ਅਕਸ਼ੇ ਕੁਮਾਰ ਨੇ ਸੁਖਬੀਰ ਬਾਦਲ ਤੇ ਸਿਰਸਾ ਡੇਰਾ ਮੁਖੀ ਵਿਚਕਾਰ ਡੀਲ ਕਰਵਾਈ? ਸਵਾਲ ਬਾਕੀ ਹੈ

ਕੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕਦੇ ਨਾ ਮਿਲਣ ਦਾ ਅਦਾਕਾਰ ਅਕਸ਼ੇ ਕੁਮਾਰ ਦਾ ਬਿਆਨ ਝੂਠਾ ਹੈ? ਸਾਬਕਾ ਵਿਧਾਇਕ ਹਰਬੰਸ ਜਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮੀਟਿੰਗ ਦੇ ਸਬੂਤ ਹਨ।

ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ 9 ਅਕਤੂਬਰ 2017 ਨੂੰ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਬਿਆਨ ਕਲਮਬੰਦ ਕਰਾਏ ਸਨ।

ਜਲਾਲ ਨੇ ਕਿਹਾ ਹੈ ਕਿ ਉਹ ਬਿਆਨ ਉੱਤੇ ਕਾਇਮ ਹਨ ਕਿ ਡੇਰਾ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿਚ ਚਲਾਉਣ ਲਈ ਅਕਾਲੀ ਦਲ ਤੇ ਡੇਰਾ ਮੁਖੀ ਦਰਮਿਆਨ ਸੌਦਾ ਹੋਇਆ ਸੀ, ਜਿਸ ਦੀ ਵਿਚੋਲਗੀ ਅਕਸ਼ੇ ਕੁਮਾਰ ਨੇ ਮੁੰਬਈ ਵਿਚ ਕੀਤੀ ਸੀ। ਜਲਾਲ ਨੇ 100 ਕਰੋੜ ਦੀ ਸੌਦੇਬਾਜ਼ੀ ਦੀ ਗੱਲ ਕਹੀ ਸੀ।

ਸੁਖਬੀਰ ਬਾਦਲ ਦਾ ਦਾਅਵਾ

ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ੈੱਡ ਪਲੱਸ ਸਕਿਉਰਟੀ ਮਿਲੀ ਹੋਈ ਹੈ, ਉਹ ਜਿੱਥੇ ਵੀ ਜਾਂਦੇ ਹਨ ਉਸ ਦੀ ਹਰ ਖ਼ਬਰ ਪੰਜਾਬ ਪੁਲਿਸ ਅਤੇ ਸੀਆਈਐਸਐੱਫ਼ ਨੂੰ ਹੁੰਦੀ ਹੈ।

ਸੁਖਬੀਰ ਨੇ ਕਿਹਾ, “ਮੇਰੇ ਇੱਕ-ਇੱਕ ਪਲ ਦਾ ਪਤਾ ਪੰਜਾਬ ਪੁਲਿਸ ਨੂੰ ਹੁੰਦਾ ਹੈ। ਜ਼ਿਆਦਾ ਨਹੀਂ ਤਾਂ ਉਸ ਦਾ ਰਿਕਾਰਡ ਹੀ ਦੇਖ ਲੈਣ ਕਿ ਮੈਂ ਕਦੋਂ ਕਿੱਥੇ ਸੀ।”

ਸੁਖਬੀਰ ਬਾਦਲ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਅਸਲ ਦੋਸ਼ੀਆਂ ਨੂੰ ਸਜ਼ਾ ਮਿਲੇ, ਪਰ ਸਿਆਸਤ ਕਰਕੇ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਂਗਰਸੀ 2 ਸਾਲ ਤੋਂ ਇਸ ਮਾਮਲੇ ਉੱਤੇ ਡਰਾਮੇ ਕਰ ਰਹੇ ਹਨ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਜ਼ਰੂਰ ਦੇਖੋ

ਸਰਕਾਰ ਦਾ ਪੱਖ਼

ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਹਿੰਦੇ ਹਨ ਕਿ ਵਿਸ਼ੇਸ਼ ਜਾਂਚ ਟੀ ਵੱਲੋਂ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਸਭ ਕੁਝ ਸਾਫ਼ ਹੋਵੇਗਾ।

ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਰਣਜੀਤ ਸਿੰਘ ਕਮਿਸ਼ਨ ਕੋਲ ਅਕਸ਼ੈ ਕੁਮਾਰ ਉੱਤੇ ਡੇਰਾ ਮੁਖੀ ਤੇ ਬਾਦਲਾਂ ਵਿਚਕਾਰ ਸਮਝੌਤਾ ਬੈਠਕ ਕਰਵਾਉਣ ਦੇ ਬਿਆਨ ਦਿੱਤੇ ਸਨ, ਉਨ੍ਹਾਂ ਬਾਬਤ ਜਾਂਚ ਹੋਣੀ ਜਰੂਰੀ ਹੈ। ਉਨ੍ਹਾਂ ਇਸ ਮਾਮਲੇ ਉੱਤੇ ਕਿਸੇ ਤਰ੍ਹਾਂ ਦੀ ਸਿਆਸਤ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ।

ਅਕਸ਼ੇ ਨੇ ਕੀ ਕਿਹਾ?

  • ਸੋਸਲ ਮੀਡੀਆ 'ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਰਾਮ ਰਹੀਮ ਨਾਮ ਦੇ ਬਾਬੇ ਦੀ ਕਿਸੇ ਮੁਲਾਕਾਤ ਵਿੱਚ ਮੇਰਾ ਕੋਈ ਯੋਗਦਾਨ ਹੈ।
  • ਮੈਂ ਆਪਣੀ ਜਿੰਦਗੀ ਵਿੱਚ ਰਾਮ ਰਹੀਮ ਨੂੰ ਕਦੇ ਨਹੀਂ ਮਿਲਿਆ।
  • ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਾ ਹੈ ਕਿ ਮੁੰਬਈ ਦੇ ਜੁਹੂ ਇਲਾਕੇ ਵਿੱਚ ਉਹ ਵੀ ਰਹਿੰਦਾ ਸੀ ਪਰ ਅਸੀਂ ਕਦੇ ਨਹੀਂ ਮਿਲੇ।
  • ਪਿਛਲੇ ਕਈ ਸਾਲਾਂ ਤੋਂ ਮੈਂ ਪੰਜਾਬੀ ਸਭਿਆਚਾਰ ਅਤੇ ਸਿੱਖੀ ਦੀ ਵਿਚਾਰਧਾਰਾ ਉੱਤੇ ਫਿਲਮਾਂ ਬਣਾ ਰਿਹਾ ਹਾਂ। ਮੈਨੂ ਆਪਣੇ ਪੰਜਾਬੀ ਹੋਣ 'ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸਰਧਾ ਅਤੇ ਸਤਿਕਾਰ ਹੈ।
  • ਮੈਂ ਭੁੱਲ ਕੇ ਵੀ ਆਪਣੇ ਇਨ੍ਹਾਂ ਭੈਣ-ਭਰਾਵਾਂ ਦੇ ਦਿਲ ਦੁਖਾਉਣ ਵਾਲੀ ਕਿਸੇ ਗੱਲ 'ਚ ਸ਼ਾਮਿਲ ਨਹੀਂ ਹੋ ਸਕਦਾ।
  • ਕਿਸੇ ਬਦਨੀਤੀ ਨਾਲ ਜਾਂ ਕਿਸੇ ਘਟੀਆ ਰਾਜਨੀਤੀ ਤੋਂ ਪ੍ਰੇਰਿਤ ਮੈਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੀ ਮੈਂ ਨਿੰਦਾ ਕਰਦਾ ਹਾਂ।

ਇਹ ਵੀਡੀਓ ਵੀ ਤੁਹਾਨੂੰ ਰੋਚਕ ਲੱਗਣਗੇ

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ