇ ਪਿੱਛਲੇ ਦਿਨਾਂ ਵਿੱਚ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ਸੀ।

ਇਸ ਸੰਬੰਧ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਟਵੀਟ ਆਉਂਦਿਆਂ ਹੀ ਇਸ ਦਾ ਸਿੱਧਾ ਅਸਰ ਤੇਲ ਦੀਆਂ ਕੀਮਤਾਂ 'ਤੇ ਪਿਆ ਹੈ।

ਸੀਰੀਆ 'ਤੇ ਫੌਜੀ ਕਾਰਵਾਈ ਹੋਣ ਮਗਰੋਂ ਤੇਲ ਦੀਆਂ ਕੀਮਤਾਂ ਵੀ ਪੰਜ ਡਾਲਰ ਪ੍ਰਤੀ ਬੈਰਲ ਵੱਧ ਗਈਆਂ ਹਨ।

ਭਾਰਤ ਦੀ ਨਰਿੰਦਰ ਮੋਦੀ ਸਰਕਾਰ ਇਸ ਮਾਮਲੇ ਵਿੱਚ ਖੁਸ਼ਕਿਸਮਤ ਰਹੀ ਹੈ ਕਿ ਉਸ ਦੇ ਸਰਕਾਰ ਵਿੱਚ ਆਉਂਦਿਆਂ ਹੀ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਬਹੁਤ ਘੱਟ ਸਨ। ਸਾਲ 2015 ਵਿੱਚ ਕਿਸੇ ਸਮੇਂ ਇਹ 40 ਡਾਲਰ ਤੋਂ ਵੀ ਘੱਟ ਸਨ।

ਇਸ ਮਗਰੋਂ ਲੰਮੇ ਸਮੇਂ ਤੱਕ ਕੱਚੇ ਤੇਲ ਦੇ ਮੁੱਲ ਟਿਕੇ ਰਹੇ ਅਤੇ ਇਸ ਨਾਲ ਕੇਂਦਰ ਸਰਕਾਰ ਨੂੰ ਆਪਣੇ ਖਜਾਨੇ ਦਾ ਘਾਟਾ ਪੂਰਾ ਕਰਨ ਅਤੇ ਮਹਿੰਗਾਈ 'ਤੇ ਕਾਬੂ ਪਾਉਣ ਵਿੱਚ ਖਾਸੀ ਮਦਦ ਮਿਲੀ।

ਹੁਣ ਮੱਧ ਪੂਰਬ ਵਿੱਚ ਨਵੀਂ ਸਿਆਸੀ ਸਥਿਤੀਆਂ ਨਾਲ ਤੇਲ ਦੀਆਂ ਕੀਮਤਾਂ ਵਧਣਗੀਆਂ। ਪਹਿਲਾਂ ਹੀ ਕਈ ਮੋਰਚਿਆਂ 'ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਕੇਂਦਰ ਸਰਕਾਰ ਲਈ ਇਹ ਕੋਈ ਸੁਖਾਵੀਂ ਸਥਿਤੀ ਨਹੀਂ ਹੋਵੇਗੀ।

ਉਹ ਵੀ ਉਸ ਸਮੇਂ ਜਦੋਂ ਸੂਬਿਆਂ 'ਚ ਵਿਧਾਨ ਸਭਾ ਅਤੇ ਅਗਲੇ ਸਾਲ ਦੇਸ ਵਿੱਚ ਆਮ ਚੋਣਾਂ ਹੋਣੀਆਂ ਹਨ।

ਸੀਰੀਆ 'ਤੇ ਅਮਰੀਕੀ ਹਮਲੇ ਨਾਲ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਤੇ ਕਿਵੇਂ ਅਸਰ ਪਵੇਗਾ?

ਇਸ ਵਿਸ਼ੇ ਤੇ ਵਧੇਰੇ ਜਾਣਕਾਰੀ ਲੈਣ ਲਈ ਬੀਬੀਸੀ ਪੱਤਰਕਾਰ ਵਿਭੂਰਾਜ ਨੇ ਉੂਰਜਾ ਮਾਹਿਰ ਅਤੇ ਭਾਜਪਾ ਨਾਲ ਜੁੜੇ ਨਰਿੰਦਰ ਤਨੇਜਾ ਨਾਲ ਗੱਲਬਾਤ ਕੀਤੀ।

ਸੀਰੀਆ 'ਤੇ ਨਿਰਭਰ ਕਰਨਗੀਆਂ ਕੀਮਤਾਂ

ਸਾਉਦੀ ਅਰਬ, ਇਰਾਕ, ਇਰਾਨ, ਓਮਾਨ ਅਤੇ ਸੰਯੁਕਤ ਅਰਬ ਅਮਿਰਾਤ ਵਿੱਚ ਜੋ ਵੀ ਹੁੰਦਾ ਹੈ, ਉਸਦਾ ਭੂਰਾਜਨੀਤੀ 'ਤੇ ਅਸਰ ਪੈਂਦਾ ਹੈ।

ਮੱਧ ਪੂਰਬ ਦੀਆਂ ਘਟਨਾਵਾਂ ਦਾ ਤੇਲ ਦੀਆਂ ਕੀਮਤਾਂ 'ਤੇ ਵੀ ਅਸਰ ਪੈਂਦਾ ਹੈ।

ਇਰਾਕ ਅਤੇ ਕਤਰ ਵਿੱਚ ਅਮਰੀਕਾ ਦੇ ਤੇਲ ਨਾਲ ਜੁੜੇ ਕਾਰੋਬਾਰ ਹਨ। ਦੇਖਣ ਵਾਲੀ ਗੱਲ ਹੋਵੇਗੀ, ਕੀ ਸੀਰੀਆ ਉਨ੍ਹਾਂ 'ਤੇ ਹਮਲਾ ਕਰਦਾ ਹੈ ਜਾਂ ਨਹੀਂ।

ਸੀਰੀਆ ਦੀ ਜਵਾਬੀ ਕਾਰਵਾਈ ਅਤੇ ਰੂਸ ਦੇ ਅਗਲੇ ਕਦਮ 'ਤੇ ਨਿਰਭਰ ਕਰਨਗੀਆਂ ਤੇਲ ਦੀਆਂ ਕੀਮਤਾਂ।

ਸੀਰੀਆ ਕਿੰਨਾਂ ਤੇਲ ਦਰਾਮਦ ਕਰਦਾ ਹੈ?

ਮੱਧ ਪੂਰਬ ਵਿੱਚ ਸੀਰੀਆ ਦੀ ਇੱਕ ਤੇਲ ਦਰਾਮਦ ਕਰਨ ਵਾਲੇ ਦੇਸ ਵਜੋਂ ਵਧੇਰੇ ਅਹਿਮੀਅਤ ਨਹੀਂ ਹੈ। ਸੀਰੀਆ ਨੂੰ ਤੇਲ ਉਤਪਾਦਨ ਲਈ ਨਹੀਂ ਜਾਣਿਆ ਜਾਂਦਾ।

ਅਜਿਹੇ ਵਿੱਚ ਭਾਰਤ ਵਿੱਚ ਵੀ ਸੀਰੀਆ 'ਚੋਂ ਕੱਢੇ ਗਏ ਤੇਲ ਦੀ ਅਹਿਮੀਅਤ ਨਹੀਂ ਹੈ। ਇਸ ਦੇ ਨਾਲ ਹੀ ਸੀਰੀਆ ਦੀ ਮੱਧ ਪੂਰਬ ਵਿੱਚ ਜੋ ਭੂਗੋਲਿਕ ਸਥਿਤੀ ਹੈ ਉਹ ਜ਼ਰੂਰ ਭਾਰਤੀ ਗਾਹਕ ਲਈ ਅਹਿਮ ਹੈ।

ਸੀਰੀਆ ਸੰਕਟ ਦੇ ਕਾਰਨ ਅੱਜ ਤੇਲ ਦੀਆਂ ਕੀਮਤਾਂ ਸਾਢੇ 72 ਡਾਲਰ 'ਤੇ ਪਹੁੰਚ ਗਈਆਂ ਹਨ।

ਭਾਰਤ ਆਪਣੀ ਜ਼ਰੂਰਤ ਦਾ 83 ਫੀਸਦੀ ਤੇਲ ਬਾਹਰੋਂ ਮੰਗਾਉਂਦਾ ਹੈ ਜਿਸਦਾ ਦੋ ਤਿਹਾਈ ਮੱਧ ਪੂਰਬ ਵਿੱਚੋਂ ਆਉਂਦਾ ਹੈ ਜਾਣੀ ਸੀਰੀਆ ਵਾਲੇ ਪਾਸੇ ਤੋਂ। ਇਸ ਕਰਕੇ ਉੱਥੇ ਦੀਆਂ ਘਟਨਾਵਾਂ ਦਾ ਅਸਰ ਤੇਲ ਦੀਆਂ ਕੀਮਤਾਂ 'ਤੇ ਪੈਂਦਾ ਹੈ।

ਸਾਉਦੀ ਅਰਬ ਨੂੰ ਲਾਭ

ਸਾਉਦੀ ਅਰਾਮਕੋ ਅਰਬ ਦੀ ਸਭ ਤੋਂ ਵੱਡੀ ਤੇਲ ਕੰਪਨੀ ਹੈ ਜੋ ਸ਼ੇਅਰ ਬਾਜ਼ਾਰ ਦੀ ਸੂਚੀ ਵਿੱਚ ਆਉਣਾ ਚਾਹੁੰਦੀ ਹੈ।

ਜਲਦੀ ਹੀ ਇਸ ਦਾ ਪਬਲਿਕ ਆਫਰ ਆਉਣ ਵਾਲਾ ਹੈ। ਅਜਿਹੇ ਵਿੱਚ ਤੇਲ ਦੀ ਕੀਮਤ ਵਧਣ ਨਾਲ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵੀ ਵਧੇਗੀ ਜਿਸ ਨਾਲ ਸਾਉਦੀ ਅਰਬ ਨੂੰ ਲਾਭ ਹੋਵੇਗਾ।

ਸੀਰੀਆ ਵਿੱਚ ਚੱਲ ਰਹੀ ਜੰਗ ਦਾ- ਸਾਉਦੀ ਅਰਬ ਸਮੇਤ ਰੂਸ, ਅਮਰੀਕਾ, ਨਾਈਜੀਰੀਆ, ਵੇਨੇਜੁਏਲਾ, ਯੂਏਈ, ਇਰਾਨ, ਓਮਾਨ, ਇਰਾਕ ਅਤੇ ਅੰਗੋਲਾ ਵਰਗੇ ਦੇਸਾਂ ਨੂੰ ਲਾਭ ਪਹੁੰਚੇਗਾ।

ਭਾਵੇਂ ਸੀਰੀਆ ਦੇ ਲੋਕਾਂ ਨੂੰ ਇਸ ਲੜਾਈ ਦਾ ਨੁਕਸਾਨ ਚੁੱਕਣਾ ਪੈ ਰਿਹਾ ਹੈ ਪਰ ਰੂਸ ਨੂੰ ਵੀ ਇਸ ਤੋਂ ਲਾਭ ਹੋ ਰਿਹਾ ਹੈ। ਰੂਸ ਤੇਲ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ।

ਉੱਥੇ ਲਗਪਗ 10 ਬਿਲੀਅਨ ਡਾਲਰ ਮੁੱਲ ਦੇ ਤੇਲ ਦਾ ਉਤਪਾਦਨ ਹੁੰਦਾ ਹੈ।

ਹੁਣ ਕਿਉਂਕਿ ਤੇਲ ਦੀਆਂ ਕੀਮਤਾਂ ਵਧੀਆਂ ਹਨ ਇਸ ਲਈ ਇਨ੍ਹਾਂ ਦੇਸਾਂ ਨੂੰ ਕੁਝ ਹੀ ਘੰਟਿਆਂ ਵਿੱਚ ਲਾਭ ਪਹੁੰਚਣਾ ਸ਼ੁਰੂ ਹੋ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)