ਅਮਰੀਕਾ 'ਚ ਮੱਧਵਰਤੀ ਚੋਣਾਂ: ਪਹਿਲੀ ਵਾਰ ਕਾਂਗਰਸ 'ਚ ਪਹੁੰਚੀਆਂ 2 ਮੁਸਲਮਾਨ ਔਰਤਾਂ

ਅਮਰੀਕਾ 'ਚ ਹੋ ਰਹੀਆਂ ਮੱਧਵਰਤੀ ਚੋਣਾਂ 'ਚ ਰਿਕਾਰਡ ਵੋਟਿੰਗ ਤੋਂ ਬਾਅਦ ਹੁਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਚੋਣਾਂ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉਨ੍ਹਾਂ ਹੇਠਾਂ ਰਿਪਬਲਿਕਨ ਪਾਰਟੀ 'ਤੇ ਲੋਕਾਂ ਦੀ ਰਾਇਸ਼ੁਮਾਰੀ ਵਾਂਗ ਵੇਖਿਆ ਜਾ ਰਿਹਾ ਹੈ।

ਉਨ੍ਹਾਂ ਦੀ ਵਿਰੋਧੀ, ਡੈਮੋਕਰੈਟਿਕ ਪਾਰਟੀ ਵੱਲੋਂ ਸੂਪੜਾ ਸਾਫ਼ ਕਰਨ ਦੀਆਂ ਗੱਲਾਂ ਚੱਲ ਰਹੀਆਂ ਸਨ। ਫਿਰ ਵੀ ਯੂਐੱਸ ਕਾਂਗਰਸ (ਅਮਰੀਕੀ ਸੰਸਦ) ਦੇ ਉੱਪਰਲੇ ਸਦਨ ਯਾਨੀ ਸੈਨੇਟ 'ਚ ਤਾਂ ਡੈਮੋਕਰੈਟਿਕ ਪਾਰਟੀ ਦਾ ਮੁੜ ਕਾਬਜ਼ ਹੋਣਾ ਮੁਸ਼ਕਲ ਹੀ ਨਜ਼ਰ ਆ ਰਿਹਾ ਹੈ।

ਡੈਮੋਕਰੈਟਿਕ ਪਾਰਟੀ ਨੂੰ ਹੇਠਲੇ ਸਦਨ (ਹਾਊਸ ਆਫ ਰਿਪਰਿਜ਼ੈਂਟੇਟਿਵਿਜ਼) ਵਾਸਤੇ ਇਨ੍ਹਾਂ ਚੋਣਾਂ 'ਚ ਪਹਿਲੀ ਜਿੱਤ ਮਿਲੀ ਵਰਜੀਨੀਆ 'ਚ, ਬਾਰਬਰਾ ਕੋਮਸਟੋਕ ਖਿਲਾਫ।

ਇਹ ਵੀ ਜ਼ਰੂਰ ਪੜ੍ਹੋ

ਅਮਰੀਕੀ ਸਮੇਂ ਅਨੁਸਾਰ ਮੰਗਲਵਾਰ ਦੇਰ ਸ਼ਾਮ ਨੂੰ, ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ, ਨਤੀਜੇ ਆਉਣੇ ਅਜੇ ਸ਼ੁਰੂ ਹੀ ਹੋਏ ਸਨ ਇਸ ਲਈ ਸਾਫ਼ ਤੌਰ 'ਤੇ ਕੁਝ ਕਹਿਣਾ ਅਜੇ ਮੁਸ਼ਕਲ ਹੈ।

ਕਾਂਗਰਸ ਪਹੁੰਚਣ ਵਾਲੀਆਂ ਮੁਸਲਮਾਨ ਔਰਤਾਂ

ਚੋਣਾਂ 'ਚ ਦੋ ਮੁਸਲਮਾਨ ਔਰਤਾਂ ਪਹਿਲੀ ਵਾਰ ਕਾਂਗਰਸ ਪਹੁੰਚੀਆਂ ਹਨ।

ਇਹ ਹਨ ਡੈਮੋਕਰੈਟਿਕ ਪਾਰਟੀ ਦੀਆਂ ਇਲਹਾਨ ਉਮਰ ਅਤੇ ਰਾਸ਼ਿਦਾ ਤਾਲਿਬ।

ਟਰੰਪ ਵੱਡਾ ਕਾਰਕ

ਵੋਟਿੰਗ ਖ਼ਤਮ ਹੋਣ ਤੋਂ ਬਿਲਕੁਲ ਬਾਅਦ ਲੋਕਾਂ ਨਾਲ ਐਗਜ਼ਿਟ ਪੋਲ ਕੀਤਾ ਗਿਆ ਜਿਸ 'ਚ ਲੋਕਾਂ ਦੇ ਮੁੱਦੇ ਜਾਣਨ ਦੀ ਕੋਸ਼ਿਸ਼ ਕੀਤੀ ਗਈ।

ਸੀਬੀਐੱਸ ਨਿਊਜ਼ ਚੈਨਲ ਦੇ ਇਸ ਸਰਵੇਖਣ ਮੁਤਾਬਕ 65 ਫ਼ੀਸਦ ਲੋਕਾਂ ਲਈ ਡੌਨਲਡ ਟਰੰਪ — ਜੋ ਕਿ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚੋਂ ਅੱਧਾ ਨਿਭਾ ਚੁੱਕੇ ਹਨ — ਇੱਕ ਵੱਡਾ ਫੈਕਟਰ (ਕਾਰਕ ਜਾਂ ਮੁੱਦਾ) ਹਨ। ਇਸ 65 ਫ਼ੀਸਦ ਦੇ ਅੰਕੜੇ ਨੂੰ ਵੀ ਜੇ ਤੋੜ ਕੇ ਵੇਖਿਆ ਜਾਵੇ ਤਾਂ 39 ਫ਼ੀਸਦ ਟਰੰਪ ਦੇ ਖ਼ਿਲਾਫ਼ ਸਨ ਤੇ 26 ਫ਼ੀਸਦ ਉਨ੍ਹਾਂ ਦੇ ਤਰਫ਼ਦਾਰ।

ਇਹ ਵੀ ਜ਼ਰੂਰ ਪੜ੍ਹੋ

ਟਰੰਪ ਨੇ ਇਨ੍ਹਾਂ ਚੋਣਾਂ 'ਚ ਦੱਬ ਕੇ ਪ੍ਰਚਾਰ ਕੀਤਾ ਹੈ। ਇੰਝ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਕਿ ਇਹ ਚੋਣਾਂ ਉਨ੍ਹਾਂ ਦੇ ਦੁਆਲੇ ਹੀ ਘੁੱਮ ਰਹੀਆਂ ਹਨ।

ਉੰਝ ਟਰੰਪ ਦੀ ਅਪਰੂਵਲ ਰੇਟਿੰਗ ਜਾਂ ਲੋਕਾਂ 'ਚ ਹਮਾਇਤ ਦਰ ਇਸ ਵੇਲੇ 44 ਫ਼ੀਸਦ ਹੈ। ਇਤਿਹਾਸ ਦੱਸਦਾ ਹੈ ਕਿ ਇੰਨੀ ਰੇਟਿੰਗ ਵਾਲੇ ਰਾਸ਼ਟਰਪਤੀ ਨੂੰ ਮੱਧਵਰਤੀ ਚੋਣਾਂ 'ਚ ਮੁਸ਼ਕਲ ਪੇਸ਼ ਆਉਂਦੀ ਹੈ।

ਸਿਹਤ ਵੱਡਾ ਮੁੱਦਾ

ਇਸ ਸਰਵੇਖਣ 'ਚ ਇੱਕ ਹੋਰ ਗੱਲ ਉੱਭਰ ਕੇ ਆਈ ਹੈ — 43 ਫ਼ੀਸਦ ਅਮਰੀਕੀ ਵੋਟਰਾਂ ਲਈ ਸਿਹਤ ਸੇਵਾਵਾਂ ਮੁੱਖ ਮੁੱਦਾ ਹਨ।

ਡੈਮੋਕਰੈਟਿਕ ਪਾਰਟੀ ਨੇ ਇਸ ਮੁੱਦੇ ਉੱਪਰ ਡਾਢਾ ਜ਼ੋਰ ਦਿੱਤਾ ਹੈ। ਇਸ ਤੋਂ ਘੱਟੋਘੱਟ ਇਹ ਤਾਂ ਪਤਾ ਲੱਗਦਾ ਹੀ ਹੈ ਕਿ ਡੈਮੋਕ੍ਰੇਟਿਕ ਪਾਰਟੀ ਲੋਕਾਂ ਦੀ ਨਬਜ਼ ਠੀਕ ਪੜ੍ਹ ਰਹੀ ਸੀ।

ਅਮਰੀਕਾ 'ਚ ਪ੍ਰਵਾਸੀਆਂ ਦਾ ਆਉਣਾ 23 ਫ਼ੀਸਦ ਲੋਕਾਂ ਲਈ ਮੁੱਖ ਮੁੱਦਾ ਸੀ। ਇਹ ਟਰੰਪ ਦੇ ਮੁੱਖ ਮੁੱਦਿਆਂ ਵਿੱਚ ਸ਼ਾਮਲ ਹੈ।

ਅਰਥ ਵਿਵਸਥਾ ਉੰਝ ਤਾਂ ਮੁੱਦਿਆਂ 'ਚੋਂ ਸਿਖਰ 'ਤੇ ਹੁੰਦੀ ਹੈ ਪਰ ਇਸ ਵਾਰ ਤੀਜੇ ਪੜਾਅ 'ਤੇ ਰਹੀ — 21 ਫ਼ੀਸਦ ਲੋਕਾਂ ਨੇ ਹੀ ਆਖਿਆ ਕਿ ਅਰਥ ਵਿਵਸਥਾ ਦੇ ਆਧਾਰ 'ਤੇ ਉਨ੍ਹਾਂ ਨੇ ਵੋਟ ਪਾਈ।

ਡੈਮੋਕਰੈਟਿਕ ਪਾਰਟੀ ਲਈ ਇੱਕ ਹੋਰ ਹੁੰਗਾਰਾ ਦੇਣ ਵਾਲਾ ਆਂਦਾ ਇਹ ਰਿਹਾ ਕਿ 80 ਫ਼ੀਸਦ ਲੋਕਾਂ ਮੁਤਾਬਕ ਮਹਿਲਾਵਾਂ ਨੂੰ ਚੋਣਾਂ 'ਚ ਜਿਤਾਉਣਾ ਜ਼ਰੂਰੀ ਹੈ। ਡੈਮੋਕ੍ਰੇਟਿਕ ਪਾਰਟੀ ਵੱਲੋਂ 200 ਮਹਿਲਾ ਉਮੀਦਵਾਰ ਹਨ ਜਦਕਿ ਰਿਪਬਲਿਕਨ ਪਾਰਟੀ ਨੇ 59 ਔਰਤਾਂ ਨੂੰ ਹੀ ਟਿਕਟ ਦਿੱਤੀ ਹੈ।

ਇਹ ਵੀ ਜ਼ਰੂਰ ਪੜ੍ਹੋ

ਹਾਊਸ ਆਫ ਰਿਪਰਿਜ਼ੈਂਟੇਟਿਵ ਦੇ ਸਾਰੇ 435 ਮੈਂਬਰ ਅਤੇ 100 ਮੈਂਬਰੀ ਸੈਨੇਟ ਦੀਆਂ 35 ਸੀਟਾ ਲਈ ਅਤੇ 50 ਸੂਬਿਆਂ ਗਵਰਨਰਾਂ ਵਿੱਚ 36 ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਸੂਬਾਈ ਤੇ ਸਥਾਨਕ ਚੋਣਾਂ ਹੋ ਰਹੀਆਂ ਹਨ।

ਰਾਸ਼ਟਰਪਤੀ ਦੀ ਛਵੀ ਲੋਕਾਂ ਵਿੱਚ ਕੋਈ ਬਹੁਤੀ ਵਧੀਆ ਨਹੀਂ ਹੈ ਪਰ ਅਮਰੀਕਾ ਵਿੱਚ ਮੱਧਵਰਤੀ ਚੋਣਾਂ ਆਮ ਤੌਰ 'ਤੇ ਗੋਰੇਪੱਖੀ ਤੇ ਰੂ੍ੜ੍ਹੀਵਾਦੀ ਹੁੰਦੀਆਂ ਹਨ, ਜਿਸ ਦਾ ਉਨ੍ਹਾਂ ਦੀ ਪਾਰਟੀ ਨੂੰ ਲਾਹਾ ਮਿਲਣ ਦੀ ਸੰਭਾਵਨਾ ਹੈ।

ਇਹ ਵੀਡੀਓ ਵੀ ਜ਼ਰੂਰ ਦੇਖੋ

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ