You’re viewing a text-only version of this website that uses less data. View the main version of the website including all images and videos.
ਸੋਸ਼ਲ: ਫੇਸਬੁੱਕ 'ਤੇ ਚਰਚਾ ਬਣਿਆ ਸੁਖਬੀਰ ਬਾਦਲ ਦਾ ਧਰਨਾ
ਹਰੀਕੇ ਪੱਤਣ 'ਚ ਸੁਖਬੀਰ ਬਾਦਲ ਦੇ ਧਰਨੇ ਨੂੰ ਲੈਕੇ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਹੋ ਰਹੀ ਹੈ। ਖਾਸ ਕਰ ਕੇ ਉਦੋਂ ਜਦੋਂ ਆਮ ਆਦਮੀ ਪਾਰਟੀ ਆਗੂ ਭਗਵੰਤ ਮਾਨ ਨੇ ਸੁਖਬੀਰ ਦੀ ਕਹੀ ਹੀ ਇੱਕ ਪੁਰਾਣੀ ਗੱਲ ਦਾ ਮੁੜ ਤੋਂ ਜ਼ਿਕਰ ਕੀਤਾ।
ਭਗਵੰਤ ਮਾਨ ਨੇ ਕਿਸੇ ਅਖ਼ਬਾਰ ਦੀ ਇੱਕ ਖ਼ਬਰ ਫੇਸਬੁੱਕ 'ਤੇ ਸਾਂਝੀ ਕੀਤੀ, ਜਿਸ ਵਿੱਚ ਸੁਖਬੀਰ ਦਾ ਬਿਆਨ ਸੀ ਕਿ "ਜਿਨ੍ਹਾਂ ਨੂੰ ਕੋਈ ਘਰੇ ਨਹੀਂ ਪੁੱਛਦਾ ਉਹ ਬਹਿ ਜਾਂਦੇ ਨੇ ਧਰਨਿਆਂ 'ਤੇ।" ਸੁਖਬੀਰ ਬਾਦਲ ਭਗਵੰਤ ਮਾਨ
ਇਸ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਲੋਕਾਂ ਨੇ ਆਪਣੀ ਪ੍ਰਤਿਕਿਰਿਆ ਦਿੱਤੀ।
ਹਰਮਨਦੀਪ ਸਿੰਘ ਲਿਖਦੇ ਹਨ, ਹੁਣ 'ਆਪ' ਵਾਲੇ ਵੀ ਕਾਂਗਰਸ ਦੀ ਸਪੋਰਟ 'ਚ ਆ ਗਏ।
ਪ੍ਰਭਜੋਤ ਸਿੰਘ ਸੇਖੋਂ ਨੇ ਕਿਹਾ, ਜਦੋਂ ਕਿਸਾਨ ਧਰਨੇ 'ਤੇ ਬੈਠਦੇ ਹਨ ਤਾਂ ਪੁਲਿਸ ਡਾਂਗਾਂ ਲੈ ਕੇ ਆ ਜਾਂਦੀ ਹੈ। ਹੁਣ ਪਤਾ ਨਹੀਂ ਪੁਲਿਸ ਕਿੱਥੇ ਚਲੀ ਗਈ।
ਰੰਧਾਵਾਜ਼ ਮਨਬੀਰ, ਅਵਤਾਰ ਸਲੇਮਪੁਰੀਆ, ਮਨਿੰਦਰ ਸਿੰਘ ਤੇ ਸ਼ੱਮੀ ਖਡਿਆਲ ਨੇ ਵੀ ਇਸ ਵਿਸ਼ੇ 'ਤੇ ਸੁਖਬੀਰ ਬਾਦਲ ਬਾਰੇ ਟਿੱਪਣੀਆਂ ਕੀਤੀਆਂ
ਗੁਰਪ੍ਰੀਤ ਲਿਖਦੇ ਹਨ, ਕਦੇ ਡਾਂਗਾਂ ਸਾਡੇ 'ਤੇ ਸੀ ਮਾਰੀਆਂ, ਹੁਣ ਆਪਣੀਆਂ ਆਈਆਂ ਨੇ ਵਾਰੀਆਂ। ਸਹੀ ਮੁੱਲ ਨਾ ਮਿਲੇ ਫਸਲਾਂ ਦੇ, ਕਦੇ ਗਲਤ ਦਵਾਈਆਂ ਵੱਜੀਆਂ ਨਰਮਿਆਂ 'ਤੇ। ਜੋ ਸੀ ਸਾਨੂੰ ਨਾਕਾਮ ਕੀੜੇ ਦੱਸਦੇ, ਅੱਜ ਆਪਣੀ ਵਾਰੀ ਕਿਉਂ ਬੈਠੇ ਧਰਨਿਆਂ 'ਤੇ।
ਧਰਨੇ ਕਰਕੇ ਬੰਦ ਹੋਏ ਰਸਤਿਆਂ ਕਰਕੇ ਕਈ ਵਿਦਿਆਰਥਿਆਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। ਜਸ ਘੋਗਾ ਨੇ ਲਿਖਿਆ, ਪਰਮਾਤਮਾਂ ਸਭ ਤੋਂ ਉੱਤੇ ਹੈ ਨਾ ਕਿ ਇਨਸਾਨ। ਸਰ ਕੱਲ੍ਹ ਪੇਪਰ ਹੈ, ਬੱਚੇ ਕਾਫੀ ਪਰੇਸ਼ਾਨ ਹੋ ਰਹੇ ਹਨ। ਰਾਸਤਾ ਛੱਡ ਦਓ।
ਕੁਝ ਲੋਕ ਬਾਦਲ ਪਰਿਵਾਰ ਨਾਲ ਸਹਿਮਤੀ ਜਤਾਉਂਦੇ ਵੀ ਨਜ਼ਰ ਆਏ। ਰਮਨਪ੍ਰੀਤ ਸਿੰਘ ਨੇ ਲਿਖਿਆ, ਉਹ ਅਗਲਾ ਆਪਣੇ ਵਰਕਰਾਂ ਲਈ ਖੜ੍ਹਾ ਤਾਂ ਹੈ, ਕੀ ਤੁਸੀਂ ਕਦੇ ਖੜ੍ਹੇ ਹੋਏ ਹੋ।
ਸਤਨਾਮ ਸਿੰਘ ਰਸੂਲੜਾਂ ਨੇ ਇੱਕ ਤਸਵੀਰ ਕੂਮੈਂਟ ਕਰਦਿਆਂ ਇਸ ਧਰਨੇ ਨੂੰ ਮੰਗਲ ਗ੍ਰਹਿ ਦੀ ਪਹਿਲੀ ਰੈਲੀ ਕਿਹਾ ਤੇ ਸਤਵੀਰ ਸਿੰਘ ਨੇ ਲਿਖਿਆ, "ਧਰਤੀ ਤੇ ਅਕਾਸ ਚੜਾਵੈ, ਚੜੇ ਅਕਾਸ ਗਿਰਾਵੈ।"
ਅਜ਼ਾਦ ਜੌਹਲ ਨੇ ਦੋਹਾਂ ਦੇ ਹੀ ਚੂੰਢੀ ਵੱਡੀ ਤੇ ਰਲ ਕੇ ਰਹਿਣ ਦੀ ਸਲਾਹ ਦਿੱਤੀ।
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਅਕਾਲੀ ਵਰਕਰਾਂ ਖਿਲਾਫ਼ ਝੂਠੇ ਕੇਸ ਵਾਪਸ ਨਹੀਂ ਲੈਂਦੀ, ਧਰਨਾ ਉਦੋਂ ਤੱਕ ਚੱਲੇਗਾ। ਕਾਂਗਰਸ ਦੇ ਵਰਕਰਾਂ ਵਲੋਂ ਅਕਾਲੀ ਦਲ ਦੇ ਵਰਕਰਾਂ ਦੇ ਕਥਿਤ ਹਮਲੇ ਨੂੰ ਲੈ ਕੇ ਬਾਦਲ ਪਰਿਵਾਰ ਧਰਨੇ 'ਤੇ ਬੈਠਾ ਹੈ।