ਮੈਲਬਰਨ ਹਮਲਾ: ਸ਼ੱਕੀ ਦੀ ਪੁਲਿਸ ਗੋਲੀਬਾਰੀ 'ਚ ਮੌਤ

ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ 'ਚ ਚਾਕੂ ਨਾਲ ਹਮਲਾ ਕਰਕੇ ਇੱਕ ਆਦਮੀ ਨੂੰ ਹਲਾਕ ਤੇ ਦੋ ਹੋਰਾਂ ਨੂੰ ਜ਼ਖਮੀ ਕਰਨ ਵਾਲੇ ਇੱਕ ਆਦਮੀ ਨੂੰ ਪੁਲਿਸ ਨੇ ਗੋਲੀ ਨਾਲ ਮਾਰ ਦਿੱਤਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਨੂੰ ਇੱਕ ਅੱਤਵਾਦੀ ਘਟਨਾ ਮੰਨ ਰਹੇ ਹਨ।

ਹਮਲਾਵਰ ਨੇ ਇੱਕ ਕਾਰ ਨੂੰ ਅੱਗ ਵੀ ਲਗਾ ਦਿੱਤੀ ਸੀ। ਦੋਵੇਂ ਜ਼ਖਮੀ ਹਸਪਤਾਲ 'ਚ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦਾ ਹਾਲਤ ਨਾਜ਼ੁਕ ਦੱਸੀ ਗਈ ਹੈ।

ਹੁਣ ਤੱਕ ਹਮਲਾਵਰ ਦਾ ਨਾਂ ਨਹੀਂ ਦੱਸਿਆ ਗਿਆ। ਪੁਲਿਸ ਮੁਤਾਬਕ ਉਹ ਇਕੱਲਾ ਹੀ ਸੀ ਅਤੇ ਫਿਲਹਾਲ ਕਿਸੇ ਹੋਰ ਦੀ ਭਾਲ ਨਹੀਂ ਚੱਲ ਰਹੀ।

ਵਿਕਟੋਰੀਆ ਪੁਲਿਸ ਦੇ ਚੀਫ ਕਮਿਸ਼ਨਰ ਗ੍ਰਾਹਮ ਐਸ਼ਟਨ ਨੇ ਦੱਸਿਆ, "ਅਸੀਂ ਅਜੇ ਇਹ ਨਹੀਂ ਮੰਨ ਰਹੇ ਕਿ ਕੋਈ ਖ਼ਤਰਾ ਬਾਕੀ ਹੈ। ਫਿਰ ਵੀ ਇਸ ਨੂੰ ਇੱਕ ਅੱਤਵਾਦੀ ਹਮਲੇ ਵਜੋਂ ਹੀ ਵੇਖ ਰਹੇ ਹਾਂ।"

ਉਨ੍ਹਾਂ ਨੇ ਇਹ ਵੀ ਕਿਹਾ ਕਿ ਹਮਲਾਵਰ ਬਾਰੇ ਮਹਿਕਮੇ ਨੂੰ ਜਾਣਕਾਰੀ ਸੀ। ਪੁਲਿਸ ਦਾ ਕਹਿਣਾ ਹੈ ਹਮਲਾਵਰ ਸੋਮਾਲੀਆ ਮੂਲ ਦਾ ਹੈ ਅਤੇ ਗੈਸ ਸਿਲੰਡਰਾਂ ਨਾਲ ਭਰੇ ਇੱਕ ਵਾਹਨ 'ਚ ਸੀ ਜਿਸ ਨੂੰ ਅੱਗ ਲੱਗੀ।

ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ 4.20 (ਭਾਰਤੀ ਸਮੇਂ ਮੁਤਾਬਕ ਸਵੇਰੇ 11) ਵਜੇ ਅਫਸਰਾਂ ਨੂੰ ਪਹਿਲਾਂ ਇੱਕ ਕਾਰ 'ਚ ਅੱਗ ਲੱਗਣ ਦੀ ਖ਼ਬਰ ਮਿਲੀ। ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਿਸਵਾਲੇ ਆਪਣੀ ਕਾਰ ਵਿੱਚੋਂ ਬਾਹਰ ਨਿਕਲੇ ਤਾਂ ਹੱਥ ਵਿੱਚ ਚਾਕੂ ਫੜ੍ਹਿਆਂ ਇੱਕ ਆਦਮੀ ਉਨ੍ਹਾਂ ਦੇ ਸਾਹਮਣੇ ਆਇਆ।

ਉਸੇ ਦੌਰਾਨ ਲੋਕਾਂ ਦੀਆਂ ਨੂੰ ਚੀਕਾਂ ਸੁਣੀਆਂ ਕਿ ਕੁਝ ਰਾਹਗੀਰਾਂ ਨੂੰ ਚਾਕੂ ਨਾਲ ਮਾਰਿਆ ਗਿਆ ਹੈ।

ਪੁਲਿਸ ਨੇ ਹਮਲਾਵਰ ਨੂੰ ਗੋਲੀ ਮਾਰੀ ਅਤੇ ਉਹ ਦੀ ਮੌਤ ਬਾਅਦ 'ਚ ਹਸਪਤਾਲ 'ਚ ਹੋਈ।

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ