You’re viewing a text-only version of this website that uses less data. View the main version of the website including all images and videos.
ਕੇਰਲ ਦੇ ਹੜ੍ਹ 'ਚ ਤੈਰ ਰਹੀ ਹੈ ਫੇਕ ਨਿਊਜ਼
ਕੇਰਲ ਵਿੱਚ ਭਿਆਨਕ ਹੜ੍ਹ ਦੇ ਨਾਲ ਹੀ ਝੂਠੀਆਂ ਖ਼ਬਰਾਂ ਅਤੇ ਡਰ ਫੈਲਾਉਣ ਵਾਲੀਆਂ ਅਫਵਾਹਾਂ ਦਾ ਵੀ ਹੜ੍ਹ ਆ ਗਿਆ ਹੈ। ਇਨ੍ਹਾਂ 'ਚ ਵੱਡੇ ਡੈਮ (ਬੰਨ੍ਹ) ਟੁੱਟਣ ਦੀਆਂ ਅਫਵਾਹਾਂ ਸ਼ਾਮਲ ਹਨ ਅਤੇ ਨਾਲ ਹੀ ਸਿਆਸੀ ਏਜੰਡਾ ਵੀ ਚਲਾਉਣ ਦੀਆਂ ਕੋਸ਼ਿਸ਼ਾਂ ਹਨ।
ਸਮੱਸਿਆ ਇੰਨੀ ਵੱਡੀ ਹੋ ਗਈ ਹੈ ਕਿ ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਵੀ ਇੱਕ ਸੰਦੇਸ਼ ਪਾਉਣਾ ਪਿਆ ਕਿ ਅਫਵਾਹਾਂ ਤੇ ਫੇਕ ਨਿਊਜ਼ ਜਾਂ ਝੂਠੀਆਂ ਖ਼ਬਰਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਭਾਰਤੀ ਫੌਜ ਨੇ ਵੀ ਟਵੀਟ ਰਾਹੀਂ ਇੱਕ ਵੀਡੀਓ ਦੇ ਫ਼ਰਜ਼ੀ ਹੋਣ ਦੀ ਜਾਣਕਾਰੀ ਦਿੱਤੀ। ਫੌਜ ਦੇ ਸੂਚਨਾ ਵਿਭਾਗ ਨੇ ਆਪਣੇ ਟਵੀਟ ਵਿੱਚ ਵੀਡੀਓ ਦੇ ਇੱਕ ਸਕਰੀਨਸ਼ਾਟ ਦੇ ਉੱਪਰ 'ਫੇਕ' ਲਿਖ ਕੇ ਸੰਦੇਸ਼ ਪਾਇਆ ਹੈ ਕਿ ਫੌਜ ਬਾਰੇ ਝੂਠੀਆਂ ਖ਼ਬਰਾਂ ਨੂੰ +917290028579 'ਤੇ ਭੇਜਿਆ ਜਾਵੇ।
ਇਹ ਵੀ ਪੜ੍ਹੋ:
ਵੱਟਸਐਪ ਰਾਹੀਂ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਇੱਕ ਆਦਮੀ ਫੌਜੀ ਵਰਦੀ ਵਰਗੇ ਕੱਪੜੇ ਪਾ ਕੇ ਮਲਯਾਲਮ 'ਚ ਮੁੱਖ ਮੰਤਰੀ ਪੀ. ਵਿਜਯਨ ਦੀ ਨਿਖੇਧੀ ਕਰਦਾ ਹੈ ਤੇ ਇਲਜ਼ਾਮ ਲਾਉਂਦਾ ਹੈ ਕਿ ਉਨ੍ਹਾਂ ਨੇ ਬਚਾਅ ਕਾਰਜ ਮੁਕੰਮਲ ਤੌਰ 'ਤੇ ਫੌਜ ਨੂੰ ਨਹੀਂ ਕਰਨ ਦਿੱਤੇ।
ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਮੁਤਾਬਕ ਇਹ ਵੀਡੀਓ ਸ਼ਨੀਵਾਰ (18 ਅਗਸਤ) ਰਾਤ ਨੂੰ ਅਪਲੋਡ ਹੋਇਆ ਅਤੇ ਇੱਕ ਦਿਨ 'ਚ ਸਿਰਫ ਇੱਕ ਫੇਸਬੂਕ ਪੇਜ ਤੋਂ ਹੀ 28,000 ਵਾਰ ਸ਼ੇਅਰ ਹੋ ਚੁੱਕਿਆ ਹੈ।
ਮੁੱਖ ਮੰਤਰੀ ਦੇ ਟਵੀਟ ਵਿੱਚ ਅਪੀਲ ਹੈ ਕਿ ਲੋਕ ਸਿਰਫ ਅਧਿਕਾਰਤ ਸੂਚਨਾਵਾਂ 'ਤੇ ਹੀ ਵਿਸ਼ਵਾਸ ਕਰਨ ਅਤੇ ਅਫਸਰਾਂ ਨੂੰ ਟਵਿੱਟਰ ਤੇ ਫੇਸਬੁਕ 'ਤੇ ਫ਼ੌਲੋ ਕਰਨ।
ਹੜ੍ਹ ਨੂੰ ਫਿਰਕੂ ਰੰਗ ਵੀ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਕਈ ਟਵੀਟ ਕੀਤੇ ਜਾ ਰਹੇ ਹਨ ਕਿ ਇੱਕ ਧਰਮ ਦੇ ਲੋਕ ਦੂਜੇ ਧਰਮ ਦੇ ਲੋਕਾਂ ਦੀ ਮਦਦ ਨਹੀਂ ਕਰ ਰਹੇ।
ਕੁਝ ਅਜਿਹੇ ਪੋਸਟ ਵੀ ਪਾਏ ਜਾ ਰਹੇ ਹਨ ਕਿ ਜਿਨ੍ਹਾਂ ਵਿਚ ਪੁਰਾਣੀਆਂ ਤਸਵੀਰਾਂ ਵਰਤ ਕੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਵੱਲੋਂ ਬਚਾਅ ਕਾਰਜ ਕੀਤੇ ਜਾਣ ਦੀ ਗੱਲ ਕਰਦੇ ਹੋਏ ਫਿਰਕੂ ਮਾਨਸਿਕਤਾ ਜਾਹਿਰ ਕੀਤੀ ਗਈ ਹੈ। ਪਰ ਇਨ੍ਹਾਂ ਵਿਚੋਂ ਕਈ ਤਸਵੀਰਾਂ ਦਰਅਸਲ ਦੇਸ ਵਿੱਚ ਪਹਿਲਾਂ ਆਏ ਹੜ੍ਹਾਂ ਵੇਲੇ ਦੀਆਂ ਹਨ।
ਇਸ ਤੋਂ ਉੱਪਰ ਰਿਜ਼ਰਵ ਬੈਂਕ ਆਫ ਇੰਡੀਆ ਦੇ ਬੋਰਡ ਮੈਂਬਰ ਅਤੇ ਸੰਘ ਨਾਲ ਜੁੜੇ ਸਵਦੇਸ਼ੀ ਜਾਗਰਨ ਮੰਚ ਦੇ ਸਹਿ-ਕਨਵੀਨਰ ਸਵਾਮੀਨਾਥਨ ਗੁਰੂਮੂਰਤੀ ਨੇ ਇੱਕ ਬਿਆਨ ਦੇ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਉਨ੍ਹਾਂ ਨੇ ਕੇਰਲ ਵਿੱਚ ਆਏ ਹੜ੍ਹ ਨੂੰ ਉੱਥੇ ਦੇ ਸਬਰੀਮਲਾ ਮੰਦਿਰ ਵਿੱਚ ਔਰਤਾਂ ਦੇ ਜਾਣ 'ਤੇ ਪਾਬੰਦੀ ਖਿਲਾਫ ਸੁਪਰੀਮ ਕੋਰਟ ਵਿੱਚ ਚੱਲ ਰਹੇ ਮਾਮਲੇ ਨਾਲ ਜੋੜਿਆ।
ਇਹ ਵੀ ਪੜ੍ਹੋ:
ਕੀ ਕਿਹਾ ਗੁਰੂਮੁਰਤੀ ਨੇ
ਡਰ ਫੈਲਾਉਣ ਵਾਲਾ ਇੱਕ ਮੈਸੇਜ ਜੋ ਕਿ ਖਾਸ ਤੌਰ 'ਤੇ ਵਾਇਰਲ ਹੋਇਆ ਹੈ, ਕਹਿੰਦਾ ਹੈ ਕਿ ਕਈ ਦਹਾਕੇ ਪੁਰਾਣਾ ਮੁੱਲਾਪੇਰੀਯਾਰ ਡੈਮ ਟੁੱਟਣ ਵਾਲਾ ਹੈ।
ਦੂਜੇ ਪਾਸੇ ਡੈਮ ਦੇ ਇਲਾਕੇ ਇਡੁੱਕੀ ਦੇ ਕਲੈਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਬੇਬੁਨਿਆਦ ਖ਼ਬਰ ਹੈ।
ਉਨ੍ਹਾਂ ਕਿਹਾ ਕਿ ਡੈਮ ਬਿਲਕੁਲ ਸੁਰੱਖਿਅਤ ਹੈ ਅਤੇ ਸਰਕਾਰ ਅਫਵਾਹਾਂ ਫੈਲਾਉਣ ਵਾਲਿਆਂ ਦੇ ਖਿਲਾਫ ਸਖ਼ਤ ਕਦਮ ਚੁੱਕੇਗੀ।
ਮੁੱਖ ਮੰਤਰੀ ਵਿਜਯਨ ਨੇ ਵੀ ਅਜਿਹੀਆਂ ਖ਼ਬਰਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।