ਸਰਹੱਦ ਪਾਰੋਂ ਨਸ਼ਾ ਤਸਕਰਾਂ ਲਈ 'ਬੀਮਾ' ਸਕੀਮ !

ਭਾਰਤ ਤੇ ਪਾਕਿਸਤਾਨ ਸਰਹੱਦ 'ਤੇ ਤਸਕਰਾਂ ਵੱਲੋਂ ਤਸਕਰੀ ਤੇ ਰਾਬਤਾ ਕਾਇਮ ਕਰਨ ਲਈ ਵੱਖ-ਵੱਖ ਪੈਂਤਰੇ ਅਜਮਾਏ ਜਾਣ ਦੀ ਖ਼ਬਰਾਂ ਆਉਂਦੀਆਂ ਹਨ ਪਰ ਇੰਟਰਨੈੱਟ ਦੇ ਜ਼ਮਾਨੇ ਵਿੱਚ ਹੁਣ ਤਸਕਰ ਵੀ ਹਾਈਟੈਕ ਹੁੰਦੇ ਜਾ ਰਹੇ ਹਨ।

ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਨਰਿੰਦਰਪਾਲ ਸਿੰਘ ਰੂਬੀ ਨੇ ਬੀਬੀਸੀ ਪੰਜਾਬੀ ਦੇ ਲਈ ਗੁਰਦਰਸ਼ਨ ਸਿੰਘ ਸੰਧੂ ਨਾਲ ਗੱਲਬਾਤ ਵਿੱਚ ਦੱਸਿਆ ਕਿ ਸਰਹੱਦ ਦੇ ਦੋਵੇਂ ਪਾਸੇ ਬੈਠੇ ਤਸਕਰ ਵਟਸਐਪ ਜ਼ਰੀਏ ਇੱਕ ਦੂਜੇ ਨਾਲ ਰਾਬਤਾ ਕਾਇਮ ਕਰਦੇ ਹਨ।

ਨਰਿੰਦਰਪਾਲ ਸਿੰਘ ਮੁਤਾਬਕ ਪਹਿਲਾਂ ਵਾਂਗ ਹੁਣ ਭਾਰਤੀ ਤਸਕਰਾਂ ਨੂੰ ਪਾਕਿਸਤਾਨੀ ਸਿਮ ਲੈਣ ਦੀ ਲੋੜ ਨਹੀਂ ਹੈ। ਹੁਣ ਉਹ ਵਟਸਐਪ ਆਡੀਓ ਤੇ ਵੀਡੀਓ ਕਾਲਿੰਗ ਜ਼ਰੀਏ ਆਪਸ ਵਿੱਚ ਗੱਲਬਾਤ ਕਰਦੇ ਹਨ।

ਨਰਿੰਦਰਪਾਲ ਨੇ ਦੱਸਿਆ, "ਫੋਨ ਕਾਲ ਟ੍ਰੇਸ ਕਰਨੀ ਸੌਖੀ ਹੁੰਦੀ ਹੈ ਪਰ ਵਟਸਐਪ ਕਾਲ ਨੂੰ ਫੜਨਾ ਮੁਸ਼ਕਿਲ ਹੁੰਦਾ ਹੈ। ਇਸ ਲਈ ਵੱਡੀ ਗਿਣਤੀ ਵਿੱਚ ਤਸਕਰਾਂ ਵੱਲੋਂ ਵਟਸਐਪ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।''

'ਨਸ਼ਾ ਫੜ੍ਹੇ ਜਾਣ 'ਤੇ ਨਹੀਂ ਲਏ ਜਾਂਦੇ ਪੈਸੇ'

ਨਰਿੰਦਰਪਾਲ ਸਿੰਘ ਰੂਬੀ ਮੁਤਾਬਕ ਹੁਣ ਸਰਹੱਦ ਦੇ ਦੂਜੇ ਪਾਸੇ ਬੈਠੇ ਤਸਕਰ ਭਾਰਤੀ ਪਾਸੇ ਦੇ ਤਸਕਰਾਂ ਨੂੰ ਇੱਕ ਖਾਸ ਸਹੂਲਤ ਦਿੰਦੇ ਹਨ।

ਉਨ੍ਹਾਂ ਦੱਸਿਆ, "ਡਰੱਗਸ ਜਾਂ ਹਥਿਆਰ ਫੜੇ ਜਾਣ ਦੀ ਸੂਰਤ ਵਿੱਚ ਭਾਰਤ ਵੱਲ ਦੇ ਤਸਕਰਾਂ ਨੂੰ ਪੁਲਿਸ ਦੀ ਬਰਾਮਦਗੀ ਬਾਰੇ ਕੀਤੀ ਪ੍ਰੈੱਸ ਕਾਨਫਰੰਸ ਦੀਆਂ ਤਸਵੀਰਾਂ ਵਟਸਐਪ ਜ਼ਰੀਏ ਭੇਜੀਆਂ ਜਾਂਦੀਆਂ ਹਨ।''

ਉਨ੍ਹਾਂ ਅੱਗੇ ਕਿਹਾ, "ਇਨ੍ਹਾਂ ਤਸਵੀਰਾਂ ਜ਼ਰੀਏ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨੂੰ ਇਸ ਗੱਲ ਦੀ ਤਸਦੀਕ ਹੋ ਜਾਂਦੀ ਹੈ ਕਿ ਡਰੱਗਰਸ ਫੜੀ ਗਈ।''

"ਜੇ ਉਨ੍ਹਾਂ ਨੂੰ ਪੂਰੀ ਤਸੱਲੀ ਹੋ ਜਾਂਦੀ ਹੈ ਕਿ ਡਰੱਗਸ ਦੀ ਬਰਾਮਦਗੀ ਲਈ ਭਾਰਤੀ ਤਸਕਰ ਜ਼ਿੰਮੇਵਾਰ ਨਹੀਂ ਤਾਂ ਉਹ ਉਸ ਖੇਪ ਦੇ ਪੈਸੇ ਭਾਰਤੀ ਤਸਕਰਾਂ ਤੋਂ ਨਹੀਂ ਲੈਂਦੇ ਹਨ।''

ਨਰਿੰਦਰਪਾਲ ਮੁਤਾਬਕ ਤਸਕਰ ਪੈਸਿਆਂ ਦਾ ਲੈਣ-ਦੇਣ ਹਵਾਲਾ ਦੇ ਜ਼ਰੀਏ ਕਰਦੇ ਹਨ। ਡਿਲੀਵਰੀ ਦੀ ਤਸਦੀਕ ਹੋਣ 'ਤੇ ਪਾਕਿਸਤਾਨ ਵਿੱਚ ਬੈਠੇ ਤਸਕਰ ਹਵਾਲਾ ਏਜੰਟਾਂ ਜ਼ਰੀਏ ਪੈਸਾ ਭੇਜ ਦਿੰਦੇ ਹਨ।

ਨਰਿੰਦਰਪਾਲ ਰੂਬੀ ਮੁਤਾਬਕ ਸੁਰੱਖਿਆ ਏਜੰਸੀਆਂ ਤਸਕਰਾਂ ਵੱਲੋਂ ਇੰਟਰਨੈੱਟ ਦਾ ਇਸਤੇਮਾਲ ਕਰਨ ਦਾ ਤੋੜ ਲੱਭ ਰਹੀਆਂ ਹਨ।

ਕੀ ਹਨ ਤਸਕਰੀ ਦੇ ਤਰੀਕੇ?

ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਮੁਤਾਬਕ ਧੁੰਦ ਦੇ ਚੱਲਦੇ ਸਤਲੁਜ ਦੇ ਰਸਤੇ ਵੀ ਤਸਕਰ ਪਾਣੀ ਰਾਹੀਂ ਤਸਕਰੀ ਕਰਦੇ ਹਨ।

ਉਨ੍ਹਾਂ ਕਿਹਾ, "ਕਦੇ ਪਾਣੀ ਵਿਚ ਟੁੱਭੀ ਮਾਰ ਕੇ ਅਤੇ ਕਦੇ ਪਾਕਿਸਤਾਨ ਵਾਲੇ ਪਾਸਿਓਂ ਸਤਲੁਜ ਵਿਚ ਤੈਰ ਕੇ ਆ ਰਹੀ ਜੰਗਲੀ ਬੂਟੀ (ਕਲਾਲੀ ਬੂਟੀ) ਵਿੱਚ ਛੁਪਾ ਕੇ ਵੀ ਨਸ਼ਾ ਭੇਜਦੇ ਰਹਿੰਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)