You’re viewing a text-only version of this website that uses less data. View the main version of the website including all images and videos.
#BeyondFakeNews : ਫੇਕ ਨਿਊਜ਼ ਨੂੰ ਲੈ ਕੇ ਕੋਈ ਜਵਾਬਦੇਹ ਨਹੀਂ ਹੈ : ਸਵਰਾ ਭਾਸਕਰ
ਸੋਸ਼ਲ ਮੀਡੀਆ ਉੱਤੇ ਖ਼ਬਰਾਂ ਦੀ ਸ਼ਕਲ ਵਿਚ ਗ਼ਲਤ ਤੇ ਗੁਮਰਾਹਕੁਨ ਜਾਣਕਾਰੀ ਦੇ ਪਸਾਰ ਖ਼ਿਲਾਫ਼ ਬੀਬੀਸੀ ਦੀ 'ਬਿਓਂਡ ਫ਼ੇਕ ਨਿਊਜ਼' ਮੁਹਿੰਮ ਅੱਜ ਸ਼ੁਰੂ ਹੋ ਗਈ ਹੈ।
'ਬਿਓਂਡ ਫ਼ੇਕ ਨਿਊਜ਼' ਪ੍ਰੋਜੈਕਟ ਤਹਿਤ ਭਾਰਤ ਦੇ ਸੱਤ ਸ਼ਹਿਰਾਂ ਵਿਚ ਅੱਜ ਸਮਾਗਮ ਹੋਏ। ਬੀਬੀਸੀ ਪੰਜਾਬੀ ਸਰਵਿਸ ਦਾ ਪ੍ਰੋਗਰਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਹੋਇਆ।
ਬੀਬੀਸੀ ਦਾ ਗੁਜਰਾਤੀ ਦਾ ਅਹਿਮਦਾਬਾਦ, ਮਰਾਠੀ ਦਾ ਮੁੰਬਈ , ਤੇਲਗੂ ਦਾ ਹੈਦਰਾਬਾਦ ਅਤੇ ਤਮਿਲ ਦਾ ਚੇਨਈ ਵਿਚ ਸਮਾਗਮ ਹੋਇਆ।
ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਨੇ ਵੀ ਭਾਰਤ ਦੇ ਸੱਤ ਸ਼ਹਿਰਾਂ ਵਿੱਚ 'ਬਿਓਂਡ ਫ਼ੇਕ ਨਿਊਜ਼' ਤਹਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਨੂੰ ਸੰਬੋਧਿਤ ਕੀਤਾ।
ਉਨ੍ਹਾਂ ਕਿਹਾ, ''ਚੰਗੀ ਪੱਤਰਕਾਰੀ ਅਤੇ ਸੂਚਨਾ ਬੇਹੱਦ ਜ਼ਰੂਰੀ ਹੈ। ਨਾਗਰਿਕ ਹੋਣ ਦੇ ਨਾਤੇ ਸਹੀ ਜਾਣਕਾਰੀ ਦੇ ਬਿਨਾਂ ਅਸੀਂ ਆਪਣੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਨਹੀਂ ਲੈ ਸਕਦੇ, ਖਾਸਕਰ ਅਜੋਕੇ ਸਮੇਂ ਵਿੱਚ ਜਦੋਂ ਦੁਨੀਆਂ ਵਿੱਚ ਧਰੂਵੀਕਰਨ ਅਤੇ ਲੇਕਾਂ ਵਿੱਚ ਗੁੱਸਾ ਵਧਿਆ ਹੈ।''
ਅੰਮ੍ਰਿਤਸਰ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਦਾ ਲਾਈਵ ਪ੍ਰਸਾਰਣ
ਲਖਨਊ ਵਿਚ ਬੀਬੀਸੀ ਹਿੰਦੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਚਰਚਿਤ ਪੱਤਰਕਾਰ ਰਵੀਸ਼ ਕੁਮਾਰ ਨੇ ਫੇਕ ਨਿਊਜ਼ ਦੇ ਵਰਤਾਰੇ ਨੂੰ ਵੱਡਾ ਅਪਰਾਧ ਕਰਾਰ ਦਿੱਤਾ। ਪਰ ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਹੀ ਝੂਠ ਬੋਲੇਗਾ ਤਾਂ ਕਿਹੜੀ ਪੁਲਿਸ FIR ਦਰਜ ਕਰੇਗੀ?
ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਵੀ ਦਿੱਲੀ ਵਿੱਚ ਬੀਬੀਸੀ ਦੇ ਸਮਾਗਮ ਵਿੱਚ ਬੋਲੀ ਅਤੇ ਫੇਕ ਨਿਊਜ਼ ਦ ਗੰਭੀਰਤਾ ਉੱਤੇ ਵਿਚਾਰ ਰੱਖੇ
ਸਵਰਾ ਨੇ ਕਿਹਾ, '' ਇਹ ਉਹ ਚੀਜ਼ਾਂ ਹਨ ਜੋ ਪਹਿਲਾਂ ਨਹੀਂ ਸਨ। ਇਹ ਸਿਰਫ਼ ਪੱਖਪਾਤੀ ਨਹੀਂ ਸਗੋਂ ਏਜੰਡਾ ਵੀ ਹਨ। ਇਸ ਵਿੱਚ ਕਿਸੇ ਦੀ ਕੋਈ ਜ਼ਿੰਮੇਵਾਦੀ ਜਾਂ ਜਵਾਬਦੇਹੀ ਨਹੀਂ ਹੈ।''
ਸੰਗਠਿਤ ਫੇਕ ਨਿਊਜ਼
ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਹੈ ਕਿ ਫੇਕ ਨਿਊਜ਼ ਬਹੁਤ ਪਹਿਲਾਂ ਤੋਂ ਹੋ ਰਹੀ ਹੈ , ਪਰ ਹੁਣ ਇਹ ਕੰਮ ਸੰਗਠਿਤ ਤੌਰ 'ਤੇ ਹੋ ਰਿਹਾ ਹੈ ਅਤੇ ਇਸ ਨਾਲ ਸਮਾਜ ਨੂੰ ਨੁਕਸਾਨ ਹੋਵੇਗਾ।
'ਨਿਰਪੱਖਤਾ ਤਾਂ ਨਪੁੰਸਕਤਾ ਹੁੰਦੀ ਹੈ'
ਸੀਨੀਅਰ ਪੱਤਰਕਾਰ ਹਰਤੋਸ਼ ਸਿੰਘ ਬਲ ਨੇ ਅੰਮ੍ਰਿਤਸਰਕਿਹਾ, ''ਇਹ ਬਹੁਤ ਗੰਭੀਰ ਮੁੱਦਾ ਹੈ, ਮੌਬ ਲੀਚਿੰਗ ਦਾ ਸਿੱਧਾ ਸਿਆਸੀ ਲਾਹਾ ਲਿਆ ਗਿਆ ਹੈ। ਸਿਆਸੀ ਕਰਨ ਅਸੀਂ ਨਹੀਂ ਕਰ ਰਹੇ ਸਿਆਸੀਕਰਨ ਤਾਂ ਹੋ ਗਿਆ ਅਸੀਂ ਤਾਂ ਉਸ 'ਤੇ ਪ੍ਰਤੀਕਰਮ ਕਰ ਰਹੇ ਹਾਂ।''
''ਸਮਾਜ ਦੀ ਹਰੇਕ ਚੀਜ਼ ਦਾ ਸਿਆਸੀਕਰਨ ਹੋਇਆ ਪਿਆ ਹੈ। ਕੋਈ ਚੀਜ਼ ਇਸ ਤੋਂ ਅਲਹਿਦਾ ਨਹੀਂ ਹੈ। 'ਅਸੀਂ ਫੇਕ ਨਿਊਜ਼ ਦਾ ਸਿਆਸੀਕਰਨ ਨਹੀਂ ਕਰ ਰਹੇ ਹਾਂ , ਸਿਆਸੀਕਰਨ ਹੋ ਗਿਆ ਹੈ ਤੇ ਅਸੀਂ ਉਸ 'ਤੇ ਪ੍ਰਤੀਕਿਰਿਆ ਹੀ ਦੇ ਰਹੇ ਹਾਂ।''
ਉਨ੍ਹਾਂ ਕਿਹਾ ਕਿ ਨਿਰਪੱਖਤਾ ਤਾਂ ਨਪੁੰਸਕਤਾ ਹੁੰਦੀ ਹੈ ਅਤੇ ਸਮੇਂ ਦੀ ਸਰਕਾਰ ਦੇ ਖਿਲਾਫ਼ ਹੋਣਾ ਪੱਖਪਾਤ ਨਹੀਂ ਸਗੋਂ ਸਾਡਾ ਕੰਮ ਹੈ।
'ਅਜਿਹੇ ਰਾਸ਼ਟਰਵਾਦ ਦਾ ਕੀ ਫਾਇਦਾ...'
ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟਸ ਫਾਰ ਸੁਸਾਇਟੀ ਵਿਦਿਆਰਥੀ ਜਥੇਬੰਦੀ ਦੀ ਆਗੂ ਹਸਨਪ੍ਰੀਤ ਵੀ ਬੀਬੀਸੀ ਦੇ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਪਹੁੰਚੀ।
ਹਸਨਪ੍ਰੀਤ ਮੁਤਾਬਕ, ''ਅਜਿਹੇ ਰਾਸ਼ਟਰਵਾਦ ਦਾ ਕੀ ਫਾਇਦਾ ਜਿਹੜਾ ਸਾਨੂੰ ਅਸਲ ਮੁੱਦਿਆਂ 'ਤੇ ਧਿਆਨ ਦੇਣ ਤੋਂ ਰੋਕੇ।''
'ਪਛਾਣ ਨਾਲ ਜੁੜੀਆਂ ਖ਼ਬਰਾਂ ਸ਼ੇਅਰ ਕਰਨਾ ਗਲਤ ਨਹੀਂ'
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਤੇ ਸਮਾਜਿਕ ਕਾਰਕੁਨ ਰੀਟਾ ਕੋਹਲੀ ਨੇ ਚਰਚਾ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਕਿ ਉਹ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਦੂਜੀ ਜ਼ਿੰਮੇਵਾਰੀ ਮੀਡੀਆ ਦੀ ਹੈ ਕਿ ਉਹ ਹਰ ਰੋਜ਼ ਖ਼ਬਰਾਂ ਚੈੱਕ ਕਰੇ।
ਇਹ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ , ਅਸੀਂ ਮੈਸੇਜ ਅੱਗੇ ਭੇਜਣ ਤੋਂ ਪਹਿਲਾਂ ਉਸ ਬਾਰੇ ਜਾਣ ਲਿਆ ਜਾਵੇ ਨਾ ਕਿ ਸਿਰਫ਼ ਇੰਨਾ ਹੀ ਪਤਾ ਹੋਵੇ ਕਿ ਇਹ ਮੇਰਾ ਬੋਲਣ ਦਾ ਅਧਿਕਾਰ ਹੈ।
ਫੇਕ ਨਿਊਜ਼ ਦੀ ਸਮੱਸਿਆ ਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੀਦਾ। ਇਹ ਸਿਰਫ਼ ਭਾਜਪਾ ਉੱਤੇ ਇਲਜ਼ਾਮ ਲਗਾਉਣ ਵਾਲੀ ਗੱਲ ਨਹੀਂ ਹੋਣੀ ਚਾਹੀਦੀ ।
ਉਨ੍ਹਾਂ ਕਿਹਾ ਕਿ ਨਿਊਜ਼ ਸ਼ੇਅਰ ਕਰਨ ਵਿਚ ਭਾਵਨਾ ਅਧਾਰਿਤ ਹੋਣ ਚ ਕੁਝ ਵੀ ਗਲਤ ਨਹੀਂ ਹੈ। ਰੀਟਾ ਕੋਹਲੀ ਨੇ ਕਿਹਾ ਕਿ ਮੀਡੀਆ ਦਾ ਵੀ TRP ਦੇ ਚੱਕਰ 'ਚ ਫੇਕ ਨਿਊਜ਼ 'ਚ ਵੱਡਾ ਹਿੱਸਾ ਹੈ, ਇਸ ਵਿਚ ਆਮ ਲੋਕਾਂ ਦਾ ਕਈ ਦੋਸ਼ ਨਹੀਂ ਹੈ।
ਜੜ੍ਹਾਂ ਸਿਆਸਤ ਤੇ ਅਰਥਚਾਰੇ ਵਿੱਚ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਆਗੂ ਹਸਨਪ੍ਰੀਤ ਨੇ ਕਿਹਾ ਕਿ ਅਫ਼ਵਾਹਾਂ ਤਾਂ ਸਦੀਆਂ ਤੋਂ ਆਉਂਦੀਆਂ ਰਹੀਆਂ ਹਨ। ਸਮਾਜ ਅੰਦਰ ਸਿਆਸਤ ਦਾ ਸੰਕਟ ਬਹੁਤ ਡੂੰਘਾ ਹੈ। ਸਿਆਸਤ ਨਵੇਂ-ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਹ ਕੋਈ ਸੁਭਾਵਿਕ ਵਰਤਾਰਾ ਨਹੀਂ ਹੈ ਅਤੇ ਇਸ ਦੀਆਂ ਜੜ੍ਹਾਂ ਸਿਆਸਤ ਤੇ ਅਰਥਚਾਰੇ ਵਿੱਚ ਪਈਆਂ ਹਨ। ਸਾਡੀ ਆਪਣੀ ਜ਼ਿੰਮੇਵਾਰੀ ਜ਼ਰੂਰੀ ਹੈ ਖ਼ਬਰ ਦੀ ਪੁਸ਼ਟੀ ਕਰੀਏ। ਇਸ ਨੂੰ ਸਿਆਸਤ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ।
ਵਿਦੇਸ਼ਾਂ 'ਚ ਹੈ ਰਿਮੋਟ ਕੰਟਰੋਲ
ਸਾਈਬਰ ਮਾਹਰ ਦਿਵਿਆ ਬਾਂਸਲ ਨੇ ਕਿਹਾ ਕਿ ਮੋਬਾਈਲ ਐਪਸ ਦੇ ਸਰਵਿਸ ਪ੍ਰੋਵਾਈਡਰ ਕਿੰਨੇ ਹਨ। ਆਖ਼ਿਰ ਸਾਰੀ ਦੁਨੀਆਂ ਇਹ ਮੁਫ਼ਤ ਸੁਵਿਧਾ ਕਿਉਂ ਮਿਲ ਰਹੀ ਹੈ। ਅੱਜ ਕੱਲ੍ਹ ਹਰੇਕ ਪਾਰਟੀ ਸੋਸ਼ਲ ਮੀਡੀਆ ਸੈੱਲ ਹੈ।
ਉਨ੍ਹਾਂ ਕਿਹਾ ਕਿ ਚੀਜ਼ਾਂ ਨੂੰ ਫੈਲਾਉਣ ਪਿੱਛੇ ਵੀ ਤਾਂ ਵਿਚਾਰਧਾਰਾ ਕੰਮ ਕਰਦੀ ਹੈ। ਅਜਕੱਲ੍ਹ ਦਾ ਸੋਸ਼ਲ ਮੀਡੀਆ ਸਾਨੂੰ ਜਾਣਕਾਰੀ ਨਹੀਂ ਦੇ ਰਿਹਾ ਬਲਕਿ ਧਾਰਨਾ ਦੇ ਰਿਹਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਦੇ ਪ੍ਰੋਫੈਸਰ ਜਗਦੀਸ਼ ਨੇ ਕਿਹਾ ਕਿ ਸਾਨੂੰ ਪਰਿਪੇਖ ਵੇਖਣ ਦੀ ਲੋੜ ਹੈ.. ਕਿਉਂਕਿ ਸਾਨੂੰ ਸਰੋਤ ਜਾਂਚਣ ਦੀ ਵੀ ਲੋੜ ਹੈ ਨਾ ਕਿ ਸਿਰਫ ਸ਼੍ਰੇਣੀਆਂ ਬਣਾਓ ਕਿ ਇਹ 'ਫੇਕ' ਹੈ ਤੇ ਇਹ 'ਰੀਅਲ' ਸਾਂਨੂੰ ਲੋੜ ਹੈ ਫੇਕ ਨਿਊਜ਼ 'ਤੇ ਹੀ ਨਹੀਂ ਸਗੋਂ ਨਿਊਜ਼ 'ਤੇ ਸੈਮੀਨਾਰ ਕਰਨ ਦੀ
ਹਰ ਪੇਡ ਨਿਊਜ਼ ਇਜ਼ ਫੇਕ ਨਿਊਜ਼
ਪੰਜਾਬ ਪੁਲਿਸ ਦੇ ਆਈਜੀਪੀ ਕੰਵਰ ਵਿਜੇ ਪ੍ਰਤਾਪ ਨੇ ਕਿਹਾ, 'ਸਮਾਜ ਵਿੱਚ ਲੋਕਾਂ ਨੂੰ ਪੁਲਿਸ ਦੀ ਲੋੜ ਪੈਂਦੀ ਹੈ ਤੇ ਪੁਲਿਸ ਨੂੰ ਲੋਕਾਂ ਦੀ ਲੋੜ ਪੈਂਦੀ ਹੈ। ਇਸ ਤਰ੍ਹਾਂ ਇਨ੍ਹਾਂ ਇੱਕ-ਦੂਜੇ ਨਾਲ ਵਾਹ-ਵਾਸਤਾ ਪੈਂਦਾ ਹੈ'।
ਅੱਜ ਦਾ ਸਾਡਾ ਜੋ ਸਮਾਜ ਹੈ, ਭਾਵੇਂ ਭਾਰਤ, ਪੰਜਾਬ ਜਾਂ ਗਲੋਬਲ ਬਦਲਾਅ ਦੇ ਦੌਰ 'ਤੋਂ ਲੰਘ ਰਿਹਾ ਹੈ, ਇਹ ਸਿਰਫ਼ ਮੀਡੀਆ ਦੀ ਸਮੱਸਿਆ ਨਹੀਂ ਬਲਕਿ ਗਲੋਬਲ ਸਮੱਸਿਆ ਹੈ।
ਕੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ ਪ੍ਰੋਜੈਕਟ ਕਰਦਾ ਹੈ ਅਤੇ ਉਧਰ ਦੂਜੇ ਪਾਸੇ ਸੁਪਰੀਮ ਕੋਰਟ ਵਿੱਚ ਇਸ ਦੀ ਨਿੱਜਤਾ ਦੀ ਲੜਾਈ ਲੜਈ ਜਾ ਰਹੀ ਹੈ। ਹਰੇਕ ਪੇਡ ਨਿਊਜ਼ ਇੱਕ ਨਿਊਜ਼ ਹੈ ਅਤੇ ਇੱਕ ਗਲੋਬਲ ਸਮੱਸਿਆ ਬਣ ਗਈ ਹੈ।
ਅਸੀਂ ਭਾਰਤ ਦੇ ਲੋਕ, ਭਾਰਤ ਦਾ ਸੰਵਿਧਾਨ ਇਥੋਂ ਸ਼ੁਰੂ ਹੁੰਦਾ ਹੈ। ਜੇਕਰ ਲੋਕਾਂ ਤੱਕ ਸਹੀ ਖ਼ਬਰ ਜਾਣੀ ਜ਼ਰੂਰੀ ਹੈ ਤਾਂ ਹੀ ਲੋਕਤੰਤਰ ਬਰਕਰਾਰ ਰਹੇਗਾ। ਅੱਜ ਹਰ ਕੋਈ ਸੋਸ਼ਲ ਮੀਡੀਆ ਦਾ ਗੁਲਾਮ ਬਣ ਗਿਆ ਹੈ।
ਕੋਈ ਵੀ ਫੇਸਬੁੱਕ 'ਤੇ ਆਈਡੀ ਬਣਾਉਣ ਤੋਂ ਪਹਿਲਾਂ ਨੇਮਾਂ 'ਤੇ ਸਰਤਾਂ ਨੂੰ ਨਹੀਂ ਪੜ੍ਹਦਾ, ਜੇਕਰ ਪੜ੍ਹਣ ਦਾ ਸ਼ਾਇਦ ਉੱਥੇ ਕੋਈ ਜਾਵੇ ਨਾ। ਹਰੇਕ ਵਿਅਕਤੀ ਨੂੰ ਸਿਆਸਤ ਵਿੱਚ ਜਾਣ ਬਾਰੇ ਸੋਚਣਾ ਚਾਹੀਦਾ ਹੈ, ਸਿਆਸਤ ਕੋਈ ਮਾੜੀ ਚੀਜ਼ ਨਹੀਂ ਹੈ। ਆਮ ਨਾਗਰਿਕ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਸੱਚ ਤੇ ਭਾਵਨਾ ਭਾਰੂ
ਅੰਮ੍ਰਿਤਸਰ ਵਿਚ ਸਮਾਗਮ ਦੀ ਸ਼ੁਰੂਆਤ ਦੌਰਾਨ ਬੀਬੀਸੀ ਪੰਜਾਬੀ ਦੇ ਸੰਪਾਦਕ ਅਤੁਲ ਸੰਗਰ ਬੀਬੀਸੀ ਦੀ ਫੇਕ ਨਿਊਜ਼ ਰਿਸਰਚ ਦੇ ਨਤੀਜੇ ਸਾਂਝੇ ਕੀਤੇ। ਸੰਗਰ ਨੇ ਕਿਹਾ , 'ਅੱਜ ਦੀ ਦੁਨੀਆਂ ਵਿਚ ਸੋਸ਼ਲ ਮੀਡੀਆ ਉੱਤੇ ਹਰ ਕੋਈ ਪ੍ਰਸਾਰਣਕਰਤਾ ਹੈ, ਪਰ ਤੱਥਾਂ ਨੂੰ ਚੈੱਕ ਕੀਤੇ ਬਿਨਾਂ ਨਿਊਜ਼ ਨੂੰ ਸ਼ੇਅਰ ਕਰਕੇ ਉਹ ਇਸ ਵਰਤਾਰੇ ਦੇ ਭਾਗੀਦਾਰ ਬਣ ਰਹੇ ਹਨ।
ਜਾਣਕਾਰੀਆਂ ਤੱਥਾਂ ਦੀ ਬਜਾਇ ਭਾਵਨਾਵਾਂ ਵਿਚ ਬਹਿ ਕੇ ਸ਼ੇਅਰ ਕੀਤੀਆਂ ਜਾਂਦੀਆਂ ਹਨ, ਇਹੀ ਭਾਵਨਾਂ ਸੱਚ ਤੇ ਭਾਰੂ ਹਨ।'
ਲੋਕਤੰਤਰ ਲਈ ਖਤਰਾ ਹੈ ਫੇਕ ਨਿਊਜ਼
ਦਿੱਲੀ ਵਿਚ ਬੀਬੀਸੀ ਨਿਊਜ਼ ਦੇ ਫੇਕ ਨਿਊਜ਼ ਖਿਲਾਫ਼ ਹੋ ਰਹੇ ਸਮਾਗਮ ਵਿਚ ਚਰਚਾ ਦਾ ਸੰਚਾਲਨ ਬੀਬੀਸੀ ਵਰਲਡ ਸਰਵਿਸ ਦੀਆਂ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਨੇ ਕੀਤਾ।
ਇਸ ਚਰਚਾ ਵਿਚ ਸ਼ਾਮਲ ਸਿਆਸੀ, ਮੀਡੀਆ ਤੇ ਤਕਨੀਕੀ ਮਾਹਰਾਂ ਦੀ ਭਖਵੀਂ ਬਹਿਸ ਚੱਲੀ। ਬੁਲਾਰਿਆਂ ਵੱਲੋਂ ਫੇਕ ਨਿਊਜ਼ ਨੂੰ ਮੀਡੀਆ ਹੀ ਨਹੀਂ ਲੋਕਤੰਤਰ ਲਈ ਵੱਡਾ ਖ਼ਤਰਾ ਦੱਸਿਆ ਗਿਆ।
'ਫੇਕ ਨਿਊਜ਼ ਗਲੋਬਲ ਸਮੱਸਿਆ ਹੈ'
ਲਖਨਊ ਵਿਚ ਬੀਬੀਸੀ ਹਿੰਦੀ ਦੇ ਸਮਾਗਮ ਦੌਰਾਨ ਬੋਲਦਿਆਂ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਨੇ ਦਿਨੇਸ਼ ਸ਼ਰਮਾ ਨੇ ਕਿਹਾ, 'ਫੇਕ ਨਿਊਜ਼ ਗਲੋਬਲ ਮੁੱਦਾ ਹੈ, ਇਸ ਤੋਂ ਸਮਾਜ, ਸਿਆਸਤ ਅਤੇ ਲੋਕ ਸਭ ਪੀੜ੍ਹਤ ਹਨ। ਇਸ ਲਈ ਸਾਰਿਆਂ ਨੂੰ ਮਿਲ ਕੇ ਲੜਨਾ ਪਵੇਗਾ। ਬੀਬੀਸੀ ਨੂੰ ਇਸ ਗੰਭੀਰ ਮੁੱਦਾ ਚੁੱਕਣ ਦੀ ਵਧਾਈ'
ਇਸ ਸਮਾਗਮ ਵਿਚ ਹਿੰਦੀ ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਸਣੇ ਮੀਡੀਆ, ਸਮਾਜਿਕ ਤੇ ਸਰਕਾਰੀ ਹਲਕਿਆਂ ਤੋਂ ਅਹਿਮ ਸਖ਼ਸ਼ੀਅਤਾਂ ਹਿੱਸਾ ਲੈ ਰਹੀਆਂ ਹਨ।
ਉੱਤਰ ਪ੍ਰਦੇਸ਼ ਦੇ ਡੀਜੀਪੀ, ਓਪੀ ਸਿੰਘ ਨੇ ਕਿਹਾ ਕਿ ਤਕਨੀਕ, ਸਮਾਜ, ਗ਼ੈਰ ਸਰਕਾਰੀ ਸੰਸਥਾਵਾਂ, ਸਰਕਾਰ, ਸਟੇਕਹੋਲਡਰ ਹਨ। ਜਿਵੇਂ ਜਿਵੇਂ ਸੋਸ਼ਲ ਮੀਡੀਆ ਦਾ ਵਿਕਾਸ ਹੋ ਰਿਹਾ ਉਵੇਂ ਉਵੇਂ ਹੀ ਫੇਕ ਨਿਊਜ਼ ਵੀ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਮੀਡੀਆ ਵਿੱਚ ਲੋਕਾਂ ਦਾ ਵਿਸ਼ਵਾਸ਼ ਘਟਿਆ ਹੈ ਤੇ ਫੇਕ ਨਿਊਜ਼ ਦਾ ਸੋਸ਼ਲ ਮੀਡੀਆ ਨਾਲ ਗੰਭੀਰ ਸੰਬੰਧ ਹੈ
ਇਹ ਵੀ ਪੜ੍ਹੋ-
ਫੇਕ ਨਿਊਜ਼ 'ਤੇ ਪਹਿਲੀ ਰਿਸਰਚ
ਫੇਕ ਨਿਊਜ਼ ਦੇ ਵਰਤਾਰੇ ਬਾਰੇ ਪਹਿਲਾਂ ਸਿਰਫ਼ ਵਿਕਸਤ ਮੁਲਕਾਂ ਵਿਚ ਚਰਚਾ ਹੁੰਦੀ ਸੀ, ਪਰ ਹੁਣ ਬੀਬੀਸੀ ਨੇ ਭਾਰਤੀ ਅਤੇ ਅਫ਼ਰੀਕੀ ਮੁਲਕਾਂ ਵਿਚ ਵਿਆਪਕ ਰਿਸਰਚ ਕੀਤੀ ਹੈ।
ਇਹ ਫੇਕ ਨਿਊਜ਼ ਵਰਤਾਰੇ ਉੱਤੇ ਕੌਮਾਂਤਰੀ ਪੱਧਰ ਦੀ ਪਹਿਲੀ ਪ੍ਰਕਾਸ਼ਿਤ ਰਿਸਰਚ ਹੈ। ਜਿਸ ਰਿਸਰਚ ਦੀ ਰਿਪੋਰਟ ਵੀ ਅੱਜ ਹੋਣ ਜਾ ਰਹੇ ਸਮਾਗਮਾਂ ਵਿਚ ਰਿਲੀਜ਼ ਕੀਤੀ ਜਾ ਰਹੀ ਹੈ।
ਰਿਸਰਚ ਦੇ ਕੇਂਦਰੀ ਬਿੰਦੂ
- ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਬੀਬੀਸੀ ਦਾ ਡੂੰਘਾ ਰਿਸਰਚ ਪ੍ਰੋਜੈਕਟ ਕੀਤਾ ਗਿਆ।
- ਨਿੱਜੀ ਵਾਰਤਾਲਾਪ ਵਾਲੇ ਐਪਸ (ਵੱਟਸਐਪ) ਵਿੱਚ ਕਿਵੇਂ ਫੇਕ ਨਿਊਜ਼ ਫੈਲਾਈ ਜਾਂਦੀ ਹੈ, ਇਸ ਬਾਰੇ ਇਸ ਰਿਪੋਰਟ ਵਿੱਚ ਡੂੰਘਾਈ ਨਾਲ ਸਮਝਿਆ ਗਿਆ ਹੈ।
- ਜਦੋਂ ਖ਼ਬਰਾਂ ਸ਼ੇਅਰ ਕਰਨ ਦਾ ਮਸਲਾ ਹੋਵੇ ਤਾਂ ਇਹ ਭਾਵਨਾਵਾਂ ਇਸਦਾ ਮੁੱਖ ਕਾਰਕ ਬਣਦੀਆਂ ਹਨ।
- ਗੁਮਰਾਹਕੁਨ ਜਾਣਕਾਰੀ ਦੇ ਫੈਲਾਅ ਖ਼ਿਲਾਫ਼ ਕੌਮਾਂਤਰੀ ਪੱਧਰ ਦੇ ਉੱਦਮ 'ਬਿਓਂਡ ਫ਼ੇਕ ਨਿਊਜ਼' ਨਾਲ ਜੁੜੋ।
ਇਹ ਵੀ ਪੜ੍ਹੋ -
ਰਿਸਰਚ ਦੇ ਮੁੱਖ ਨਤੀਜੇ :
- ਭਾਵੇਂ ਭਾਰਤੀ ਲੋਕ ਹਿੰਸਾ ਫੈਲਾਉਣ ਵਾਲੀ ਸਮੱਗਰੀ ਨੂੰ ਅੱਗੇ ਭੇਜਣ ਤੋਂ ਝਿਜਕਦੇ ਹਨ, ਪਰ ਭਾਰਤ ਵਿਕਾਸ, ਹਿੰਦੂ ਸ਼ਕਤੀ ਅਤੇ ਹਿੰਦੂਆਂ ਕੇ ਖੁੱਸੇ ਵੱਕਾਰ ਦੀ ਬਹਾਲੀ ਸਬੰਧੀ ਸਮੱਗਰੀ ਦੇ ਤੱਥਾਂ ਦੀ ਜਾਂਚ ਕੀਤੇ ਬਿਨਾਂ ਅੱਗੇ ਵਧਾ ਦਿੰਦੇ ਹਨ। ਉਹ ਕਥਿਤ ਰਾਸ਼ਟਰਵਾਦੀ ਭਾਵਨਾ ਤਹਿਤ ਇਸ ਨੂੰ ਆਪਣੀ ਰਾਸ਼ਟਰੀ ਨਿਰਮਾਣ ਵਿਚ ਦਿੱਤਾ ਯੋਗਦਾਨ ਸਮਝਦੇ ਹਨ।
- ਮੋਦੀ ਪੱਖੀ ਸਿਆਸੀ ਗਤੀਵਿਧੀਆਂ ਤੇ ਫੇਕ ਨਿਊਜ਼ ਕਈ ਵਾਰ ਇੱਕ-ਮਿੱਕ ਦਿਖਦੇ ਹਨ। ਖੱਬੇ ਪੱਖੀ ਫੇਕ ਨਿਊਜ਼ ਵਾਲਿਆਂ ਨਾਲੋਂ ਸੱਜੇ ਪੱਖੀਆਂ ਦਾ ਮੋਰਚਾ ਕਾਫ਼ੀ ਮਜ਼ਬੂਤ ਹੈ।
- ਰਿਸਰਚ ਦੌਰਾਨ ਦੇਖਿਆ ਗਿਆ ਕਿ ਲੋਕਾਂ ਦਾ ਇਰਾਦਾ ਭਾਵੇਂ ਗਲਤ ਜਾਣਕਾਰੀ ਭੇਜਣ ਦਾ ਨਾ ਹੋਵੇ ਪਰ ਉਹ ਇਸ ਲਈ ਅੱਗੇ ਭੇਜ ਦਿੰਦੇ ਹਨ , ਕਿ ਕੋਈ ਹੋਰ ਇਸ ਦੇ ਤੱਥਾਂ ਦੀ ਜਾਂਚ ਕਰ ਲਵੇਗਾ।
- ਅਫ਼ਰੀਕੀ ਮੁਲਕਾਂ ਵਿਚ ਲੋਕ ਕੌਮੀ ਗੁੱਸੇ ਤੇ ਇਛਾਵਾਂ, ਆਰਥਿਕ ਘੋਟਾਲਿਆਂ ਸਬੰਧੀ ਫੇਕ ਨਿਊਜ਼ ਫੈਲਾਉਂਦੇ ਹਨ। ਇਸ ਵਿਚ ਤਕਨੀਕ ਦੀ ਵੱਡੀ ਭੂਮਿਕਾ ਹੈ। ਨਾਈਜੀਰੀਆ ਵਿਚ ਅੱਤਵਾਦ ਤੇ ਫੌਜ਼ ਨਾਲ ਸਬੰਧਤ ਫੇਕ ਨਿਊਜ਼ ਜ਼ਿਆਦਾ ਫ਼ੈਲਦੀ ਹੈ।
- ਅਫਰੀਕੀ ਲੋਕ ਤੱਥਾਂ ਦੀ ਪਰਵਾਹ ਕੀਤੇ ਬਿਨਾਂ ਮੁੱਖ ਧਾਰਾ ਦੇ ਮੀਡੀਆ ਤੇ ਜਾਣੇ-ਪਛਾਣੇ ਫੇਕ ਨਿਊਜ਼ ਸਰੋਤਾਂ ਚੋਂ ਜਾਣਕਾਰੀ ਹਾਸਲ ਕਰਦੇ ਹਨ।
ਬੀਬੀਸੀ ਵਰਲਡ ਸਰਵਿਸ ਦੀਆਂ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਕਹਿੰਦੇ ਹਨ, 'ਇਹ ਪ੍ਰੋਜੈਕਟ ਮੀਡੀਆ ਲਿਟਰੇਸੀ ਬਾਰੇ ਬੀਬੀਸੀ ਵਰਲਡ ਸਰਵਿਸ ਦੇ ਕਈ ਨਵੇਂ ਪ੍ਰੋਜੈਕਟਾਂ ਵਿੱਚੋ ਇੱਕ ਹੈ।
'ਦਿ ਰੀਅਲ ਨਿਊਜ਼' ਮੀਡੀਆ ਸਾਖਰਤਾ ਨਾਮ ਹੇਠ ਹੋਣ ਵਾਲੀਆਂ ਵਰਕਸ਼ਾਪਾਂ, ਇੰਗਲੈਂਡ ਵਿੱਚ ਪਿਛਲੇ ਸਾਲਾਂ ਦੌਰਾਨ ਸਫਲ ਰਹੇ ਇੱਕ ਪ੍ਰੋਜੈਕਟ ਦੀ ਤਰਜ਼ 'ਤੇ ਸ਼ੁਰੂ ਕੀਤੀਆਂ ਗਈਆਂ ਹਨ'।
ਰੂਪਾ ਝਾਅ ਨੇ ਅੱਗੇ ਕਿਹਾ, 'ਇਨ੍ਹਾਂ ਦਾ ਮਕਸਦ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਉਣਾ ਹੈ ਕਿ ਆਖ਼ਰ ਝੂਠੀਆਂ ਖ਼ਬਰਾਂ ਕੀ ਹੁੰਦੀਆਂ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਇਨ੍ਹਾਂ ਦੇ ਮੁਕਾਬਲੇ ਲਈ ਹੱਲ ਤਲਾਸ਼ਣ ਵਿੱਚ ਮਦਦ ਕੀਤੀ ਜਾ ਰਹੀ ਹੈ'।
ਬੀਬੀਸੀ ਵਰਲਡ ਸਰਵਿਸ ਵਿੱਚ ਓਡੀਐਂਸ ਰਿਸਰਚ ਵਿਭਾਗ ਦੇ ਮੁਖੀ ਡਾਕਟਰ ਸਾਂਤਨੂ ਚੱਕਰਵਰਤੀ ਕਹਿੰਦੇ ਹਨ ,"ਇਸ ਰਿਸਰਚ ਦੇ ਕੇਂਦਰ ਵਿੱਚ ਇਹ ਸਵਾਲ ਹੈ ਕਿ ਆਮ ਲੋਕ ਫ਼ੇਕ ਨਿਊਜ਼ ਨੂੰ ਸ਼ੇਅਰ ਕਿਉਂ ਕਰ ਰਹੇ ਹਨ ਜਦਕਿ ਉਹ ਫ਼ੇਕ ਨਿਊਜ਼ ਦੇ ਫੈਲਾਅ ਨੂੰ ਲੈ ਕੇ ਚਿੰਤਤ ਹੋਣ ਦਾ ਦਾਅਵਾ ਕਰਦੇ ਹਨ।"
"ਇਹ ਰਿਪੋਰਟ ਇਨ-ਡੈਪਥ ਕੁਆਲੀਟੇਟਿਵ ਅਤੇ ਮਾਨਵ ਜਾਤੀ ਵਿਗਿਆਨ ਦੀਆਂ ਤਕਨੀਕਾਂ ਦੇ ਨਾਲ-ਨਾਲ ਡਿਜੀਟਲ ਨੈੱਟਵਰਕ ਅਧਿਐਨ ਅਤੇ ਵੱਡੇ ਡਾਟਾ ਦੀ ਮਦਦ ਨਾਲ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਵੱਖ-ਵੱਖ ਕੋਨਿਆਂ ਤੋਂ ਫ਼ੇਕ ਨਿਊਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ।