ਬੀਬੀਸੀ ਕਰੇਗਾ 2019 ਦੀਆਂ ਚੋਣਾਂ ਦਾ ਰਿਐਲਿਟੀ ਚੈੱਕ- ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ-#BeyondFakeNews

ਬੀਬੀਸੀ ਦੇ ਪ੍ਰੋਗਰਾਮ ਵਿੱਚ ਭਾਰਤ ਭਰ ਵਿੱਚ ਸੱਤ ਸ਼ਹਿਰਾਂ ਵਿੱਚ ਹੋਏ ਪ੍ਰੋਗਰਾਮਾਂ ਵਿੱਚ ਲੰਡਨ ਤੋਂ ਸਾਂਝੇ ਰੂਪ ਵਿੱਚ ਸੰਬੋਧਨ ਕਰਦਿਆਂ ਬੀਬੀਸੀ ਦੇ ਮਹਾਂ ਨਿਰਦੇਸ਼ਕ ਟੋਨੀ ਹਾਲ ਨੇ ਫੇਕ ਨਿਊਜ਼ ਨੂੰ ਪੱਤਰਕਾਰੀ ਦੀ ਵੱਡੀ ਸਮੱਸਿਆ ਦੱਸਿਆ।

ਇਸ ਨਾਲ ਉਨ੍ਹਾਂ ਨੇ ਖ਼ਬਰਾਂ ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਉੱਪਰ ਜ਼ੋਰ ਦਿੱਤਾ।

ਟੋਨੀ ਹਾਲ ਇਨ੍ਹਾਂ ਪ੍ਰੋਗਰਾਮਾਂ ਨਾਲ ਟੈਲੀਕਾਨਫਰੰਸਿੰਗ ਨਾਲ ਜੁੜੇ ਸਨ।

ਉਨ੍ਹਾਂ ਕਿਹਾ, "ਬੀਬੀਸੀ ਭਾਰਤ ਦੇ ਸ਼ਹਿਰਾਂ ਵਿੱਚ ਜੋ ਕੰਮ ਕਰ ਰਿਹਾ ਹੈ, ਉਸ ਨਾਲ ਲੋਕ ਫੇਕ ਨਿਊਜ਼ ਬਾਰੇ ਸੁਚੇਤ ਹੋ ਰਹੇ ਹਨ। ਨੌਜਵਾਨ ਫੇਕ ਨਿਊਜ਼ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝਣ, ਇਸ ਲਈ ਇਸ (ਮੁਹਿੰਮ) ਦੀ ਖ਼ਾਸ ਅਹਿਮੀਅਤ ਹੈ, ਤਾਂ ਕਿ ਉਹ ਆਪਣੇ ਮਾਪਿਆਂ ਅਤੇ ਬਾਕੀ ਲੋਕਾਂ ਨੂੰ ਇਸ ਬਾਰੇ ਦੱਸ ਸਕਣ ਕਿ ਇਨ੍ਹਾਂ ਖ਼ਬਰਾਂ ਉੱਪਰ ਯਕੀਨ ਨਹੀਂ ਕਰਨਾ। ਇਹ ਸਾਡੇ ਅਤੇ ਸਾਡੇ ਲੋਕਤੰਤਰ ਲਈ ਬਹੁਤ ਮਹੱਤਵਪੂਰਨ ਹੈ। ਮੈਂ ਤੁਹਾਡੇ ਕੰਮ ਦੀ ਪੂਰੀ ਸਿਫਤ ਕਰਦਾ ਹਾਂ।"

'ਮਾਹਿਰ ਪੱਤਰਕਾਰਾਂ ਦੀ ਅਹਿਮੀਅਤ'

ਟੋਨੀ ਹਾਲ ਨੇ ਸਕੂਲੀ ਵਿਦਿਆਰਥੀਆਂ ਦੇ ਫੇਕ ਨਿਊਜ਼ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇੱਕ ਵਿਦਿਆਰਥਣ ਨੇ ਉਨ੍ਹਾਂ ਨੂੰ ਪੁੱਛਿਆ ਬੀਬੀਸੀ ਲੰਡਨ ਵਿੱਚ ਅਤੇ ਪੂਰੇ ਸੰਸਾਰ ਵਿੱਚ ਇਸ ਸਮੱਸਿਆ ਨਾਲ ਕਿਵੇਂ ਨਿਪਟਦਾ ਹੈ?

ਇਸ ਬਾਰੇ ਉਨ੍ਹਾਂ ਕਿਹਾ ਕਿ ਉਹ ਪੱਤਰਕਾਰੀ ਵਿੱਚ ਮੁਹਾਰਤ ਦੇ ਹਮਾਇਤੀ ਹਨ ਅਤੇ ਚਾਹੁੰਦੇ ਹਨ ਕਿ ਦੁਨੀਆਂ ਭਰ ਵਿੱਚ ਪੱਤਰਕਾਰ, ਅਰਥਚਾਰੇ, ਕਾਰੋਬਾਰ, ਆਵਾਜਾਈ, ਸਿਆਸਤ, ਜਾਂ ਵੱਖੋ-ਵੱਖਰੇ ਵਿਸ਼ਿਆਂ ਦੇ ਮਾਹਿਰ ਬਣਨ।

ਉਨ੍ਹਾਂ ਕਿਹਾ, "ਉਨ੍ਹਾਂ ਪੱਤਰਕਾਰਾਂ ਨੂੰ ਪਤਾ ਹੁੰਦਾ ਹੈ ਕਿ ਆਪਣੇ ਵਿਸ਼ੇ ਬਾਰੇ ਲੋਕਾਂ ਨਾਲ ਕਿਵੇਂ ਕੰਮ ਕਰਨਾ ਹੈ ਕਿ ਉਹ ਤੱਥਾਂ ਤੇ ਭਰੋਸਾ ਕਰਨ। ਇਹ ਪੱਤਰਕਾਰੀ ਦਾ ਪੁਰਾਣਾ ਤਰੀਕਾ ਹੈ ਪਰ ਬਹੁਤ ਮਾਅਨੇ ਰੱਖਦਾ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਫੀਲਡ ਵਿੱਚ ਪੱਤਰਕਾਰਾਂ ਦੇ ਹੋਣ ਦਾ ਬਹੁਤ ਲਾਭ ਮਿਲਦਾ ਹੈ।

'ਰਿਐਲਿਟੀ ਚੈਕ'

ਫੇਕ ਨਿਊਜ਼ ਨਾਲ ਨਿਪਟਣ ਦੇ ਤੀਜੇ ਉਪਾਅ ਵਜੋਂ ਉਨ੍ਹਾਂ ਕਿਹਾ, "ਪੱਤਰਕਾਰਾਂ ਨੂੰ ਇਸ ਕੰਮ ਵਿੱਚ ਲਾਉਣਾ ਹੈ ਕਿ ਉਹ ਜਨਤਾ ਨੂੰ ਦੱਸਣ ਕਿ ਕੀ ਸੱਚ ਹੈ ਤੇ ਕੀ ਝੂਠ। ਲੰਡਨ ਵਿੱਚ 'ਰਿਐਲਿਟੀ ਚੈਕ' ਨਾਮ ਦਾ ਸਾਡਾ ਪ੍ਰੋਗਰਾਮ ਹੈ, ਜਿਸ ਨੂੰ ਪੂਰੀ ਦੁਨੀਆਂ ਵਿੱਚ ਸ਼ੁਰੂ ਕਰਨਾ ਚਾਹੁੰਦੇ ਹਾਂ। ਇਸਦਾ ਮਕਸਦ ਹੈ ਕਿ ਜੇ ਕਿਤੇ ਕੋਈ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਕੀ ਅਸੀਂ ਉਸ ਦੀ ਸਚਾਈ ਦੀ ਜਾਂਚ ਕਰ ਸਕਦੇ ਹਾਂ।"

ਟੋਨੀ ਹਾਲ ਨੇ ਇੱਕ ਮਿਸਾਲ ਦਿੰਦਿਆਂ ਕਿਹਾ," ਹਾਲ ਹੀ ਵਿੱਚ ਸਾਡੇ ਸ਼ਾਨਦਾਰ ਪ੍ਰੋਗਰਾਮ 'ਅਫਰੀਕਾ ਆਈ’ ਨੇ ਇੱਕ ਅਜਿਹੇ ਹੀ ਮਸਲੇ ਦੀ ਪੜਤਾਲ ਕੀਤੀ। ਜਿਸ ਵਿੱਚ ਕੈਮਰੂਨ ਦੇ ਫੌਜੀਆਂ ਨੇ ਦੋ ਪੇਂਡੂ ਔਰਤਾਂ ਅਤੇ ਬੱਚੇ, ਗੋਲੀ ਮਾਰ ਕੇ ਕਤਲ ਕਰ ਦਿੱਤੀਆਂ ਸਨ। ਕੈਮਰੂਨ ਸਰਕਾਰ ਨੇ ਪਹਿਲਾਂ ਇਸ ਤੋਂ ਇਨਕਾਰ ਕੀਤਾ ਪਰ ਲਗਾਤਾਰ ਡੇਟਾ ਉੱਪਰ ਕੰਮ ਕਰਦੇ ਹੋਏ ਅਸੀਂ ਸਾਬਤ ਕਰ ਦਿੱਤਾ ਕਿ ਉਹ ਕਤਲ ਵਾਕਈ ਹੋਏ ਸਨ ਅਤੇ ਉਨ੍ਹਾਂ ਵਿੱਚ ਫੌਜੀਆਂ ਦੀ ਸ਼ਮੂਲੀਅਤ ਦੇ ਸਬੂਤ ਵੀ ਅਸੀਂ ਪੇਸ਼ ਕੀਤੇ। ਮੇਰੇ ਮੁਤਾਬਕ ਇਹੋ-ਜਿਹੀ ਪੱਤਰਕਾਰੀ ਬਹੁਤ ਮਹੱਤਵਪੂਰਨ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਫੇਕ ਨਿਊਜ਼ ਬਾਰੇ ਵੱਧ ਤੋਂ ਵੱਧ ਚਰਚਾ ਹੋਵੇ ਅਤੇ ਸਕੂਲ ਅਤੇ ਯੂਨੀਵਰਸਿਟੀਆਂ ਦੇ ਪੱਧਰ 'ਤੇ ਇਸ ਬਾਰੇ ਚਰਚਾ ਅਤੇ ਬਹਿਸਾਂ ਹੋਣ। ਤਾਂਕਿ ਲੋਕ ਕਿਸੇ ਵੀ ਗੱਲ 'ਤੇ ਯਕੀਨ ਕਰਨ ਤੋਂ ਪਹਿਲਾਂ ਸੋਚਣ।

'ਕਦਰਾਂ-ਕੀਮਤਾਂ ਦੀ ਗੱਲ'

ਪ੍ਰੋਗਰਾਮ ਦਾ ਸੰਚਾਲਨ ਕਰ ਰਹੀ ਬੀਬੀਸੀ ਪੱਤਰਕਾਰ ਯੋਗਿਤਾ ਲਿਮਯੇ ਨੇ ਕਿਹਾ ਕਿ ਭਾਰਤ ਵਿੱਚ ਅਗਲੇ ਸਾਲ ਲੋਕ ਸਭਾ ਚੋਣਾਂ ਹਨ ਅਤੇ ਬੀਬੀਸੀ ਨੇ ਵਾਅਦਾ ਕੀਤਾ ਹੈ ਕਿ 2019 ਵਿੱਚ ਵੀ ਰਿਐਲਟੀ ਚੈੱਕ ਕੀਤਾ ਜਾਵੇਗਾ।

ਟੋਨੀ ਹਾਲ ਨੇ ਕਿਹਾ, "ਬੀਬੀਸੀ ਦੀਆਂ ਜਿਹੜੀਆਂ ਗੱਲਾਂ ਵਿਸ਼ੇਸ਼ ਬਣਾਉਂਦੀਆਂ ਹਨ। ਲੋਕ ਬੀਬੀਸੀ 'ਤੇ ਭਰੋਸਾ ਕਰਦੇ ਹਨ ਅਤੇ ਅਸੀਂ ਉਸ ਨੂੰ ਕਾਇਮ ਰੱਖਣਾ ਹੈ। ਦਿੱਲੀ ਵਿੱਚ ਸਾਡੇ ਪੱਤਰਕਾਰਾਂ ਨੇ ਵੀ ਇਹੀ ਕਰਨ ਦਾ ਫ਼ੈਸਲਾ ਲਿਆ ਹੈ। ਸਾਡੀ ਤਾਜ਼ਾ ਰਿਸਰਚ ਵੀ ਇਹੀ ਦੱਸਦੀ ਹੈ ਕਿ ਰੌਲੇ-ਰੱਪੇ ਵਾਲੇ ਮਾਹੌਲ ਵਿੱਚ ਲੋਕ ਇਹੀ ਜਾਣਨਾ ਚਾਹੁੰਦੇ ਹਨ ਕਿ ਉਹ ਕਿੱਥੇ ਜਾਣ ਜਿੱਥੇ ਕੋਈ ਭਰੋਸੇਯੋਗ ਸ਼ਖ਼ਸ ਉਨ੍ਹਾਂ ਨੂੰ ਦੱਸ ਸਕੇ ਕਿ ਅਸਲ ਵਿੱਚ ਇਹ ਹੋ ਰਿਹਾ ਹੈ।"

ਟੋਨੀ ਹਾਲ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਪੱਤਰਕਾਰੀ ਨੂੰ ਹਾਸ਼ੀਏ 'ਤੇ ਧੱਕਣ ਦੀਆਂ ਕਈ ਤਰ੍ਹਾਂ ਨਾਲ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਪਰ ਪੱਤਰਕਾਰੀ ਮਾਅਨੇ ਰੱਖਦੀ ਹੈ। ਭਰੋਸੇਯੋਗ ਸੂਚਨਾ ਦੀ ਲੋੜ ਸਭ ਨੂੰ ਹੁੰਦੀ ਹੈ।

ਉਨ੍ਹਾਂ ਨੇ ਕਿਹਾ, "ਨਾਲ ਹੀ ਉਨ੍ਹਾਂ ਕਦਰਾਂ-ਕੀਮਤਾਂ ਬਾਰੇ ਵੀ ਗੱਲ ਕਰਨਾ ਜ਼ਰੂਰੀ ਹੈ, ਜਿਹੜੀ ਪੱਤਰਕਾਰੀ ਲਈ ਬੇਹੱਦ ਜ਼ਰੂਰੀ ਹੈ। ਖ਼ਾਸ ਕਰਕੇ ਅਜਿਹੀ ਦੁਨੀਆਂ ਵਿੱਚ ਜਿੱਥੇ ਬਹੁਤ ਧਰੁਵੀਕਰਨ ਅਤੇ ਰੌਲਾ-ਰੱਪਾ ਹੈ।"

'ਹੋ ਸਕਦੇ ਹਨ ਗੰਭੀਰ ਨਤੀਜੇ'

ਟੋਨੀ ਹਾਲ ਨੇ ਇਸ ਮੁਹਿੰਮ ਦੇ ਸਕਾਰਾਤਮਕ ਨਤੀਜਿਆਂ ਦੀ ਉਮੀਦ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ, "ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਭਾਰਤ ਵਿੱਚ ਤੁਹਾਡੇ ਕੰਮ ਨਾਲ ਸਾਨੂੰ ਵਿਸ਼ਵ ਪੱਧਰ ਦੇ ਕੁਝ ਸਬਕ ਮਿਲਣ। ਮੇਰੀ ਆਪਣੀ ਰਾਇ ਇਹ ਹੈ ਕਿ ਜੋ ਤੁਸੀਂ ਕਰ ਰਹੇ ਹੋ, ਉਹ ਸਾਨੂੰ ਹੋਰ ਜ਼ਿਆਦਾ ਕਰਨ ਦੀ ਲੋੜ ਹੈ। ਸਾਨੂੰ ਖ਼ਬਰ ਨਾਲ ਜੁੜੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਦੀ ਲੋੜ ਹੈ ਤਾਂ ਜੋ ਲੋਕ ਇਹ ਸਮਝ ਸਕਣ ਕਿ ਭਰੋਸੇਮੰਦ ਖ਼ਬਰਾਂ ਕਿਵੇਂ ਇਕੱਠੀਆਂ ਅਤੇ ਪੇਸ਼ ਕੀਤੀਆਂ ਜਾਂਦੀਆਂ ਹਨ।"

ਉਨ੍ਹਾਂ ਨੇ ਕਿਹਾ ਕਿ ਅਸੀਂ ਸਭ ਮਜ਼ੇਦਾਰ ਚੀਜ਼ਾਂ ਸ਼ੇਅਰ ਕਰਨਾ ਪਸੰਦ ਕਰਦੇ ਹਾਂ, ਅਸੀਂ ਹੱਸਣਾ ਚਾਹੁੰਦੇ ਹਾਂ ਅਤੇ ਹਲਕੇ-ਫੁਲਕੇ ਪਲ ਚਾਹੁੰਦੇ ਹਾਂ। ਪਰ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਖ਼ਤਰਨਾਕ ਤਰ੍ਹਾਂ ਦੀ ਫ਼ੇਕ ਨਿਊਜ਼ ਸ਼ੇਅਰ ਕਰਨ ਦੇ ਬਹੁਤ ਗੰਭੀਰ ਨਤੀਜੇ ਹੋ ਸਕਦੇ ਹਨ, ਜਿਸ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ।

ਇੱਕ ਵਿਦਿਆਰਥਣ ਨੇ ਉਨ੍ਹਾਂ ਤੋਂ ਪੁੱਛਿਆ ਕਿ ਜਦੋਂ ਮੀਡੀਆ ਵਿੱਚ ਵੀ ਵਿਚਾਰਕ ਧਰੁਵੀਕਰਨ ਹੋਵੇ ਅਤੇ ਸੋਸ਼ਲ ਮੀਡੀਆ ਫਰਜ਼ੀ ਖ਼ਬਰਾਂ ਨਾਲ ਭਰਿਆ ਹੋਵੇ ਤਾਂ ਸਾਨੂੰ ਕਿਸੇ ਉੱਤੇ ਭਰੋਸਾ ਕਰਨਾ ਚਾਹੀਦਾ ਹੈ।

ਟੋਨੀ ਹਾਲ ਨੇ ਇਸ 'ਤੇ ਕਿਹਾ , "ਅਮਰੀਕਾ ਵਿੱਚ ਵੀ ਇਹ ਚਰਚਾ ਹੁੰਦੀ ਹੈ ਅਤੇ ਮੈਂ ਇਸ 'ਤੇ ਤੁਹਾਡੀ ਰਾਇ ਵੀ ਜਾਣਨਾ ਚਾਹਾਂਗਾ। ਪਰ ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੋਵਾਂ ਪੱਖਾਂ ਦੇ ਦਾਅਵਿਆਂ ਵਿਚਾਲੇ ਸੱਚ ਕਿੱਥੇ ਹੈ। ਅਕਸਰ ਇਹ ਹੁੰਦਾ ਹੈ ਕਿ ਸੱਚ ਉਨ੍ਹਾਂ ਦਾਅਵਿਆਂ ਵਿਚਾਲੇ ਕਿਤੇ ਹੁੰਦਾ ਹੈ। ਇਸੇ ਕੰਮ ਵਿੱਚ ਅਸੀਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਅਸੀਂ ਲੋਕਾਂ ਦੇ ਪੱਖ ਵਿੱਚ ਖੜ੍ਹੇ ਹਾਂ, ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੱਚ ਕਿੱਥੇ ਹੈ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, YouTube 'ਤੇ ਜੁੜੋ।)