ਸ਼ੀਤ ਯੁੱਧ ਤੋਂ ਵੀ ਮਾੜੇ ਹਾਲਾਤਾਂ ਵਿੱਚੋਂ ਲੰਘ ਰਹੇ ਪੱਛਮੀ ਦੇਸ ਤੇ ਰੂਸ: ਸਰਗਈ ਲਾਵਰੋਵ

ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਕਿਹਾ ਕਿ ਰੂਸ ਅਤੇ ਪੱਛਮੀ ਦੇਸ ਉਨ੍ਹਾਂ ਹਾਲਾਤਾਂ ਵਿੱਚੋਂ ਲੰਘ ਰਹੇ ਹਨ ਜਿਹੜੇ ਸ਼ੀਤਯੁੱਧ ਤੋਂ ਵੀ ਗੰਭੀਰ ਹਨ।

ਲਾਵਰੋਵ ਨੇ ਕਿਹਾ ਕਿ ਇਹ ਸਭ ਇਸ ਲਈ ਹੈ ਕਿਉਂਕਿ ਚੈਨਲਾਂ ਦੀ ਕਮੀ ਕਰਕੇ ਕਿਸੇ ਦਾ ਵੀ ਆਪਸ ਵਿੱਚ ਚੰਗਾ ਸਪੰਰਕ ਨਹੀਂ ਹੈ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੱਛਮੀ ਤਾਕਤਾਂ ਨੇ ਸੰਪਰਕ ਦੇ ਰਸਤੇ ਬੰਦ ਕਰ ਦਿੱਤੇ ਹਨ ਅਤੇ ਹਾਲਾਤ ਬਹੁਤ ਖ਼ਤਰਨਾਕ ਹਨ।

ਲਾਵਰੋਵ ਨੇ ਕਿਹਾ ਕਿ ਜਿਸ ਤਰ੍ਹਾਂ ਹੁਣ ਅਮਰੀਕਾ, ਬ੍ਰਿਟੇਨ 'ਤੇ ਫਰਾਂਸ ਸੀਰੀਆ ਉੱਤੇ ਕੀਤੇ ਗਏ ਹਮਲੇ ਦਾ ਵੇਰਵਾ ਦੇ ਰਹੇ ਹਨ ਉਹ ਨਿੰਦਣਯੋਗ ਹੈ।

ਉਨ੍ਹਾਂ ਨੇ ਕਿਹਾ ਕਿ ਰੂਸ ਦਾ ਜਿਹੜਾ ਬਚਿਆ-ਖੁਚਿਆ ਭਰੋਸਾ ਇਨ੍ਹਾਂ 'ਤੇ ਸੀ ਉਹ ਵੀ ਟੁੱਟ ਗਿਆ ਹੈ।

ਕੌਮਾਂਤਰੀ ਰਸਾਇਣਕ ਹਥਿਆਰਾਂ ਦੀ ਨਿਗਰਾਨੀ ਰੱਖਣ ਵਾਲੀ ਸੰਸਥਾ ਵੱਲੋਂ ਐਮਰਜੈਂਸੀ ਬੈਠਕ ਬੁਲਾਈ ਗਈ ਜਿਨ੍ਹਾਂ ਨੇ ਇਹ ਦੇਖਿਆ ਕਿ ਪੱਛਮੀ ਦੇਸਾਂ ਅਤੇ ਰੂਸ ਵਿਚਾਲੇ ਇਹ ਝਗੜਾ ਸੀਰੀਆ ਸਰਕਾਰ ਵੱਲੋਂ ਵਰਤੇ ਗਏ ਰਸਾਇਣਕ ਹਥਿਆਰਾਂ ਕਾਰਨ ਹੈ ਜਿਨ੍ਹਾਂ ਨੂੰ ਵਰਤਣ 'ਤੇ ਮਨਾਹੀ ਹੈ।

ਬ੍ਰਿਟੇਨ ਦੇ ਨਿਗਰਾਨੀ ਵਫ਼ਦ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਹਥਿਆਰਾਂ ਦੀ ਜਾਂਚ ਕਰਨ ਵਿੱਚ ਰੂਸ ਦਾ ਕੋਈ ਸਹਿਯੋਗ ਨਹੀਂ ਮਿਲ ਰਿਹਾ।

ਸ਼ਨੀਵਾਰ ਦੀ ਸਵੇਰੇ ਸੀਰੀਆ ਦੇ ਕੁਝ ਹਿੱਸਿਆਂ 'ਤੇ ਅਮਰੀਕੀ ਮਿਜ਼ਾਇਲ ਹਮਲਾ ਹੋਇਆ ਸੀ। ਅਮਰੀਕਾ, ਬ੍ਰਿਟੇਨ ਤੇ ਫਰਾਂਸ ਵੱਲੋਂ ਇਹ ਸਾਂਝਾ ਹਮਲਾ ਕਰਵਾਇਆ ਗਿਆ ਸੀ।

ਸੀਰੀਆ ਵੱਲੋਂ ਕੀਤੇ ਗਏ ਰਸਾਇਣਕ ਹਮਲੇ ਦੇ ਜਵਾਬ ਵਿੱਚ ਇਹ ਜੰਗ ਛੇੜੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)