You’re viewing a text-only version of this website that uses less data. View the main version of the website including all images and videos.
ਅਕਾਲੀ ਦਲ ਬਾਦਲ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਕੀ ਕਿਹਾ
ਸੇਵਾ ਸਿੰਘ ਸੇਖਵਾਂ ਤੋਂ ਬਾਅਦ ਅਕਾਲੀ ਦਲ ਵਿੱਚੋਂ ਦੋ ਹੋਰ ਟਕਸਾਲੀ ਆਗੂਆਂ ਦੀ ਛੁੱਟੀ ਹੋ ਗਈ ਹੈ। ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਨੂੰ ਵੀ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ।
ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, ''ਕੋਰ ਕਮੇਟੀ ਵਿੱਚ ਲੀਡਰ ਸਾਹਿਬਾਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਖੁੱਲ ਕੇ ਚਰਚਾ ਹੋਈ। ਭਰੇ ਮਨ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ, ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਗਿਆ।''
ਅਜਨਾਲਾ ਤੇ ਬ੍ਰਹਮਪੁਰਾ ਵੀ ਸੇਵਾ ਸਿੰਘ ਸੇਖਵਾਂ ਨਾਲ ਸੁਰ ਵਿੱਚ ਸੁਰ ਮਿਲਾ ਰਹੇ ਸਨ।
2007 ਤੋਂ 2017 ਤੱਕ ਪੰਜਾਬ ਦੀ ਸੱਤਾ 'ਤੇ ਅਕਾਲੀ ਦਲ ਕਾਬਿਜ ਰਹੀ ਅਤੇ ਇਸੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋਈ।
ਸੱਤਾ ਦੇ ਦੱਸ ਸਾਲਾਂ ਵਿੱਚ ਜੋ ਕੁਝ ਹੋਇਆ ਉਸ ਲਈ ਇਨ੍ਹਾਂ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਪਾਰਟੀ ਦੀ ਪ੍ਰਧਾਨਗੀ ਛੱਡਣ ਦੀ ਵੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ
ਕੀ ਕਿਹਾ ਅਜਨਾਲਾ ਤੇ ਬ੍ਰਹਮਪੁਰਾ ਨੇ?
ਪਾਰਟੀ ਤੋਂ ਛੁੱਟੀ ਹੋਈ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁੜ ਉਹੀ ਗੱਲ ਕਹੀ, ''ਅਸੀਂ ਪਾਰਟੀ ਖਿਲਾਫ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਲਾਂਭੇ ਕੀਤਾ ਜਾਵੇ। ਸਾਰਿਆਂ ਨੂੰ ਪੁੱਤਰ ਪਿਆਰੇ ਹੁੰਦੇ ਹਨ ਪਰ ਬਾਦਲ ਸਾਹਿਬ ਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ।''
ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਮਾਫੀ ਅਤੇ ਬਰਗਾੜੀ ਕਾਂਡ ਬਾਰੇ ਅਸੀਂ ਆਵਾਜ਼ ਚੁੱਕੀ।ਅਸੀਂ ਲੋਕਾਂ ਅੱਗੇ ਸੱਚੀ ਗੱਲ ਕੀਤੀ ਹੈ ਤੇ ਆਪਣੀ ਲੜਾਈ ਜਾਰੀ ਰੱਖਾਂਗੇ।
ਪਹਿਲਾਂ ਹੀ ਪਾਰਟੀ ਵਿੱਚੋਂ ਕੱਢੇ ਗਏ ਸੇਵਾ ਸਿੰਘ ਸੇਖਵਾਂ ਮੁੜ ਬੋਲੇ ਅਤੇ ਕਿਹਾ, ''ਸੁਖਬੀਰ ਸਿੰਘ ਬਾਦਲ ਤੁਸੀਂ ਪਾਰਟੀ ਲਈ ਕੀ ਕੀਤਾ, ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਤੇ ਹਰਸਿਮਰਤ ਕੌਰ ਨੇ ਕਿਹੜੀ ਕੁਰਬਾਨੀਆਂ ਦਿੱਤੀਆਂ। ਅਸੀਂ ਪਾਰਟੀ ਵਿੱਚੋਂ ਬਾਹਰ ਨਹੀਂ ਹੋਵਾਂਗੇ ਸਗੋਂ ਪਾਰਟੀ ਨੂੰ 15 ਸੀਟਾਂ ਉੱਤੇ ਲਿਆਉਣ ਵਾਲਿਆਂ ਨੂੰ ਬਾਹਰ ਕੱਢਾਂਗੇ। ਸੁਖਬੀਰ ਬਾਦਲ ਦੀ ਕਵਾਲਿਟੀ ਇਹੀ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ।''
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਸੇਵਾ ਸਿੰਘ ਸੇਖਵਾਂ ਦੀ ਹੋਈ ਸੀ ਛੁੱਟੀ
ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਸੇਖਵਾਂ ਨੇ ਕਿਹਾ ਸੀ ਕਿ ਪਾਰਟੀ ਤੋਂ ਬਾਹਰ ਉਨ੍ਹਾਂ ਲੋਕਾਂ ਨੂੰ ਭੇਜਿਆ ਜਾਵੇਗਾ ਜੋ ਅਕਾਲੀ ਦਲ ਦੇ ਮਾੜੇ ਹਾਲਾਤ ਲਈ ਜ਼ਿੰਮੇਵਾਰ ਹਨ।
ਸੇਖਵਾਂ ਨੇ ਬਿਆਨ ਦਿੱਤਾ ਹੀ ਸੀ ਕਿ ਇਸ ਮਗਰੋਂ ਅਕਾਲੀ ਦਲ ਨੇ ਵੀ ਇੱਕ ਬਿਆਨ ਜਾਰੀ ਕੀਤਾ ਕਿ ਸੇਖਵਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਂਦਾ ਹੈ।
ਅਕਾਲੀ ਦਲ ਵੱਲੋਂ ਬਿਆਨ ਜਾਰੀ ਕਰਕੇ ਪਾਰਟੀ ਵੱਲੋਂ ਕਿਹਾ ਗਿਆ ਸੀ , ''ਇਹ ਕਾਰਵਾਈ ਸੇਖਵਾਂ ਵੱਲੋਂ ਪਾਰਟੀ-ਵਿਰੋਧੀ ਕੰਮਾਂ ਦੀ ਵਜ੍ਹਾ ਨਾਲ ਕੀਤੀ ਗਈ। ਮੌਕਾਪ੍ਰਸਤ ਸੇਖਵਾਂ ਲਗਾਤਾਰ ਚਾਰ ਚੋਣਾਂ ਹਾਰ ਚੁੱਕੇ ਹਨ ਅਤੇ ਹੁਣ ਆਪਣੀ ਪਾਰਟੀ ਦੀ ਪਿੱਠ 'ਚ ਖੰਜਰ ਮਾਰ ਰਹੇ ਹਨ।''
ਸੁਖਬੀਰ ਬਾਦਲ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕਰ ਚੁੱਕੇ ਹਨ
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਲੀਡਰਾਂ ਨੂੰ ਮਨਾਉਣ ਲਈ ਅਤੇ ਪਾਰਟੀ ਵਿੱਚ ਸੰਕਟ ਦੂਰ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਵੀ ਛੱਡਣ ਦੀ ਪੇਸ਼ਕਸ਼ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ , "ਪਾਰਟੀ ਜੇਕਰ ਪ੍ਰਧਾਨਗੀ ਲਈ ਕਿਸੇ ਹੋਰ ਨੂੰ ਮੌਕਾ ਦੇਵੇਗੀ ਤਾਂ ਮੈਂ ਸੇਵਾਮੁਕਤ ਹੋਣ ਲਈ ਤਿਆਰ ਹਾਂ। ਪਾਰਟੀ ਸਭ ਤੋਂ ਵੱਡੀ ਹੈ, ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ। ਪਾਰਟੀ ਦੇ ਸੀਨੀਅਰ ਲੀਡਰ ਸਾਡੇ ਬਜ਼ੁਰਗ ਹਨ ਮੈਂ ਉਨ੍ਹਾਂ ਦੇ ਪੈਰੀਂ ਹੱਥ ਵੀ ਲਾਉਂਦਾ ਹਾਂ।"