ਕੈਲੇਫੋਰਨੀਆ : ਥਾਊਜ਼ੈਂਡ ਓਕਸ ਦੀ ਬਾਰ 'ਚ ਗੋਲੀਬਾਰੀ ਦੌਰਾਨ 12 ਮੌਤਾਂ

ਕੈਲੇਫੋਰਨੀਆ ਦੇ ਥਾਊਜ਼ੈਂਡ ਓਕਸ ਬਾਰ ਵਿਚ ਹੋਈ ਗੋਲੀਬਾਰੀ ਦੌਰਾਨ ਪੁਲਿਸ ਨੇ 12 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਵਾਰਦਾਤ ਦੌਰਾਨ ਇੱਕ ਪੁਲਿਸ ਮੁਲਾਜ਼ਮ ਸਣੇ 10 ਜਣਿਆਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ।

ਰਿਪੋਰਟਾਂ ਮੁਤਾਬਕ ਬੁੱਧਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤੀ ਕਰੀਬ 11.20 ਵਜੇ ਗੋਲੀਬਾਰੀ ਸ਼ੁਰੂ ਹੋਈ। ਜਿਸ ਬਾਰਡਰਲਾਇਨ ਬਾਰ ਅਤੇ ਗਰਿਲ ਵਿਚ ਇਹ ਵਾਰਦਾਤ ਹੋਈ ਹੈ ਉਹ ਲਾਸ ਏਜ਼ਲਸ ਦੇ ਉੱਤਰ-ਪੱਛਮ ਵਿਚ 40 ਮੀਲ ਉੱਤੇ ਹੈ।

ਸੁਰੱਖਿਆ ਅਧਿਕਾਰੀਆਂ ਨੇ ਸ਼ੱਕੀ ਮੁਲਜ਼ਮ ਸਣੇ 12 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ, ਪਰ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਰਿਪੋਰਟਾਂ ਮੁਤਾਬਕ ਜਿਸ ਵੇਲੇ ਗੋਲੀਬਾਰੀ ਹੋਈ ਉਸ ਸਮੇਂ 200 ਦੇ ਕਰੀਬ ਲੋਕ ਬਾਰ ਵਿਚ ਹਾਜ਼ਰ ਸਨ। ਸੋਸ਼ਲ ਮੀਡੀਆ 'ਤੇ ਦਿਖਾਈ ਜਾ ਰਹੀ ਫੁਟੇਜ ਵਿੱਚ ਲੋਕ ਘਟਨਾ ਵਾਲੀ ਥਾਂ ਤੋਂ ਜ਼ਖਮੀਆਂ ਨੂੰ ਲਿਜਾਉਂਦੇ ਹੋਏ ਨਜ਼ਰ ਆ ਰਹੇ ਹਨ।

ਵਾਰਦਾਤ ਦੇ ਚਸ਼ਮਦੀਦ ਗਵਾਹਾਂ ਮੁਤਾਬਕ ਹਮਲਾਵਰ ਨੇ ਦਰਜਨਾਂ ਗੋਲੀਆਂ ਚਲਾਈਆਂ, ਜਿਸ ਨਾਲ ਲੋਕ ਜ਼ਖਮੀ ਹੋਏ ਅਤੇ ਦਹਿਸ਼ਤ ਵਿਚ ਆ ਗਏ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਵਾਰਦਾਤ ਬਾਰੇ ਦੱਸਿਆ ਗਿਆ ਹੈ ਕਿ ਇਹ ਬਹੁਤ ਹੀ ਖ਼ਤਰਨਾਕ ਅਤੇ ਡਰਾਉਣਾ ਸੀ। ਉਨ੍ਹਾਂ ਹਮਲਾਵਰ ਦਾ ਮੁਕਾਬਲਾ ਕਰਦਿਆਂ ਮਾਰੇ ਗਏ ਪੁਲਿਸ ਅਧਿਕਾਰੀ ਨੂੰ ਸ਼ਰਧਾਜ਼ਲੀ ਭੇਟ ਕੀਤੀ।

ਵੇਟੁਕਾ ਕਾਉਂਟੀ ਸ਼ੈਰਿਫ਼ ਦੇ ਬੁਲਾਰੇ ਐਰਿਕ ਵਸਕਾ ਦਾ ਕਹਿਣ ਹੈ ਕਿ ਜਦੋਂ ਪੁਲਿਸ ਮੁਲਾਜ਼ਮ ਵਾਰਦਾਤ ਵਾਲੀ ਥਾਂ ਉੱਤੇ ਪੁੱਜੇ ਤਾਂ ਉਸ ਵਕਤ ਵੀ ਗੋਲੀਆਂ ਚੱਲਣ ਦੀ ਅਵਾਜ਼ ਆ ਰਹੀ ਸੀ।

"ਮੈਂ ਇਹ ਕਹਿ ਸਕਦਾ ਹਾਂ ਕਿ ਇਸ ਮਾਮਲੇ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਹਨ। ਕਾਫ਼ੀ ਜਣੇ ਜ਼ਖ਼ਮੀ ਹੋਏ ਹਨ। ਮਾਰੇ ਗਏ ਲੋਕਾਂ ਵਿਚ ਸ਼ੈਰਿਫ਼ ਦਾ ਇੱਕ ਡਿਪਟੀ ਅਫ਼ਸਰ ਵੀ ਸ਼ਾਮਲ ਸੀ।"

ਇਹ ਵੀ ਪੜ੍ਹੋ:

ਵਾਰਦਾਤ ਵਾਲੀ ਥਾਂ ਉੱਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਦੌਰਾਨ ਹਫ਼ੜਾ-ਦਫ਼ੜੀ ਦਾ ਮਾਹੌਲ ਸੀ। ਹਮਲਾਵਰ ਦੀਆਂ ਗੋਲੀਆਂ ਨਾਲ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਮਲੇ ਬੇਹੱਦ ਡਰਾਵਨਾ ਸੀ। ਕੁਝ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਹਮਲੇ ਵਿਚ ਸਮੋਕ ਗਰਨੇਡ ਦੀ ਵਰਤੋਂ ਕੀਤੀ ਗਈ ਅਤੇ ਫਿਰ ਅੰਧਾ-ਧੁੰਦ ਗੋਲੀਆਂ ਵਰ੍ਹਾਈਆਂ ਗਈਆਂ। ਕੁਝ ਲੋਕ ਸ਼ੀਸ਼ੇ ਤੋੜਕੇ ਬਾਹਰ ਨਿਕਲੇ ਅਤੇ ਕੁਝ ਨੇ ਟਾਇਲਟ ਵਿਚ ਲੁਕ ਕੇ ਜਾਨ ਬਚਾਈ।

ਹਮਲੇ ਵਿਚ ਜ਼ਖ਼ਮੀ ਇੱਕ ਵਿਅਕਤੀ ਨੇ ਸਥਾਨਕ ਟੀਵੀ ਚੈਨਲ ਕੇਟੀਐਲਏ ਨੂੰ ਦੱਸਿਆ ਕਿ ਜਦੋਂ ਗੋਲੀਆਂ ਚੱਲ ਰਹੀਆਂ ਸਨ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਪਟਾਕੇ ਚੱਲ ਰਹੇ ਹੋਣ।

" ਅਸੀਂ ਜ਼ਮੀਨ ਉੱਤੇ ਡਿੱਗ ਗਏ ਅਤੇ ਲੋਕ ਲਗਾਤਾਰ ਚੀਖ਼ਣ ਲੱਗ ਰਹੇ ਨੇ, ਮੇਰਾ ਦੋਸਚ ਡੀਜੇ ਹੈ, ਉਹ ਮਿਊਜ਼ਮ ਵਜਾ ਰਿਹਾ ਸੀ ਪਰ ਜਦੋਂ ਗੋਲੀਆਂ ਦੀ ਵਾਛਣ ਹੋਈ ਤਾਂ ਮਿਊਜ਼ਕ ਬੰਦ ਹੋ ਗਿਆ। ਇਸ ਤੋਂ ਬਾਅਦ ਸਿਰਫ਼ ਹੱਥੋਪਾਈ ਦੀਆਂ ਹੀ ਅਵਾਜ਼ਾ ਆ ਰਹੀਆਂ ਸਨ।"

ਪੁਲਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਹੈ। ਵਾਰਦਾਤ ਵੇਲੇ ਇਸ ਬਾਰ ਵਿੱਚ ਮਿਊਜ਼ਿਕ ਨਾਈਟ ਦਾ ਪ੍ਰਬੰਧ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)