ਪੰਜਾਬ ਪੁਲਿਸ ਵੱਲੋਂ ਜਲੰਧਰ ਦੇ ਮਕਸੂਦਾਂ ਥਾਣੇ 'ਤੇ ਗ੍ਰੇਨੇਡ ਸੁੱਟਣ ਦਾ ਮਾਮਲਾ ਸੁਲਝਾਉਣ ਦਾ ਦਾਅਵਾ

ਪੰਜਾਬ ਪੁਲਿਸ ਨੇ ਜਲੰਧਰ ਦੇ ਮਕਸੂਦਾਂ ਥਾਣੇ 'ਚ ਸਤੰਬਰ ਮਹੀਨੇ ਵਿੱਚ ਹੋਏ ਬਲਾਸਟ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧ ਵਿੱਚ ਦੋ ਕਸ਼ਮੀਰੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਦੋ ਸਥੀਆਂ ਦੀ ਭਾਲ ਜਾਰੀ ਹੈ।

ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਥਾਣੇ 'ਤੇ ਹੈਂਡ ਗ੍ਰੇਨੇਡ ਸੁੱਟਣ ਦੇ ਸਬੰਧ ਵਿੱਚ ਦੋ ਕਾਲਜ ਵਿਦਿਆਰਥੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਦੇ ਸਬੰਧ ਕਸ਼ਮੀਰ ਦੀ ਜਥੇਬੰਦੀ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਹਨ ਅਤੇ ਇਸ ਜਥੇਬੰਦੀ ਦੇ ਅੱਗੇ ਜੈਸ਼-ਏ-ਮੁਹੰਮਦ ਨਾਲ ਸਬੰਧ ਹਨ।

ਪੰਜਾਬ ਪੁਲਿਸ ਮੁਤਾਬਕ, ''ਜਥੇਬੰਦੀ ਦਾ ਮੁਖੀ ਜ਼ਾਕਿਰ ਰਾਸ਼ਿਦ ਭੱਟ ਉਰਫ ਜ਼ਾਕਿਰ ਮੁਸਾ ਇਸ ਹਮਲੇ ਦਾ ਮਾਸਟਰਮਾਈਂਡ ਹੈ। ਜਿਸਦਾ ਸਾਥ ਦਿੱਤਾ ਜਲੰਧਰ ਦੇ ਐਸਟੀ ਸੋਲਜਰ ਇੰਜਨੀਅਰਿੰਗ ਕਾਲਜ ਦੋ ਵਿਦਿਆਰਥੀਆਂ ਨੇ।''

ਇਹ ਵੀ ਪੜ੍ਹੋ

ਅਕਤੂਬਰ ਮਹੀਨੇ ਵਿੱਚ ਹੀ ਪੁਲਿਸ ਨੇ ਇਸ ਕੇਸ ਦੇ ਸਬੰਧ ਵਿੱਚ ਜਲੰਧਰ ਦੇ ਸੀਟੀ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਮੈਨੇਜਮੈਂਟ ਤੋਂ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਗ੍ਰਿਫਤਾਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ''ਇੱਕ ਵਿਦਿਆਰਥੀ ਨੂੰ ਪੰਜਾਬ ਪੁਲਿਸ ਨੇ ਕਸ਼ਮੀਰ ਦੇ ਅਵੰਤੀਪੋਰਾ ਤੋਂ ਤਿੰਨ ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਚਾਰ ਨਵੰਬਰ ਨੂੰ ਦੂਜੇ ਵਿਦਿਆਰਥੀ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੋਹਾਂ ਖਿਲਾਫ ਧਾਰਾ 307 ਸਮੇਤ ਹੋਰ ਧਾਰਾਵਾਂ ਤਹਿਤ ਵੱਖ ਵੱਖ ਮਾਮਲੇ ਦਰਜ ਕੀਤ ਗਏ ਹਨ।''

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਜੰਮੂ-ਕਸ਼ਮੀਰ ਪੁਲਿਸ ਨਾਲ ਹੋਰ ਲੋਕਾਂ ਦੀ ਸ਼ਮੂਲੀਅਤ ਬਾਰੇ ਬਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ

ਘਟਨਾ ਨੂੰ ਇਸ ਤਰ੍ਹਾਂ ਦਿੱਤਾ ਗਿਆ ਅੰਜਾਮ

  • ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਇਸ ਹਮਲੇ ਨੂੰ ਚਾਰ ਲੋਕਾਂ ਵੱਲੋਂ ਅੰਜਾਮ ਦਿੱਤਾ ਗਿਆ। ਦੋ ਇੰਜਨੀਅਰਿੰਗ ਦੀ ਪੜ੍ਹਾਈ ਕਰਦੇ ਹਨ। ਜਿਹੜੇ ਦੋ ਲੋਕ ਭੱਜੇ ਹੋਏ ਹਨ ਉਨ੍ਹਾਂ ਦੇ ਲਿੰਕ ਅੰਸਾਰ ਗਜ਼ਵਤ-ਉਲ-ਹਿੰਦ ਜਥੇਬੰਦੀ ਨਾਲ ਹਨ।
  • ਵਿਦਿਆਥੀਆਂ ਨਾਲ ਘਟਨਾ ਨੂੰ ਅੰਜਾਮ ਦੇਣ ਇਹ ਦੋ ਲੋਕ 13 ਸਤੰਬਰ ਨੂੰ ਸ੍ਰੀਨਗਰ ਤੋਂ ਫਲਾਈਟ ਰਾਹੀਂ ਚੰਡੀਗੜ੍ਹ ਪਹੁੰਚੇ।
  • ਜਾਂਚ ਮੁਤਾਬਕ ਇਹ ਸਾਰੇ ਚੈਟ ਐਪਲੀਕੇਸ਼ਨਾਂ ਰਾਹੀਂ ਅੰਸਾਰ ਗਜ਼ਵਤ-ਉਲ-ਹਿੰਦ ਦੇ ਲੋਕਾਂ ਨਾਲ ਜੁੜੇ ਰਹਿੰਦੇ ਸਨ।
  • ਡੀਜੀਪੀ ਮੁਤਾਬਕ ਚੰਡੀਗੜ੍ਹ ਪਹੁੰਚੇ ਰਊਫ ਤੇ ਗਾਜ਼ੀ ਨਾਮੀ ਦੋਨੋ ਸ਼ਖਸ ਬੱਸ ਰਾਹੀਂ ਜਲੰਧਰ ਪਹੁੰਚੇ ਅਤੇ ਮਕਸੂਦਾਂ ਚੌਂਕ 'ਤੇ ਇਨ੍ਹਾਂ ਦੀ ਮੁਲਾਕਾਤ ਗ੍ਰਿਫ਼ਤਾਰ ਕੀਤੇ ਗਏ ਇੰਜਨੀਅਰਿੰਗ ਦੇ ਵਿਦਿਆਰਥੀਆਂ ਨਾਲ ਹੋਈ।
  • 13 ਸਤੰਬਰ ਨੂੰ ਚਾਰਾਂ ਨੇ ਮਕਸੂਦਾਂ ਪੁਲਿਸ ਸਟੇਸ਼ਨ ਦੀ ਰੇਕੀ ਕੀਤੀ। ਇਸ ਤੋਂ ਪਹਿਲਾਂ ਇਨ੍ਹਾਂ ਨੇ ਜਲੰਧਰ ਦੇ ਸੀਆਰਪੀਐਫ ਕੈਂਪਸ ਦੀ ਵੀ ਰੇਕੀ ਕੀਤੀ ਸੀ।
  • 14 ਸਤੰਬਰ ਨੂੰ ਸ਼ਾਮ 4.30 ਵਜੇ ਚਾਰਾਂ ਨੇ ਗ੍ਰਨੇਡ ਚੁੱਕੇ ਅਤੇ ਤਕਰੀਬਨ 5.30 ਵਜੇ ਮਕਸੂਦਾਂ ਪੁਲਿਸ ਥਾਣੇ ਪਹੁੰਚੇ। ਘਟਨਾ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੇ ਚਿਹਰਿਆਂ ਉੱਤੇ ਨਕਾਬ ਲਗਾਏ ਅਤੇ ਕੰਮ ਹੋਣ ਮਗਰੋਂ ਜਲੰਧਰ ਬੱਸ ਸਟੈਂਡ ਮਿਲਣ ਦਾ ਪਲਾਨ ਤਿਆਰ ਸੀ।
  • ਤਕਰੀਬਨ ਰਾਤ 7.40 ਵਜੇ ਉਨ੍ਹਾਂ ਨੇ ਚਾਰ ਗ੍ਰੇਨੇਡ ਪੁਲਿਸ ਸਟੇਸ਼ਨ ਉੱਤੇ ਸੁੱਟੇ ਅਤੇ ਮੌਕੇ ਤੋਂ ਫਰਾਰ ਹੋ ਗਏ। ਬਲਾਸਟ ਤੋਂ ਬਾਅਦ ਰਊਫ, ਗਾਜ਼ੀ ਅਤੇ ਦੋਵੇਂ ਸਟੂਡੈਂਟ ਜਲੰਧਰ ਬੱਸ ਸਟੈਂਡ ਪਹੁੰਚੇ, ਉੱਥੋਂ ਗਾਜ਼ੀ ਅਤੇ ਰਊਫ ਨੇ ਜੰਮੂ ਕਸ਼ਮੀਰ ਦੀ ਬੱਸ ਲੈ ਲਈ।

14 ਸਤੰਬਰ ਨੂੰ ਕੀ ਹੋਇਆ?

ਮਕਸੂਦਾਂ ਥਾਣੇ ਉੱਤੇ ਚਾਰ ਘੱਟ ਸਮਰੱਥਾ ਵਾਲੇ ਬੰਬ ਧਮਾਕੇ ਹੋਏ। ਇਸ ਬੰਬ ਹਮਲੇ ਵਿਚ ਥਾਣੇਦਾਰ ਜ਼ਖ਼ਮੀ ਹੋਇਆ ਸੀ।

ਸਥਾਨਕ ਮੀਡੀਆ ਨੂੰ ਇੱਕ ਚਿੱਠੀ ਵੀ ਮਿਲੀ ਜਿਸ ਵਿੱਚ ਕਥਿਤ ਤੌਰ ਤੇ ਭਿੰਡਰਾਂਵਾਲਾ ਟਾਈਗਰ ਫੋਰਸ ਵੱਲੋਂ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਗਈ ਸੀ। ਪੁਲਿਸ ਵੱਲੋਂ ਇਸ ਚਿੱਠੀ ਨੂੰ ਜਾਅਲੀ ਕਰਾਰ ਦਿੱਤਾ ਗਿਆ।

ਮਕਸੂਦਾਂ ਥਾਣੇ ਉੱਤੇ ਚਾਰ ਘੱਟ ਸਮਰੱਥਾ ਵਾਲੇ ਬੰਬ ਧਮਾਕੇ ਹੋਏ। ਇਸ ਬੰਬ ਹਮਲੇ ਵਿਚ ਥਾਣੇਦਾਰ ਜ਼ਖ਼ਮੀ ਹੋਇਆ ਸੀ।

ਸਥਾਨਕ ਮੀਡੀਆ ਨੂੰ ਇੱਕ ਚਿੱਠੀ ਵੀ ਮਿਲੀ ਜਿਸ ਵਿੱਚ ਕਥਿਤ ਤੌਰ ਤੇ ਭਿੰਡਰਾਂਵਾਲਾ ਟਾਈਗਰ ਫੋਰਸ ਵੱਲੋਂ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਗਈ ਸੀ। ਪੁਲਿਸ ਵੱਲੋਂ ਇਸ ਚਿੱਠੀ ਨੂੰ ਜਾਅਲੀ ਕਰਾਰ ਦਿੱਤਾ ਗਿਆ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)