ਪੰਜਾਬ ਛੱਡ ਕੇ ਕਿਉਂ ਜਾਣ ਲੱਗੇ ਕਸ਼ਮੀਰੀ ਵਿਦਿਆਰਥੀ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

"14 ਸਤੰਬਰ ਨੂੰ ਜਦੋਂ ਮਕਸੂਦਾਂ ਥਾਣੇ ਦੇ ਬਾਹਰ ਚਾਰ ਹਲਕੇ ਬੰਬ ਧਮਾਕੇ ਹੋਏ ਸਨ ਤਾਂ ਅਸੀਂ ਸੋਚਿਆ ਨਹੀਂ ਸੀ ਕਿ ਇਸ ਦਾ ਪਰਛਾਵਾਂ ਕਸ਼ਮੀਰੀ ਵਿਦਿਆਰਥੀਆਂ 'ਤੇ ਵੀ ਪਵੇਗਾ।

10 ਅਕਤੂਬਰ ਦੀ ਰਾਤ ਨੂੰ ਜਦੋਂ ਜਲੰਧਰ ਸੀਟੀ ਇੰਸਟੀਟਿਊਟ ਦੇ ਹੋਸਟਲ ਵਿਚੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਫੜ ਕੇ ਲੈ ਗਈ ਸੀ ਤਾਂ ਲੱਗਾ ਕਿ ਸਾਰੇ ਕਸ਼ਮੀਰੀ ਵਿਦਿਆਰਥੀਆਂ ਦੀ ਸ਼ਾਮਤ ਆ ਗਈ ਹੈ।"

ਇਨ੍ਹਾਂ ਗੱਲ ਪੀਜੀ ਵਿਚ ਰਹਿ ਰਹੇ ਉਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੇ ਕੀਤਾ ਜਿਹੜੇ ਹੁਣ ਡਰਦਿਆਂ ਬਾਹਰ ਵੀ ਨਹੀਂ ਨਿਕਲਦੇ।

ਪੁਲਿਸ ਕਾਰਵਾਈ ਦਾ ਅਸਰ ਇਹ ਹੋਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਪੀਜੀ ਛੱਡ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।

ਪੰਜਾਬ ਵਿੱਚ ਪੜ੍ਹਨ ਲਈ ਆਏ ਕਸ਼ਮੀਰੀ ਵਿਦਿਆਰਥੀਆਂ ਦੇ ਮਨਾਂ ਵਿੱਚ ਦਹਿਸ਼ਤ ਇਸ ਤਰ੍ਹਾਂ ਦੀ ਹੋ ਗਈ ਹੈ, ਉਹ ਸੋਚਦੇ ਹਨ ਕਿ ਪੁਲਿਸ ਕਿਸ ਵਿਦਿਆਰਥੀ ਨੂੰ ਕਦੋਂ ਲੈ ਜਾਵੇ ਪਤਾ ਨਹੀਂ।

ਮਾਮਲੇ ਦੀ ਜਾਂਚ NIA ਦੇ ਹਵਾਲੇ

14 ਸਤੰਬਰ ਨੂੰ ਜਲੰਧਰ ਦੇ ਮਕਸੂਦਾਂ ਪੁਲਿਸ ਥਾਣੇ 'ਤੇ ਹੋਏ ਗ੍ਰੇਨੇਡ ਹਮਲੇ ਦੇ ਸਬੰਧ ਵਿੱਚ ਅਕਤੂਬਰ ਮਹੀਨੇ ਵਿੱਚ ਪੰਜਾਬ ਪੁਲਿਸ ਤੇ ਜੰਮੂ-ਕਸ਼ਮੀਰ ਪੁਲਿਸ ਦੀ ਸਾਂਝੀ ਕਰਾਵਾਈ ਵਿੱਚ ਤਿੰਨ ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਦਾ ਦਾਅਵਾ ਕੀਤਾ ਗਿਆ ਸੀ। ਇਨ੍ਹਾਂ ਵਿਦਿਆਰਥੀਆਂ ਨੂੰ ਸੀਟੀ ਇੰਸਟੀਚਿਊਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਮੁਤਾਬਕ, ''ਅੰਸਾਰ ਗਜ਼ਵਤ ਉਲ-ਹਿੰਦ ਨਾਮੀ ਜਥੇਬੰਦੀ ਨਾਲ ਜੁੜੇ ਤਿੰਨੋ ਵਿਦਿਆਰਥੀਆਂ ਦਾ ਕੇਸ ਹੁਣ ਕੌਮੀ ਜਾਂਚ ਏਜੰਸੀ (NIA) ਕਰੇਗੀ। ਇਹ ਫੈਸਲਾ ਗ੍ਰਹਿ ਮੰਤਰਾਲੇ ਤੇ ਪੰਜਾਬ ਸਰਕਾਰ ਨੇ ਕੀਤਾ ਹੈ।''

ਇਹ ਕੇਸ ਐਨਆਈਏ ਨੂੰ ਸੌਂਪਣ ਵੇਲੇ ਹਾਲਹੀ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਹੋਰ ਕਸ਼ਮੀਰੀ ਵਿਦਿਆਰਥੀਆਂ ਦਾ ਵੀ ਮਾਮਲਾ ਵਿਚਾਰਿਆ ਗਿਆ। ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਦੀ ਵੀ ਸ਼ਮੂਲੀਅਤ ਮਕਸੂਦਾਂ ਥਾਣੇ ਬਾਹਰ ਬਲਾਸਟ ਵਿੱਚ ਸੀ, ਇਨ੍ਹਾਂ ਦੇ ਦੋ ਹੋਰ ਸਾਥੀ ਫਰਾਰ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ:

ਪੀਜੀ ਮਾਲਕਾਂ ਤੇ ਕਸ਼ਮੀਰੀ ਵਿਦਿਆਰਥੀਆਂ ਦਾ ਡਰ

ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਵਿਚੋਂ ਇਕ ਤਹਿਲੀਲ ਨੇ ਦੱਸਿਆ ਕਿ ਸੀਟੀ ਇੰਸਟੀਟਿਊਟ ਦੀ ਘਟਨਾ ਤੋਂ ਬਾਅਦ ਲੱਗ ਰਿਹਾ ਸੀ ਕਿ ਮਾਮਲਾ ਸ਼ਾਂਤ ਹੋ ਗਿਆ ਹੈ ਪਰ ਸੇਂਟ ਸੋਲਜਰ ਦੇ ਦੋ ਕਸ਼ਮੀਰੀ ਵਿਦਿਆਰਥੀਆਂ ਨੂੰ ਮਕਸੂਦਾਂ ਥਾਣੇ ਦੇ ਬਾਹਰ ਹੋਏ ਬੰਬ ਧਮਾਕਿਆਂ ਦੇ ਮਾਮਲੇ ਕਾਰਨ ਇੱਕ ਵਾਰ ਫੇਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਮਕਸੂਦਾਂ ਅਤੇ ਸੂਰਤ ਨਗਰ ਇਲਾਕੇ ਦੇ ਪੀਜੀ ਵਿਚ ਰਹਿਣ ਵਾਲੇ ਕਸ਼ਮੀਰੀ ਮੁੰਡੇ ਦਹਿਸ਼ਤ ਕਾਰਨ ਗੱਲਬਾਤ ਲਈ ਤਿਆਰ ਨਹੀਂ ਪਰ ਫਿਰ ਵੀ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇੱਕ ਨੇ ਦੱਸਿਆ ਕਿ ਉਹ 21 ਨਵੰਬਰ ਤੋਂ ਸ਼ੁਰੂ ਹੋ ਰਹੇ ਪੇਪਰ ਦੇ ਕੇ ਵਾਪਸ ਚਲਾ ਜਾਵੇਗਾ। ਮਾਹੌਲ ਠੀਕ ਹੋਇਆ ਤਾਂ ਉਹ ਪੜ੍ਹਾਈ ਜਾਰੀ ਰੱਖੇਗਾ ਨਹੀਂ ਤਾਂ ਉਥੇ ਹੀ ਰੁਕ ਜਾਵੇਗਾ।

ਕਈ ਪੀਜੀ ਵਿੱਚੋਂ ਤਾਂ ਪਿਛਲੇ ਪੰਜ-ਛੇ ਸਾਲਾਂ ਤੋਂ ਰਹਿੰਦੇ ਆ ਰਹੇ ਵਿਦਿਆਰਥੀਆਂ ਨੂੰ ਪੀਜੀ ਵਿੱਚੋਂ ਕੱਢ ਹੀ ਦਿੱਤਾ ਗਿਆ ਹੈ।

ਪੀਜੀ ਮਾਲਕ ਬਲਵਿੰਦਰ ਕੌਰ ਦਾ ਕਹਿਣਾ ਸੀ ਕਿ ਉਹ ਵੀ ਡਰ ਗਏ ਸਨ ਕਿ ਜਿਹੜੇ ਕਸ਼ਮੀਰੀ ਵਿਦਿਆਰਥੀ ਉਨ੍ਹਾਂ ਕੋਲ ਰਹਿ ਰਹੇ ਹਨ ਉਹ ਵੀ ਅਜਿਹੀਆਂ ਸਰਗਰਮੀਆਂ ਵਿੱਚ ਸ਼ਾਮਿਲ ਨਾ ਹੋਣ ਪਰ ਪੁਲਿਸ ਵੱਲੋਂ ਜਾਂਚ ਕਰ ਲੈਣ ਤੋਂ ਬਾਅਦ ਉਨ੍ਹਾਂ ਨੂੰ ਤਸੱਲੀ ਹੋ ਗਈ ਹੈ।

ਇਹ ਵੀ ਪੜ੍ਹੋ:

ਇੰਸਟੀਚਿਊਟ ਦੇ ਮਾਲਕ ਦਾ ਕੀ ਕਹਿਣਾ

ਸੀਟੀ ਇੰਸਟੀਟਿਊਟ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤਿੰਨ ਵਿਦਿਅਕ ਅਦਾਰੇ ਹਨ। ਜਿਨ੍ਹਾਂ ਵਿਚ 700 ਦੇ ਕਰੀਬ ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ ਹਨ।

ਉਨ੍ਹਾਂ ਨੇ ਦੱਸਿਆ, ''ਪੁਲਿਸ ਨੇ 10 ਅਕਤੂਬਰ ਦੀ ਰਾਤ ਨੂੰ 11 ਵਜੇ ਉਨ੍ਹਾਂ ਨੂੰ ਫੋਨ ਕੀਤਾ ਸੀ ਕਿ ਉਹ ਸ਼ਾਹਪੁਰ ਇੰਸਟੀਟਿਊਟ ਆਉਣ ਅਤੇ ਉਹ ਪੁਲਿਸ ਦੇ ਸਹਿਯੋਗ ਲਈ ਉਥੇ ਪਹੁੰਚੇ।''

'' ਹੋਸਟਲ ਦੇ ਕਮਰੇ ਤੱਕ ਉਨ੍ਹਾਂ ਨੂੰ ਪੁਲਿਸ ਨਹੀਂ ਲੈ ਕੇ ਗਈ। ਕਮਰੇ 'ਚੋਂ ਫੜੇ ਮੁੰਡਿਆਂ ਕੋਲੋਂ ਕੀ ਮਿਲਿਆ ਇਹ ਅੱਜ ਤੱਕ ਵੀ ਪੁਲਿਸ ਨੇ ਨਹੀਂ ਦਿਖਾਇਆ। ਪੁਲਿਸ ਕਮਰੇ ਵਿਚੋਂ ਦੋ ਕਾਲੇ ਬੈਗ ਲੈ ਕੇ ਨਿਕਲੀ ਸੀ ਪਰ ਉਨ੍ਹਾਂ ਬੈਗਾਂ ਵਿਚ ਕੀ ਸੀ, ਇਹ ਪਤਾ ਨਹੀਂ।''

ਮਨਬੀਰ ਮੁਤਾਬਕ ਪੁਲਿਸ ਨੂੰ 10 ਦਿਨ ਪਹਿਲਾਂ ਹੀ ਸਾਰੇ ਕਸ਼ਮੀਰੀ ਵਿਦਿਆਰਥੀਆਂ ਦੇ ਨਾਂ, ਫੋਨ ਨੰਬਰ ਤੇ ਪਤੇ ਦੇ ਦਿੱਤੇ ਹਨ। ਅਗਲੇ ਵਿਦਿਅਕ ਸੈਸ਼ਨ ਦੌਰਾਨ ਦੂਜੇ ਸੂਬਿਆਂ ਤੇ ਖਾਸ ਕਰਕੇ ਕਸ਼ਮੀਰ ਤੋਂ ਵਿਦਿਆਰਥੀ ਦਾਖ਼ਲਾ ਲੈਣ ਲਈ ਇਥੇ ਨਹੀਂ ਆਉਣਗੇ।

ਉਨ੍ਹਾਂ ਦਾ ਕਹਿਣਾ ਸੀ ਕਿ ਸੀਟੀ ਇੰਸਟੀਚਿਊਟ ਨੇ ਇਹ ਫੈਸਲਾ ਕੀਤਾ ਹੈ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਸਾਰੇ ਵਿਦਿਆਰਥੀਆਂ ਤੇ ਜਿਹੜਾ ਵੀ ਸਟਾਫ ਰੱਖਣਾ ਹੈ ਉਸ ਦੀ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ ਤਾਂ ਜੋ ਮੁੜ ਕੇ ਉਨ੍ਹਾਂ ਦੇ ਅਦਾਰੇ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ।

ਇੱਕ ਹੋਰ ਕਾਲਜ ਪ੍ਰਬੰਧਕ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਉਨ੍ਹਾਂ ਦੇ ਕਾਲਜ ਕੋਲੋਂ ਸਿਰਫ ਕਸ਼ਮੀਰੀ ਵਿਦਿਆਰਥੀਆਂ ਦਾ ਰਿਕਾਰਡ ਹੀ ਪੁੱਛਿਆ ਜਾ ਰਿਹਾ ਹੈ ਜਦ ਕਿ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਕਿਹਾ ਸੀ ਕਿ ਅਜਿਹਾ ਕਰਨ ਨਾਲ ਵਿਦਿਆਰਥੀਆਂ ਵਿੱਚ ਦਹਿਸ਼ਤ ਪੈਦਾ ਹੋਵੇਗੀ।

ਪੁਲਿਸ ਦਾ ਕੀ ਕਹਿਣਾ ਹੈ?

ਮਾਮਲੇ ਦੀ ਜਾਂਚ ਕਰ ਰਹੇ ਏਸੀਪੀ ਨਵਨੀਤ ਸਿੰਘ ਮਾਹਲ ਨਾਲ ਵੀ ਇਸ ਮਾਮਲੇ ਉੱਤੇ ਗੱਲ ਕੀਤੀ ਗਈ।

ਨਵਨੀਤ ਮਾਹਲ ਮੁਤਾਬਕ, ''ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਸੀ, ਸਾਨੂੰ ਮੁਲਜ਼ਮਾਂ ਨੂੰ ਫੜਨ ਲਈ ਇੱਕ ਵਾਰ ਤਾਂ ਜਾਂਚ ਕਰਨੀ ਹੀ ਪੈਣੀ ਸੀ। ਜਦੋਂ ਤੱਕ ਕਸ਼ਮੀਰੀ ਵਿਦਿਆਰਥੀਆਂ ਦਾ ਸਵਾਲ ਹੈ ਜਦੋਂ ਕਿਸੇ ਤਰ੍ਹਾਂ ਦੀ ਕੋਈ ਨਵੀਂ ਜਾਣਕਾਰੀ ਨਹੀਂ ਮਿਲਦੀ ਕਿਸੇ ਨੂੰ ਅਸੀਂ ਕੁਝ ਨਹੀਂ ਕਹਿ ਰਹੇ।''

ਕਸ਼ਮੀਰੀ ਵਿਦਿਆਰਥੀਆਂ ਦੀ ਘਰ ਵਾਪਸੀ ਬਾਰੇ ਮਾਹਲ ਕਹਿੰਦੇ ਹਨ ਕਿ ਇਹ ਕੁਦਰਤੀ ਗੱਲ ਹੈ ਕਿ ਅਜਿਹੇ ਮਾਹੌਲ ਵਿੱਚ ਬੱਚਿਆਂ ਮਾਪੇ ਡਰੇ ਹੁੰਦੇ ਨੇ ਤਾਂ ਬੱਚਿਆਂ ਨੂੰ ਘਰ ਸੱਦ ਲਿਆ ਜਾਂਦਾ ਹੈ, ਜਦੋਂ ਮਾਮਲਾ ਸ਼ਾਂਤ ਹੋ ਜਾਵੇਗਾ ਤਾਂ ਉਹ ਵਾਪਸ ਆ ਜਾਣਗੇ।

'ਕਿਰਾਏ 'ਤੇ ਮਕਾਨ ਮਿਲਣੇ ਔਖੇ'

ਜੰਮੂ-ਕਸ਼ਮੀਰ ਸਟੂਡੈਂਟ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਫ਼ਹੀਮਉੱਦੀਨ ਡਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, ''ਕਿਸੇ ਵੀ ਅਪਰਾਧ ਵਿੱਚ ਸ਼ਾਮਲ ਵਿਅਕਤੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਪਰ ਅਜਿਹੇ ਮੌਕੇ ਲੋੜ ਇਹ ਵੀ ਹੈ ਕਿ ਸਰਕਾਰਾਂ ਕਿਸੇ ਤਰ੍ਹਾਂ ਵਿਸ਼ਵਾਸ ਦੁਵਾਉਣ ਕਿ ਹਰੇਕ ਕਸ਼ਮੀਰੀ ਵਿਦਿਆਰਥੀ ਨੂੰ ਇੱਕੋ ਹੀ ਨਜ਼ਰ ਨਾਲ ਨਹੀਂ ਵੇਖਿਆ ਜਾਵੇਗਾ। ਅਜਿਹੀਆਂ ਘਟਨਾਵਾਂ ਸਮਾਜ 'ਚ ਮਾਹੌਲ ਉੱਤੇ ਅਸਰ ਪਾਉਂਦੀਆਂ ਹਨ, ਡਰ ਵੀ ਵਧਾਉਂਦੀਆਂ ਹਨ।"

ਫ਼ਹੀਮ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਤੋਂ ਹਾਲ ਹੀ ਵਿੱਚ ਫ਼ਿਲਾਸਫ਼ੀ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਹੁਣ ਉਹ ਪੀਐੱਚਡੀ ਦੀ ਤਿਆਰੀ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ 5 ਅਜਿਹੇ ਵਿਦਿਆਰਥੀਆਂ ਦਾ ਪਤਾ ਹੈ ਜਿਹੜੇ ਹਾਲੀਆ ਘਟਨਾਵਾਂ ਤੋਂ ਬਾਅਦ ਡਰ ਕੇ ਕਸ਼ਮੀਰ ਪਰਤ ਗਏ ਹਨ। "ਪੰਜਾਬ ਤੇ ਇਨ੍ਹਾਂ ਇਲਾਕਿਆਂ 'ਚ ਇੰਨਾ ਮਾੜਾ ਹਾਲ ਨਹੀਂ ਸੀ, ਪਰ ਹੁਣ ਤਾਂ ਇੱਥੇ ਵੀ ਸਾਨੂੰ ਮਕਾਨ ਕਿਰਾਏ 'ਤੇ ਮਿਲਣ 'ਚ ਮੁਸ਼ਕਿਲ ਆ ਰਹੀ ਹੈ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)