#SwachhDigitalIndia: ਫੇਕ ਨਿਊਜ਼ ਦੀ ਪੋਲ ਖੋਲ੍ਹਣ ਦੇ 8 ਤਰੀਕੇ

ਨਹੀਂ, 2000 ਦੇ ਨੋਟਾਂ ਨੂੰ ਕੋਈ ਜੀਪੀਐੱਸ ਚਿਪ ਨਹੀਂ ਲੱਗੀ। ਨਹੀਂ, ਯੂਨੈਸਕੋ ਨੇ ਸਾਡੇ ਕੌਮੀ ਤਰਾਨੇ ਨੂੰ ਦੁਨੀਆਂ ਦਾ ਸਭ ਤੋਂ ਚੰਗਾ ਕੌਮੀ ਤਰਾਨਾ ਨਹੀਂ ਐਲਾਨਿਆ।

ਯੂਨੈਸਕੋ ਇੱਕ ਸੰਸਥਾ ਦੇ ਰੂਪ ਵਿੱਚ ਅਜਿਹਾ ਕਰਦੀ ਵੀ ਨਹੀਂ ਹੈ! ਨਹੀਂ, ਭਾਰਤ ਵਿੱਚ 2016 'ਚ ਨਮਕ ਦੀ ਕੋਈ ਕਿੱਲਤ ਵੀ ਨਹੀਂ ਸੀ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਇਨ੍ਹਾਂ ਬੇਤੁਕੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਆਖ਼ਰੀ ਅਫ਼ਵਾਹ ਫੈਲੀ ਸੀ, ਤਾਂ ਹੜਬੜੀ ਵਿੱਚ ਕਾਨਪੁਰ 'ਚ ਇੱਕ ਔਰਤ ਦੀ ਮੌਤ ਹੋ ਗਈ ਸੀ।

ਇਹ ਸਾਰੀਆਂ ਝੂਠੀਆਂ ਖ਼ਬਰਾਂ( ਫੇਕ ਨਿਊਜ਼) ਸੀ ਜੋ ਫੇਸਬੁੱਕ, ਟਵਿੱਟਰ ਅਤੇ ਵਟਸ ਐਪ 'ਤੇ ਵਾਇਰਲ ਹੋਈ, ਅਜਿਹੀਆਂ ਅਫ਼ਵਾਹਾਂ ਦੀ ਸੂਚੀ ਬਹੁਤ ਲੰਬੀ ਹੈ।

ਇੰਟਰਨੈੱਟ ਦਾ ਮਾਹੌਲ

ਕਦੇ ਆਪਣਾ ਅਕਸ ਚਮਕਾਉਣ ਲਈ, ਕਦੀ ਆਪਣੇ ਵਿਰੋਧੀ ਦਾ ਅਕਸ ਖ਼ਰਾਬ ਕਰਨ ਲਈ, ਕਦੇ ਨਫ਼ਰਤ ਫੈਲਾਉਣ ਤੇ ਕਦੇ ਅਫਵਾਹਾਂ ਫੈਲਾਉਣ ਲਈ ਅਜਿਹੇ ਮੈਸੇਜ ਕੀਤੇ ਜਾਂਦੇ ਹਨ।

ਇਨ੍ਹਾਂ ਮੈਸਜਾਂ ਦੇ ਝਾਂਸੇ ਵਿੱਚ ਆਉਣ ਵਾਲੇ ਨਾ ਸਿਰਫ਼ ਬੇਵਕੂਫ਼ ਬਣਦੇ ਹਨ ਬਲਕਿ ਅਣਜਾਣੇ ਵਿੱਚ ਚਲਾਕ ਲੋਕਾਂ ਦੇ ਹੱਥੋਂ ਇਸਤੇਮਾਲ ਵੀ ਹੁੰਦੇ ਹਨ।

ਕਈ ਵਾਰ ਲੋਕ ਕਿਸੇ ਖ਼ਾਸ ਸੋਚ ਤੋਂ ਪ੍ਰਭਾਵਿਤ ਹੋ ਕੇ ਜਾਣਬੁੱਝ ਕੇ ਵੀ ਝੂਠ ਫੈਲਾਉਂਦੇ ਹਨ।

ਇੰਟਰਨੈੱਟ ਦਾ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਹਰ ਉਸ ਸ਼ਖ਼ਸ ਦੀ ਹੈ, ਜੋ ਇਸਦੀ ਵਰਤੋਂ ਕਰਦਾ ਹੈ। ਜੇਕਰ ਸਭ ਕੁਝ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਐਨਾ ਕੂੜਾ ਵੱਧ ਜਾਵੇਗਾ ਕਿ ਮੋਬਾਇਲ/ਇੰਟਰਨੈੱਟ 'ਤੇ ਮਿਲਣ ਵਾਲੀ ਕੋਈ ਵੀ ਜਾਣਕਾਰੀ ਨੂੰ ਭਰੋਸੇਮੰਦ ਨਹੀਂ ਮੰਨਿਆ ਜਾਵੇਗਾ।

ਸਿਰਫ਼ ਸੱਚ ਪੜ੍ਹੋ ਅਤੇ ਸੱਚ ਹੀ ਸ਼ੇਅਰ ਕਰੋ, ਅਜਿਹਾ ਕਰਨਾ ਥੋੜ੍ਹਾ ਮੁਸ਼ਕਿਲ ਹੈ, ਪਰ ਜ਼ਰੂਰੀ ਹੈ ਅਤੇ ਤੁਸੀਂ ਕਰ ਸਕਦੇ ਹੋ।

1.ਵਟਸ ਐਪ ਦੀ ਵਰਤੋਂ ਕਰ ਰਹੇ ਹੋ? ਤਾਂ ਆਪਣਾ ਬ੍ਰਾਊਜ਼ਰ ਵੀ ਵਰਤੋ

ਜੇਕਰ ਤੁਹਾਡੀ ਫੈਮਿਲੀ ਅਤੇ ਸਕੂਲ ਦੇ ਵਟਸ ਐਪ ਗਰੁੱਪ ਵਿੱਚ ਕੋਈ ਮੈਸੇਜ ਆਉਂਦਾ ਹੈ, ਤਾਂ ਤੁਸੀਂ ਜਾਣਦੇ ਹੋ ਕਿ ਕਿੰਨਾ ਸੱਚ ਜਾਂ ਝੂਠ ਹੈ?

ਤੁਸੀਂ ਵਟਸ ਐਪ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਵਾਈ-ਫਾਈ ਜਾਂ ਮੋਬਾਇਲ ਇੰਟਰਨੈੱਟ ਵੀ ਵਰਤ ਰਹੇ ਹੋਵੋਗੇ।

ਇਸਦਾ ਮਤਲਬ ਹੈ ਕਿ ਤੁਸੀਂ ਗੂਗਲ ਸਰਚ ਕਰਕੇ ਚੈੱਕ ਕਰ ਸਕਦੇ ਹੋ ਕਿ ਗੱਲ ਸੱਚ ਹੈ ਜਾਂ ਝੂਠ।

ਕਿਸੀ ਮੈਸੇਜ ਨੂੰ ਦੂਜਿਆਂ ਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਸਦੀ ਅਸਲੀਅਤ ਜਾਂਚ ਲਓ ਤਾਂਕਿ ਤੁਸੀਂ ਵੀ ਝੂਠੀ ਖ਼ਬਰ ਫੈਲਾਉਣ ਵਾਲਿਆਂ ਦੇ ਸ਼ਿਕਾਰ ਨਾ ਬਣੋ ਅਤੇ ਉਨ੍ਹਾਂ ਦੇ ਹੱਥੋਂ ਇਸਤੇਮਾਲ ਨਾ ਹੋਵੇ।

2.ਫ਼ੈਕਟ ਚੈੱਕ ਕਰਨਾ ਜ਼ਿਆਦਾ ਮੁਸ਼ਕਿਲ ਨਹੀਂ ਹੈ

ਜਦੋਂ ਤੁਹਾਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਜਾਣਕਾਰੀ ਮਿਲਦੀ ਹੈ ਤਾਂ ਇਹ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ ਕਿ ਜੇਕਰ ਗੱਲ ਸੱਚੀ ਹੈ ਤਾਂ ਦੇਸ-ਵਿਦੇਸ਼ ਦੀ ਦਸ-ਵੀਹ ਭਰੋਸੇਮੰਦ ਸਾਈਟਾਂ ਵਿੱਚੋਂ ਕਿਸੇ 'ਤੇ ਜ਼ਰੂਰ ਹੋਵੇਗੀ।

ਜੇਕਰ ਤੁਹਾਨੂੰ ਪਤਾ ਲਗਦਾ ਹੈ ਕਿ ਇਹ ਮੈਸੇਜ ਜਾਂ ਜਾਣਕਾਰੀ ਕਿਤੇ ਹੋਰ ਨਹੀਂ ਹੈ ਤਾਂ ਉਸਦਾ ਭਰੋਸਾ ਨਾ ਕਰੋ।

ਤੁਸੀਂ ਲੇਖਕ ਦਾ ਨਾਂ ਜਾਂ ਜਾਣਕਾਰੀ ਦੇਣ ਵਾਲੀ ਸਾਈਟ ਨੂੰ ਵੀ ਸਰਚ ਕਰ ਸਕਦੇ ਹੋ ਤਾਂ ਜੋ ਪਤਾ ਲੱਗ ਸਕੇ ਕਿ ਉਸਨੇ ਹੋਰ ਕੀ-ਕੀ ਕੀਤਾ ਹੈ।

ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹ ਇਸੇ ਤਰ੍ਹਾਂ ਦੀ ਦੂਸਰੀ ਅਫਵਾਹਾਂ ਵੀ ਫੈਲਾ ਰਹੇ ਹੋਣਗੇ।

3.ਸੋਰਸ ਅਤੇ ਯੂਆਰਐਲ ਪਤਾ ਕਰੋ

ਜਦੋਂ ਤੁਸੀਂ ਕੁਝ ਵੀ ਆਨਲਾਈਨ ਪੜ੍ਹਦੇ ਹੋ ਤਾਂ ਦੇਖੋ ਕਿ ਇਸਨਨੂੰ ਕਿਸ ਨੇ ਪਬਲਿਸ਼ ਕੀਤਾ ਹੈ।

ਕੀ ਉਹ ਕੁਝ ਸਮੇਂ ਤੋਂ ਸਥਾਪਿਤ ਨਿਊਜ਼ ਪਬਲਿਸ਼ਰ ਹੈ ਅਤੇ ਕੀ ਉਨ੍ਹਾਂ ਦਾ ਨਾਮ ਚਰਚਿਤ ਹੈ, ਜਿਸ 'ਤੇ ਭਰੋਸਾ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਪਬਲਿਸ਼ਰ ਦੇ ਬਾਰੇ ਕਦੀ ਨਹੀਂ ਸੁਣਿਆ ਤਾਂ ਚੌਕਸ ਹੋ ਜਾਓ। ਸਿਰਫ਼ ਪਬਲਿਸ਼ਰ 'ਤੇ ਵੀ ਭਰੋਸਾ ਨਾ ਕਰੋ।

ਕੋਈ ਵੀ ਪੇਸ਼ੇਵਰ ਸੰਸਥਾ ਇਹ ਜ਼ਰੂਰ ਦੱਸਦੀ ਹੈ ਕਿ ਉਸਦੀ ਜਾਣਕਾਰੀ ਦਾ ਸਰੋਤ ਕੀ ਹੈ।

ਬਿਨ੍ਹਾਂ ਸਰੋਤ ਦੱਸੇ ਜਾਣਕਾਰੀ ਦੇਣ ਵਾਲਿਆਂ ਤੋਂ ਸਾਵਧਾਨ ਰਹੋ। ਵੈਬਸਾਈਟ ਦਾ ਯੂਆਰਐਲ ਵੀ ਦੇਖੋ।

ਤੁਹਾਨੂੰ ਲੱਗ ਸਕਦਾ ਹੈ ਕਿ ਤੁਸੀਂ ਬੀਬੀਸੀ, ਦ ਕਵਿੰਟ, ਦ ਗਾਰਡਿਅਨ ਜਾਂ ਟਾਇਮਸ ਆਫ਼ ਇੰਡੀਆ ਦੀ ਸਾਈਟ ਦੇਖ ਰਹੇ ਹੋ, ਪਰ 'ਡਾਟ ਕਾਮ', ਦੇ ਅਖੀਰ ਵਿੱਚ 'ਡਾਟ ਕੋ' ਜਾਂ 'ਡਾਟ ਇਨ' ਦਾ ਮਾਮੂਲੀ ਜਿਹਾ ਬਦਲਾਅ ਸਾਈਟ ਦੇ ਪੇਜ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ।

ਮਿਸਾਲ ਦੇ ਤੌਰ 'ਤੇ www.bbchindi.in ਬੀਬੀਸੀ ਹਿੰਦੀ ਵੈਬਸਾਈਟ ਨਹੀਂ ਹੈ।

4.ਤਰੀਕ ਚੈੱਕ ਕਰੋ

ਕੋਈ ਚੀਜ਼ ਇੱਕ ਵਾਰ ਵਰਲਡ ਵਾਈਡ ਵੈੱਬ 'ਤੇ ਆ ਜਾਵੇ ਤਾਂ ਫਿਰ ਇਹ ਹਮੇਸ਼ਾ ਉੱਥੇ ਰਹਿੰਦੀ ਹੈ। ਇਹ ਗੱਲ ਖ਼ਬਰਾਂ ਲਈ ਵੀ ਲਾਗੂ ਹੁੰਦੀ ਹੈ।

ਸ਼ੁਕਰ ਮਨਾਓ ਕਿ ਸਾਰੀਆਂ ਵਿਸ਼ਵਾਸ ਵਾਲੀਆਂ ਖ਼ਬਰਾਂ ਵਿੱਚ ਸਰੋਤ ਨਾਲ ਉਨ੍ਹਾਂ ਦੇ ਪਬਲਿਸ਼ ਹੋਣ ਦੀ ਤਰੀਕ ਵੀ ਦਿੱਤੀ ਜਾਂਦੀ ਹੈ। ਕੋਈ ਵੀ ਚੀਜ਼ ਸ਼ੇਅਰ ਕਰਨ ਤੋਂ ਪਹਿਲਾਂ ਇਸਨੂੰ ਜ਼ਰੂਰ ਜਾਂਚ ਲਓ।

ਪੁਰਾਣੇ ਲੇਖ, ਖਾਸਕਰ ਅੱਤਵਾਦ ਨਾਲ ਲੜਾਈ ਜਾਂ ਆਰਥਿਕ ਵਿਕਾਸ ਵਰਗੀ ਲਗਾਤਾਰ ਬਦਲਣ ਵਾਲੀ ਖ਼ਬਰ ਦੀ ਕੁਝ ਸਮੇਂ ਬਾਅਦ ਕੋਈ ਮਹੱਤਤਾ ਨਹੀਂ ਰਹਿ ਜਾਂਦੀ।

5.ਪੱਕਾ ਕਰ ਲਓ ਕਿ ਇਹ ਮਜ਼ਾਕ ਤਾਂ ਨਹੀਂ

ਫੇਕਿੰਗ ਨਿਊਜ਼ ਅਤੇ ਔਨਿਅਨ ਵਰਗੀ ਵੈਬਸਾਈਟਾਂ 'ਤੇ ਛਪਣ ਵਾਲੇ ਲੇਖ ਖੁੱਲ੍ਹੇ ਰੂਪ ਵਿੱਚ ਮਜ਼ਾਕ ਉਡਾਉਣ ਵਾਲੇ ਹੁੰਦੇ ਹਨ।

ਇਹ ਅਸਲ ਤੱਥਾਂ 'ਤੇ ਅਧਾਰਿਤ ਨਹੀਂ ਹੁੰਦੇ ਅਤੇ ਸੰਭਵ ਹੈ ਕਿ ਇਹ ਕਿਸੇ ਤਾਜ਼ਾ ਘਟਨਾ 'ਤੇ ਕੇਂਦਰਿਤ ਹੋਵੇ।

ਹਮੇਸ਼ਾ ਧਿਆਨ ਰੱਖੋ ਕਿ ਤੁਹਾਡੀ ਖ਼ਬਰ ਦਾ ਜ਼ਰੀਆ ਕੋਈ ਮਜ਼ਾਕੀਆ ਵੈਬਸਾਈਟ ਤਾਂ ਨਹੀਂ।

6.ਸਾਈਟ ਦਾ 'ਅਬਾਊਟ' ਪੇਜ ਦੇਖੋ

ਹਰ ਭਰੋਸੇਮੰਦ ਪਬਲਿਸ਼ਰ ਦਾ ਖ਼ੁਦ ਦੇ ਬਾਰੇ ਦੱਸਣ ਵਾਲਾ 'ਅਬਾਊਟ' ਹੁੰਦਾ ਹੈ। ਇਸਨੂੰ ਪੜ੍ਹੋ।

ਪਬਲਿਸ਼ਰ ਦੇ ਭਰੋਸੇ ਬਾਰੇ ਦੱਸਣ ਦੇ ਨਾਲ ਹੀ ਦੱਸੇਗਾ ਕਿ ਸੰਸਥਾ ਨੂੰ ਕੌਣ ਚਲਾਉਂਦਾ ਹੈ।

ਇੱਕ ਵਾਰ ਇਹ ਪਤਾ ਲੱਗ ਜਾਣ 'ਤੇ ਉਸਦਾ ਝੁਕਾਅ ਸਮਝ ਸਕਣਾ ਸੌਖਾ ਹੋਵੇਗਾ।

7.ਖ਼ਬਰ 'ਤੇ ਤੁਹਾਡੀ ਪ੍ਰਤੀਕਿਰਿਆ

ਖ਼ਬਰ ਝੂਠੀ ਹੈ ਜਾਂ ਨਹੀਂ ਇਹ ਜਾਣਨ ਦਾ ਇੱਕ ਤਰੀਕਾ ਹੈ ਕਿ ਇਸਦੇ ਅਸਰ ਨੂੰ ਖ਼ੁਦ 'ਤੇ ਪਰਖੋ। ਦੇਖੋ ਕਿ ਖ਼ਬਰ 'ਤੇ ਤੁਹਾਡੀ ਪ੍ਰਤੀਕਿਰਿਆ ਹੈ।

ਕੀ ਇਸਨੂੰ ਪੜ੍ਹਨ 'ਤੇ ਤੁਸੀਂ ਗੁੱਸੇ, ਮਾਣ ਜਾਂ ਦੁੱਖ ਨਾਲ ਭਰ ਗਏ ਹੋ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸਦੇ ਤੱਥਾਂ ਦੀ ਜਾਂਚ ਲਈ ਗੂਗਲ 'ਤੇ ਸਰਚ ਕਰੋ।

ਝੂਠੀਆਂ ਖ਼ਬਰਾਂ ਬਣਾਈਆਂ ਹੀ ਇਸ ਤਰ੍ਹਾਂ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਪੜ੍ਹ ਕੇ ਭਾਵਨਾਵਾਂ ਭੜਕਣ ਜਿਸ ਨਾਲ ਇਸਦਾ ਫੈਲਾਅ ਜ਼ਿਆਦਾ ਹੋਵੇ।

ਆਖ਼ਰ ਤੁਸੀਂ ਇਸਨੂੰ ਤਾਂ ਹੀ ਸ਼ੇਅਰ ਕਰੋਗੇ ਜੇਕਰ ਤੁਹਾਡੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਣ।

8.ਹੈੱਡਲਾਈਨ ਦੇ ਪਰੇ ਵੀ ਦੇਖੋ

ਜੇਕਰ ਤੁਸੀਂ ਦੇਖੋ ਕਿ ਭਾਸ਼ਾ ਅਤੇ ਵਿਆਕਰਣ ਦੀਆਂ ਬਹੁਤ ਸਾਰੀਆਂ ਗ਼ਲਤੀਆਂ ਹਨ ਅਤੇ ਫੋਟੋ ਵੀ ਘਟੀਆ ਕੁਆਲਟੀ ਦੀ ਹੈ ਤਾਂ ਤੱਥਾਂ ਦੀ ਜ਼ਰੂਰ ਜਾਂਚ ਕਰੋ।

ਝੂਠੀ ਖ਼ਬਰਾਂ ਫੈਲਾਉਣ ਵਾਲੀਆਂ ਸਾਈਟਾਂ ਇਹ ਕੰਮ ਗੂਗਲ ਦੀ ਐਡ ਤੋਂ ਪੈਸਾ ਬਣਾਉਣ ਲਈ ਕਰਦੀਆਂ ਹਨ, ਇਸ ਲਈ ਉਹ ਸਾਈਟ ਦੀ ਕੁਆਲਟੀ ਸੁਧਾਰਣ 'ਤੇ ਧਿਆਨ ਨਹੀਂ ਦਿੰਦੇ।

ਸਾਰੀਆਂ ਗੱਲਾਂ ਦੇ ਅਖ਼ੀਰ ਵਿੱਚ, ਡਿਜੀਟਲ ਵਰਲਡ ਵਿੱਚ ਸਾਰੀਆਂ ਖ਼ਬਰਾਂ ਉਸਦੇ ਸਿਆਣੇ-ਪਾਠਕਾਂ 'ਤੇ ਨਿਰਭਰ ਕਰਦੀਆਂ ਹਨ।

ਤੁਸੀਂ ਇਸਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਾਂ ਚੈਟ ਵਿੱਚ ਸ਼ੇਅਰ ਕਰਦੇ ਹੋ ਜਾਂ ਨਹੀਂ।

ਪਰ ਜੇਕਰ ਤੁਸੀਂ ਜਾਣ-ਬੁੱਝ ਕੇ ਝੂਠ ਜਾਂ ਨਫ਼ਰਤ ਸ਼ੇਅਰ ਕਰਦੇ ਹੋ ਤਾਂ ਇਸਦੇ ਨਤੀਜੇ ਵੀ ਭੁਗਤਣੇ ਪੈ ਸਕਦੇ ਹਨ, ਤੁਹਾਡੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।

ਇਸ ਲਈ ਸ਼ੇਅਰ ਕਰੋ ਪਰ ਜ਼ਿੰਮੇਵਾਰੀ ਨਾਲ਼।

(ਇਹ ਲੇਖ ਬੀਬੀਸੀ ਹਿੰਦੀ ਅਤੇ 'ਦ ਕਵਿੰਟ' ਦੀ ਸਾਂਝੀ ਪਹਿਲ 'ਸਵੱਛ ਡਿਜੀਟਲ ਇੰਡੀਆਂ' ਦਾ ਹਿੱਸਾ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)