#BeyondFakeNews: ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਨੇ ਵਿੱਢੀ ਮੁਹਿੰਮ, ਸ਼ੁਰੂਆਤ 12 ਨਵੰਬਰ ਤੋਂ

    • ਲੇਖਕ, ਰੂਪਾ ਝਾਅ
    • ਰੋਲ, ਮੁਖੀ ਭਾਰਤੀ ਭਾਸ਼ਾਵਾਂ, ਬੀਬੀਸੀ ਵਰਲਡ ਸਰਵਿਸ

ਜੋ ਲੋਕ ਇਸ ਬਾਰੇ ਜਾਗਰੂਕ ਹਨ ਕਿ ਉਹ ਮੀਡੀਆ ਉੱਪਰ ਕੀ ਦੇਖ ਰਹੇ ਹਨ ਅਤੇ ਖ਼ਬਰਾਂ ਦੀ ਭਰੋਸੇਯੋਗਤਾ ਨੂੰ ਪਛਾਣ ਸਕਦੇ ਹਨ, ਉਨ੍ਹਾਂ ਲੋਕਾਂ ਦੇ ਝੂਠੀਆਂ ਖ਼ਬਰਾਂ ਫੈਲਾਉਣ ਦੀ ਸੰਭਾਵਨਾ ਬਹੁਤ ਘੱਟ ਹੈ।

ਇਸੇ ਕਾਰਨ ਬੀਬੀਸੀ ਪੱਤਰਕਾਰਾਂ ਦੀਆਂ ਟੀਮਾਂ ਇੰਗਲੈਂਡ ਅਤੇ ਭਾਰਤ ਦੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਮੀਡੀਆ ਲਿਟਰੇਸੀ ਜਾਂ ਮੀਡੀਆ ਸਾਖ਼ਰਤਾ ਦੇਣ ਲਈ ਵਰਕਸ਼ਾਪ ਕਰ ਰਹੀਆਂ ਹਨ।

'ਦਿ ਰੀਅਲ ਨਿਊਜ਼' ਲੜੀ ਹੇਠ ਹੋਣ ਵਾਲੀਆਂ ਵਰਕਸ਼ਾਪਾਂ ਬੀਬੀਸੀ ਦੇ 'ਬਿਓਂਡ ਫੇਕ ਨਿਊਜ਼' ਪ੍ਰੋਜੈਕਟ ਦਾ ਹਿੱਸਾ ਹਨ।

ਭਾਰਤ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ 12 ਨਵੰਬਰ ਨੂੰ ਹੋ ਰਹੀ ਹੈ। ਇਸ ਪ੍ਰੋਜੈਕਟ ਦਾ ਮਕਸਦ ਦੁਨੀਆਂ ਵਿੱਚ ਝੂਠੀਆਂ ਖ਼ਬਰਾਂ ਫੈਲਣ ਤੋਂ ਰੋਕਣ ਲਈ ਅਮਲੀ ਕਿਸਮ ਦੇ ਹੱਲ ਤਲਾਸ਼ਣਾ ਹੈ।

ਇਹ ਪ੍ਰੋਜੈਕਟ ਮੀਡੀਆ ਲਿਟਰੇਸੀ ਬਾਰੇ ਬੀਬੀਸੀ ਵਰਲਡ ਸਰਵਿਸ ਦੇ ਕਈ ਨਵੇਂ ਪ੍ਰੋਜੈਕਟਾਂ ਵਿੱਚੋ ਇੱਕ ਹੈ। 'ਦਿ ਰੀਅਲ ਨਿਊਜ਼' ਮੀਡੀਆ ਸਾਖਰਤਾ ਨਾਮ ਹੇਠ ਹੋਣ ਵਾਲੀਆਂ ਵਰਕਸ਼ਾਪਾਂ, ਇੰਗਲੈਂਡ ਵਿੱਚ ਪਿਛਲੇ ਸਾਲਾਂ ਦੌਰਾਨ ਸਫਲ ਰਹੇ ਇੱਕ ਪ੍ਰੋਜੈਕਟ ਦੀ ਤਰਜ਼ 'ਤੇ ਸ਼ੁਰੂ ਕੀਤੀਆਂ ਗਈਆਂ ਹਨ।

ਇਨ੍ਹਾਂ ਦਾ ਮਕਸਦ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਉਣਾ ਹੈ ਕਿ ਆਖ਼ਰ ਝੂਠੀਆਂ ਖ਼ਬਰਾਂ ਕੀ ਹੁੰਦੀਆਂ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਇਨ੍ਹਾਂ ਦੇ ਮੁਕਾਬਲੇ ਲਈ ਹੱਲ ਤਲਾਸ਼ਣ ਵਿੱਚ ਮਦਦ ਕੀਤੀ ਜਾ ਰਹੀ ਹੈ।

ਝੂਠੀਆਂ ਖ਼ਬਰਾਂ ਕਿਵੇਂ ਰੁਕਣਗੀਆਂ?

ਭਾਰਤ ਦੇ ਟੈਲੀਕਾਮ ਰੈਗੂਲੇਟਰੀ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਸਮੇਂ ਭਾਰਤ ਵਿੱਚ ਦੋ ਕਰੋੜ ਮੋਬਾਈਲ ਕਨੈਕਸ਼ਨ ਚੱਲ ਰਹੇ ਹਨ। ਭਾਰਤ ਦੇ ਲੱਖਾਂ ਲੋਕ ਬਹੁਤ ਥੋੜੇ ਸਮੇਂ ਵਿੱਚ ਇੰਟਰਨੈੱਟ ਦਾ ਇਸਤੇਮਾਲ ਕਰਨ ਲਗ ਪਏ ਹਨ।

ਇਨ੍ਹਾਂ ਵਿੱਚੋਂ ਬਹੁਤੇ ਲੋਕ ਆਪਣੇ ਮੋਬਾਈਲ ਰਾਹੀਂ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਅਤੇ ਕਈ ਲੋਕ ਚੈਟ ਲਈ ਵਰਤੀਆਂ ਜਾਂਦੀਆਂ ਐਪਲੀਕੇਸ਼ਨਾਂ ਜ਼ਰੀਏ ਖ਼ਬਰਾਂ ਦਾ ਵਟਾਂਦਰਾ ਕਰਦੇ ਹਨ।

ਇਹ ਐਪਲੀਕੇਸ਼ਨਾਂ ਇੱਕ ਦੂਸਰੇ ਨਾਲ ਜੁੜਨ ਦਾ ਬਹੁਤ ਵਧੀਆ ਸਾਧਨ ਹੋ ਸਕਦੀਆਂ ਹਨ ਪਰ ਇਨ੍ਹਾਂ ਰਾਹੀਂ ਬਿਨਾਂ ਜਾਂਚ-ਪੜਤਾਲ ਦੇ ਗਲਤ ਜਾਣਕਾਰੀ ਦੇ ਫੈਲਣ ਦੀ ਵੀ ਪੂਰੀ ਸੰਭਾਵਨਾ ਰਹਿੰਦੀ ਹੈ।

ਲੋਕਾਂ ਕੋਲ ਅਚਾਨਕ ਜਾਣਕਾਰੀ ਦਾ ਹੜ੍ਹ ਆ ਜਾਂਦਾ ਹੈ ਤੇ ਉਹ ਫੈਸਲਾ ਨਹੀਂ ਕਰ ਪਾਉਂਦੇ ਕਿ ਕੀ ਗਲਤ ਹੈ ਤੇ ਕੀ ਸਹੀ। ਇਸੇ ਕਰਕੇ ਬੀਬੀਸੀ ਨੇ ਸੋਚਿਆ ਕਿ ਬੱਚਿਆਂ ਨੂੰ ਦੱਸਣਾ ਜਰੂਰੀ ਹੈ ਕਿ ਖ਼ਬਰਾਂ ਨੂੰ ਸਮਝਣਾ ਕਿਵੇਂ ਹੈ ਅਤੇ ਉਨ੍ਹਾਂ ਦੀ ਪੜਤਾਲ ਕਿਵੇਂ ਕਰਨੀ ਹੈ।

ਹਾਲਾਂਕਿ ਇਨ੍ਹਾਂ ਚੈਟ ਐਪਲੀਕੇਸ਼ਨਾਂ ਅਤੇ ਇੰਟਰਨੈੱਟ ਦੀ ਸਿਰਫ ਬੱਚੇ ਅਤੇ ਨੌਜਵਾਨ ਹੀ ਵਰਤੋਂ ਨਹੀਂ ਕਰਦੇ ਪਰ ਅਸੀਂ ਇਨ੍ਹਾਂ ਉੱਪਰ ਹੀ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ, ਉਨ੍ਹਾਂ ਲਈ ਹੀ ਵਰਕਸ਼ਾਪਾਂ ਕਰ ਰਹੇ ਹਾਂ। ਇਸ ਪਿੱਛੇ ਦੋ ਕਾਰਨ ਹਨ।

ਪਹਿਲਾ ਕਾਰਨ ਤਾਂ ਇਹ ਹੈ ਕਿ ਬੱਚੇ ਅਤੇ ਨੌਜਵਾਨ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਦੇ ਪਰਿਵਾਰਾਂ ਰਾਹੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ।

ਇਨ੍ਹਾਂ ਦਾ ਪ੍ਰਭਾਵ ਸਿਰਫ਼ ਇੱਕ ਪੀੜ੍ਹੀ ਤੱਕ ਸੀਮਤ ਨਹੀਂ ਹੈ ਬਲਕਿ ਕਈ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਦਾ ਹੈ।

ਇਹ ਵੀ ਪੜ੍ਹੋ:

ਦੂਸਰਾ ਅਤੇ ਇਸ ਤੋਂ ਵਧੇਰੇ ਮਹੱਤਵਪੂਰਨ ਕਾਰਨ ਹੈ, ਇਹ ਬੱਚੇ ਇੰਟਰਨੈੱਟ ਤੇ ਇਨ੍ਹਾਂ ਚੈਟ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹੀ ਵੱਡੇ ਹੋਏ ਹਨ।

ਇਨ੍ਹਾਂ ਗੱਲਾਂ ਨੂੰ ਜ਼ਿਹਨ ਵਿੱਚ ਰੱਖ ਕੇ ਹੀ ਸਾਡੀਆਂ ਵਰਕਸ਼ਾਪਾਂ ਨੂੰ ਤਿਆਰ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਮੀਡੀਆ ਅਤੇ ਮੀਡੀਆ ਸਾਖਰਤਾ ਬਾਰੇ ਇੱਕ ਬੁਨਿਆਦੀ ਸਮਝ ਦਿੱਤੀ ਜਾ ਸਕੇ।

ਉਨ੍ਹਾਂ ਨੂੰ ਆਪਣੇ ਫੋਨ ਜ਼ਰੀਏ ਮਿਲਣ ਵਾਲੀ ਸਮੱਗਰੀ ਬਾਰੇ ਸੋਚਣ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਤੋਂ ਰੋਕਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇੱਥੋਂ ਤੱਕ ਕਿ ਉਹ ਝੂਠੀਆਂ ਖ਼ਬਰਾਂ ਆਪਣੇ ਨੇੜਲੇ ਲੋਕਾਂ ਨਾਲ ਵੀ ਸਾਂਝੀਆਂ ਨਾ ਕਰਨ।

ਇਹ ਵਰਕਸ਼ਾਪ ਕਿਵੇਂ ਸ਼ੁਰੂ ਹੋਈ

ਇਹ ਵਰਕਸ਼ਾਪਾਂ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਵਿੱਚ ਕੀਤੀਆਂ ਜਾ ਚੁੱਕੀਆਂ ਹਨ, ਜਿੱਥੇ ਕਿ ਬੀਬੀਸੀ ਦਾ ਮੁੱਖ ਦਫ਼ਤਰ ਹੈ। ਇਸ ਤੋਂ ਇਲਾਵਾ ਸਾਡੀ ਟੀਮ ਨੇ ਇਨ੍ਹਾਂ ਦੀ ਸ਼ੁਰੂਆਤ ਅਹਿਮਦਾਬਾਦ, ਅੰਮ੍ਰਿਤਸਰ, ਚੇਨਈ, ਪੁਣੇ ਅਤੇ ਵਿਜੇਵਾੜਾ ਵਿੱਚ ਵੀ ਕਰ ਦਿੱਤੀ ਹੈ।

ਹਰ ਵਰਕਸ਼ਾਪ ਚਾਰ ਘੰਟੇ ਦੀ ਹੁੰਦੀ ਹੈ, ਜਿਸ ਵਿੱਚ ਸ਼ਾਮਲ ਬੱਚਿਆਂ ਦੀ ਪੂਰੀ ਹਿੱਸੇਦਾਰੀ ਹੁੰਦੀ ਹੈ। ਇਸ ਵਿੱਚ ਖੇਡਾਂ, ਵੀਡੀਓ ਅਤੇ ਟੀਮਾਂ ਵਿੱਚ ਕਰਨ ਵਾਲੇ ਕੰਮ ਸ਼ਾਮਲ ਹਨ। ਅੰਗਰੇਜ਼ੀ ਤੋਂ ਇਲਾਵਾ ਇਹ ਸਥਾਨਕ ਬੋਲੀਆਂ- ਹਿੰਦੀ, ਤਾਮਿਲ, ਤੇਲੁਗੂ, ਗੁਜਰਾਤੀ, ਮਰਾਠੀ ਅਤੇ ਪੰਜਾਬੀ ਵਿੱਚ ਵੀ ਕਰਵਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ:

ਵਰਕਸ਼ਾਪ ਦੇ ਅੰਤ 'ਤੇ ਵਿਦਿਆਰਥੀਆਂ ਨੂੰ ਝੂਠੀਆਂ ਖ਼ਬਰਾਂ ਫੈਲਣ ਤੋਂ ਰੋਕਣ ਲਈ ਹੱਲ ਤਲਾਸ਼ਣ ਅਤੇ ਵਰਤਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਬੱਚਿਆਂ ਨੇ ਪੋਸਟਰ ਬਣਾਏ, ਮਿਊਰਲ ਚਿੱਤਰਕਾਰੀ ਕੀਤੀ ਅਤੇ ਝੂਠੀਆਂ ਖ਼ਬਰਾਂ ਨੂੰ ਫੈਲਣ ਤੋਂ ਰੋਕਣ ਲਈ ਸੰਗੀਤਕ ਪੇਸ਼ਕਾਰੀਆਂ ਵੀ ਕੀਤੀਆਂ।

12 ਨਵੰਬਰ ਨੂੰ ਬੀਬੀਸੀ ਦੇ 'ਬਿਓਂਡ ਫੇਕ ਨਿਊਜ਼' ਸਮਾਗਮਾਂ ਵਿੱਚ ਬੱਚਿਆਂ ਵੱਲੋਂ ਪੂਰੇ ਭਾਰਤ ਵਿੱਚ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।

ਉਸੇ ਹਫਤੇ ਵਿੱਚ ਇੰਡੀਅਨ ਇੰਸਟੀਟਿਊਟ ਆਫ ਟੈਕਨਾਲੋਜੀ ਦੇ ਵਿਦਿਆਰਥੀ ਗੂਗਲ ਦੇ ਭਾਰਤੀ ਹੈਡਕੁਆਟਰ ਵਿੱਚ ਕਰਵਾਈ ਜਾ ਰਹੀ ਹੈਕਾਥੌਨ ਵਿੱਚ ਹਿੱਸਾ ਲੈਣਗੇ।

ਇਸ ਵਿੱਚ ਉਹ ਝੂਠੀਆਂ ਖ਼ਬਰਾਂ ਨੂੰ ਇੰਟਰਨੈੱਟ ਰਾਹੀਂ ਫੈਲਣ ਤੋਂ ਰੋਕਣ ਲਈ ਤਕਨੀਕੀ ਹੱਲ ਸੁਝਾਉਣ ਦੀ ਕੋਸ਼ਿਸ਼ ਕਰਨਗੇ।

ਫੇਕ ਨਿਊਜ਼ ਦੇ ਖ਼ਤਰੇ

ਗਲਤ ਜਾਣਕਾਰੀ ਜਦੋਂ ਬੇਰੋਕ ਫੈਲਦੀ ਹੈ ਤਾਂ ਇਹ ਸਮਾਜ ਨੂੰ ਗੰਭੀਰ ਨੁਕਸਾਨ ਕਰ ਸਕਦੀ ਹੈ। ਦੂਸਰੇ ਪਾਸੇ ਇਹ ਮੀਡੀਆ ਅਦਾਰਿਆਂ ਦੇ ਅਕਸ ਨੂੰ ਵੀ ਢਾਹ ਲਾਉਂਦੀ ਹੈ, ਜੋ ਚੰਗੀ ਤਰ੍ਹਾਂ ਆਪਣੀਆਂ ਖ਼ਬਰਾਂ ਦੀ ਜਾਂਚ ਅਤੇ ਖੋਜ ਕਰਦੇ ਹਨ।

ਬੀਬੀਸੀ ਇਸ ਦਿਸ਼ਾ ਵਿੱਚ ਜਨਤਾ, ਤਕਨੀਕੀ ਕੰਪਨੀਆਂ ਅਤੇ ਖ਼ਬਰਾਂ ਨਾਲ ਜੁੜੇ ਹੋਰ ਅਦਾਰਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ ਕਿਉਂਕਿ ਝੂਠੀਆਂ ਖ਼ਬਰਾਂ ਦੀ ਸਮੱਸਿਆ ਨੂੰ ਕੋਈ ਇੱਕ ਕੰਪਨੀ ਜਾਂ ਕੋਈ ਇੱਕ ਸਨਅਤ ਹੱਲ ਨਹੀਂ ਕਰ ਸਕਦੀ। ਇਸ ਲਈ ਸਾਰਿਆਂ ਨੂੰ ਰਲ-ਮਿਲ ਕੇ ਕੰਮ ਕਰਨਾ ਪਵੇਗਾ।

ਫਿਲਹਾਲ ਅਸੀਂ ਇਸ ਨੂੰ ਅੱਗੇ ਵਧਾਉਣ ਲਈ ਸੰਗਠਨਾਂ ਅਤੇ ਵਿਦਿਅਕ ਅਦਾਰਿਆਂ ਨਾਲ ਤਾਲਮੇਲ ਕਾਇਮ ਕਰ ਰਹੇ ਹਾਂ।

ਨੌਜਵਾਨਾਂ ਵਿੱਚ ਮੀਡੀਆ ਸਾਖਰਤਾ ਵਧਾਉਣਾ, ਝੂਠੀਆਂ ਖ਼ਬਰਾਂ ਦੀ ਸਮੱਸਿਆ ਦੇ ਹੱਲ ਦੀ ਦਿਸ਼ ਵਿੱਚ ਪਹਿਲਾ ਕਦਮ ਹੈ। ਸਾਨੂੰ ਇਸ ਦਾ ਹਿੱਸਾ ਬਣਨ ਦੀ ਖ਼ੁਸ਼ੀ ਹੈ। ਇਹ ਦੇਖਣਾ ਹੋਵੇਗਾ ਕਿ ਕਦੋਂ 'ਦਿ ਰੀਅਲ ਨਿਊਜ਼' ਘਰ-ਘਰ ਦੀ ਚਰਚਾ ਦਾ ਵਿਸ਼ਾ ਬਣ ਜਾਵੇ।

ਇਹ ਵੀ ਪੜ੍ਹੋ:

ਫੇਕ ਨਿਊਜ਼ ਬਾਰੇ ਵੀਡੀਓ ਵੀ ਦੇਖੋ