ਸੀਰੀਆ ਹਮਲੇ ਨਾਲ ਜੁੜੇ 7 ਵੱਡੇ ਸਵਾਲ

ਅਮਰੀਕਾ ਨੇ ਫਰਾਂਸ ਅਤੇ ਬ੍ਰਿਟੇਨ ਨਾਲ ਮਿਲ ਕੇ ਸ਼ਨੀਵਾਰ ਨੂੰ ਸੀਰੀਆ ਦੇ ਕਈ ਇਲਾਕਿਆਂ ਵਿੱਚ ਮਿਜ਼ਾਇਲ ਨਾਲ ਹਮਲਾ ਕੀਤਾ ਸੀ।

ਖ਼ਬਰਾਂ ਵਿੱਚ ਦੱਸਿਆ ਹੈ ਕਿ ਇਹ ਹਮਲਾ ਸੀਰੀਆ ਵਿੱਚ ਪਿਛਲੇ ਹਫ਼ਤੇ ਹੋਏ ਰਸਾਇਣਕ ਹਮਲੇ ਦੀ ਪ੍ਰਤੀਕਿਰਿਆ ਵਜੋਂ ਕੀਤੇ ਗਏ ਹਨ।

ਇਨ੍ਹਾਂ ਹਮਲਿਆਂ ਦਾ ਜਿੱਥੇ ਫਰਾਂਸ ਅਤੇ ਬ੍ਰਿਟੇਨ ਨੇ ਸਮਰਥਨ ਕੀਤਾ ਹੈ ਉਥੇ ਹੀ ਰੂਸ ਨੇ ਇਸ 'ਤੇ ਵਿਰੇਧ ਦਰਜ ਕਰਾਇਆ ਹੈ। ਇਸ ਦੇ ਨਾਲ ਹੀ ਚੀਨ ਨੇ ਵੀ ਇਨ੍ਹਾਂ ਹਮਲਿਆਂ ਨੂੰ ਕੌਮਾਂਤਰੀ ਕਾਨੂੰਨ ਦਾ ਉਲੰਘਣ ਦੱਸਿਆ ਹੈ।

ਇਨ੍ਹਾਂ ਹਮਲਿਆਂ ਦੇ ਵਿਚਾਲੇ ਕੁਝ ਸਵਾਲ ਹਨ, ਜੋ ਸੀਰੀਆ ਹਮਲੇ ਨਾਲ ਜੁੜੇ ਹੋਏ ਹਨ।

1. ਸੀਰੀਆ ਦੇ ਸ਼ਹਿਰ ਡੂਮਾ 'ਤੇ ਹੀ ਕਿਉਂ ਹਮਲਾ?

ਫਰਵਰੀ ਮਹੀਨੇ ਵਿੱਚ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਸਾਬਕਾ ਪੂਰਬੀ ਗੂਟਾ ਦੇ ਵਿਦਰੋਹੀ ਲੜਾਕਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ, ਉਨ੍ਹਾਂ ਨੂੰ ਖਦੇੜਨ ਦੇ ਮਕਸਦ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਵਿੱਚ 1700 ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਮਾਰਚ ਵਿੱਚ ਸੈਨਾ ਨੇ ਇਸ ਇਲਾਕੇ ਨੂੰ ਤਿੰਨ ਟੁਕੜਿਆਂ ਵਿੱਚ ਵੰਡ ਦਿੱਤਾ। ਸਭ ਤੋਂ ਵੱਡਾ ਇਲਾਕਾ ਡੂਮਾ ਦਾ ਸੀ, ਜਿੱਥੇ 80 ਹਜ਼ਾਰ ਤੋਂ ਲੈ ਕੇ ਡੇਢ ਲੱਖ ਲੋਕ ਰਹਿ ਰਹੇ ਸਨ।

ਹੋਰ ਦੋ ਥਾਵਾਂ 'ਤੇ ਰਹਿ ਰਹੇ ਵਿਦਰੋਹੀਆਂ ਨੇ ਆਪਣਾ ਇਲਾਕਾ ਛੱਡਣਾ ਸ਼ੁਰੂ ਕਰ ਦਿੱਤਾ ਪਰ ਡੂਮਾ 'ਤੇ ਜਾਇਸ਼ ਅਲ-ਇਸਲਾਮ ਨੇ ਆਪਣਾ ਕੰਟ੍ਰੋਲ ਬਰਕਰਾਰ ਰੱਖਿਆ।

ਇਸ ਤੋਂ ਬਾਅਦ 6 ਅਪ੍ਰੈਲ ਨੂੰ ਸਰਕਾਰ ਨਾਲ ਹੋਈ ਗੱਲਬਾਤ ਤੋਂ ਬਾਅਦ ਇਸ ਇਲਾਕੇ ਵਿੱਚ ਹਵਾਈ ਹਮਲੇ ਕੀਤੇ ਗਏ।

2. 7 ਅਪ੍ਰੈਲ ਨੂੰ ਕੀ ਹੋਇਆ ਸੀ?

ਡੂਮਾ 'ਤੇ ਹਵਾਈ ਹਮਲੇ ਲਗਾਤਾਰ ਦੂਜੇ ਦਿਨ ਵੀ ਜਾਰੀ ਰਹਿਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ। ਇਸ ਵਿੱਚ ਦਰਜਨਾਂ ਨਾਗਰਿਕਾਂ ਦੇ ਮਾਰੇ ਜਾਣ ਅਤੇ ਜਖ਼ਮੀ ਹੋਣ ਦੀਆਂ ਖ਼ਬਰਾਂ ਵੀ ਆਈਆਂ।

ਇਸ ਦੇ ਨਾਲ ਹੀ ਇਸ ਇਲਾਕੇ ਵਿੱਚ ਸ਼ੱਕੀ ਰਸਾਇਣਕ ਹਮਲਿਆਂ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਵਾਏਲੇਸ਼ਨ ਡੋਕਿਊਮੈਂਟੇਸ਼ਨ ਸੈਂਟਰ (ਵੀਡੀਸੀ) ਦੇ ਵਰਕਰਾਂ ਨੇ ਦੱਸਿਆ ਕਿ ਸੀਰੀਆ ਵਿੱਚ ਕੌਮਾਂਤਰੀ ਕਾਨੂੰਨ ਦਾ ਉਲੰਘਣ ਕੀਤਾ ਗਿਆ ਹੈ।

ਇਸ ਵਿੱਚ ਦੱਸਿਆ ਗਿਆ ਕਿ ਸੀਰੀਆ ਦੀ ਹਵਾਈ ਸੈਨਾ ਵੱਲੋਂ ਕੈਮੀਕਲ ਪਦਾਰਥ ਵਾਲੇ ਦੋ ਬੰਬ ਡੂਮਾ ਇਲਾਕੇ ਵਿੱਚ ਸੁੱਟੇ ਗਏ।

ਵੀਡੀਸੀ ਮੁਤਾਬਕ ਪਹਿਲਾਂ ਬੰਬ ਸ਼ਾਮ 4 ਵਜੇ ਉੱਤਰ ਪੱਛਮੀ ਡੂਮਾ ਦੀ ਓਮਲ ਇਬਨ ਅਲ-ਖੱਤਬ ਸੜਕ 'ਤੇ ਇੱਕ ਬੇਕਰੀਨ ਨੂੰ ਨਿਸ਼ਾਨਾ ਬਣ ਕੇ ਸੁੱਟਿਆ ਗਿਆ, ਜਦ ਕਿ ਦੂਜਾ ਪੂਰਬੀ ਇਲਾਕੇ ਵਿੱਚ ਸ਼ਹੀਦ ਚੌਂਕ ਦੇ ਕੋਲ ਸ਼ਾਮ 7.30 ਵਜੇ ਸੁੱਟਿਆ ਗਿਆ।

ਇਨ੍ਹਾਂ ਹਮਲਿਆਂ ਵਿੱਚ ਸੈਂਕੜੇ ਲੋਕ ਜਖ਼ਮੀ ਹੋਣ ਦੀ ਖ਼ਬਰ ਮਿਲੀ, ਜਿੰਨਾਂ ਵਿੱਚ ਵਧੇਰੇ ਬੱਚੇ ਅਤੇ ਔਰਤਾਂ ਸਨ।

3. ਕਿੰਨੇ ਲੋਕ ਮਾਰੇ ਗਏ?

ਵਿਸ਼ਵ ਸਿਹਤ ਸੰਗਠਨ ਮੁਤਾਬਕ ਉਨ੍ਹਾਂ ਨੂੰ ਸਥਾਨਕ ਸਿਹਤ ਸਬੰਧ ਪਾਰਟਨਰ ਤੋਂ ਜਾਣਕਾਰੀ ਮਿਲੀ ਹੈ ਕਿ ਪ੍ਰਭਾਵਿਤ ਇਲਾਕੇ ਵਿੱਚ ਖ਼ਤਰਨਾਕ ਕੈਮੀਕਲ ਦੀ ਚਪੇਟ ਵਿੱਚ ਆਉਣ ਕਾਰਨ 43 ਲੋਕਾਂ ਦੀ ਮੌਤ ਹੋਈ ਹੈ।

ਉੱਥੇ ਹੀ ਸੀਰੀਆ ਦੇ ਸਿਵਿਲ ਡਿਫੈਂਸ ਅਤੇ ਸੈਮਸ ਮੁਤਾਬਕ 42 ਲੋਕ ਆਪਣੇ ਘਰਾਂ ਵਿੱਚ ਮ੍ਰਿਤ ਪਾਏ ਗਏ। ਮਰਨ ਵਾਲਿਆਂ ਦੀ ਗਿਣਤੀ 150 ਤੋਂ ਵਧ ਦੱਸੀ ਗਈ ਹੈ।

ਬ੍ਰਿਟੇਨ ਸਥਿਤ ਨਿਗਰਾਨੀ ਸਮੂਹ ਸੀਰੀਅਨ ਓਬਜਰਵੇਟਰੀ ਫਾਰ ਹਿਊਮਨ ਰਾਈਟਜ ਨੇ ਦੱਸਿਆ ਕਿ ਹਵਾਈ ਹਮਲਿਆਂ ਵਿੱਚ 6 ਅਤੇ 7 ਅਪ੍ਰੈਲ ਨੂੰ 100 ਤੋਂ ਵਧ ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿੱਚ 21 ਲੋਕਾਂ ਦੀ ਮੌਤ ਸਾਹ ਲੈਣ ਵਿੱਚ ਤਕਲੀਫ ਨਾਲ ਹੋਈ ਹੈ।

4. ਰਸਾਇਣਕ ਹਮਲਿਆਂ ਦੀ ਪਛਾਣ ਕਿਵੇਂ ?

ਮਾਹਿਰਾਂ ਦਾ ਕਹਿਣਾ ਹੈ ਕਿ ਵੀਡੀਓ ਅਤੇ ਤਸਵੀਰਾਂ ਦੇ ਆਧਾਰ 'ਤੇ ਇਹ ਦੱਸ ਸਕਣਾ ਸੰਭਵ ਨਹੀਂ ਕਿ ਕਿਸੇ ਵਿਅਕਤੀ ਦੀ ਮੌਤ ਰਸਾਇਣ ਹਮਲੇ ਵਿਚ ਹੋਈ ਜਾਂ ਨਹੀਂ।

ਇਸ ਗੱਲ ਦਾ ਪੁਖਤਾ ਤੌਰ 'ਤੇ ਪਤਾ ਲਗਣ ਲਈ ਲੈਬ ਵਿੱਚ ਸੈਂਪਲ ਦਾ ਪਰੀਖਣ ਕਰਨਾ ਹੋਵੇਗਾ।

ਹਾਲਾਂਕਿ ਸੀਰੀਆ ਸਰਕਾਰ ਦੀ ਨਾਕੇਬੰਦੀ ਦੇ ਕਾਰਨ ਕੌਮਾਂਤਰੀ ਸੰਗਠਨ ਡੂਮਾ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ।

ਆਰਗਨਾਈਜੇਸ਼ਨ ਫਾਰ ਦਿ ਪ੍ਰੋਹਿਬਿਸ਼ਨ ਆਫ ਕੈਮੀਕਲ ਵੇਪਨ (ਓਪੀਸੀਡਬਲਿਊ) ਦਾ ਕਹਿਣਾ ਹੈ ਕਿ ਇੱਕ ਮਿਸ਼ਨ ਦੇ ਤਹਿਤ ਉਨ੍ਹਾਂ ਨੇ ਡੂਮਾ ਦੇ ਇਲਾਕਿਆਂ ਵਿੱਚ ਪੀੜਤ ਲੋਕਾਂ ਦੇ ਸੈਂਪਲ ਲਏ। ਇਨ੍ਹਾਂ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਗਲੋਬਲ ਵਾਚਡੌਗ ਨੇ ਇੱਕ ਟੀਮ ਸੀਰੀਆ ਰਵਾਨਾ ਕੀਤੀ ਹੈ।

ਇੱਕ ਹੋਰ ਸੰਸਥਾ ਯੂਓਐੱਸਐੱਸਐੱਮ ਦਾ ਕਹਿਣਾ ਹੈ ਕਿ ਪੀੜਤ ਲੋਕਾਂ ਦੇ ਸੈਂਪਲ ਵਿੱਚ ਕਲੋਰੀਨ ਦੇ ਤੱਤ ਪਾਏ ਗਏ ਹਨ।

ਯੂਓਐੱਸਐੱਸਐੱਮ ਫਰਾਂਸ ਵਿੱਚ ਕੰਮ ਕਰਨ ਵਾਲੇ ਡਾਕਟਰ ਰਫੇਲ ਪਿੱਟੀ ਨੇ ਦੱਸਿਆ ਕਿ ਲੋਕਾਂ 'ਤੇ ਨਰਵ ਏਜੰਡ ਰਾਹੀਂ ਹਮਲਾ ਕੀਤਾ ਗਿਆ ਪਰ ਕਲੋਰੀਨ ਦੇ ਨਾਲ ਸੈਰੀਨ ਗੈਸ ਦੀ ਵੀ ਵਰਤੋਂ ਕੀਤੀ ਗਈ ਹੈ।

ਇਸ ਤੋਂ ਇਲਾਵਾ ਅਮਰੀਕਾ ਅਤੇ ਫਰਾਂਸ ਦੀਆਂ ਕਈ ਹੋਰ ਜਾਂਚ ਏਜੰਸੀਆਂ ਨੇ ਆਪਣੇ ਨਤੀਜਿਆਂ ਵਿੱਚ ਕੈਮੀਕਲ ਹਥਿਆਰਾਂ ਦੀ ਵਰਤੋਂ ਦੀ ਗੱਲ ਕਹੀ ਹੈ।

5. ਕੀ ਕਹਿਣਾ ਹੈ ਸੀਰੀਆਈ ਸਰਕਾਰ ਦਾ?

ਸੀਰੀਆ ਦੀ ਸਰਕਾਰ ਲਗਾਤਾਰ ਰਸਾਇਣਕ ਹਮਲਿਆਂ ਤੋਂ ਇਨਕਾਰ ਕਰਦੀ ਆ ਰਹੀ ਹੈ। ਉਸ ਦਾ ਕਹਿਣਾ ਹੈ ਕਿ ਸਾਰੀਆਂ ਰਿਪੋਰਟਾਂ ਵਿੱਚ ਝੂਠੀਆਂ ਖ਼ਬਰਾਂ ਸਾਹਮਣੇ ਰੱਖੀਆਂ ਜਾ ਰਹੀਆਂ ਹਨ।

ਸੰਯੁਕਤ ਰਾਸ਼ਟਰ ਵਿੱਚ ਸੀਰੀਆ ਦੇ ਆਗੂ ਬਸ਼ਰ ਅਲ-ਜਾਫਰੀ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਲਈ ਪੱਛਮੀ ਦੇਸਾਂ 'ਤੇ ਇਲਜ਼ਾਮ ਲਗਾਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਖ਼ਬਰਾਂ ਫੈਲ ਕੇ ਪੱਛਮੀ ਦੇਸ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਜ਼ਮੀਨ ਤਿਆਰ ਕਰ ਰਹੇ ਹਨ, ਜਿਵੇਂ ਕਿ ਅਮਰੀਕਾ ਅਤੇ ਬ੍ਰਿਟੇਨ ਨੇ 2003 ਵਿੱਚ ਇਰਾਕ ਵਿੱਚ ਕੀਤਾ ਸੀ।

ਰੂਸੀ ਵਿਦੇਸ਼ ਮੰਤਰੀ ਸਰਗੋਈ ਲਾਨਰੋਵ ਨੇ 13 ਅਪ੍ਰੈਲ ਨੂੰ ਕਿਹਾ ਸੀ ਕਿ ਉਸ ਦੇ ਕੋਲ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਕੁਝ ਬਾਹਰੀ ਤਾਕਤਾਂ ਨੇ ਸੀਰੀਆ ਵਿੱਚ ਰਸਾਇਣਕ ਹਮਲਿਆਂ ਦੀ ਤਿਆਰੀ ਕੀਤੀ ਹੈ।

ਹਾਲਾਂਕਿ ਲਾਵਰੋਵ ਨੇ ਕਿਸੇ ਦੇਸ ਦਾ ਨਾਮ ਨਹੀਂ ਲਿਆ ਪਰ ਰੂਸੀ ਵਿਦੇਸ ਮੰਤਰੀ ਦੇ ਬੁਲਾਰੇ ਮੇਜਰ ਜਨਰਲ ਇਗਨਰ ਕੋਨਸ਼ਨੇਕੋਵ ਨੇ ਇਸ ਲਈ ਸਿੱਧਾ ਬ੍ਰਿਟੇਨ 'ਤੇ ਇਲਜ਼ਾਮ ਲਗਾਏ।

6. ਕੌਮਾਂਤਰੀ ਭਾਈਚਾਰੇ ਦੀ ਕਿਹੋ-ਜਿਹੀ ਪ੍ਰਤਿਕਿਰਿਆ?

ਅਮਰੀਕੀ ਰਾਸ਼ਟਰਪਤੀ ਸ਼ੁਰੂ ਤੋਂ ਹੀ ਇਸ ਗੱਲ 'ਤੇ ਸਹਿਮਤ ਸਨ ਕਿ ਸੀਰੀਆ ਦੀ ਸਰਕਾਰ ਨੇ ਡੂਮਾ 'ਤੇ ਰਸਾਇਣਕ ਹਮਲਾ ਕੀਤਾ ਹੈ ਅਤੇ ਇਸ ਵਿੱਚ ਕਈ ਮਾਸੂਮ ਨਾਗਰਿਕਾਂ ਦੀ ਜਾਨ ਗਈ ਹੈ।

ਅਮਰੀਕਾ ਦੇ ਨਾਲ ਬ੍ਰਿਟੇਨ ਅਤੇ ਫਰਾਂਸ ਵੀ ਖੜੇ ਹਨ। ਇਨ੍ਹਾਂ ਦੇਸਾਂ ਨੇ ਮਿਲ ਕੇ ਸ਼ਨੀਵਾਰ ਨੂੰ ਸਾਂਝੇ ਤੌਰ 'ਤੇ ਸੀਰੀਆ 'ਤੇ ਹਮਲਾ ਵੀ ਕੀਤਾ ਹੈ।

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਟਾਰੇਸ ਨੇ ਕਿਹਾ ਹੈ ਕਿ ਉਹ ਡੂਮਾ ਤੋਂ ਆ ਰਹੀਆਂ ਖ਼ਬਰਾਂ ਨਾਲ ਬੇਹੱਦ ਪਰੇਸ਼ਾਨ ਹਨ ਅਤੇ ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਗੁੱਟ ਵੱਲੋਂ ਰਸਾਇਣਕ ਹਥਿਆਰਾਂ ਦਾ ਇਸਤੇਮਾਲ ਕਰਨਾ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਮੰਨਿਆ ਜਾਵੇਗਾ।

7. ਇਸ ਤੋਂ ਪਹਿਲਾਂ ਕਿੱਥੇ ਇਸਤੇਮਾਲ ਹੋਏ ਰਸਾਇਣਕ ਹਥਿਆਰ?

ਅਗਸਤ 2013 ਵਿੱਚ ਸੈਰਿਨ ਕੈਮੀਕਲ ਲੈਸ ਰਾਕੇਟ ਪੂਰਬੀ ਅਤੇ ਪੱਛਮੀ ਗੂਟਾ ਵਿੱਚ ਦਾਗੇ ਗਏ ਸਨ। ਇਸ ਗੱਲ ਪੁਸ਼ਟੀ ਸੰਯੁਕਤ ਰਾਸ਼ਟਰ ਨੇ ਵੀ ਕੀਤੀ ਸੀ।

ਪੱਛਮੀ ਦੇਸਾਂ ਦਾ ਕਹਿਣਾ ਹੈ ਕਿ ਸੀਰੀਆ ਦੀ ਸਰਕਾਰ ਵੱਲੋਂ ਹੀ ਇਸ ਤਰ੍ਹਾਂ ਦੇ ਰਸਾਇਣਕ ਹਮਲੇ ਕੀਤੇ ਗਏ ਹਨ।

ਰਾਸ਼ਟਰਪਤੀ ਅਸਦ ਲਗਾਤਾਰ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਆ ਰਹੇ ਹਨ ਅਤੇ ਅਸਦ ਨੇ ਰਸਾਇਣਕ ਹਥਿਆਰਾਂ ਦੇ ਸੰਮੇਲਨ ਵਿੱਚ ਰਸਾਇਣਕ ਹਥਿਆਰਾਂ ਦੇ ਖਾਤਮੇ ਲਈ ਸਹਿਮਤੀ ਜਤਾਈ ਸੀ।

ਯੂਐੱਨ-ਓਪੀਸੀਡਬਲਿਊ ਦੇ ਸੰਯੁਕਤ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਅਪ੍ਰੈਲ 2017 ਵਿੱਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ ਖ਼ਾਨ ਸ਼ੇਖੂਨ ਵਿੱਚ ਸੀਰੀਆ ਦੀ ਸਰਕਾਰ ਨੇ ਰਸਾਇਣਕ ਹਮਲਾ ਕੀਤਾ ਸੀ, ਜਿਸ ਵਿੱਚ 80 ਤੋਂ ਵਧ ਲੋਕ ਮਾਰੇ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)