5 ਤਰੀਕਿਆਂ ਰਾਹੀਂ ਕਰੋ ਘਰ ਅੰਦਰਲੀ ਹਵਾ ਸਾਫ ਤੇ ਰਹੋ ਸਿਹਤਮੰਦ

ਪ੍ਰਦੂਸ਼ਿਤ ਹਵਾ ਕਾਰਨ ਪੂਰੀ ਦੁਨੀਆਂ ਵਿੱਚ ਹਰ ਸਾਲ 70 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਪਰ ਇਸ ਸਮੱਸਿਆ ਤੋਂ ਬਚਿਆ ਨਹੀਂ ਜਾ ਸਕਦਾ ਹੈ।

ਪ੍ਰਦੂਸ਼ਣ ਨਾਲ ਭਰੀ ਹੋਈ ਹਵਾ ਵਿੱਚ ਸਾਹ ਲੈਣ ਵਾਲੇ 10 ਵਿੱਚੋਂ 9 ਜੀਆਂ ਨੂੰ ਸਾਹ ਦੀਆਂ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਪ੍ਰਦੂਸ਼ਣ ਦੇ ਸੂਖਮ ਕਣ ਸਾਨੂੰ ਹਰ ਥਾਂ 'ਤੇ ਨੁਕਸਾਨ ਪਹੁੰਚਾ ਸਕਦੇ ਹਨ ਖਾਸਕਰ ਘਰਾਂ ਵਿੱਚ।

ਇਹ ਵੀ ਪੜ੍ਹੋ:

ਅਮਰੀਕਾ ਦੀ ਵਾਤਾਵਰਣ ਸੁਰੱਖਿਆ ਏਜੰਸੀ ਦੀ ਇੱਕ ਖੋਜ ਅਨੁਸਾਰ ਘਰਾਂ ਵਿੱਚ ਬਾਹਰ ਦੇ ਮੁਕਾਬਲੇ ਦੋ ਤੋਂ ਪੰਜ ਗੁਣਾਂ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ।

ਏਅਰਲੈਬਸ ਪੂਰੀ ਦੁਨੀਆਂ ਵਿੱਚ ਹਵਾ ਸਾਫ ਕਰਨ ਵਾਲੀ ਤਕਨੀਕ ਵੇਚਦੀ ਹੈ। ਉਸ ਦੇ ਮੁੱਖ ਵਿਗਿਆਨੀ ਮੈਥਿਊ ਐੱਸ ਜੌਨਸਨ ਅਨੁਸਾਰ, “ਘਰ ਦੇ ਅੰਦਰ ਦੀ ਹਵਾ ਵਿੱਚ ਬਾਹਰ ਦੇ ਪ੍ਰਦੂਸ਼ਣ ਦੇ ਨਾਲ-ਨਾਲ ਘਰ ਵਿੱਚ ਖਾਣਾ ਬਣਾਉਣ ਜਾਂ ਹੋਰ ਕੰਮਾਂ ਤੋਂ ਪੈਦਾ ਹੁੰਦਾ ਪ੍ਰਦੂਸ਼ਣ ਵੀ ਸ਼ਾਮਿਲ ਹੋ ਜਾਂਦਾ ਹੈ।”

ਪਰ ਅਸੀਂ ਕੁਝ ਤਰੀਕਿਆਂ ਨਾਲ ਘਰ ਦੀ ਹਵਾ ਸਾਫ਼ ਕਰ ਸਕਦੇ ਹਾਂ। ਉਨ੍ਹਾਂ ਵਿੱਚੋਂ ਖਾਸ ਪੰਜ ਤਰੀਕੇ ਇਸ ਪ੍ਰਕਾਰ ਹਨ।

1. ਵੈਂਟੀਲੇਸ਼ਨ ਵਿੱਚ ਸੁਧਾਰ ਕਰਕੇ

ਕਈ ਘਰ ਹਵਾਦਾਰ ਨਹੀਂ ਹੁੰਦੇ ਅਤੇ ਇੱਕ ਵਾਰ ਦਾਖਲ ਹੋਈ ਹਵਾ ਅੰਦਰ ਹੀ ਘੁੰਮਦੀ ਰਹਿੰਦੀ ਹੈ। ਇਹ ਮਾੜੇ ਵੈਂਟੀਲੇਸ਼ਨ ਦੀ ਇੱਕ ਮਿਸਾਲ ਹੈ ਜਿਸ ਕਾਰਨ ਪ੍ਰਦੂਸ਼ਣ ਦੇ ਕਣ ਘਰ ਦੀ ਹਵਾ ਵਿੱਚ ਹੀ ਰਹਿੰਦੇ ਹਨ। ਭਾਰਤ ਦੇ ਐਨਰਜੀ ਐਂਡ ਰਿਸੋਰਸਿਸ ਇੰਸਟੀਟਿਊਟ ਦੇ ਐੱਸ ਸੁਰੇਸ਼ ਅਨੁਸਾਰ ਸਹੀ ਵੈਂਟੀਲੇਸ਼ਨ ਨਾਲ ਘਰ ਵਿੱਚ ਸਾਫ਼ ਹਵਾ ਆ ਸਕੇਗੀ।

ਉਨ੍ਹਾਂ ਦੱਸਿਆ, “ਜੇ ਤੁਹਾਨੂੰ ਅਲਰਜੀ ਦੀ ਸ਼ਿਕਾਇਤ ਨਾ ਹੋਵੇ ਅਤੇ ਗਰਮੀ ਵੀ ਨਾ ਹੋਵੇ ਤਾਂ ਦਿਨ ਵਿੱਚ ਘੱਟੋ-ਘੱਟ 2-3 ਵਾਰ ਆਪਣੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਜ਼ਰੂਰ ਖੋਲ੍ਹੋ।”

ਤੁਸੀਂ ਫਿਲਟਰਡ ਏਅਰ ਕੰਡੀਸ਼ਨਿੰਗ ਸਿਸਟਮ ਰਾਹੀਂ ਆਪਣੇ ਘਰ ਨੂੰ ਹਵਾਦਾਰ ਰੱਖ ਸਕਦੇ ਹੋ। ਖਾਣਾ ਬਣਾਉਣ ਵੇਲੇ ਜਾਂ ਨਹਾਉਣ ਵੇਲੇ ਹਵਾ ਬਾਹਰ ਕੱਢਣ ਵਾਲੇ ਪੱਖੇ ਦਾ ਇਸਤੇਮਾਲ ਕਰੋ ਜੋ ਗੰਦੀ ਅਤੇ ਸਿੱਲ੍ਹੀ ਹਵਾ ਨੂੰ ਬਾਹਰ ਕੱਢ ਸਕੇ।

2. ਘਰ ਵਿੱਚ ਵੀ ਪੌਧੇ ਲਗਾਓ

ਜੇ ਹਵਾ ਸਾਫ ਕਰਨ ਵਾਲੇ ਮਹਿੰਗੇ ਉਪਕਰਣ (ਏਅਰ ਫਿਲਟਰ) ਨਹੀਂ ਖਰੀਦ ਸਕਦੇ ਤਾਂ ਆਪਣੇ ਕਮਰੇ ਦੇ ਅੰਦਰ ਰੱਖੇ ਜਾ ਸਕਦੇ ਪੌਦੇ ਲਾਉਣੇ ਸ਼ੁਰੂ ਕਰੋ। ਕੁਝ ਪੌਦੇ ਹਵਾ ਵਿੱਚੋਂ ਜ਼ਹਿਰੀਲੇ ਕਣਾਂ ਨੂੰ ਚੂਸ ਦਿੰਦੇ ਹਨ।

ਆਰ ਸੁਰੇਸ਼ ਅਨੁਸਾਰ ਇਨ੍ਹਾਂ ਪੌਦਿਆਂ ਨੂੰ ਪ੍ਰਦੂਸ਼ਣ ਦੇ ਵਧੀਆ ਹੱਲ ਵਜੋਂ ਦੇਖਿਆ ਜਾਂਦਾ ਹੈ। ਹਾਲਾਂਕਿ ਕੁਝ ਮਾਹਿਰਾਂ ਅਨੁਸਾਰ ਇਸ ਦੀ ਪੁਸ਼ਟੀ ਕਰਨ ਵਾਲੇ ਪੁਖ਼ਤਾ ਸਬੂਤ ਨਹੀਂ ਹਨ। ਪਰ ਜੇ ਪੌਧੇ ਕੁਝ ਨਾ ਵੀ ਕਰ ਸਕਣ ਤਾਂ ਵੀ ਤੁਹਾਨੂੰ ਸਕੂਨ ਜ਼ਰੂਰ ਦੇ ਸਕਦੇ ਹਨ।

ਇਹ ਵੀ ਪੜ੍ਹੋ:

ਹੇਠ ਲਿਖੇ ਕੁਝ ਪੌਦੇ ਘਰ ਦੇ ਅੰਦਰ ਸਹਿਜੇ ਹੀ ਲਾਏ ਜਾ ਸਕਦੇ ਹਨ-

ਅਰੀਕਾ ਪਾਮ:ਇਹ ਬਹੁਤ ਆਸਾਨੀ ਨਾਲ ਘਰ ਦੇ ਘੱਟ ਧੁੱਪ ਵਾਲੇ ਵਾਤਾਵਰਣ ਵਿੱਚ ਢਲ ਜਾਂਦਾ ਹੈ। ਨਾਸਾ ਦੇ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਇਸ ਪੌਦੇ ਵਿੱਚ ਹਵਾ ਸਾਫ ਕਰਨ ਦੀ ਬਹੁਤ ਸਮਰੱਥਾ ਹੈ। ਇਹ ਕਾਰਬਨ ਡਾਇਕਸਾਈਡ ਨੂੰ ਬਹੁਤ ਵਧੀਆ ਖਿੱਚਦਾ ਹੈ।

ਮਨੀ ਪਲਾਂਟ: ਇਹ ਵੀ ਬਹੁਤ ਸੌਖਿਆਂ ਹੀ ਸੰਭਾਲਿਆ ਜਾਣ ਵਾਲਾ ਪੌਦਾ ਹੈ। ਇਸ ਦੀ ਵਿਸ਼ੇਸ਼ਤਾ ਹੈ ਕਿ ਇਹ ਘਰਾਂ ਦੇ ਕਾਲੀਨਾਂ ਅਤੇ ਬਣਾਉਟੀ ਪੌਦਿਆਂ ਵੱਲੋਂ ਛੱਡੇ ਪ੍ਰਦੂਸ਼ਣ ਨੂੰ ਬਾਖ਼ੂਬੀ ਸਾਫ਼ ਕਰਦਾ ਹੈ। ਇਹ ਵੋਲਟਾਈਲ ਔਰਗੈਨਿਕ ਕੰਪਾਂਊਂਡਸ ਨੂੰ ਵੀ ਹਵਾ ਵਿੱਚੋਂ ਖ਼ਤਮ ਕਰਦਾ ਹੈ।

ਡਰੈਗਨ ਟ੍ਰੀ: ਪੂਰਬੀ ਅਫਰੀਕਾ ਮੂਲ ਦਾ ਇਹ ਪੌਦਾ ਕਈ ਘਰਾਂ ਅਤੇ ਦਫਤਰਾਂ ਦਾ ਸ਼ਿੰਗਾਰ ਹੈ। ਇਹ ਕਈ ਕਿਸਮ ਦੀਆਂ ਜ਼ਹਿਹਾਂ ਜਿਵੇਂ- ਹਵਾ ਵਿਲਲੇ ਜ਼ਹਿਰੀਲੇ ਵੋਲਟਾਈਲ ਔਰਗੈਨਿਕ ਕੰਪਾਂਊਂਡਸ ਨੂੰ ਵੀ ਸਾਫ਼ ਕਰਦਾ ਹੈ।

ਸਨੇਕ ਪਲਾਂਟ: ਇਹ ਇੱਕ ਫੁੱਲਦਾਰ ਪੌਦਾ ਹੈ ਜਿਸ ਨੂੰ ਵਧੇਰੇ ਪਾਣੀ ਦੀ ਵੀ ਜ਼ਰੂਰਤ ਨਹੀਂ ਹੁੰਦੀ ਖ਼ਾਸ ਕਰਕੇ ਸਰਦੀਆਂ ਵਿੱਚ ਇਹ ਕਾਰਬਨ ਡਾਇਕਸਾਈਡ ਨੂੰ ਖ਼ਾਸ਼ ਕਰਕੇ ਰਾਤ ਸਮੇਂ ਬਹੁਤ ਵਧੀਆ ਖਿੱਚਦਾ ਹੈ। ਇਹ ਹਵਾ ਵਿੱਚੋਂ ਨਾਈਟਰੋਜਨ ਡਾਇਕਸਾਈਡ ਨੂੰ ਵੀ ਚੰਗੇ ਤਰੀਕੇ ਨਾਲ ਸਾਫ ਕਰ ਸਕਦਾ ਹੈ।

ਸੁਰੇਸ਼ ਅਨੁਸਾਰ, ਇਹ ਅਹਿਮੀਅਤ ਨਹੀਂ ਰੱਖਦਾ ਕਿ ਤੁਸੀਂ ਕਿਹੜਾ ਪੌਦਾ ਘਰੇ ਰੱਖਦੇ ਹੋ ਪਰ ਤੁਹਾਨੂੰ ਪੌਦਿਆਂ ਨਾਲ ਹਵਾ ਸਾਫ਼ ਕਰਨ ਲਈ ਪੌਦਿਆਂ ਨੂੰ ਸਿਹਤਮੰਦ ਜ਼ਰੂਰ ਰੱਖਣਾ ਪਵੇਗਾ ਨਹੀਂ ਤਾਂ ਘਰ ਵਿੱਚ ਬਾਇਓਲੌਜੀਕਲ ਪ੍ਰਦਸ਼ਣ ਵੀ ਪੈਦਾ ਹੋ ਸਕਦਾ ਹੈ।

3. ਗ੍ਰੀਨ ਤਰੀਕੇ ਨਾਲ ਘਰ ਨੂੰ ਮਹਿਕਾਓ

ਜਦੋਂ ਵੀ ਤੁਸੀਂ ਬਣਾਉਟੀ ਖੁਸ਼ਬੂਆਂ ਇਸਤੇਮਾਲ ਕਰਦੇ ਹੋ ਤਾਂ ਸਿਹਤ ਲਈ ਹਾਨੀਕਾਰਕ ਰਸਾਇਣ ਵੀ ਹਵਾ ਵਿੱਚ ਘੁਲ ਜਾਂਦੇ ਹਨ।

ਘਰ ਸਾਫ਼ ਕਰਨ ਵਾਲੇ ਕਈ ਕੈਮੀਕਲ ਫੋਰਮਾਲਡੇਹਾਈਡ ਹਵਾ ਵਿੱਚ ਛੱਡ ਸਕਦੇ ਹਨ ਜਿਸ ਨਾਲ ਕੈਂਸਰ ਹੋਣ ਦਾ ਖ਼ਤਰ ਹੈ।

ਫਿਰ ਕੀ ਕਰੀਏ?

ਇਸ ਲਈ ਡੀਓਡਰੈਂਟਸ, ਕਾਰਪੇਟ ਕਲੀਨਰ ਜਾਂ ਏਅਰ ਫੈਸ਼ਨਰਜ਼ ਦਾ ਇਸਤੇਮਾਲ ਨਾ ਕਰੋ। ਆਰ ਸੁਰੇਸ਼ ਅਨੁਸਾਰ ਬੇਕਿੰਗ ਸੋਡਾ ਜਾਂ ਨਿੰਬੂ ਦੀ ਵਰਤੋਂ ਕੀਤੀ ਜਾ ਸਕਦੀ ਹੈ।

4. ਘਰ ਵਿੱਚ ਸਿਗਰਟਨੋਸ਼ੀ- ਕਦੇ ਨਹੀਂ

ਸਿਗਰਟਨੋਸ਼ੀ ਤਾਂ ਪਹਿਲਾਂ ਹੀ ਸਿਹਤ ਲਈ ਹਾਨੀਕਾਰਕ ਹੈ ਇਸ ਲਈ ਘਰ ਵਿੱਚ ਕਦੇ ਵੀ ਸਿਗਰਟਨੋਸ਼ੀ ਨਾ ਕਰੋ। ਘਰ ਵਿੱਚ ਧੂੰਆਂ ਇਕੱਠਾ ਹੋਣ ਨਾਲ ਘਰ ਦੀ ਹਵਾ ਦੀ ਗੁਣਵੱਤਾ ’ਤੇ ਮਾੜਾ ਅਸਰ ਪੈ ਸਕਦਾ ਹੈ।

ਜੋ ਲੋਕ ਸਿਗਰਟ ਨਹੀਂ ਵੀ ਪੀਂਦੇ ਉਨ੍ਹਾਂ ਨੂੰ ਵੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਬੱਚਿਆਂ ਨੂੰ ਇਸ ਨਾਲ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ।

5. ਐਲਰਜੀ ਕਰਨ ਵਾਲੇ ਤੱਤਾਂ ਤੋਂ ਬਚੋ

ਧੂੜ ਦੇ ਕਣਾਂ ਤੋਂ ਬਿਮਾਰੀਆਂ ਦਾ ਖ਼ਤਰਾ ਕਾਫੀ ਵਧ ਹੁੰਦਾ ਹੈ। ਜੇ ਤੁਹਾਨੂੰ ਸਾਹ ਦੀ ਬਿਮਾਰੀ ਤੇ ਬੁਖਾਰ ਹੈ ਤਾਂ ਤੁਹਾਨੂੰ ਧੂੜ ਨਾਲ ਤਕਲੀਫ਼ ਹੋ ਸਕਦੀ ਹੈ।

ਜ਼ਿਆਦਾ ਧੂੜ ਹਵਾ ਵਿੱਚ ਹੋਣ ਨਾਲ ਫੇਫੜਿਆਂ ਦੀ ਇਨਫੈਕਸ਼ਨ ਹੋ ਸਕਦੀ ਹੈ ਅਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੋ ਸਕਦੀ ਹੈ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)