ਦੀਪਵੀਰ : ਰਣਵੀਰ-ਦੀਪਿਕਾ ਦੇ ਇਟਲੀ ਦੀ ਲੇਕ ਕੋਮੋ 'ਚ ਕੋਂਕਣੀ ਤੇ ਸਿੰਧੀ ਰੀਤਾਂ ਦਾ ਅਨੋਖਾ ਵਿਆਹ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਬੁੱਧਵਾਰ ਨੂੰ ਇਟਲੀ ਵਿੱਚ ਵਿਆਹ ਹੋਇਆ।

ਦੋਵਾਂ ਸਿਤਾਰਿਆਂ ਦਾ ਵਿਆਹ ਇਟਲੀ ਦੇ ਲੇਕ ਕੋਮੋ ਵਿੱਚ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਇਆ। ਇਸ ਵਿਆਹ ਵਿੱਚ ਸਿਰਫ਼ ਬੇਹੱਦ ਖ਼ਾਸ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਹੀ ਬੁਲਾਇਆ ਗਿਆ।

ਦੀਪਿਕਾ ਅਤੇ ਰਣਵੀਰ ਦੇ ਵਿਆਹ ਦੀਆਂ ਤਸਵੀਰਾਂ ਦਾ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪਰ ਹੁਣ ਤੱਕ ਵਿਆਹ ਦੀਆਂ ਘੱਟ ਹੀ ਤਸਵੀਰਾਂ ਸਾਹਮਣੇ ਆਈਆਂ ਹਨ। ਵਿਆਹ ਵਿੱਚ ਮੌਜੂਦ ਲੋਕਾਂ ਨੇ ਵੀ ਵਿਆਹ ਦੀ ਕੋਈ ਤਸਵੀਰ ਪੋਸਟ ਨਹੀਂ ਕੀਤੀ ਹੈ।

ਦੀਪਿਕਾ ਅਤੇ ਰਣਵੀਰ ਨੇ ਚਾਰ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। 'ਗਲੀਓਂ ਕੀ ਰਾਸਲੀਲਾ ਰਾਮ-ਲੀਲਾ', 'ਫਾਈਂਡਿੰਗ ਫੈਨੀ', 'ਬਾਜ਼ੀਰਾਓ ਮਸਤਾਨੀ' ਅਤੇ 'ਪਦਮਾਵਤ'।

ਸੋਸ਼ਲ ਮੀਡੀਆ 'ਤੇ ਇਟਲੀ ਦੀ ਉਸ ਥਾਂ ਦੀ ਖਾਸੀ ਚਰਚਾ ਹੈ, ਜਿੱਥੇ ਦੋਵਾਂ ਸਿਤਾਰਿਆ ਨੇ ਵਿਆਹ ਕੀਤਾ।

ਇਹ ਵੀ ਪੜ੍ਹੋ:

ਪਿਛਲੇ ਸਾਲ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇਟਲੀ ਦੇ ਟਕਸਨੀ ਦੇ ਇੱਕ ਰਿਜ਼ੋਰਟ ਵਿੱਚ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ।

ਹਾਲਾਂਕਿ ਵਿਆਹ ਦੇ ਕਾਰਡ ਤੋਂ ਬਾਅਦ ਰਣਵੀਰ ਅਤੇ ਦੀਪਿਕਾ ਵੱਲੋਂ ਹੋਰ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੀਪਿਕਾ ਨੇ 19 ਅਕਤੂਬਰ ਨੂੰ ਸੋਸ਼ਲ ਮੀਡੀਆ 'ਤੇ ਵਿਆਹ ਦੀ ਜਾਣਕਾਰੀ ਦਿੱਤੀ ਸੀ।

ਕਿੱਥੇ ਹੋਇਆ ਰਣਵੀਰ-ਦੀਪਿਕਾ ਦਾ ਵਿਆਹ?

ਸੁਪਨਿਆਂ ਦੀ ਦੁਨੀਆਂ ਵਰਗਾ ਲੱਗਣ ਵਾਲਾ ਇਹ ਵਿਲਾ ਲੇਕ ਕੌਮੋ ਵਿੱਚ ਲੇਕੋ ਆਈਲੈਂਡ 'ਤੇ ਹੈ।

18ਵੀਂ ਸਦੀ ਦਾ ਡੇਲ ਬਾਲਬਿਆਨੇਲੋ ਵਿਲਾ ਬੇਹੱਦ ਖ਼ੂਬਸੂਰਤ ਹੈ। ਸਾਲਾ ਕੋਮਾਸਿਨਾ ਤੋਂ ਬੇੜੀ ਲੈ ਕੇ ਇੱਥੋਂ ਤੱਕ ਪਹੁੰਚਿਆ ਜਾ ਸਕਦਾ ਹੈ।

ਇਹ ਵਿਲਾ ਆਪਣੇ ਸ਼ਾਨਦਾਰ ਬਗੀਚਿਆਂ ਲਈ ਜਾਣਿਆ ਜਾਂਦਾ ਹੈ, ਜਿਸਦੇ ਫੁੱਲਾਂ ਅਤੇ ਦਰਖ਼ਤਾਂ ਦੇ ਰੰਗ ਮਿਲ ਕੇ ਇਟਲੀ ਦੇ ਝੰਡੇ ਦੇ ਰੰਗ ( ਹਰਾ, ਚਿੱਟਾ ਅਤੇ ਲਾਲ) ਨੂੰ ਦਰਸਾਉਂਦੇ ਹਨ।

ਇਹ ਵਿਲਾ ਜ਼ਿਆਦਾਤਰ ਸ਼ਾਹੀ ਵਿਆਹਾਂ ਅਤੇ ਫ਼ਿਲਮਾਂ ਦੀ ਸ਼ੂਟਿੰਗ ਲਈ ਮਸ਼ਹੂਰ ਹੈ।

ਤੁਹਾਨੂੰ ਦੱਸ ਦਈਏ ਕਿ ਇਹ ਉਹੀ ਥਾਂ ਹੈ ਜਿਹੜੀ ਜੇਮਸ ਬੌਂਡ ਦੀ ਫ਼ਿਲਮ ਵਿੱਚ ਹਸਪਤਾਲ ਦੇ ਤੌਰ 'ਤੇ ਵਿਖਾਇਆ ਗਿਆ ਹੈ।

2006 ਵਿੱਚ ਆਈ ਫ਼ਿਲਮ 'ਕਸੀਨੋ ਰਾਇਲ' ਵਿੱਚ ਸੱਟ ਲੱਗਣ 'ਤੇ ਜੇਮਸ ਬੌਂਡ ਇੱਥੇ ਹੀ ਠੀਕ ਹੁੰਦੇ ਦਿਖਾਏ ਗਏ ਸਨ।

ਫ਼ਿਲਮ 'ਚ ਬੌਂਡ (ਡੇਨੀਅਲ ਕ੍ਰੈਗ) ਅਤੇ ਵੇਸਪਰ (ਈਵਾ ਗ੍ਰੀਨ) ਵਿਲਾ ਦੇ ਇੱਕ ਬਗੀਚੇ ਵਿੱਚ ਦਿਖਾਈ ਦਿੱਤੇ ਹਨ।

ਇਟੈਲੀਅਨ ਲੇਕਸ ਵੇਡਿੰਗਸ ਬਲਾਗ ਦੇ ਮੁਤਾਬਕ ਇਹ ਵਿਲਾ ਸੋਮਵਾਰ ਅਤੇ ਬੁੱਧਵਾਰ ਨੂੰ ਛੱਡ ਕੇ ਰੋਜ਼ਾਨਾ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਾ ਹੁੰਦਾ ਹੈ, ਜਿਸ ਨੂੰ ਆਮ ਲੋਕ ਵੀ ਦੇਖਣ ਲਈ ਜਾ ਸਕਦੇ ਹਨ।

ਪਰ ਵਿਆਹ ਅਤੇ ਪਾਰਟੀ ਲਈ ਵਿਲਾ ਰੋਜ਼ਾਨਾ ਖੁੱਲ੍ਹਿਆ ਹੁੰਦਾ ਹੈ। ਸ਼ਨੀਵਾਰ ਦੇ ਦਿਨ ਇੱਥੇ ਤੁਹਾਨੂੰ ਜੇਬ ਥੋੜ੍ਹੀ ਢਿੱਲੀ ਕਰਨੀ ਪਵੇਗੀ।

ਇਹ ਵੀ ਪੜ੍ਹੋ:

ਵੱਧ ਤੋਂ ਵੱਧ 100 ਮਹਿਮਾਨਾਂ ਦੀ ਇਜਾਜ਼ਤ

ਜੇਕਰ ਵਿਲਾ ਆਮ ਜਨਤਾ ਲਈ ਖੁੱਲ੍ਹਾ ਹੈ ਅਤੇ ਅਜਿਹੇ 'ਚ ਵਿਆਹ ਦਾ ਪ੍ਰੋਗਰਾਮ ਕਰਨਾ ਹੈ ਤਾਂ ਲਾੜਾ-ਲਾੜੀ ਨੂੰ ਮਿਲਾ ਕੇ 50 ਤੋਂ ਵੱਧ ਮਹਿਮਾਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ। ਇਸ ਦੌਰਾਨ ਵਿਆਹ ਕਰਵਾਉਣਾ ਹੈ ਤਾਂ ਸਮਾਗਮ 'ਤੇ ਖਰਚਾ ਘੱਟ ਬੈਠੇਗਾ।

ਜੇਕਰ ਲਾੜੇ ਅਤੇ ਲਾੜੀ ਨੂੰ ਮਿਲਾ ਕੇ 50 ਤੋਂ ਵੱਧ ਮਹਿਮਾਨਾਂ ਨੇ ਆਉਣਾ ਹੈ ਤਾਂ ਵਿਆਹ ਜਾਂ ਈਵੈਂਟ ਉਸ ਦਿਨ ਕਰਨਾ ਹੋਵੇਗਾ ਜਦੋਂ ਵਿਲਾ ਆਮ ਜਨਤਾ ਲਈ ਬੰਦ ਹੋਵੇ। ਇਹ ਥੋੜ੍ਹਾ ਹੋਰ ਮਹਿੰਗਾ ਪੈ ਸਕਦਾ ਹੈ। ਇਸ ਵਿੱਚ ਬੱਚਿਆਂ ਨੂੰ ਵੀ ਗਿਣਿਆ ਜਾਂਦਾ ਹੈ।

ਵਿਲਾ ਦਾ ਕਿਰਾਇਆ ਮਹਿਮਾਨਾਂ ਦੀ ਸੰਖਿਆ ਅਤੇ ਵਿਲਾ ਦੇ ਇਸਤੇਮਾਲ ਕੀਤੀ ਜਾਣ ਵਾਲੀ ਥਾਂ 'ਤੇ ਨਿਰਭਰ ਕਰਦਾ ਹੈ। ਮਹਿਮਾਨ ਦੀ ਵੱਧ ਤੋਂ ਵੱਧ ਗਿਣਤੀ 100 ਹੋ ਸਕਦੀ ਹੈ।

ਇੱਥੋਂ ਦੀ ਖ਼ੂਬਸੂਰਤੀ ਇੱਕ ਨਜ਼ਰ ਵਿੱਚ ਮਨ ਮੋਹ ਲੈਂਦੀ ਹੈ। ਸਭ ਕੁਝ ਕਿਸੇ ਸੁਨਹਿਰੇ ਸੁਪਨੇ ਦੀ ਤਰ੍ਹਾਂ ਲਗਦਾ ਹੈ।

ਵਿਆਹ ਤੋਂ ਬਾਅਦ ਰਣਵੀਰ-ਦੀਪਿਕਾ ਦੇ ਦੋ ਰਿਸੈਪਸ਼ਨ ਹੋਣਗੇ, ਪਹਿਲਾ 21 ਨਵੰਬਰ ਨੂੰ ਬੈਂਗਲੌਰ ਦੇ ਲੀਲੈ ਪੈਲੇਸ ਵਿੱਚ, ਜਿਹੜਾ ਦੀਪਿਕਾ ਦਾ ਹੋਮ ਟਾਊਨ ਹੈ। ਇਹ ਰਿਸੈਪਸ਼ਨ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ਹੋਵੇਗਾ।

ਦੂਜਾ ਰਿਸਪੈਸ਼ਨ ਮੁੰਬਈ ਦੇ ਗ੍ਰੈਂਡ ਹਯਾਤ ਹੋਟਲ ਵਿੱਚ ਜਿਸ ਨੂੰ ਰਣਵੀਰ ਦੇ ਮਾਤਾ-ਪਿਤਾ ਦੇਣਗੇ।

ਸੋਸ਼ਲ ਮੀਡੀਆ 'ਤੇ ਛਾਏ 'ਦੀਪਵੀਰ'

ਵਿਆਹ ਦੀਆਂ ਖ਼ਬਰਾਂ ਮਿਲਦੇ ਹੀ ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਹੜ੍ਹ ਆ ਗਿਆ ਹੈ। ਟਵਿੱਟਰ 'ਤੇ 'ਦੀਪਵੀਰ ਦਾ ਵਿਆਹ' ਅਤੇ 'ਦੀਪਵੀਰ ਵੈਡਿੰਗ' ਟ੍ਰੈਂਡ ਕਰ ਰਿਹਾ ਹੈ।

ਅਮੂਲ ਨੇ ਬਾਲੀਵੁੱਡ ਦੇ ਇਸ ਜੋੜੇ ਨੂੰ ਇੱਕ ਨਵੇਂ ਅੰਦਾਜ਼ ਵਿੱਚ ਵਧਾਈ ਦਿੱਤੀ ਹੈ।

ਟਵਿੱਟਰ 'ਤੇ ਮੌਜੂਦ ਅਕਸ਼ੈ ਗਰਗ ਉਨ੍ਹਾਂ ਦੀ ਇੱਕ ਪੇਟਿੰਗ ਸ਼ੇਅਰ ਕਰਦੇ ਹੋਏ ਲਿਖਦੇ ਹਨ ਕਿ 'ਮੈਨੂੰ ਇਹ ਮਿਲਿਆ'।

ਕਾਮੇਡੀਅਨ ਕਪਿਲ ਸ਼ਰਮਾ ਲਿਖਦੇ ਹਨ ਕਿ ਰਣਵੀਰ ਅਤੇ ਦੀਪਿਕਾ ਨੂੰ ਵਿਆਹ 'ਤੇ ਦਿਲੋਂ ਮੁਬਾਰਕਾਂ। ਦੁਨੀਆਂ ਦਾ ਸਭ ਤੋਂ ਸੋਹਣਾ ਜੋੜਾ। ਭਗਵਾਨ ਤੁਹਾਨੂੰ ਸਾਰੀਆਂ ਖੁਸ਼ੀਆਂ ਅਤੇ ਪਿਆਰ ਦੇਵੇ। ਦੋਵਾਂ ਨੂੰ ਪਿਆਰ।

ਅਦਾਕਾਰ ਰੌਨਿਤ ਰੌਏ ਲਿਖਦੇ ਹਨ ਕਿ ਦੀਪਿਕਾ ਅਤੇ ਰਣਵੀਰ ਨੂੰ ਵਧਾਈ ਹੋਵੇ। ਇਕੱਠੇ ਰਹਿਣ ਲਈ ਸ਼ੁੱਭਕਾਮਨਾਵਾਂ ਜਿਸ ਵਿੱਚ ਬਹੁਤ ਸਾਰਾ ਪਿਆਰ ਅਤੇ ਖੁਸ਼ੀ... ਅਤੇ ਬਹੁਤ ਸਾਰੇ ਬੱਚੇ!!!

ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਕੰਕਾਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਦੋਂ ਤੁਸੀਂ ਦੀਪਵੀਰ ਦੇ ਵਿਆਹ ਦੀ ਫੋਟੋ ਦੀ ਬਹੁਤ ਦੇਰ ਤੋਂ ਉਡੀਕ ਕਰ ਰਹੇ ਹੋਵੋ।

ਟਵਿੱਟਰ 'ਤੇ ਤਮੰਨਾ ਵਾਹੀ ਨੇ ਲਿਖਿਆ ਸੀ ਕਿ ਕੱਲ ਰਾਮ ਲੀਲਾ ਦੇ ਅਤੇ ਲੀਲਾ ਰਾਮ ਦੇ ਹੋ ਜਾਣਗੇ ਅਤੇ ਅਸੀਂ ਟਵਿੱਟਰ 'ਤੇ ਤਸਵੀਰਾਂ ਦੀ ਉਡੀਕ ਕਰ ਰਹੇ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)