ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਦੇ ਸਭ ਅਧਿਕਾਰ ਸੁਖਬੀਰ ਬਾਦਲ ਨੂੰ — 5 ਅਹਿਮ ਖਬਰਾਂ

ਸ਼੍ਰੋਮਣੀ ਅਕਾਲੀ ਦਲ ਦੇ 120 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਭਰੋਸਾ ਪ੍ਰਗਟਾਉਂਦਿਆਂ, ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਸੁਖਬੀਰ ਬਾਦਲ ਨੂੰ ਸੌਂਪ ਦਿੱਤੇ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੰਗਲਵਾਰ ਨੂੰ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਦੁਪਹਿਰ 1 ਵਜੇ ਚੋਣ ਲਈ ਇਜਲਾਸ ਹੋਵੇਗਾ।

ਸੋਮਵਾਰ ਨੂੰ ਇਸੇ ਹਾਲ 'ਚ ਕਮੇਟੀ ਮੈਂਬਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਸੁਖਬੀਰ ਬਾਦਲ ਨੇ ਕੀਤੀ। ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਦਲਜੀਤ ਸਿੰਘ ਚੀਮਾ ਤੇ ਗੁਲਜ਼ਾਰ ਸਿੰਘ ਰਣੀਕੇ ਹਾਜ਼ਰ ਸਨ।

ਖ਼ਬਰ ਮੁਤਾਬਕ ਮੀਟਿੰਗ 'ਚ ਚੀਮਾ ਨੇ 'ਲਿਫਾਫਾ ਕਲਚਰ' ਨੂੰ ਵੀ ਲੋਕਤੰਤਰੀ ਤਰੀਕਾ ਕਰਾਰ ਦਿੱਤਾ।

ਇਹ ਵੀ ਜ਼ਰੂਰ ਪੜ੍ਹੋ

ਮੀਟਿੰਗ 'ਚ ਕਿਸੇ ਵੀ ਆਗੂ ਵੱਲੋਂ ਸੁਖਬੀਰ ਦੀ ਪ੍ਰਧਾਨਗੀ ਖਿਲਾਫ਼ ਇਤਰਾਜ਼ ਆਦਿ ਨਹੀਂ ਪ੍ਰਗਟਾਇਆ ਗਿਆ ਸਗੋਂ ਕੁਝ ਆਗੂਆਂ ਨੇ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਆਦਿ ਖਿਲਾਫ਼ ਪਾਰਟੀ ਦੇ ਫ਼ੈਸਲੇ ਨੂੰ ਉਚਿਤ ਠਹਿਰਾਇਆ।

ਹਰਸਿਮਰਤ ਕੌਰ ਬਾਦਲ ਪੰਜਾਬ ਦੀ ਮੁੱਖ ਮੰਤਰੀ?

ਸੂਬਾ ਸਰਕਾਰ ਦੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਗਰਾਮ ਹੇਠਾਂ ਕਰਵਾਏ ਗਏ ਇੱਕ ਬੇਸਲਾਈਨ ਸਰਵੇ ਵਿੱਚ ਸਰਕਾਰੀ ਸਕੂਲਾਂ ਦੇ ਨਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਦੇ ਗਿਆਨ ਪੱਧਰ ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ।

ਉਦਾਹਰਣ ਵਜੋਂ, ਦਸਵੀਂ ਜਮਾਤ ਦੇ 41 ਫ਼ੀਸਦੀ ਵਿਦਿਆਰਥੀਆਂ ਨੂੰ ਇਹ ਨਹੀਂ ਪਤਾ ਸੀ ਕਿ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ। ਰਾਜਿੰਦਰ ਕੌਰ ਭੱਠਲ ਦੀ ਬਜਾਇ ਕਈ ਵਿਦਿਆਰਥੀਆਂ ਨੇ ਹਰਸਿਮਰਤ ਕੌਰ ਬਾਦਲ ਦੇ ਨਾਂ ਸਾਹਮਣੇ ਸਹੀ ਲਗਾਇਆ।

ਇਹ ਟੈਸਟ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸਮਾਜਕ ਵਿਗਿਆਨ ਵਿਸ਼ਿਆਂ 'ਚ ਮਾਰਚ ਮਹੀਨੇ 'ਚ ਲਿਆ ਗਿਆ ਸੀ ਅਤੇ ਇੰਡੀਅਨ ਐਕਸਪ੍ਰੈੱਸ ਦੀ ਇਸ ਖ਼ਬਰ ਮੁਤਾਬਕ ਇਸ ਦੇ ਨਤੀਜੇ ਹਾਲ ਹੀ 'ਚ ਆਏ ਹਨ।

ਇਹ ਵੀ ਜ਼ਰੂਰ ਪੜ੍ਹੋ

ਅੰਗਰੇਜ਼ੀ 'ਚ ਨੌਵੀਂ ਅਤੇ ਦਸਵੀਂ ਦੇ 72 ਫ਼ੀਸਦੀ ਵਿਦਿਆਰਥੀ 'ਮੇਰੀ ਪਸੰਦੀਦਾ ਖੇਡ' ਵਿਸ਼ੇ ਉੱਪਰ ਪੰਜ ਸਤਰਾਂ ਵੀ ਨਹੀਂ ਲਿਖ ਸਕੇ।

ਸੂਬੇ ਦੀ ਸਕੂਲੀ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਲਈ ਕੇਂਦਰੀ ਤੌਰ 'ਤੇ ਲਾਗੂ ਉਸ ਨੀਤੀ ਨੂੰ ਜਿੰਮੇਵਾਰ ਮੰਨਿਆ ਜਿਸ ਮੁਤਾਬਕ ਅੱਠਵੀਂ ਜਮਾਤ ਤਕ ਕਿਸੇ ਬੱਚੇ ਨੂੰ ਫੇਲ ਨਹੀਂ ਕੀਤਾ ਜਾਂਦਾ। ਉਨ੍ਹਾਂ ਮੁਤਾਬਕ ਉਹ ਵੇਲਾ ਬਹਿਤਰ ਸੀ ਜਦੋਂ ਪੰਜਵੀਂ ਤੇ ਅੱਠਵੀਂ ਜਮਾਤ 'ਚ ਬੋਰਡ ਪ੍ਰੀਖਿਆਵਾਂ ਹੁੰਦੀਆਂ ਸਨ।

ਸਾਬਕਾ ਵਿਧਾਇਕ ਨੇ ਅਕਸ਼ੇ ਕੁਮਾਰ ਦਾ ਦਾਅਵਾ ਨਕਾਰਿਆ

ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਅਦਾਕਾਰ ਅਕਸ਼ੇ ਕੁਮਾਰ ਦੀ ਇਹ ਦਲੀਲ ਨਕਾਰ ਦਿੱਤੀ ਕਿ ਉਹ (ਅਕਸ਼ੇ) ਕਦੇ ਸਿਰਸਾ ਡੇਰਾ ਮੁਖੀ ਅਤੇ ਅਕਾਲੀਆਂ ਵਿਚਕਾਰ ਕਿਸੇ ਸੌਦੇ 'ਚ ਸ਼ਾਮਲ ਨਹੀਂ ਸਨ।

ਜਲਾਲ ਨੇ ਆਖਿਆ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਆਪਣੇ ਬਿਆਨ ਉੱਤੇ ਕਾਇਮ ਹਨ। ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਅਕਸ਼ੇ ਵੱਲੋਂ ਕਰਾਈ ਸੌਦੇਬਾਜ਼ੀ ਨੂੰ ਸਾਬਤ ਕਰ ਸਕਦੇ ਹਨ।

ਦੱਸਣਯੋਗ ਹੈ ਕਿ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ 9 ਅਕਤੂਬਰ 2017 ਨੂੰ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਬਿਆਨ ਕਲਮਬੰਦ ਕਰਾਏ ਸਨ।

ਉਨ੍ਹਾਂ ਕਿਹਾ ਸੀ ਕਿ ਡੇਰਾ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿਚ ਚਲਾਉਣ ਇੱਕ ਸੌਦਾ ਅਕਾਲੀ ਦਲ ਤੇ ਡੇਰਾ ਮੁਖੀ ਦਰਮਿਆਨ ਹੋਇਆ ਸੀ, ਜਿਸ ਦੀ ਵਿਚੋਲਗੀ ਅਕਸ਼ੇ ਕੁਮਾਰ ਨੇ ਮੁੰਬਈ ਵਿਚ ਕੀਤੀ ਸੀ। ਜਲਾਲ ਨੇ 100 ਕਰੋੜ ਦੀ ਸੌਦੇਬਾਜ਼ੀ ਦੀ ਗੱਲ ਕਹੀ ਸੀ।

ਇਹ ਵੀ ਜ਼ਰੂਰ ਪੜ੍ਹੋ

ਵਿਸ਼ੇਸ਼ ਜਾਂਚ ਟੀਮ ਵੱਲੋਂ ਬਾਦਲਾਂ ਤੋਂ ਇਲਾਵਾ ਅਕਸ਼ੇ ਕੁਮਾਰ ਨੂੰ ਵੀ ਤਲਬ ਕੀਤਾ ਗਿਆ ਹੈ ਅਤੇ ਸੰਮਨ ਭੇਜ ਕੇ 21 ਨਵੰਬਰ ਨੂੰ ਟੀਮ ਕੋਲ ਪੇਸ਼ ਹੋਣ ਲਈ ਆਖਿਆ ਗਿਆ ਹੈ।

ਅਕਸ਼ੇ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਕਦੇ ਵੀ ਡੇਰਾ ਮੁਖੀ ਗੁਰਮੀਤ ਰਾਹ ਰਹੀਮ ਨੂੰ ਨਹੀਂ ਮਿਲੇ। ਉਨ੍ਹਾਂ ਚੁਣੌਤੀ ਵੀ ਦਿੱਤੀ ਕਿ ਕੋਈ ਵੀ ਇਸ ਨੂੰ ਸਾਬਤ ਕਰ ਕੇ ਦਿਖਾਵੇ।

ਕੇਂਦਰ ਨੇ ਰਫ਼ਾਲ ਸੌਦੇ ਦੇ ਵੇਰਵੇ ਸੁਪਰੀਮ ਕੋਰਟ ਨੂੰ ਸੌਂਪੇ

ਕੇਂਦਰ ਸਰਕਾਰ ਨੇ ਫਰਾਂਸ ਤੋਂ ਖਰੀਦੇ ਜਾ ਰਹੇ 36 ਰਫ਼ਾਲ ਲੜਾਕੂ ਜਹਾਜ਼ਾਂ ਦੀ ਕੀਮਤ ਦੇ ਵੇਰਵੇ ਬੰਦ ਲਿਫਾਫੇ 'ਚ ਸੁਪਰੀਮ ਕੋਰਟ ਨੂੰ ਸੌਂਪ ਦਿੱਤੇ। ਇਸ ਵਿੱਚ ਕੀਮਤ/ਲਾਗਤ ਦੇ ਵੇਰਵਿਆਂ ਦੀ ਜਾਣਕਾਰੀ ਦਿੱਤੀ ਗਈ ਹੈ।

ਕੇਂਦਰ ਨੇ ਇਹ ਵੀ ਦੱਸਿਆ ਹੈ ਕਿ ਸੌਦੇ ਲਈ ਵਿਧੀ ਦਾ ਪਾਲਣ ਕੀਤਾ ਗਿਆ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸੌਦੇ ਲਈ ਭਾਰਤੀ ਟੀਮ ਬਣਾਈ ਗਈ ਸੀ, ਜਿਸ ਨੇ ਫਰਾਂਸ ਨਾਲ ਕਰੀਬ ਇਕ ਸਾਲ ਚਰਚਾ ਕੀਤੀ ਸੀ।

ਸੁਪਰੀਮ ਕੋਰਟ ਹੁਣ ਦਸਤਾਵੇਜ਼ਾਂ ਦੀ ਪੜਚੋਲ ਕਰੇਗੀ ਤੇ ਬੁੱਧਵਾਰ ਨੂੰ ਮਾਮਲੇ 'ਤੇ ਸੁਣਵਾਈ ਕਰੇਗੀ।

ਕੇਂਦਰ ਨੇ ਕੋਰਟ ਵਿਚ ਇਹ ਵੀ ਕਿਹਾ ਕਿ ਯੂਪੀਏ ਸਰਕਾਰ ਵਲੋਂ ਲੜਾਕੂ ਜਹਾਜ ਬਣਾਉਣ ਵਿੱਚ ਕੀਤੀ ਦੇਰੀ ਕੀਤੀ ਗਈ ਸੀ ਜਿਸ ਕਰਕੇ ਦੁਸ਼ਮਣ ਦੇਸ਼ ਚੌਥੀ ਤੇ ਪੰਜਵੀਂ ਪੀੜ੍ਹੀ ਦੇ ਜਹਾਜ਼ ਆਪਣੇ ਬੇੜਿਆਂ ਵਿਚ ਸ਼ਾਮਲ ਕਰ ਰਹੇ ਸਨ ਤੇ ਭਾਰਤੀ ਹਵਾਈ ਫ਼ੌਜ ਪਿੱਛੇ ਸੀ।

ਸਰਹੱਦ ਟੱਪਣ ਦੇ ਦੋਸ਼ ਹੇਠ 2382 ਭਾਰਤੀ ਅਮਰੀਕੀ ਜੇਲ੍ਹਾਂ 'ਚ ਬੰਦ

ਗੈਰਕਾਨੂੰਨੀ ਤਰੀਕੇ ਨਾਲ ਸਰਹੱਦ ਟੱਪਣ ਦੇ ਦੋਸ਼ ਹੇਠ ਕਰੀਬ 2,400 ਭਾਰਤੀ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਵਿਚੋਂ ਹਨ ਜੋ ਇਹ ਕਹਿ ਕੇ ਇੱਥੇ ਪਨਾਹ ਮੰਗ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਵਿੱਚ ਹਿੰਸਾ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਜ਼ਰੂਰ ਪੜ੍ਹੋ

ਪੰਜਾਬੀ ਟ੍ਰਿਬਿਊਨ 'ਚ ਪੀਟੀਆਈ ਏਜੰਸੀ ਵੱਲੋਂ ਛਪੀ ਖਬਰ ਮੁਤਾਬਕ ਉੱਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਸੂਚਨਾ ਦੀ ਆਜ਼ਾਦੀ ਐਕਟ ਤਹਿਤ ਇਹ ਜਾਣਕਾਰੀ ਹਾਸਲ ਕੀਤੀ। ਕੁਲ 2382 ਭਾਰਤੀ ਅਮਰੀਕਾ ਦੀਆਂ 86 ਜੇਲ੍ਹਾਂ ਵਿੱਚ ਬੰਦ ਹਨ। ਨਾਪਾ ਦੇ ਪ੍ਰਧਾਨ ਸਤਨਾਮ ਸਿੰਘ ਚਾਹਲ ਨੇ ਦੱਸਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਮਨੁੱਖੀ ਤਸਕਰਾਂ ਅਤੇ ਅਧਿਕਾਰੀਆਂ ਦਾ ਵੱਡਾ ਗੱਠਜੋੜ ਹੈ।

ਇਹ ਵੀਡੀਓ ਵੀ ਜ਼ਰੂਰ ਦੇਖੋ

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ