#BeyondFakeNews: ਅੰਮ੍ਰਿਤਸਰ ਰੇਲ ਹਾਦਸਾ: ਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈ?

''ਅੰਮ੍ਰਿਤਸਰ ਵਿੱਚ ਲੋਕ ਜਿਹੜੀ ਟਰੇਨ ਦੀ ਚਪੇਟ ਵਿੱਚ ਆਏ ਸਨ ਉਸ ਟਰੇਨ ਦਾ ਡਰਾਈਵਰ ਅਰਵਿੰਦ ਕੁਮਾਰ ਇੱਕ ਸੁਰੱਖਿਅਤ ਥਾਂ 'ਤੇ ਹੈ।''

ਇਹ ਗੱਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਅੰਮ੍ਰਿਤ ਸਿੰਘ ਨੇ ਬੀਬੀਸੀ ਨੂੰ ਦੱਸੀ।

ਅਸੀਂ ਉਨ੍ਹਾਂ ਨਾਲ ਟਰੇਨ ਦੇ ਡਰਾਈਵਰ ਬਾਰੇ ਇਹ ਗੱਲ ਇਸ ਲਈ ਪੁੱਛੀ ਕਿਉਂਕਿ ਸੋਸ਼ਲ ਮੀਡੀਆ 'ਤੇ ਇੱਕ ਚਿੱਠੀ ਅਤੇ ਇੱਕ ਸ਼ਖਸ ਵੱਲੋਂ ਕੀਤੀ ਗਈ ਖੁਦਕੁਸ਼ੀ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ।

ਇਸ ਦੇ ਸਬੰਧ ਵਿੱਚ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਜਿਸ ਸ਼ਖਸ ਨੇ ਖੁਦਕੁਸ਼ੀ ਕੀਤੀ ਹੈ ਉਹ ਉਸੇ ਟਰੇਨ ਦਾ ਡਰਾਈਵਰ ਹੈ ਜਿਹੜੀ ਟਰੇਨ 19 ਅਕਤੂਬਰ ਨੂੰ ਅੰਮ੍ਰਿਤਸਰ ਦੇ ਜੌੜਾ ਫਾਟਕ ਉੱਤੇ ਦਸਹਿਰਾ ਦੇਖਣ ਆਏ ਲੋਕਾਂ ਉੱਪਰ ਚੜ੍ਹ ਗਈ ਸੀ।

ਇਹ ਵੀ ਪੜ੍ਹੋ:

'ਇਹ ਫੇਕ ਨਿਊਜ਼ ਹੈ'

ਜਦੋਂ ਬੀਬੀਸੀ ਪੰਜਾਬੀ ਨੇ ਇਸ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਤਾਂ ਇਹ ਫੇਕ ਨਿਊਜ਼ ਯਾਨੀ ਕਿ ਝੂਠੀ ਖਬਰ ਨਿਕਲੀ।

ਇਸ ਵਾਇਰਲ ਮੈਸੇਜ ਬਾਰੇ ਅਸੀਂ ਗੱਲ ਕੀਤੀ ਅੰਮ੍ਰਿਤਸਰ ਦੇ ਸਟੇਸ਼ਨ ਡਾਇਰੈਕਟਰ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨਾਲ।

ਅੰਮ੍ਰਿਤਸਰ ਦੇ ਸਟੇਸ਼ਨ ਡਾਇਰੈਕਟਰ ਅੰਮ੍ਰਿਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, ''ਇਹ ਫੇਕ ਨਿਊਜ਼ ਹੈ। ਅਰਵਿੰਦ ਕੁਮਾਰ ਨੂੰ ਇੱਕ ਸੁਰੱਖਿਅਤ ਥਾਂ 'ਤੇ ਰੱਖਿਆ ਗਿਆ ਹੈ ਜਿਸਨੂੰ ਜਨਤਕ ਨਹੀਂ ਕੀਤਾ ਜਾ ਸਕਦਾ।''

ਇਸ ਤੋਂ ਬਾਅਦ ਸਥਾਨਕ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੂੰ ਪੁਲਿਸ ਕਮਿਸ਼ਨਰ ਐਸੱਐੱਸ ਸ੍ਰੀਵਾਸਤਵ ਨੇ ਇਸ ਖ਼ਬਰ ਦੇ ਝੂਠ ਹੋਣ ਦੀ ਪੁਸ਼ਟੀ ਕੀਤੀ।

ਉਨ੍ਹਾਂ ਕਿਹਾ, ''ਇਹ ਫੇਕ ਨਿਊਜ਼ ਹੈ। ਡਰਾਈਵਰ ਕਿੱਥੇ ਹੈ , ਇਹ ਨਹੀਂ ਦੱਸਿਆ ਜਾ ਸਕਦਾ।''

ਖੁਦਕੁਸ਼ੀ ਕਰ ਚੁੱਕੇ ਜਿਹੜੇ ਸ਼ਖਸ਼ ਦਾ ਵੀਡੀਓ ਅਤੇ ਫੋਟੋ ਵਾਇਰਲ ਹੋ ਰਹੀ ਹੈ ਉਸ ਸ਼ਖਸ਼ ਬਾਰੇ ਵੀ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ।

ਉਨ੍ਹਾਂ ਮੁਤਾਬਕ, ''ਇਹ ਘਟਨਾ ਅੰਮ੍ਰਿਤਸਰ ਦੇਹਾਤੀ ਦੀ ਹੈ। ਘਟਨਾ ਵਾਲੀ ਥਾਂ ਚਾਟੀਵਿੰਡ ਪੁਲਿਸ ਥਾਣੇ ਅਧੀਨ ਆਉਂਦੀ ਹੈ। ਮ੍ਰਿਤਕ ਭਿਖੀਵਿੰਡ ਦਾ ਰਹਿਣ ਵਾਲਾ ਸੀ।''

ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ ਅਹਿਮ ਨੁਕਤੇ꞉

  • 19 ਅਕਤੂਬਰ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਵਿੱਚ ਪੈਂਦੇ ਧੋਬੀ ਘਾਟ ਇਲਾਕੇ ਵਿੱਚ ਦਸ਼ਹਿਰੇ ਦਾ ਸਮਾਗਮ ਸੀ। ਭੀੜ ਜ਼ਿਆਦਾ ਹੋਣ ਕਾਰਨ ਗਰਾਊਂਡ ਤੋਂ ਬਾਹਰ ਰੇਲ ਦੀ ਪਟੜੀ 'ਤੇ ਵੀ ਖੜੇ ਸੀ ਜਿਸ ਮਗਰੋਂ ਅਚਾਨਕ ਟਰੇਨ ਆਈ ਅਤੇ ਭੀੜ ਨੂੰ ਕੁਚਲ ਕੇ ਲੰਘ ਗਈ।
  • ਪ੍ਰਸ਼ਾਸਨ ਮੁਤਾਬਕ ਇਸ ਹਾਦਸੇ ਵਿੱਚ ਮੌਕੇ ਉੱਤੇ 57 ਲੋਕਾਂ ਦੀ ਮੌਤ ਹੋਈ ਅਤੇ ਇਲਾਜ ਦੌਰਾਨ ਇੱਕ ਹੋਰ ਸ਼ਖਸ ਨੇ ਦਮ ਤੋੜ ਦਿੱਤਾ।
  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।
  • ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਗਿਆ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।
  • ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ। ਉਨ੍ਹਾਂ ਸਿੱਧੂ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰਨ ਦੀ ਵੀ ਮੰਗ ਕੀਤੀ।
  • ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।
  • ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਸੀ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।
  • ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ। ਉਹ ਫਿਲਹਾਲ ਲੋਕਾਂ ਸਾਹਮਣੇ ਨਹੀਂ ਆਇਆ ਹੈ।

ਹਾਦਸੇ ਨਾਲ ਸਬੰਧਿਤ ਹੋਰ ਵੀਡੀਓਜ਼:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)