ਪੰਜਾਬ ਵਿੱਚ ਦਿਵਾਲੀ ਬੰਪਰ ਜੇਤੂ ਕੁੜੀ ਨੂੰ ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ

    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ

ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਇੱਕ ਝਟਕੇ ਵਿੱਚ ਅਮੀਰ ਬਣਨ ਲਈ ਅਕਸਰ ਲੋਕ ਲਾਟਰੀ ਪਾਉਣ ਦਾ ਰਾਹ ਅਪਣਾਉਂਦੇ ਹਨ। ਇਸ ਵਿੱਚ ਹੱਥ ਤਾਂ ਬਹੁਤ ਲੋਕ ਅਜ਼ਮਾਉਂਦੇ ਹਨ ਪਰ ਕਿਸਮਤ ਚਮਕਦੀ ਹੈ ਕਿਸੇ-ਕਿਸੇ ਦੀ। ਇਸ ਵਾਰ ਪੰਜਾਬ ਸਰਕਾਰ ਦੇ ਦਿਵਾਲੀ ਬੰਪਰ ਦੀ ਜੇਤੂ ਬਣੀ ਹੈ ਬਠਿੰਡਾ ਦੀ ਲਖਵਿੰਦਰ ਕੌਰ।

ਬਠਿੰਡਾ ਦੇ ਪਿੰਡ ਗੁਲਾਬ ਗੜ੍ਹ ਦੀ ਰਹਿਣ ਵਾਲੀ ਲਖਵਿੰਦਰ ਦੀ ਕਿਸਮਤ ਨੇ ਵੀ ਉਸਦਾ ਸਾਥ ਦਿੱਤਾ, ਜਿਸ ਨੇ ਡੇਢ ਕਰੋੜ ਰੁਪਏ ਦਾ ਦਿਵਾਲੀ ਬੰਪਰ ਜਿੱਤਿਆ ਹੈ।

ਦਿਵਾਲੀ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੀ ਲਾਟਰੀ ਦੀ ਟਿਕਟ ਖਰੀਦਣ ਵਾਲੀ ਲਖਵਿੰਦਰ ਨੂੰ ਫ਼ੋਨ ਆਇਆ ਕਿ ਉਸ ਨੇ ਇਸ ਸਾਲ ਦਾ ਦਿਵਾਲੀ ਬੰਪਰ ਜਿੱਤਿਆ ਹੈ।

ਇਹ ਵੀ ਪੜ੍ਹੋ:

ਕੀ ਸੀ ਪਹਿਲਾ ਪ੍ਰਤੀਕਰਮ

ਕਰੋੜਪਤੀ ਬਣਨ ਦੀ ਖ਼ਬਰ ਸੁਣਨ ਮੌਕੇ ਲਖਵਿੰਦਰ ਆਪਣਾ ਪਹਿਲਾ ਪ੍ਰਤੀਕਰਮ ਦੱਸਦੀ ਹੈ, ''ਸਾਨੂੰ ਲਾਟਰੀ ਸਟਾਲ ਵਾਲਿਆਂ ਦਾ ਫ਼ੋਨ ਆਇਆ ਅਤੇ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਖੜ੍ਹੇ ਹੋ ਤਾਂ ਬੈਠ ਜਾਓ, ਇਹ ਸੁਣ ਕੇ ਅਸੀਂ ਘਬਰਾ ਗਏ ਕਿ ਖਬਰੇ ਪਤਾ ਨਹੀਂ ਕੀ ਗੱਲ ਹੋ ਗਈ। ਉਨ੍ਹਾਂ ਕਿਹਾ ਕਿ ਤੁਹਾਨੂੰ ਖੁਸ਼ਖ਼ਬਰੀ ਸੁਨਾਉਣ ਵਾਲੇ ਹਾਂ।''

ਲਖਵਿੰਦਰ ਮੁਤਾਬਕ ਜਿਉਂ ਹੀ ਉਨ੍ਹਾਂ ਨੇ ਇਹ ਗੱਲ ਸੁਣੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਪੂਰਾ ਪਰਿਵਾਰ ਇਹ ਗੱਲ ਸੁਣ ਕੇ ਖੁਸ਼ੀ ਮਨਾਉਣ ਲੱਗਾ।

ਲਖਵਿੰਦਰ ਲਾਟਰੀ ਪਾਉਣ ਦਾ ਕਿੱਸਾ ਸੁਣਾਉਂਦੇ ਹੋਏ ਦੱਸਦੀ ਹੈ, ''ਮੈਂ ਆਪਣੀ ਮਾਂ ਨਾਲ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਖਰੀਦਦਾਰੀ ਲਈ ਬਾਜ਼ਾਰ ਗਈ ਅਤੇ ਦੇਖਿਆ ਕਿ ਇੱਕ ਸਟਾਲ 'ਤੇ ਖੜ੍ਹੇ ਹੋ ਕੇ ਬਹੁਤ ਸਾਰੇ ਲੋਕ ਲਾਟਰੀ ਟਿਕਟ ਖਰੀਦ ਰਹੇ ਸਨ। ਮੈਂ ਵੀ ਆਪਣੀ ਮਾਂ ਨੂੰ ਕਿਹਾ ਕਿ ਸਾਨੂੰ ਵੀ ਲਾਟਰੀ ਖਰੀਦਣੀ ਚਾਹੀਦੀ ਹੈ। ਸਿਰਫ਼ 200 ਰੁਪਏ ਦੀ ਹੀ ਤਾਂ ਗੱਲ ਹੈ।''

ਇਹ ਵੀ ਪੜ੍ਹੋ:

ਬੈਂਕ ਅਫ਼ਸਰ ਬਣਨਾ ਚਾਹੁੰਦੀ ਹੈ ਲਖਵਿੰਦਰ

ਲਖਵਿੰਦਰ ਕਹਿੰਦੀ ਹੈ ਕਿ ਉਹ ਲਾਟਰੀ ਦੇ ਇਨ੍ਹਾਂ ਪੈਸਿਆਂ ਨਾਲ ਸਭ ਤੋਂ ਪਹਿਲਾਂ ਜ਼ਮੀਨ ਖਰੀਦ ਕੇ ਇੱਕ ਚੰਗਾ ਮਕਾਨ ਬਣਾਵੇਗੀ। ਲਖਵਿੰਦਰ ਮੁਤਾਬਕ ਫਿਲਹਾਲ ਜਿਸ ਘਰ ਵਿੱਚ ਉਹ ਰਹਿ ਰਹੇ ਹਨ ਉਹ ਬਹੁਤ ਛੋਟਾ ਹੈ।

ਲਖਵਿੰਦਰ ਕਹਿੰਦੀ ਹੈ ਲਾਟਰੀ ਦੇ ਇਸ ਪੈਸੇ ਨਾਲ ਉਹ ਸ਼ਹਿਰ ਜਾ ਕੇ ਪੜ੍ਹਾਈ ਕਰੇਗੀ। ਲਖਵਿੰਦਰ ਬੈਂਕ ਅਫ਼ਸਰ ਬਣਨਾ ਚਾਹੁੰਦੀ ਹੈ।

17 ਸਾਲਾ ਲਖਵਿੰਦਰ 12ਵੀਂ ਕਲਾਸ ਵਿੱਚ ਆਪਣੇ ਪਿੰਡ ਗੁਲਾਬ ਗੜ੍ਹ ਦੇ ਸਕੂਲ ਵਿੱਚ ਹੀ ਪੜ੍ਹਦੀ ਹੈ।

ਲਖਵਿੰਦਰ ਦੇ ਤਿੰਨ ਭੈਣ- ਭਰਾ ਹੋਰ ਵੀ ਹਨ ਜਿਹੜੇ ਪੜ੍ਹਾਈ ਕਰ ਰਹੇ ਹਨ। ਲਖਵਿੰਦਰ ਦਾ ਇੱਕ ਵੱਡਾ ਭਰਾ, ਇੱਕ ਵੱਡੀ ਭੈਣ ਅਤੇ ਛੋਟਾ ਭਰਾ ਹੈ। ਉਹ ਇਸ ਪੈਸੇ ਦੀ ਵਰਤੋਂ ਉਨ੍ਹਾਂ ਦੀ ਪੜ੍ਹਾਈ ਵਿੱਚ ਵੀ ਕਰੇਗੀ।

ਲਖਵਿੰਦਰ ਕਹਿੰਦੀ ਹੈ ਕਿ ਉਹ ਇਸ ਲਾਟਰੀ ਦੇ ਪੈਸਿਆਂ ਨਾਲ ਆਪਣੀ ਮਾਂ ਲਈ ਜ਼ਰੂਰ ਕੁਝ ਕਰਨਾ ਚਾਹੇਗੀ ਕਿਉਂਕਿ ਉਸਦੀ ਮਾਂ ਨੇ ਬਹੁਤ ਆਰਥਿਕ ਤੰਗੀਆਂ ਝੱਲੀਆਂ ਹਨ ਅਤੇ ਉਹ ਬੇਹੱਦ ਮਿਹਨਤ ਕਰਦੀ ਹੈ।

ਪਿਤਾ ਵੀ ਅਜ਼ਮਾ ਚੁੱਕੇ ਹਨ ਲਾਟਰੀ ਵਿੱਚ ਹੱਥ

ਲਖਵਿੰਦਰ ਦੱਸਦੀ ਹੈ ਕਿ ਉਨ੍ਹਾਂ ਦੇ ਘਰ ਦੇ ਆਰਥਿਕ ਹਾਲਾਤ ਜ਼ਿਆਦਾ ਚੰਗੇ ਨਹੀਂ ਹਨ। ਉਨ੍ਹਾਂ ਨੇ ਕੁਝ ਪਸ਼ੂ ਵੀ ਰੱਖੇ ਹੋਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਮਾਂ ਹੀ ਸਾਂਭਦੀ ਹੈ ਅਤੇ ਉਨ੍ਹਾਂ ਲਈ ਦੂਜਿਆਂ ਦੇ ਖੇਤਾਂ ਵਿੱਚੋਂ ਜਾ ਕੇ ਪੱਠੇ ਲਿਆਉਂਦੀ ਹੈ।

ਲਖਵਿੰਦਰ ਦੇ ਪਿਤਾ ਪਰਮਜੀਤ ਸਿੰਘ ਬਠਿੰਡਾ ਵਿੱਚ ਐਸਪੀ ਦਫ਼ਤਰ 'ਚ ਹੋਮ ਗਾਰਡ ਦੇ ਤੌਰ 'ਤੇ ਤਾਇਨਾਤ ਹਨ। ਪਰਮਜੀਤ ਸਿੰਘ ਆਪਣੇ ਪਰਿਵਾਰ ਵਿੱਚ ਇਕੱਲੇ ਕਮਾਉਣ ਵਾਲੇ ਹਨ। ਘਰ ਦੀਆਂ ਆਰਥਿਕ ਲੋੜਾਂ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਉਨ੍ਹਾਂ ਦੇ ਮੋਢਿਆਂ 'ਤੇ ਹੀ ਹੈ।

ਪਰਮਜੀਤ ਸਿੰਘ ਵੀ ਕਈ ਵਾਰ ਲਾਟਰੀ ਵਿੱਚ ਹੱਥ ਅਜ਼ਮਾ ਚੁੱਕੇ ਹਨ ਪਰ ਕਦੇ ਸਫ਼ਲਤਾ ਨਹੀਂ ਮਿਲੀ।

ਆਪਣੀ ਧੀ ਨਾਲ ਗੱਲ ਕਰਵਾਉਣ ਤੋਂ ਪਹਿਲਾਂ ਪਰਮਜੀਤ ਸਿੰਘ ਦੱਸਦੇ ਹਨ, ''ਮੈਂ ਪਿਛਲੇ 12 ਸਾਲਾਂ ਤੋਂ ਲਾਟਰੀ ਪਾ ਰਿਹਾ ਸੀ ਪਰ ਕਦੇ ਵੀ ਮੇਰੀ ਲਾਟਰੀ ਨਹੀਂ ਲੱਗੀ। ਇੱਥੋਂ ਤੱਕ ਕਿ ਮੈਂ ਇਕੱਠੀਆਂ ਪੰਜ ਲਾਟਰੀਆਂ ਵੀ ਪਾਈਆਂ ਹਨ ਪਰ ਕਿਸਮਤ ਨੇ ਕਦੇ ਸਾਥ ਨਹੀਂ ਦਿੱਤਾ।''

ਪਰਮਜੀਤ ਮੁਤਾਬਕ ਉਨ੍ਹਾਂ ਨੂੰ ਲਾਟਰੀ ਦਾ ਇਹ ਪੈਸਾ ਮਿਲਣ ਵਿੱਚ ਕਰੀਬ 6 ਮਹੀਨੇ ਲੱਗਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)