You’re viewing a text-only version of this website that uses less data. View the main version of the website including all images and videos.
ਗੁਰੂ ਹਰਰਾਇ ਵੱਲੋਂ ਰੱਖੇ ਨਾਂ ਭਾਈ ਫੇਰੂ ਨੂੰ ਫੂਲ ਨਗਰ ਬਣਾ ਦਿੱਤਾ
- ਲੇਖਕ, ਸ਼ੁਮਾਇਲਾ ਜਾਫਰੀ
- ਰੋਲ, ਪੱਤਰਕਾਰ, ਬੀਬੀਸੀ
ਜਦੋਂ ਸ਼ਹਿਰਾਂ ਤੇ ਕਸਬਿਆਂ ਦੇ ਨਾਮ ਬਦਲਣ ਦੀ ਗੱਲ ਆਉਂਦੀ ਹੈ ਤਾਂ ਪਾਕਿਸਤਾਨ ਇਸ ਤੋਂ ਵੱਖਰਾ ਨਹੀਂ ਹੈ। ਗੈਰ-ਮੁਸਲਮਾਨਾਂ ਦੇ ਨਾਂ 'ਤੇ ਰੱਖੀਆਂ ਗਈਆਂ ਥਾਵਾਂ ਦੇ ਨਾਂ ਬਦਲਣ ਦੀ ਪਰੰਪਰਾ ਦੇਸ ਵੰਡ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ।
ਨਵਾਂ ਬਣਿਆ ਦੇਸ ਪਾਕਿਸਤਾਨ ਖੁਦ ਨੂੰ ਭਾਰਤੀ ਸੱਭਿਅਤਾ ਤੋਂ ਦੂਰ ਰੱਖਣਾ ਚਾਹੁੰਦਾ ਸੀ। ਇਸ ਲਈ ਇੱਕ ਵੱਖਰੀ ਮੁਸਲਮਾਨ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜੋ ਕਿ ਦੱਖਣੀ ਏਸ਼ੀਆਈ ਗੁਆਂਢੀ ਮੁਲਕਾਂ ਨਾਲੋਂ ਅਰਬ ਨਾਲ ਮੇਲ ਖਾਂਦੀ ਹੋਵੇ।
ਕਈ ਉਦਾਹਰਨਾਂ ਹਨ ਜਿਵੇਂ ਲਾਹੌਰ ਤੋਂ 50 ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਕਸਬਾ ਹੈ, ਜਿਸ ਨੂੰ 'ਭਾਈ ਫੇਰੂ' ਕਿਹਾ ਜਾਂਦਾ ਸੀ। ਇਸ ਦਾ ਨਾਮ ਇੱਕ ਸਿੱਖ ਸ਼ਰਧਾਲੂ ਦੇ ਨਾਂ ਉੱਤੇ ਸੀ।
ਇਹ ਵੀ ਪੜ੍ਹੋ:
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਸਬੇ ਦਾ ਨਾਂ 7ਵੇਂ ਗੁਰੂ ਹਰ ਰਾਇ ਜੀ ਨੇ ਰੱਖਿਆ ਸੀ। ਜਦੋਂ ਗੁਰੂ ਹਰ ਰਾਇ ਇਸ ਥਾਂ 'ਤੇ ਆਏ ਸਨ ਤਾਂ ਉਹ ਭਾਈ ਫੇਰੂ ਦੀ ਸ਼ਰਧਾ ਤੋਂ ਕਾਫੀ ਖੁਸ਼ ਸਨ। ਇਸ ਲਈ ਉਨ੍ਹਾਂ ਨੇ ਇਸ ਦਾ ਨਾਮ ਭਾਈ ਫੇਰੂ ਰੱਖ ਦਿੱਤਾ ਸੀ। ਪਰ ਅਜ਼ਾਦੀ ਤੋਂ ਬਾਅਦ ਇਸ ਦਾ ਨਾਂ ਬਦਲ ਕੇ 'ਫੂਲ ਨਗਰ' ਕਰ ਦਿੱਤਾ ਗਿਆ ਹੈ।
ਕਈ ਥਾਵਾਂ ਹਿੰਦੂ ਤੇ ਸਿੱਖ ਨਾਮਾਂ 'ਤੇ ਸਨ
ਲਾਹੌਰ ਵਿੱਚ ਕਈ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਦੇ ਹਿੰਦੂ ਅਤੇ ਸਿੱਖ ਨਾਂ ਸਨ। ਜਿਵੇਂ ਕਿ 'ਕ੍ਰਿਸ਼ਨ ਨਗਰ' ਦਾ ਨਾਮ 'ਇਸਲਾਮਪੁਰਾ' ਕਰ ਦਿੱਤਾ ਗਿਆ ਹੈ। ਭਾਰਤ ਵਿਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਜੈਨ ਮੰਦਰ ਦੀ ਬੇਅਦਬੀ ਕੀਤੀ।
ਇਸ ਤੋਂ ਬਾਅਦ ਜੈਨ ਮੰਦਿਰ ਚੌਂਕ ਦਾ ਨਾਂ ਰਸਮੀ ਤੌਰ 'ਤੇ 'ਬਾਬਰੀ ਮਸਜਿਦ ਚੌਂਕ' ਹੋ ਗਿਆ ਹੈ। ਬਲੋਚਿਸਤਾਨ ਵਿੱਚ 'ਹਿੰਦੂ ਬਾਘ' ਦਾ ਨਾਮ ਬਦਲ ਕੇ 'ਮੁਸਲਿਮ ਬਾਘ' ਕਰ ਦਿੱਤਾ ਹੈ।
ਪਰ ਰੋਜ਼ਾਨਾ ਗੱਲਬਾਤ ਦੌਰਾਨ ਇੰਨ੍ਹਾਂ ਸਾਰੀਆਂ ਥਾਵਾਂ ਨੂੰ ਪੁਰਾਣੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਹਾਲੇ ਵੀ ਕਈ ਥਾਵਾਂ ਹਨ, ਜੋ ਹਿੰਦੂ ਜਾਂ ਸਿੱਖਾਂ ਦੇ ਨਾਲ ਸਬੰਧਤ ਹਨ।
ਪਾਕਿਸਤਾਨ 'ਚ ਹਿੰਦੂ-ਸਿੱਖ ਨਾਮ ਵਾਲੀਆਂ ਥਾਵਾਂ
ਪਰ ਜੇ ਲਾਹੌਰ ਦੇ ਨੇੜੇ-ਤੇੜੇ ਦੇਖਿਆ ਜਾਵੇ ਤਾਂ ਦਿਆਲ ਸਿੰਘ ਕਾਲਜ, ਗੁਲਾਬ ਦੇਵੀ ਅਤੇ ਗੰਗਾ ਰਾਮ ਹਸਪਤਾਲ, ਕਿਲਾ ਗੁੱਜਰ ਸਿੰਘ, ਲਕਸ਼ਮੀ ਚੌਂਕ, ਸੰਤ ਨਗਰ ਤੇ ਕੋਟ ਰਾਧਾ ਕਿਸ਼ਨ ਹਾਲੇ ਵੀ ਮੌਜੂਦ ਹਨ।
ਕਰਾਚੀ ਵਿੱਚ ਗੁਰੂ ਮੰਦਿਰ ਚੌਰੰਗੀ, ਆਤਮਾਰਾਮ ਪ੍ਰੀਤਮਦਾਸ ਰੋਡ, ਰਾਮਚੰਦਰ ਮੰਦਿਰ ਤੇ ਕੁਮਾਰ ਗਲੀ, ਬਲੋਚੀਸਤਾਨ ਵਿੱਚ ਹਿੰਗਲਾਜ ਤੇ ਖੈਬਰ ਪਖਤੂਨਖਵਾ ਵਿੱਚ ਹਰੀਪੁਰ ਦਾ ਨਾਮ ਹਾਲੇ ਵੀ ਹਿੰਦੂ ਨਾਮਾਂ ਉੱਤੇ ਹੀ ਆਧਾਰਿਤ ਹਨ।
ਪਰ ਹੁਣ ਵਿਭਿੰਨਤਾ ਨੂੰ ਕਬੂਲ ਕੀਤਾ ਜਾ ਰਿਹਾ ਹੈ। ਹਾਲ ਦੇ ਦਿਨਾਂ ਵਿੱਚ ਕਈ ਕਦਮ ਚੁੱਕੇ ਜਾ ਰਹੇ ਹਨ ਜਿਵੇਂ ਕਿ ਧਰਮ ਨਾਲ ਸਬੰਧਤ ਘੱਟ ਗਿਣਤੀਆਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਪਾਕਿਸਤਾਨ ਉਨ੍ਹਾਂ ਦਾ ਵੀ ਓਨਾ ਹੀ ਹੈ, ਜਿੰਨਾ ਮੁਸਲਮਾਨ ਨਾਗਰਿਕਾਂ ਦਾ।
ਇਹ ਵੀ ਪੜ੍ਹੋ:
ਉਨ੍ਹਾਂ ਦੀ ਫੌਜ ਵਿੱਚ ਸ਼ਮੂਲੀਅਤ, ਸਿਆਸਤ ਦੀ ਮੁੱਖ ਧਾਰਾ ਵਿੱਚ ਲਿਆਉਣਾ ਅਤੇ ਉਨ੍ਹਾਂ ਦੀ ਧਾਰਮਿਕ ਵਿਰਾਸਤ ਨੂੰ ਸਾਂਭਣ ਦੀਆਂ ਕੋਸ਼ਿਸ਼ਾਂ ਅਤੇ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਉਣਾ ਸ਼ਾਮਿਲ ਹੈ।
ਪਾਕਿਸਤਾਨ ਹਾਲੇ ਮੰਜ਼ਿਲ ਤੱਕ ਨਹੀਂ ਪਹੁੰਚਿਆ ਹੈ ਪਰ ਲੰਮੇ ਸਮੇਂ ਤੋਂ ਬਾਅਦ ਇਹ ਸਹੀ ਦਿਸ਼ਾ ਵੱਲ ਵੱਧ ਰਿਹਾ ਹੈ।