#BeyondFakeNews: ਫੇਕ ਨਿਊਜ਼ ਕਾਰਨ ਕਿਵੇਂ ਹੋਈ ਇੱਕ ਗਰੀਬ ਔਰਤ ਦੀ ਮੌਤ

    • ਲੇਖਕ, ਰੌਕਸੀ ਗਾਗਡੇਕਰ ਛਾਰਾ
    • ਰੋਲ, ਪੱਤਰਕਾਰ, ਬੀਬੀਸੀ

ਚੁਨੰਟ ਕਲਬੇਲੀਆ ਲਈ ਜ਼ਿੰਦਗੀ 26 ਜੂਨ, 2018 ਨੂੰ ਖ਼ਤਮ ਹੋ ਗਈ ਜਦੋਂ ਉਨ੍ਹਾਂ ਦੀ ਪਤਨੀ ਸ਼ਾਂਤਾ ਦੇਵੀ ਨੇ ਅਹਿਮਦਾਬਾਦ 'ਚ ਭੀੜ ਦੇ ਹਮਲੇ ਤੋਂ ਬਾਅਦ ਆਖਰੀ ਸਾਹ ਲਏ।

ਵਟੱਸਐਪ ਉੱਤੇ ਮੈਸੇਜ ਕੀਤੇ ਜਾ ਰਹੇ ਸਨ ਕਿ ਇਹ ਬੱਚਿਆਂ ਨੂੰ ਚੁੱਕ ਕੇ ਲਿਜਾਣ ਵਾਲੇ ਗੈਂਗ ਦਾ ਹਿੱਸਾ ਹਨ। ਉਕਸਾਊ ਮੈਸੇਜ ਕਾਰਨ ਭੀੜ ਨੇ ਉਸ ਨੂੰ ਦਿਨ ਦਿਹਾੜੇ ਹੀ ਮਾਰ ਦਿੱਤਾ।

ਇਸ ਘਟਨਾ ਨੇ ਚੁਨੰਟ ਅਤੇ ਉਸ ਦੇ ਭਾਈਚਾਰੇ ਦੇ ਹੋਰ ਮੈਂਬਰਾਂ ਨੂੰ ਇੰਨਾ ਡਰਾ ਦਿੱਤਾ ਕਿ ਉਹ ਆਪਣਾ ਪਿੰਡ ਛੱਡ ਕੇ ਨਹੀਂ ਜਾਣਾ ਚਾਹੁੰਦੇ।

ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਸੁਮੇਰਪੁਰ ਦੇ ਕੋਰਟਾ ਪਿੰਡ ਵਿੱਚ ਛੋਟੇ ਜਿਹੇ ਘਰ ਵਿੱਚ ਬੈਠੇ ਚੁਨੰਟ ਨੇ ਕਿਹਾ ਕਿ ਘਟਨਾ ਤੋਂ ਬਾਅਦ ਭਾਈਚਾਰੇ ਦੇ ਕੁੱਝ ਹੀ ਲੋਕ ਭੀਖ ਮੰਗਣ ਲਈ ਗਏ ਹਨ। ਉਨ੍ਹਾਂ ਨੇ ਕਿਹਾ, "ਅਸੀਂ ਡਰਦੇ ਹਾਂ ਕਿ ਫੇਕ ਮੈਸੇਜ ਕਾਰਨ ਜ਼ਿਆਦਾ ਲੋਕ ਮਾਰੇ ਜਾਣਗੇ।"

ਇਹ ਵੀ ਪੜ੍ਹੋ:

ਵੱਟਸਐਪ ਉੱਤੇ ਬੱਚਿਆਂ ਨੂੰ ਚੁੱਕਣ ਵਾਲੇ ਗੈਂਗ ਬਾਰੇ ਉਕਸਾਊ ਫੇਕ ਮੈਸੇਜਾਂ ਕਾਰਨ ਦੇਸ ਵਿੱਚ ਮੌਬ ਲਿੰਚਿੰਗ ਦੀਆਂ ਘਟਨਾਵਾਂ ਵੱਧ ਗਈਆਂ ਹਨ। ਸ਼ਾਂਤਾ ਦੇਵੀ ਅਜਿਹੇ ਹੀ ਫੇਕ ਮੈਸੇਜ ਕਾਰਨ ਮਾਰੀ ਗਈ ਪੀੜਤ ਔਰਤ ਸੀ।

ਫੇਕ ਮੈਸੇਜ ਨੇ ਕੋਰਟਾ ਪਿੰਡ ਦੀ ਮੀਨਾਵਾਸ ਵਿੱਚ ਇੱਕ ਛੋਟੇ ਜਿਹੇ ਪਿੰਡ ਵਿੱਚ ਸਪੇਰਾ ਭਾਈਚਾਰੇ ਨੂੰ ਛੋਟੇ ਜਿਹੇ ਪਿੰਡ ਵਿੱਚ ਹੀ ਰਹਿਣ ਲਈ ਮਜਬੂਰ ਕਰ ਦਿੱਤਾ ਹੈ।

ਇਸ ਭਾਈਚਾਰੇ ਦੇ ਲੋਕ ਸਰਕਾਰ ਵੱਲੋਂ ਭਰੋਸਾ ਮਿਲਣ ਦੀ ਉਡੀਕ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਭੀਖ ਮੰਗਣ ਲਈ ਆਪਣਾ ਪਿੰਡ ਨਾ ਛੱਡਣਾ ਪਏ। ਕਾਲਬੇਲੀਆ ਭਾਈਚਾਰੇ ਦੇ ਲੋਕ ਕਈ ਸਾਲਾਂ ਤੋਂ ਦੇਸ ਵਿੱਚ ਭੀਖ ਮੰਗ ਕੇ ਗੁਜ਼ਾਰਾ ਕਰ ਰਹੇ ਹਨ।

ਕਿਵੇਂ ਵਾਪਰੀ ਘਟਨਾ

ਸ਼ਾਂਤਾਦੇਵੀ ਕੋਰਟਾ ਦੀ ਹੀ ਰਹਿਣ ਵਾਲੀ ਆਸੂਦੇਵੀ ਅਤੇ ਬਾਲਕੀਦੇਵੀ ਦੇ ਨਾਲ ਅਹਿਮਦਾਬਾਦ ਸ਼ਹਿਰ ਵਿੱਚ 26 ਜੁਲਾਈ, 2018 ਨੂੰ ਭੀਖ ਮੰਗਣ ਗਈ ਸੀ।

ਜਦੋਂ ਉਹ ਅਹਿਮਦਾਬਾਦ ਦੇ ਨਾਵਾ ਵਾਦਜ ਖੇਤਰ ਵਿੱਚ ਪਹੁੰਚੇ ਤਾਂ ਭੀੜ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਬੱਚੇ ਚੋਰੀ ਕਰਨ ਵਾਲੇ ਗੈਂਗ ਦੇ ਮੈਂਬਰ ਹਨ।

ਬੀਬੀਸੀ ਗੁਜਰਾਤੀ ਨਾਲ ਗੱਲਬਾਤ ਕਰਦਿਆਂ ਆਸੂਦੇਵੀ ਨੇ ਦੱਸਿਆ, "ਜਦੋਂ ਅਸੀਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ਵਿੱਚ ਭੀੜ ਨੇ ਰਿਕਸ਼ਾ ਰੋਕਿਆ ਅਤੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸ਼ਾਂਤਾ ਦੇਵੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।"

ਪੁਲਿਸ ਨੇ ਇਸ ਮਾਮਲੇ ਵਿੱਚ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਸ਼ਾਂਤਾ ਦੇਵੀ ਕੋਰਟਾ ਪਿੰਡ ਵਿੱਚ ਆਪਣੇ ਤਿੰਨ ਬੱਚਿਆਂ ਨਾਲ ਰਹਿ ਰਹੀ ਸੀ। ਪਰਿਵਾਰ ਅਕਸਰ ਅਹਿਮਦਾਬਾਦ ਵਿੱਚ ਭੀਖ ਮੰਗਣ ਲਈ ਆਉਂਦਾ ਸੀ ਅਤੇ ਹਵਾਈ ਅੱਡੇ ਨੇੜੇ ਭਦਰੇਸਵਰ ਵਿੱਚ ਇੱਕ ਛੋਟੀ ਜਿਹੀ ਝੋਪੜੀ ਵਿੱਚ ਰਹਿੰਦਾ ਸੀ।

ਸ਼ਾਂਤਾ ਦੇਵੀ ਦੇ ਪਤੀ ਚੁਨੰਟ ਵੀ ਪਰਿਵਾਰ ਲਈ ਭੀਖ ਮੰਗਦੇ ਹਨ। ਉਨ੍ਹਾਂ ਦੀਆਂ ਦੋ ਧੀਆਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਰਾਜਸਥਾਨ ਵਿੱਚ ਰਹਿੰਦੀਆਂ ਹਨ। ਪਰਿਵਾਰ ਦਾ ਕੋਰਟਾ ਪਿੰਡ ਵਿਚ ਛੋਟਾ ਜਿਹਾ ਘਰ ਹੈ।

ਭਾਵੇਂ ਕਿ ਸ਼ਾਂਤਾ ਦੇਵੀ ਦੀ ਮੌਤ ਨੂੰ 5 ਮਹੀਨੇ ਹੋ ਚੁੱਕੇ ਹਨ, ਪਰ ਹਾਲੇ ਵੀ ਇਹ ਭਾਈਚਾਰਾ ਭੀਖ ਮੰਗਣ ਦੇ ਨਾਲ ਆਪਣੇ ਰਵਾਇਤੀ ਨਾਚ ਅਤੇ ਸੰਗੀਤ ਨੂੰ ਜਾਰੀ ਰੱਖਣ ਤੋਂ ਡਰਿਆ ਹੋਇਆ ਹੈ।

ਚੁਨੰਟ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਰਾਜਸਥਾਨ ਦੇ ਪਾਲੀ ਅਤੇ ਸਿਰੋਹੀ ਖੇਤਰ ਦੇ ਮਦਾਰੀ (ਸਪੇਰੇ) ਭਾਈਚਾਰੇ ਦੇ ਲੋਕ ਆਪਣਾ ਜ਼ਿਲ੍ਹਾ ਨਹੀਂ ਛੱਡ ਰਹੇ ਅਤੇ ਉਹ ਅਹਿਮਦਾਬਾਦ ਵਰਗੇ ਸ਼ਹਿਰਾਂ ਵਿੱਚ ਜਾਣ ਦੀ ਬਜਾਏ ਆਲੇ-ਦੁਆਲੇ ਦੇ ਪਿੰਡਾਂ ਵਿੱਚ ਹੀ ਭੀਖ ਮੰਗ ਕੇ ਗੁਜ਼ਾਰਾ ਕਰ ਰਹੇ ਹਨ।"

ਸਰਕਾਰ ਵੱਲੋਂ ਭਰੋਸਾ

ਦੂਜੇ ਪਾਸੇ ਸਰਕਾਰ ਨੇ ਭਾਈਚਾਰੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਦਾ ਯਕੀਨ ਦਿਵਾਇਆ ਹੈ।

ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਗੁਜਰਾਤ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਈਸ਼ਵਰ ਪਰਮਾਰ ਨੇ ਕਿਹਾ ਕਿ ਮਦਾਰੀ ਭਾਈਚਾਰੇ ਦੇ ਮੈਂਬਰਾਂ ਨਾਲ ਬੈਠਕਾਂ ਕੀਤੀਆਂ ਗਈਆਂ ਹਨ। ਵਿਭਾਗ ਸੂਬੇ ਦੇ ਘੱਟ-ਗਿਣਤੀ ਅਤੇ ਪਛੜੇ ਲੋਕਾਂ ਦੇ ਵਿਕਾਸ ਲਈ ਕੰਮ ਕਰਦਾ ਹੈ।

ਉਨ੍ਹਾਂ ਨੇ ਕਿਹਾ, "ਜਦੋਂ ਵੀ ਉਹ ਸੂਬੇ 'ਚ ਵਿਚਰਨਗੇ ਅਸੀਂ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਰ ਪ੍ਰੋਗਰਾਮ ਪ੍ਰਬੰਧਿਤ ਕਰਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਘਟਨਾ ਦੇ ਤੁਰੰਤ ਬਾਅਦ ਭਾਈਚਾਰਾ ਆਪਣੇ ਪਿੰਡ ਨੂੰ ਛੱਡਣ ਤੋਂ ਬਹੁਤ ਡਰ ਗਿਆ ਸੀ, ਪਰ ਹੁਣ ਆਮ ਵਰਗੇ ਹਾਲਾਤ ਫਿਰ ਹੋ ਗਏ ਹਨ।"

ਬੀਬੀਸੀ ਨਾਲ ਗੱਲਬਾਤ ਕਰਦਿਆਂ ਅਹਿਮਦਾਬਾਦ ਦੇ ਕਲੈਕਟਰ ਵਿਕਰਾਂਤ ਪਾਂਡੇ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਈਬਰ ਕ੍ਰਾਈਮ ਸੈੱਲ ਫੇਕ ਨਿਊਜ਼ ਖਿਲਾਫ਼ ਨਿਗਰਾਨੀ ਰੱਖਣ ਲਈ ਤਿਆਰ ਹੈ।

ਵਿਕਰਾਂਤ ਪਾਂਡੇ ਨੇ ਇਹ ਵੀ ਕਿਹਾ ਕਿ ਸਰਕਾਰ ਫੇਕ ਨਿਊਜ਼ ਨੂੰ ਰੋਕਣ ਲਈ ਇੱਕ ਨਵਾਂ ਕਾਨੂੰਨ ਲਿਆਉਣ ਦੀ ਪ੍ਰਕਿਰਿਆ 'ਚ ਹੈ ਤਾਂ ਕਿ ਵੱਟਸਐਪ ਵਰਗੀਆਂ ਸੋਸ਼ਲ ਮੀਡੀਆ ਵੈੱਬਸਾਈਟਜ਼ 'ਤੇ ਫੈਲੀਆਂ ਅਫਵਾਹਾਂ ਨੂੰ ਰੋਕਿਆ ਜਾ ਸਕੇ।

ਇਸ ਦੌਰਾਨ ਗੁਜਰਾਤ ਸਰਕਾਰ ਨੇ ਪੀੜਤ ਪਰਿਵਾਰ ਨੂੰ 8 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ। ਸੂਬਾ ਸਰਕਾਰ ਨੇ 9 ਅਕਤੂਬਰ 2018 ਨੂੰ ਚੁੰਨਟ ਕਲਬੇਲੀਆ ਨੂੰ ਚੈੱਕ ਸੌਂਪਿਆ।

ਸਪੇਰਾ ਭਾਈਚਾਰੇ ਦੇ ਲੋਕ ਸੱਪ ਦਿਖਾ ਕੇ ਆਪਣਾ ਗੁਜ਼ਾਰਾ ਕਰਦੇ ਸਨ। ਹਾਲਾਂਕਿ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਵਿਚ ਸੋਧ ਤੋਂ ਬਾਅਦ ਇਸ ਭਾਈਚਾਰੇ ਤੋਂ ਸੱਪ ਲੈ ਲਏ ਗਏ ਸਨ। ਉਸ ਤੋਂ ਬਾਅਦ ਤੋਂ ਹੀ ਇਹ ਲੋਕ ਭੀਖ ਮੰਗ ਕੇ ਜਿਉਂ ਰਹੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਕਾਰਕੁੰਨ ਅਤੇ ਫਿਲਮ ਨਿਰਮਾਤਾ ਦਕਸ਼ਿਨ ਬਜਰੰਗ ਨੇ ਕਿਹਾ ਕਿ ਭਾਈਚਾਰਾ ਪੁਰਾਣੇ ਕੱਪੜੇ ਪਾਉਂਦਾ ਹੈ। ਉਹ ਭੀਖ ਮੰਗਦੇ ਹਨ ਅਤੇ ਟੱਪਰੀਵਾਸ ਵਾਂਗ ਰਹਿੰਦੇ ਹਨ ਤੇ ਸਾਰਾ ਸਾਲ ਘੁੰਮਦੇ ਰਹਿੰਦੇ ਹਨ।

"ਉਹ ਹਰ ਥਾਂ ਅਜਨਬੀ ਹੁੰਦੇ ਹਨ ਅਤੇ ਉਨ੍ਹਾਂ ਦੇ ਕੱਪੜਿਆਂ ਕਾਰਨ ਅਕਸਰ ਉਹਨਾਂ ਨੂੰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਗਲਤ ਸਮਝਿਆ ਜਾਂਦਾ ਹੈ।"

ਫੇਕ ਨਿਊਜ਼ ਅਤੇ ਮੌਤਾਂ

ਸਾਲ 2017 ਅਤੇ 2018 ਵਿੱਚ indiaspend.com ਦੇ ਅੰਕੜਿਆਂ ਮੁਤਾਬਕ ਬੱਚਿਆਂ ਨੂੰ ਅਗਵਾ ਕਰਨ ਵਾਲੇ ਗੈਂਗ ਦੀ ਫੇਕ ਖਬਰ ਕਾਰਨ ਮੌਬ ਲਿੰਚਿੰਗ ਦੀਆਂ 69 ਘਟਨਾਵਾਂ ਵਾਪਰੀਆਂ। ਇਸ ਦੌਰਾਨ 33 ਲੋਕਾਂ ਦੀ ਜਾਨ ਚਲੀ ਗਈ।

ਸਭ ਤੋਂ ਵੱਧ ਘਟਨਾਵਾਂ ਉੜੀਸ਼ਾ ਵਿੱਚ ਦਰਜ ਕੀਤੀਆਂ ਗਈਆਂ। ਉੜੀਸ਼ਾ ਵਿੱਚ 15 ਅਤੇ ਤਾਮਿਲਨਾਡੂ ਵਿੱਚ 12 ਘਟਨਾਵਾਂ ਦਰਜ ਕੀਤੀਆਂ ਗਈਆਂ।

ਮਹਾਰਾਸ਼ਟਰ ਵਿੱਚ ਮੌਬ ਲਿੰਚਿੰਗ ਦੀਆਂ ਚਾਰ ਘਟਨਾਵਾਂ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਵਿੱਚੋਂ ਇੱਕ ਮੌਤ ਗੁਜਰਾਤ ਵਿੱਚ ਰਿਪੋਰਟ ਕੀਤੀ ਗਈ ਸੀ।

ਸਰਕਾਰ ਦੀ ਚਿੰਤਾ ਅਤੇ ਵੱਟਸਐਪ ਦੀ ਪ੍ਰਤੀਕ੍ਰਿਆ

ਜਦੋਂ ਫੇਕ ਖਬਰਾਂ ਕਾਰਨ ਭੀੜ ਵੱਲੋਂ ਝੜਪਾਂ ਦੀਆਂ ਘਟਨਾਵਾਂ ਵਧੀਆਂ ਤਾਂ 3 ਜੁਲਾਈ, 2018 ਨੂੰ ਪ੍ਰੈੱਸ ਰਿਲੀਜ਼ ਜਾਰੀ ਕਰਕੇ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲੇ ਨੇ ਕਿਹਾ ਕਿ ਮਾਸੂਮ ਲੋਕਾਂ ਉੱਤੇ ਭੀੜ ਦੇ ਹਮਲੇ ਦੀਆਂ ਘਟਨਾਵਾਂ ਦਾ ਨੋਟਿਸ ਲਿਆ ਗਿਆ ਹੈ।

ਇਹ ਵੀ ਪੜ੍ਹੋ:

ਬਹੁਤ ਸਾਰੇ ਗੈਰ ਜ਼ਿੰਮੇਵਾਰ ਅਫਵਾਹਾਂ ਅਤੇ ਭੜਕਾਊ ਮੈਸੇਜਜ਼ ਵੱਟਸਐਪ ਉੱਤੇ ਭੇਜੇ ਜਾ ਰਹੇ ਹਨ।

ਇਸ ਦੌਰਾਨ ਸਰਕਾਰ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਅਜਿਹੇ ਸੰਦੇਸ਼ ਤੁਰੰਤ ਬੰਦ ਕੀਤੇ ਜਾਣ। ਇਸ ਤੋਂ ਬਾਅਦ ਵੱਟਸਐਪ ਨੇ ਫਾਰਵਰਡਡ ਮੈਸੇਜ ਵਾਲਾ ਟੈਗ ਸ਼ੁਰੂ ਕਰ ਦਿੱਤਾ ਅਤੇ ਮੈਸੇਜ ਫਾਰਵਰਡ ਕਰਨ ਵਾਲਿਆਂ ਦੀ ਗਿਣਤੀ ਵੀ ਸੀਮਿਤ ਕਰ ਦਿੱਤੀ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)