ਸੀਰੀਆ ਮਿਜ਼ਾਇਲ ਹਮਲੇ ਬਾਰੇ ਚੁੱਪ ਕਿਉਂ ਹੈ ਭਾਰਤ?

    • ਲੇਖਕ, ਅਨੰਤ ਪ੍ਰਕਾਸ਼
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਸਾਂਝੇ ਤੌਰ 'ਤੇ ਸ਼ਨੀਵਾਰ ਦੀ ਸਵੇਰ ਸੀਰੀਆ ਵਿੱਚ ਕਈ ਥਾਵਾਂ 'ਤੇ ਮਿਜ਼ਾਇਲ ਹਮਲਿਆਂ ਨੂੰ ਅੰਜਾਮ ਦਿੱਤਾ।

ਇਹ ਹਮਲਾ ਸੀਰੀਆ ਵਿੱਚ ਬੀਤੇ ਹਫ਼ਤੇ ਹੋਏ ਰਸਾਇਣਕ ਹਮਲੇ ਦੇ ਜਵਾਬ ਦੇ ਰੂਪ ਵਿੱਚ ਸਾਹਮਣੇ ਆਇਆ।

ਸੀਰੀਆ ਨੇ ਇਸ ਹਵਾਈ ਹਮਲੇ ਨੂੰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਿਹਾ ਹੈ। ਉੱਥੇ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਹਵਾਈ ਹਮਲੇ ਨੂੰ ਉਕਸਾਵੇ ਦੀ ਕਾਰਵਾਈ ਦੱਸਿਆ ਹੈ।

ਰੂਸ-ਅਮਰੀਕਾ 'ਚ ਤਣਾਅ ਵਧਿਆ ਤਾਂ ਭਾਰਤ ਕਿੱਥੇ ਜਾਵੇਗਾ?

ਦੁਨੀਆਂ ਦੇ ਤਾਕਤਵਾਰ ਮੁਲਕ ਇਸ ਮੁੱਦੇ 'ਤੇ ਦੋ ਧੜਿਆਂ ਵਿੱਚ ਵੰਡਦੇ ਹੋਏ ਵਿਖਾਈ ਦੇ ਰਹੇ ਹਨ। ਇੱਕ ਪਾਸੇ ਪਾਸੇ ਰੂਸ, ਇਰਾਨ ਅਤੇ ਸੀਰੀਆ ਨੇ ਇਸ ਹਮਲੇ ਦਾ ਵਿਰੋਧ ਕੀਤਾ ਹੈ।

ਉੱਥੇ ਹੀ ਦੂਜੇ ਪਾਸੇ ਜਰਮਨੀ, ਇਜ਼ਰਾਇਲ, ਕੈਨੇਡਾ, ਤੁਰਕੀ ਅਤੇ ਯੂਰਪੀ ਸੰਘ ਨੇ ਅਮਰੀਕਾ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।

ਪਰ, ਭਾਰਤ ਸਰਕਾਰ ਵੱਲੋਂ ਇਸ ਤਾਜ਼ਾ ਘਟਨਾਕ੍ਰਮ 'ਤੇ ਹੁਣ ਤੱਕ ਕੋਈ ਪ੍ਰਤੀਕ੍ਰਿਰਿਆ ਨਹੀਂ ਆਈ ਹੈ।

ਜਦਕਿ ਭਾਰਤ ਦੇ ਦੋਵਾਂ ਪੱਖਾਂ ਨਾਲ ਕਰੀਬੀ ਸਬੰਧ ਹਨ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਜੇਕਰ ਇਨ੍ਹਾਂ ਦੋਵਾਂ ਗੁੱਟਾਂ ਵਿੱਚ ਤਣਾਅ ਵਧਦਾ ਹੈ ਤਾਂ ਭਾਰਤ ਕਿਸ ਪਾਸੇ ਖੜ੍ਹਾ ਦਿਖਾਈ ਦੇਵੇਗਾ।

ਮੱਧ-ਪੂਰਬ ਮਾਮਲਿਆਂ ਦੇ ਜਾਣਕਾਰ ਕਮਰ ਆਗ਼ਾ ਕਹਿੰਦੇ ਹਨ, ''ਜੇਕਰ ਇਨ੍ਹਾਂ ਮੁਲਕਾਂ ਵਿਚਾਲੇ ਤਣਾਅ ਵਧਦਾ ਹੈ ਤਾਂ ਭਾਰਤ ਲਈ ਹਾਲਾਤ ਬਹੁਤ ਗੁੰਝਲਦਾਰ ਹੋ ਜਾਣਗੇ। ਇੱਕ ਪਾਸੇ ਅਮਰੀਕਾ ਅਤੇ ਬ੍ਰਿਟੇਨ ਹੈ ਜਿਨ੍ਹਾਂ ਨਾਲ ਸਾਡੇ ਬੇਹਦ ਪੁਰਾਣੇ ਸਬੰਧ ਹਨ। ਦੂਜੇ ਪਾਸੇ ਰੂਸ ਹੈ ਜਿਸਦੇ ਨਾਲ ਵੀ ਸਾਡੇ ਪੁਰਾਣੇ ਸਬੰਧ ਹਨ।''

''ਰੂਸ ਨੇ ਸਾਡਾ ਖੁੱਲ੍ਹ ਕੇ ਸਾਥ ਵੀ ਦਿੱਤਾ ਹੈ। ਪਰ ਜੇਕਰ ਬਦਲਦੇ ਹੋਏ ਦ੍ਰਿਸ਼ਟੀਕੋਣ ਵਿੱਚ ਦੇਖਿਆ ਜਾਵੇ ਤਾਂ ਇਸ ਸਮੇਂ ਭਾਰਤ ਦੇ ਸਬੰਧ ਪੱਛਮੀ ਦੇਸਾਂ ਨਾਲ ਚੰਗੇ ਬਣੇ ਹੋਏ ਹਨ। ਇਹ ਤੈਅ ਹੈ ਕਿ ਭਾਰਤ ਜੰਗ ਨਹੀਂ ਚਾਹੇਗਾ, ਯੂਐਨ ਦੇ ਰਸਤੇ ਚੱਲਣ ਦੀ ਗੱਲ ਕਰੇਗਾ।''

ਉਹ ਅੱਗੇ ਦੱਸਦੇ ਹਨ, ''ਭਾਰਤ ਯੁੱਧ ਕਦੇ ਨਹੀਂ ਚਾਹੇਗਾ ਕਿਉਂਕਿ ਇਸ ਨਾਲ ਤੇਲ ਮਹਿੰਗਾ ਹੁੰਦਾ ਹੈ ਜਿਸਦਾ ਸਿੱਧਾ ਅਸਰ ਇਸਦੀ ਤੇਜ਼ੀ ਨਾਲ ਵਧਦੀ ਅਰਥਵਿਵਸਥਾ 'ਤੇ ਪਵੇਗਾ। ਇਸਦੇ ਨਾਲ ਹੀ ਮੱਧ-ਪੂਰਬ ਭਾਰਤ ਦੇ ਬੇਹਦ ਨੇੜੇ ਹੈ, ਇਹ ਕਦੇ ਨਹੀਂ ਚਾਹੇਗਾ ਕਿ ਉੱਥੇ ਅਸਥਿਰਤਾ ਵਧੇ। 85 ਲੱਖ ਭਾਰਤੀ ਉੱਥੇ ਕੰਮ ਕਰਦੇ ਹਨ, ਇਸ ਖੇਤਰ ਵਿੱਚ ਭਾਰਤ ਦਾ ਵਪਾਰ ਬਹੁਤ ਵੱਡਾ ਹੈ। ਅਜਿਹੇ ਵਿੱਚ ਭਾਰਤ ਚਾਹੇਗਾ ਕਿ ਗੱਲਬਾਤ ਨਾਲ ਹੀ ਮਸਲਾ ਹੱਲ ਹੋ ਜਾਵੇ।''

ਭਾਰਤ ਨੂੰ ਇਸ ਚੁੱਪੀ ਨਾਲ ਕੀ ਮਿਲੇਗਾ?

ਅਮਰੀਕਾ ਨੇ ਇਸ ਤੋਂ ਪਹਿਲਾਂ ਯੂਐਨ ਦੀ ਇਜਾਜ਼ਤ ਤੋਂ ਬਿਨਾਂ ਹੀ ਇਰਾਕ 'ਤੇ ਹਮਲਾ ਬੋਲਿਆ ਸੀ। ਉਸ ਦੌਰਾਨ ਵੀ ਭਾਰਤ ਨੇ ਅਮਰੀਕਾ ਦੇ ਪੱਖ ਜਾਂ ਵਿਰੋਧ ਵਿੱਚ ਕੁਝ ਨਹੀਂ ਬੋਲਿਆ ਸੀ।

ਪਰ ਇਤਿਹਾਸ ਵਿੱਚ ਥੋੜ੍ਹਾ ਪਿੱਛੇ ਜਾਈਏ ਤਾਂ ਪਤਾ ਲਗਦਾ ਹੈ ਕਿ ਜਵਾਹਰਲਾਲ ਨਹਿਰੂ ਦੇ ਦੌਰ ਵਿੱਚ ਭਾਰਤ ਸਿਧਾਂਤਿਕ ਰੂਪ ਨਾਲ ਆਪਣੀ ਗੱਲ ਰੱਖਣ ਵਿੱਚ ਅੱਗੇ ਹੋਇਆ ਕਰਦਾ ਸੀ।

ਰੱਖਿਆ ਮਾਮਲਿਆਂ ਦੇ ਜਾਣਕਾਰ ਸੁਸ਼ਾਂਤ ਸਰੀਨ ਦੱਸਦੇ ਹਨ, ''ਭਾਰਤ ਨੇ ਬੀਤੇ 20 ਸਾਲਾਂ 'ਚ ਚੀਨ, ਰੂਸ ਅਤੇ ਅਮਰੀਕਾ ਵਿਚਾਲੇ ਸਬੰਧਾਂ ਵਿੱਚ ਰਣਨੀਤਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਅਮਰੀਕਾ ਨਾਲ ਵਧਦੀ ਦੋਸਤੀ ਤੋਂ ਬਾਅਦ ਵੀ ਭਾਰਤ, ਰੂਸ ਨੂੰ ਨਹੀਂ ਛੱਡ ਸਕਦਾ। ਇਸਦਾ ਕਾਰਨ ਇਹ ਹੈ ਕਿ ਰੂਸ ਸਾਨੂੰ ਰੱਖਿਆ ਸਬੰਧੀ ਮਦਦ ਕਰਦਾ ਹੈ। ਜਿਵੇਂ ਰੂਸ ਆਪਣੀ ਨਿਊਕਲੀਅਰ ਸਬਮਰੀਨ ਅਤੇ ਵਿਸ਼ੇਸ਼ ਜਹਾਜ਼ ਦਿੰਦਾ ਹੈ। ਅਮਰੀਕਾ ਇਹ ਸਭ ਨਹੀਂ ਦਿੰਦਾ।''

ਕੀ ਇਹ ਖ਼ਾਸ ਵਿਦੇਸ਼ ਨੀਤੀ ਮੋਦੀ ਸਰਕਾਰ ਦੀ ਦੇਣ ਹੈ?

ਭਾਰਤ ਦੀ ਵਿਦੇਸ਼ ਨੀਤੀ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਇੱਕ ਸਮਾਂ ਅਜਿਹਾ ਵੀ ਆਇਆ ਹੈ ਜਦੋਂ ਭਾਰਤ ਕਮਜ਼ੋਰ ਦੇਸਾਂ ਦੇ ਪੱਖ ਵਿੱਚ ਖੜ੍ਹਾ ਦਿਖਾਈ ਦਿੰਦਾ ਰਿਹਾ ਹੈ।

ਕਦੇ ਭਾਰਤ ਦੇ ਸ਼ਹਿਰਾਂ-ਕਸਬਿਆਂ ਵਿੱਚ ਫਲਸਤੀਨ ਦਿਵਸ ਮਨਾ ਕੇ ਫਲਸਤੀਨ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ ਇਕਜੁੱਟਤਾ ਦਿਖਾਈ ਜਾਂਦੀ ਹੈ।

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਟੀ ਦੇ ਪ੍ਰੋਫੈਸਰ ਸੋਹਰਾਬ ਦੱਸਦੇ ਹਨ,''ਭਾਰਤ ਦੀ ਵਿਦੇਸ਼ ਨੀਤੀ ਵਿੱਚ ਬੁਨਿਆਦੀ ਤਬਦੀਲੀ ਆਈ ਹੈ। ਭਾਰਤ ਦੀ ਵਰਤਮਾਨ ਹਕੂਮਤ ਇਜ਼ਰਾਇਲ ਦੇ ਨਾਲ ਹੈ। ਭਾਰਤ ਨੇ ਇਹ ਮਨ ਲਿਆ ਹੈ ਕਿ ਹੁਣ ਇਸ ਖੇਤਰ ਵਿੱਚ ਕਿਸੇ ਸਿਆਸੀ ਮੁੱਦੇ ਨਾਲ ਕੋਈ ਮਤਲਬ ਨਹੀਂ ਹੈ। ਸਿਰਫ਼ ਕਮਰਸ਼ੀਅਲ ਰਿਸ਼ਤਿਆਂ ਨੂੰ ਅੱਗੇ ਵਧਾਉਣਾ ਹੈ। ਇਸ ਲਈ ਇਹ ਕਿਸੇ ਵੀ ਮਸਲੇ 'ਤੇ ਕੋਈ ਸਟੈਂਡ ਨਹੀਂ ਲੈ ਰਿਹਾ।''

''ਭਾਰਤ ਅਸੂਲ ਦੀ ਗੱਲ ਵੀ ਕਰਦਾ ਹੈ ਕਿਸੇ ਵੀ ਮੁਲਕ ਦੀ ਸਰਕਾਰ ਨੂੰ ਬਾਹਰੀ ਤਾਕਤ ਰਾਹੀਂ ਬਦਲਿਆ ਨਹੀਂ ਜਾਣਾ ਚਾਹੀਦਾ। ਪਰ ਭਾਰਤ ਦੇ ਸਾਹਮਣੇ ਸਵਾਲ ਇਹ ਵੀ ਹੈ ਕਿ ਜੇਕਰ ਕੋਈ ਸਰਕਾਰ ਆਪਣੀ ਜਨਤਾ ਦੀ ਹਿਫਾਜ਼ਤ ਨਹੀਂ ਕਰ ਸਕਦੀ, ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਨੂੰ ਸੁਰੱਖਿਅਤ ਨਹੀਂ ਰੱਖ ਸਕਦੀ ਤਾਂ ਅਜਿਹੇ ਹਾਲਾਤ ਵਿੱਚ ਕੀ ਇਹ ਅਸੂਲ ਠੀਕ ਹੈ?''

''ਇੱਕ ਸਮਾਂ ਅਜਿਹਾ ਹੁੰਦਾ ਸੀ ਜਦੋਂ ਭਾਰਤ ਇੱਕ ਤਾਕਤਵਾਰ ਮੁਲਕ ਨਹੀਂ ਸੀ ਉਦੋਂ ਭਾਰਤ ਤੀਜੀ ਦੁਨੀਆਂ, ਅਫਰੀਕਾ ਅਤੇ ਲਾਤਿਨ ਅਮਰੀਕੀ ਦੇਸਾਂ ਦਾ ਨਾਇਕ ਸੀ। ਇਸਦੇ ਬਦਲੇ ਵਿੱਚ ਭਾਰਤ ਨੂੰ ਇਨ੍ਹਾਂ ਦੇਸਾਂ ਤੋਂ ਬਹੁਤ ਸਿਆਸੀ ਸਮਰਥਨ ਮਿਲਿਆ। ਪਰ ਜਦੋਂ ਹੁਣ ਭਾਰਤ ਸੁਪਰਪਾਵਰ ਬਣ ਚੁੱਕਿਆ ਹੈ ਤਾਂ ਭਾਰਤ ਇਜ਼ਰਾਇਲ ਦੇ ਪਿੱਛੇ ਲੱਗਿਆ ਹੋਇਆ ਹੈ।''

ਹਾਲਾਂਕਿ ਰੱਖਿਆ ਮਾਮਲਿਆਂ ਦੇ ਮਾਹਰ ਸੁਸ਼ਾਂਤ ਸਰੀਨ ਇਸ ਗੱਲ ਨਾਲ ਸਹਿਮਤ ਨਜ਼ਰ ਨਹੀਂ ਆਉਂਦੇ।

ਸਰੀਨ ਕਹਿੰਦੇ ਹਨ ਕਿ ਭਾਰਤ ਨੇ ਹਮੇਸ਼ਾ ਹੀ ਆਪਣੇ ਹਿੱਤਾਂ ਨੂੰ ਤਰਜੀਹ ਦਿੱਤੀ ਹੈ, ਨਹਿਰੂ ਸਰਕਾਰ ਦੇ ਵੇਲੇ ਵੀ ਅਜਿਹੇ ਕਈ ਵਾਕਿਆ ਆਏ ਹਨ ਜਦੋਂ ਭਾਰਤ ਨੇ ਕਈ ਵਿਹਾਰਕ ਫ਼ੈਸਲੇ ਕੀਤੇ ਹਨ।

ਕਮਰ ਆਗ਼ਾ ਵੀ ਕਹਿੰਦੇ ਹਨ ਕਿ ਭਾਰਤ ਸਰਕਾਰ ਵਿਹਾਰ ਦੇ ਆਧਾਰ 'ਤੇ ਸਾਰੇ ਪੱਖਾਂ ਨਾਲ ਸਬੰਧ ਰਖਦੇ ਹੋਏ ਅੱਗੇ ਵੱਧ ਰਹੀ ਹੈ ਅਤੇ ਸੰਯੁਕਤ ਰਾਸ਼ਟਰ ਸੰਘ ਦੇ ਰਸਤੇ ਤੋਂ ਵੀ ਕੌਮਾਂਤਰੀ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਕਰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)