ਟਰੰਪ ਦਾ ਪਹਿਲਾਂ ਤਲਖ਼ ਵਤੀਰਾ ਫਿਰ ਪੱਤਰਕਾਰ ਦੀ ਸਨਦ ਰੱਦ

ਅਮਰੀਕਾ 'ਚ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਨਿਊਜ਼ ਚੈਨਲ ਸੀਐੱਨਐੱਨ ਦੇ ਸੀਨੀਅਰ ਪੱਤਰਕਾਰ ਜਿਮ ਐਕੋਸਟਾ ਦੀ ਤਿੱਖੀ ਬਹਿਸ ਹੋਈ ਜਿਸ ਤੋਂ ਬਾਅਦ ਉਨ੍ਹਾਂ ਕੋਲੋਂ ਵ੍ਹਾਈਟ ਹਾਊਸ 'ਚ ਵੜਨ ਲਈ ਜ਼ਰੂਰੀ ਸਨਦ ਹੀ ਖੋਹ ਲਈ ਗਈ ਹੈ।

ਡੌਨਲਡ ਟਰੰਪ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸਨ। ਉਸ ਦੌਰਾਨ ਐਕੋਸਟਾ ਨੇ ਟਰੰਪ ਨੂੰ ਲਾਤੀਨੀ ਅਮਰੀਕੀ ਇਲਾਕਿਆਂ ਤੋਂ ਦੇਸ਼ ਵੱਲ ਆ ਰਹੇ ਪਰਵਾਸੀਆਂ ਬਾਰੇ ਉਨ੍ਹਾਂ ਦੇ ਦਾਅਵੇ 'ਤੇ ਸਵਾਲ ਚੁੱਕਿਆ।

ਟਰੰਪ ਨੇ ਸਵਾਲ ਦਾ ਤਲਖ਼ ਭਰੇ ਅੰਦਾਜ਼ ਵਿੱਚ ਜਵਾਬ ਦਿੱਤਾ।

ਜਦੋਂ ਐਕੋਸਟਾ ਨੇ ਦੂਜਾ ਸਵਾਲ ਸ਼ੁਰੂ ਕੀਤਾ ਤਾਂ ਟਰੰਪ ਨੇ ਸੁਣਨ ਤੋਂ ਨਾਂਹ ਕੀਤੀ ਅਤੇ ਵ੍ਹਾਈਟ ਹਾਊਸ ਦੀ ਇੱਕ ਸਟਾਫ ਮੈਂਬਰ ਸੈਂਡਰਜ਼ ਨੇ ਐਕੋਸਟਾ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ।

ਉਸ ਤੋਂ ਪਹਿਲਾਂ ਟਰੰਪ ਨੇ ਐਕੌਸਟਾ ਨੂੰ ਬੈਠਣ ਲਈ ਤੇ ਮਾਈਕ ਦੂਜੇ ਪੱਤਰਕਾਰ ਨੂੰ ਦੇਣ ਲਈ ਕਿਹਾ।

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸੈਰਾਹ ਸੈਂਡਰਜ਼ ਨੇ ਕਿਹਾ ਕਿ ਐਕੋਸਟਾ ਦੀ ਸਨਦ ਇਸ ਲਈ ਰੱਦ ਕੀਤੀ ਕਿਉਂਕਿ ਉਨ੍ਹਾਂ ਨੇ ਇੱਕ ਨੌਜਵਾਨ ਮਹਿਲਾ (ਵ੍ਹਾਈਟ ਹਾਊਸ ਦੀ ਸਟਾਫ਼) ਨੂੰ ਛੂਹਿਆ।

ਇਹ ਵੀ ਜ਼ਰੂਰ ਪੜ੍ਹੋ

ਐਕੋਸਟਾ ਨੇ ਸੈਂਡਰਜ਼ ਦੀ ਦਲੀਲ ਨੂੰ ਸਾਫ਼ ਝੂਠ ਆਖਿਆ ਹੈ।

ਬੁੱਧਵਾਰ (ਭਾਰਤੀ ਸਮੇਂ ਮੁਤਾਬਕ ਵੀਰਵਾਰ) ਨੂੰ ਹੋਈ ਇਸ ਘਟਨਾ ਦਾ ਕਈ ਚੈਨਲਾਂ ਨੇ ਇਹ ਵੀਡੀਓ ਜਾਰੀ ਕੀਤਾ ਹੈ।

ਵ੍ਹਾਈਟ ਹਾਊਸ ਦੀ ਕੀ ਹੈ ਦਲੀਲ?

ਘਟਨਾ ਤੋਂ ਬਾਅਦ ਐਕੋਸਟਾ ਨੇ ਟਵਿੱਟਰ ਉੱਪਰ ਦੱਸਿਆ ਕਿ ਉਨ੍ਹਾਂ ਨੂੰ ਹੁਣ ਸੀਕ੍ਰੇਟ ਸਰਵਿਸ ਦੇ ਸੁਰੱਖਿਆ ਅਧਿਕਾਰੀ 8 ਵਜੇ ਦੇ ਪ੍ਰੋਗਰਾਮ ਲਈ ਵ੍ਹਾਈਟ ਹਾਊਸ 'ਚ ਦਾਖ਼ਲ ਨਹੀਂ ਹੋਣ ਦੇ ਰਹੇ ਹਨ।

ਪ੍ਰੈੱਸ ਸਕੱਤਰ ਸੈਂਡਰਜ਼ ਨੇ ਟਵਿੱਟਰ 'ਤੇ ਬਿਆਨ 'ਚ ਕਿਹਾ, "ਵ੍ਹਾਈਟ ਹਾਊਸ ਬਰਦਾਸ਼ਤ ਨਹੀਂ ਕਰੇਗਾ ਕਿ ਕੋਈ ਰਿਪੋਰਟਰ ਆਪਣਾ ਕੰਮ ਕਰ ਰਹੀ ਇੱਕ ਨੌਜਵਾਨ ਔਰਤ ਨੂੰ ਹੱਥ ਲਗਾਏ।"

ਸੈਂਡਰਜ਼ ਨੇ ਅੱਗੇ ਲਿਖਿਆ, "ਇਹ ਸ਼ਰਮਨਾਕ ਹੈ ਕਿ ਸੀਐੱਨਐੱਨ ਆਪਣੇ ਇੱਕ ਅਜਿਹੇ ਕਰਮੀ ਉੱਤੇ ਮਾਣ ਕਰ ਰਿਹਾ ਹੈ।"

ਹੋਇਆ ਕੀ ਸੀ?

ਰਾਸ਼ਟਰਪਤੀ ਟਰੰਪ ਨੂੰ ਉਦੋਂ ਗੁੱਸਾ ਆਉਂਦਾ ਨਜ਼ਰ ਆਇਆ ਜਦੋਂ ਪੱਤਰਕਾਰ ਜਿਮ ਐਕੋਸਟਾ ਨੇ ਉਨ੍ਹਾਂ ਦੇ ਕੁਝ ਹਾਲੀਆ ਬਿਆਨਾਂ ਨੂੰ ਚੁਣੌਤੀ ਦਿੱਤੀ।

ਐਕੋਸਟਾ ਨੇ ਆਖਿਆ ਕਿ ਪਰਵਾਸੀਆਂ ਦੇ "ਕਾਰਵਾਂ" ਲਈ ਟਰੰਪ ਗਲਤ ਸ਼ਬਦ ਵਰਤ ਰਹੇ ਹਨ ਅਤੇ ਇਸ ਨੂੰ "ਕਬਜ਼ਾ" ਆਖਣਾ ਸਹੀ ਨਹੀਂ ਹੈ ਕਿਉਂਕਿ ਕਾਰਵਾਂ ਤਾਂ ਅਜੇ ਯੂਐੱਸ ਤੋਂ ਕਈ ਮੀਲ ਦੂਰ ਹੈ।

ਟਰੰਪ ਨੇ ਐਕੋਸਟਾ ਦੀ ਬੇਇੱਜ਼ਤੀ ਕਰਨ ਦੇ ਲਹਿਜ਼ੇ 'ਚ ਕਿਹਾ ਕਿ ਉਹ ਇਸ ਕਾਰਵਾਂ ਨੂੰ ਕਬਜ਼ਾ ਹੀ ਮੰਨਦੇ ਹਨ। ਨਾਲ ਹੀ ਐਕੋਸਟਾ ਨੂੰ ਇਹ ਵੀ ਕਿਹਾ ਕਿ ਐਕੋਸਟਾ ਉਨ੍ਹਾਂ ਨੂੰ ਦੇਸ਼ ਚਲਾਉਣ ਦੇਣ ਤੇ ਖ਼ੁਦ ਸੀਐੱਨਐੱਨ ਚੈਨਲ ਦੀ ਫ਼ਿਕਰ ਕਰਨ।

ਇਹ ਵੀ ਜ਼ਰੂਰ ਪੜ੍ਹੋ

ਜਦੋਂ ਐਕੋਸਟਾ ਨੇ 2016 'ਚ ਰੂਸ ਵੱਲੋਂ ਟਰੰਪ ਨੂੰ ਜਿਤਾਉਣ ਲਈ ਅਮਰੀਕਾ ਦੀਆਂ ਚੋਣਾਂ 'ਚ ਸ਼ਮੂਲੀਅਤ ਦੇ ਇਲਜ਼ਾਮ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਟਰੰਪ ਦੇ ਇਸ਼ਾਰੇ 'ਤੇ ਉਨ੍ਹਾਂ ਤੋਂ ਮਾਈਕ ਵਾਪਸ ਲੈ ਲਿਆ ਗਿਆ।

ਟਰੰਪ ਨੇ ਕਿਹਾ, "ਬਹੁਤ ਹੋ ਗਿਆ, ਬਹੁਤ ਹੋ ਗਿਆ," ਅਤੇ ਐਕੋਸਟਾ ਨੂੰ ਬਹਿ ਜਾਣ ਲਈ ਆਖਿਆ। ਉਨ੍ਹਾਂ ਅੱਗੇ ਕਿਹਾ, "ਸੀਐੱਨਐੱਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਉਨ੍ਹਾਂ ਲਈ ਕੰਮ ਕਰਦੇ ਹੋ।"

ਨਾਲ ਹੀ ਕੁਝ ਹੋਰ ਘਟਨਾਵਾਂ ਵੱਲ ਇਸ਼ਾਰਾ ਕਰਦਿਆਂ ਕਿਹਾ, "ਤੁਹਾਡਾ ਸੈਰਾਹ (ਸੈਂਡਰਜ਼) ਨਾਲ ਵਤੀਰਾ ਬਹੁਤ ਮਾੜਾ ਹੈ।"

ਕੀ ਰਹੀ ਪ੍ਰਤੀਕਿਰਿਆ?

ਐਕੋਸਟਾ ਦੀ ਮਾਨਤਾ ਰੱਦ ਕੀਤੇ ਜਾਣ ਦੀ ਜ਼ਿਆਦਾਤਰ ਪੱਤਰਕਾਰਾਂ ਨੇ ਨਿਖੇਧੀ ਕੀਤੀ।

ਸੀਐੱਨਐੱਨ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਹ ਪਾਬੰਦੀ ਕੁਝ ਔਖੇ ਸਵਾਲਾਂ ਦੇ ਬਦਲੇ ਦੇ ਤੌਰ 'ਤੇ ਲਗਾਈ ਗਈ ਹੈ।

ਇਹ ਵੀ ਜ਼ਰੂਰ ਪੜ੍ਹੋ

ਸੀਐੱਨਐੱਨ ਨੇ ਕਿਹਾ, "ਆਪਣੇ ਵੱਲੋਂ ਸਫ਼ਾਈ 'ਚ ਵੀ ਪ੍ਰੈੱਸ ਸਕੱਤਰ ਨੇ ਝੂਠ ਬੋਲਿਆ... ਉਨ੍ਹਾਂ ਨੇ ਝੂਠੇ ਇਲਜ਼ਾਮ ਲਗਾਏ ਅਤੇ ਅਜਿਹੀ ਗੱਲ ਦਾ ਜ਼ਿਕਰ ਕੀਤਾ ਜੋ ਹੋਈ ਹੀ ਨਹੀਂ।"

ਵ੍ਹਾਈਟ ਹਾਊਸ ਪੱਤਰਕਾਰ ਸਮੂਹ ਨੇ ਵੀ ਇਸ ਕਾਰਵਾਈ ਨੂੰ "ਨਾ ਮੰਨਣਯੋਗ" ਆਖਿਆ ਅਤੇ ਇਸ ਪਾਬੰਦੀ ਨੂੰ ਹਟਾਉਣ ਦੀ ਮੰਗ ਕੀਤੀ।

ਇਹ ਵੀਡੀਓ ਵੀ ਜ਼ਰੂਰ ਦੇਖੋ

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ