ਮੇਰਠ ਦੇ ਹਾਸ਼ਿਮਪੁਰਾ 'ਚ 31 ਸਾਲ ਪਹਿਲਾ ਹੋਏ ਕਤਲੇਆਮ ਦੀਆਂ ਕੁਝ ਸਮਾਂ ਪਹਿਲਾਂ ਖਿੱਚੀਆਂ ਗਈਆਂ ਤਸਵੀਰਾਂ

ਮੇਰਠ ਦੇ ਹਾਸ਼ਿਮਪੁਰਾ ਵਿੱਚ 31 ਸਾਲ ਪਹਿਲਾਂ ਹੋਈ ਨਸਲਕੁਸ਼ੀ ਵਿੱਚ ਦਿੱਲੀ ਹਾਈ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਫੋਟੋ ਪੱਤਰਕਾਰ ਪ੍ਰਵੀਨ ਜੈਨ ਨੇ ਜੇਕਰ ਮਈ 1987 ਵਿੱਚ ਹੋਏ ਇਸ ਕਤਲੇਆਮ ਦੇ ਕੁਝ ਘੰਟਿਆਂ ਪਹਿਲਾਂ ਇਹ ਤਸਵੀਰਾਂ ਨਾ ਖਿੱਚੀਆਂ ਹੁੰਦੀਆਂ ਤਾਂ ਮਾਰੇ ਗਏ ਲੋਕਾਂ ਦੇ ਇਨ੍ਹਾਂ ਆਖ਼ਰੀ ਪਲਾਂ ਬਾਰੇ ਸ਼ਾਇਦ ਹੀ ਪਤੀ ਲਗਦਾ।

21 ਸਾਲ ਦੇ ਪ੍ਰਵੀਨ ਜੈਨ ਨੂੰ ਦਫ਼ਤਰ ਵੱਲੋਂ ਮੇਰਠ ਇੱਕ ਰੂਟੀਨ ਅਸਾਈਨਮੈਂਟ ਲਈ ਭੇਜਿਆ ਗਿਆ ਸੀ। ਉਨ੍ਹਾਂ ਨੇ ਟੈਕਸੀ ਲਈ ਅਤੇ ਮੇਰਠ ਪਹੁੰਚ ਗਏ।

ਪੁਲਿਸ ਵਾਇਰਲੈਸ ਮੈਸਜ 'ਤੇ ਪਤਾ ਲੱਗਾ ਕਿ ਹਾਸ਼ਿਮਪੁਰਾ ਨਾਮ ਦੀ ਥਾਂ 'ਤੇ ਸੈਨਾ ਦਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਤਾਂ ਉਹ ਉੱਥੇ ਪਹੁੰਚ ਗਏ। ਉੱਥੇ ਪੁਲਿਸ ਅਤੇ ਪੀਐਸੀ ਦੀ ਮਦਦ ਨਾਲ ਸੈਨਾ ਦਾ ਸਰਚ ਆਪਰੇਸ਼ਨ ਜਾਰੀ ਸੀ।

ਇਹ ਵੀ ਪੜ੍ਹੋ:

ਬੀਬੀਸੀ ਨਾਲ ਗੱਲ ਕਰਦਿਆਂ ਪ੍ਰਵੀਨ ਦੱਸਦੇ ਹਨ, "ਲੋਕਾਂ ਨੂੰ ਬੰਦੂਕਾਂ ਦੇ ਬਟਾਂ ਨਾਲ ਕੁੱਟਿਆ ਜਾ ਰਿਹਾ ਸੀ। ਉਨ੍ਹਾਂ ਨੂੰ ਕੁੱਟਣ ਵਾਲਿਆਂ ਦੇ ਹੱਥ ਵਿੱਚ ਹਾਕੀ ਸਟਿਕਸ ਸਨ। ਛੱਤ 'ਤੇ ਖੜੀਆਂ ਔਰਤਾਂ ਰੋ ਰਹੀਆਂ ਸਨ ਕਿ ਸਾਡੇ ਪਤੀ ਬਚਾਓ, ਬੱਚਿਆਂ 'ਤੇ ਰਹਿਮ ਖਾਓ।"

"ਪਰ ਕੋਈ ਵੀ ਨਹੀਂ ਸੁਣ ਰਿਹਾ ਸੀ ਅਤੇ ਲੋਕ ਸਿਰਫ਼ ਕੁੱਟ ਰਹੇ ਸਨ। ਮੈਂ ਦੇਖਿਆ ਕਿ ਹੱਥ ਚੁੱਕੀ ਨੌਜਵਾਨ ਉੱਥੋਂ ਲੰਘ ਰਹੇ ਸਨ।"

ਪ੍ਰਵੀਨ ਜੈਨ ਕਹਿੰਦੇ ਹਨ, "ਘਰਾਂ ਵਿੱਚ ਔਰਤਾਂ ਰੋ ਰਹੀਆਂ ਸਨ ਕਿ ਸਾਡੇ ਪਤੀਆਂ ਨੂੰ ਛੱਡ ਦਿਓ, ਬੱਚਿਆਂ ਨੂੰ ਛੱਡ ਦਿਓ, ਉਨ੍ਹਾਂ 'ਤੇ ਰਹਿਮ ਕਰੋ। ਆਰਮੀ ਨੇ ਘਰਾਂ ਨੂੰ ਟੇਕਓਵਰ ਕੀਤਾ ਹੋਇਆ ਸੀ। ਤਲਾਸ਼ੀ ਚੱਲ ਰਹੀ ਸੀ। ਸੈਨਾ ਨੇ ਪੁਲਿਸ ਅਤੇ ਪੀਏਸੀ ਦੀ ਮਦਦ ਨਾਲ ਮੁਹੱਲੇ ਨੂੰ ਘੇਰ ਲਿਆ ਸੀ।"

ਇਹ ਵੀ ਪੜ੍ਹੋ:

ਪ੍ਰਵੀਨ ਦੱਸਦੇ ਹਨ, "ਫੜੇ ਗਏ ਲੋਕਾਂ ਨੂੰ ਗਲੀਆਂ 'ਚੋਂ ਲਿਜਾਇਆ ਜਾ ਰਿਹਾ ਸੀ। ਸੈਨਾ ਅਤੇ ਪੀਏਸੀ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਨੂੰ ਰਾਊਂਡ ਅੱਪ ਕਰਵਾਉਣ, ਕੁੱਟਣ ਤੋਂ ਬਾਅਦ ਸੈਨਾ ਨੇ ਉਨ੍ਹਾਂ ਨੂੰ ਪੁਲਿਸ ਅਤੇ ਪੀਏਸੀ ਦੇ ਹਵਾਲੇ ਕਰ ਦਿੱਤਾ।"

"ਸਾਨੂੰ ਲੱਗਾ ਕਿ ਸਭ ਖ਼ਤਮ ਹੋ ਗਿਆ ਹੈ। ਸਾਨੂੰ ਲੱਗਾ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ। ਅਸੀਂ ਸ਼ਾਮ ਨੂੰ ਵਾਪਸ ਦਿੱਲੀ ਆ ਗਏ। ਉਸੇ ਦਿਨ ਹੀ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। 42 ਲੋਕਾਂ ਦੀ ਮੌਤ ਹੋ ਗਈ ਸੀ।"

ਪ੍ਰਵੀਨ ਜੈਨ ਮੁਤਾਬਕ, "ਪੁਲਿਸ ਨੇ ਸਥਾਨਕ ਮੀਡੀਆ ਨੂੰ ਇਲਾਕੇ ਤੋਂ ਬਾਹਰ ਕਰ ਦਿੱਤਾ ਸੀ। ਮੈਂ ਝਾੜੀਆਂ ਵਿੱਚ ਲੁੱਕ ਗਿਆ ਸੀ। ਮੈਂ ਲਗਾਤਾਰ ਤਸਵੀਰਾਂ ਖਿੱਚ ਰਿਹਾ ਸੀ। ਮੈਂ ਦੋ-ਤਿੰਨ ਵਾਰ ਫੜਿਆ ਵੀ ਗਿਆ ਸੀ। ਉਨ੍ਹਾਂ ਨੇ ਮੈਨੂੰ ਕੁੱਟਿਆ ਵੀ ਪਰ ਮੈਂ ਇਸ ਤੋਂ ਪਹਿਲਾਂ 1984 ਦੀ ਨਸਲਕੁਸ਼ੀ ਕਵਰ ਕੀਤੀ ਹੋਈ ਸੀ, ਇਸ ਲਈ ਮੈਨੂੰ ਅਜਿਹੇ ਹਾਲਾਤ ਦਾ ਪਤਾ ਸੀ।"

"ਕੁੱਟਣ ਤੋਂ ਬਾਅਦ ਉਹ ਮੈਨੂੰ ਸੁੱਟ ਦਿੰਦੇ, ਮੈਂ ਫੇਰ ਵਾਪਸ ਜਾਂਦਾ ਸੀ ਕਿ ਕਿਵੇਂ ਤਸਵੀਰਾਂ ਖਿੱਚੀਆਂ ਜਾਣ, ਕਿੱਥੋਂ ਐਂਗਲ ਬਣਾਇਆ ਜਾਵੇ ਪਰ ਸਥਾਨਕ ਮੀਡੀਆ ਡਰਿਆ ਹੋਇਆ ਸੀ।"

ਪ੍ਰਵੀਨ ਨੇ ਦੱਸਿਆ ਉਨ੍ਹਾਂ ਨੂੰ ਥੱਪੜ, ਮੁੱਕੇ ਅਤੇ ਲੱਤਾਂ ਨਾਲ ਕੁੱਟਿਆ ਗਿਆ। ਉਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਇਲਾਕੇ ਤੋਂ ਦੂਰ ਚਲੇ ਜਾਣ।

ਪ੍ਰਵੀਨ ਕਹਿੰਦੇ ਹਨ, "ਕਿਸੇ ਨੂੰ ਪਤਾ ਨਹੀਂ ਸੀ ਕਿ ਅਜਿਹਾ ਕੁਝ ਹੋ ਜਾਵੇਗਾ। ਸ਼ਾਇਦ ਸੈਨਾ ਨੂੰ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ।"

ਇਹ ਵੀ ਪੜ੍ਹੋ:

ਪ੍ਰਵੀਨ ਦਾ ਕਹਿਣਾ ਹੈ, "ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਨ੍ਹਾਂ ਲੋਕਾਂ ਦੀਆਂ ਮੈਂ ਤਸਵੀਰਾਂ ਖਿੱਚ ਰਿਹਾ ਹਾਂ, ਉਹ ਮਾਰੇ ਜਾਣਗੇ। ਮੈਨੂੰ ਅੱਜ ਵੀ ਉਨ੍ਹਾਂ ਦਾ ਰੋਣਾ ਯਾਦ ਆਉਂਦਾ ਹੈ ਕਿ ਮੈਨੂੰ ਛੱਡ ਦਿਓ।"

"ਉਨ੍ਹਾਂ ਦਿਨਾਂ ਵਿੱਚ ਇੱਕ-ਇੱਕ ਕੈਮਰਾ ਫਰੇਮ ਕਰਕੇ ਸ਼ੂਟ ਕਰਨਾ ਪੈਂਦਾ ਸੀ। ਮੈਂ ਕਰੀਬ ਇੱਕ ਰੋਲ ਤਸਵੀਰਾਂ (ਕਰੀਬ 30-35) ਖਿੱਚੀਆਂ ਹੋਣਗੀਆਂ।"

ਪ੍ਰਵੀਨ ਮੁਤਾਬਕ, "ਹਾਸ਼ਿਮਪੁਰਾ ਵਿੱਚ ਮੈਂ ਦੇਖਿਆ ਕਿ ਇੱਕ ਮੁੰਡਾ ਗੰਨਪੁਆਇੰਟ 'ਤੇ ਨਮਾਜ਼ ਪੜ੍ਹ ਰਿਹਾ ਹੈ। ਜਦੋਂ 28 ਸਾਲ ਬਾਅਦ ਦੋਬਾਰਾ ਮੈਂ ਹਾਸ਼ਿਮਪੁਰਾ ਗਿਆ ਤਾਂ ਮੇਰੇ ਦਿਮਾਗ਼ ਵਿੱਚ ਸਵਾਲ ਸੀ ਕਿ ਉਹ ਮੁੰਡਾ ਕਿੱਥੇ ਗਿਆ।"

"ਜਦੋਂ ਮੈਂ ਉੱਥੇ ਪਹੁੰਚਿਆ ਤਾਂ ਬਚੇ ਹੋਏ ਲੋਕਾਂ ਨੂੰ ਯਾਦ ਸੀ ਕਿ ਮੈਂ ਉੱਥੇ ਉਸ ਦਿਨ ਤਸਵੀਰਾਂ ਖਿੱਚ ਰਿਹਾ ਸੀ। ਬਜ਼ੁਰਗ ਹੋ ਚੁੱਕੇ ਲੋਕਾਂ ਨੇ ਮੈਨੂੰ ਪਛਾਣ ਲਿਆ।"

"ਉਨ੍ਹਾਂ ਨੇ ਮੈਨੂੰ ਕਿਹਾ ਤੁਸੀਂ ਤਾਂ ਬਹੁਤ ਮੋਟੇ ਹੋ ਗਏ ਹੋ। ਪਹਿਲਾਂ ਤਾਂ ਤੁਸੀਂ ਪਤਲੇ ਹੁੰਦੇ ਸੀ, ਤੁਸੀਂ ਲੁੱਕ ਕੇ ਤਸਵੀਰਾਂ ਖਿੱਚ ਰਹੇ ਸੀ।"

ਪ੍ਰਵੀਨ ਜੈਨ ਕਹਿੰਦੇ ਹਨ, "ਮੇਰੀਆਂ ਅੱਖਾਂ ਉਸ ਮੁੰਡੇ ਨੂੰ ਲੱਭ ਰਹੀਆਂ ਸਨ। ਮੈਂ ਪੁੱਛਿਆ ਕਿ ਉਹ ਮੁੰਡਾ ਕਿੱਥੇ ਹੈ। ਜਦੋਂ ਮੈਨੂੰ ਪਤਾ ਲੱਗਾ ਕਿ ਉਹ ਜ਼ਿੰਦਾ ਹੈ ਤਾਂ ਮੈਨੂੰ ਬਹੁਤ ਚੰਗਾ ਲੱਗਾ। ਉਸ ਦਾ ਵਿਆਹ ਹੋ ਗਿਆ ਸੀ।"

"ਸਾਰਿਆਂ ਨੇ ਮੈਨੂੰ ਗਲ ਲਾਇਆ ਅਤੇ ਉਸ ਮੁੰਡੇ ਨਾਲ ਵੀ ਮਿਲਵਾਇਆ। ਉਹ ਰੋ ਰਿਹਾ ਸੀ ਅਤੇ ਮੈਂ ਵੀ ਰੋ ਰਿਹਾ ਸਾਂ।"

(ਬੀਬੀਸੀ ਪੱਤਰਕਾਰ ਵਿਨੀਤ ਖਰੇ ਨਾਲ ਗੱਲਬਾਤ 'ਤੇ ਆਧਾਰਿਤ)

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)