ਸੋਸ਼ਲ: ਨਫ਼ਰਤ ਵਿਰੋਧੀ ਮੁਹਿੰਮ ਦਾ ਆਧਾਰ ਬਣ ਰਹੀ ਹੈ ਗੁਰਪ੍ਰੀਤ ਸਿੰਘ ਦੀ ਮੌਤ

ਗੁਰਪ੍ਰੀਤ ਸਿੰਘ ਤਿੰਨ ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਹਾਰ ਗਿਆ ਅਤੇ 20 ਸਤੰਬਰ ਨੂੰ ਉਸ ਨੇ ਹਸਪਤਾਲ 'ਚ ਆਖ਼ਰੀ ਸਾਹ ਲਏ ਸਨ।

ਉਸਦੇ ਪਿਤਾ ਵੱਲੋਂ ਗੁਰਪ੍ਰੀਤ ਦੀਆਂ ਅੱਖਾਂ ਦਾਨ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਦਾਅਵਾ ਸੋਸ਼ਲ ਮੀਡੀਆ 'ਤੇ ਵੱਖ-ਵੱਖ ਪੋਸਟਾਂ ਰਾਹੀਂ ਸ਼ੇਅਰ ਕੀਤਾ ਜਾ ਰਿਹਾ ਹੈ।

ਅਮਨਪ੍ਰੀਤ ਸਿੰਘ ਨਾਂ ਦੇ ਫੇਸਬੁੱਕ ਅਕਾਊਂਟ 'ਤੇ ਲਿਖਿਆ ਗਿਆ ਹੈ- "ਬੇਟੇ ਗੁਰਪ੍ਰੀਤ ਨੇ ਨਸ਼ੇ ਦੇ ਵਿਰੋਧ 'ਚ ਆਪਣੀ ਜਾਨ ਦੇ ਦਿੱਤੀ। ਆਪਣਾ ਫਰਜ਼ ਨਿਭਾਇਆ ਅਤੇ ਗੁਰਪ੍ਰੀਤ ਦੀਆਂ ਅੱਖਾਂ ਦਾਨ ਕਰਕੇ ਪਰਿਵਾਰ ਨੇ ਆਪਣਾ ਫਰਜ਼ ਨਿਭਾਇਆ।"

ਇਸ ਦੀ ਪੁਸ਼ਟੀ ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਦੀ ਭੈਣ ਹਰਪ੍ਰੀਤ ਕੌਰ ਨੇ ਕੀਤੀ ਹੈ। ਉਸ ਨੇ ਕਿਹਾ, "ਅਸੀਂ 20 ਸਤੰਬਰ ਨੂੰ ਹੀ ਗੁਰਪ੍ਰੀਤ ਸਿੰਘ ਦੀਆਂ ਅੱਖਾਂ ਦਾਨ ਕਰ ਦਿੱਤੀਆਂ ਸਨ।"

ਇਸ ਤੋਂ ਪਹਿਲਾਂ ਵੀ ਜਦੋਂ ਗੁਰਪ੍ਰੀਤ ਸਿੰਘ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਤਾਂ ਸੋਸ਼ਲ ਮੀਡੀਆ 'ਤੇ ਗੁਰਪ੍ਰੀਤ ਦੀਆਂ ਹਸਪਤਾਲ 'ਚ ਜੇਰੇ ਇਲਾਜ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ।

ਕਈ ਥਾਈਂ ਕੈਂਡਲ ਮਾਰਚ ਵੀ ਕੀਤੇ ਗਏ। ਅਜਿਹੇ ਹੀ ਇੱਕ ਕੈਂਡਲ ਮਾਰਚ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ।

ਸ਼ਾਹਨਵਾਜ਼ ਅੰਸਾਰੀ ਨੇ ਫੇਸਬੁੱਕ 'ਤੇ ਲਿਖਿਆ, "ਦਿੱਲੀ ਵਿੱਚ ਗੁਰਪ੍ਰੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਵਿੱਚ ਸ਼ਾਮਿਲ ਹੋਏ , ਨਫ਼ਰਤ ਦੇ ਖਿਲਾਫ਼ ਸਾਡੀ ਸਭ ਦੀ ਅਵਾਜ਼ ਦੇ ਸਾਥੀ, ਜੇ ਤੁਸੀਂ ਵੀ ਦੇਸ਼ 'ਚ ਫੈਲੀ ਨਫ਼ਰਤ ਨੂੰ ਖ਼ਤਮ ਕਰਕੇ, ਮੁਹੱਬਤ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਸਾਡੀ ਅਤੇ ਸਾਡੀ ਇਸ ਨਫ਼ਰਤ ਦੇ ਖਿਲਾਫ਼ ਸਾਡੀ ਸਭ ਦੀ ਅਵਾਜ਼ ਦੀ ਮੁਹਿੰਮ ਨਾਲ ਜੁੜੇ ਰਹੋ। #UnitedAgainstHate"

ਦਰਅਸਲ ਗੁਰਪ੍ਰੀਤ ਸਿੰਘ ਅਤੇ ਦੋਸਤ ਮਨਿੰਦਰ ਸਿੰਘ ਏਮਜ਼ ਦੇ ਨੇੜੇ ਦਸਤਾਵੇਜ਼ੀ ਫ਼ਿਲਮ ਸ਼ੂਟ ਕਰਨ ਜਾ ਰਹੇ ਸਨ। ਜਦੋਂ ਦੋਵੇਂ ਸਫ਼ਦਰਜੰਗ ਹਸਪਤਾਲ ਨੇੜੇ ਰਾਤ ਦਾ ਖਾਣਾ ਖਾ ਰਹੇ ਸਨ ਤਾਂ ਇੱਕ ਸ਼ਖ਼ਸ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਦੇ ਮੂੰਹ 'ਤੇ ਸਿਗਰਟ ਦਾ ਧੂੰਆਂ ਛੱਡਣ ਲੱਗਾ। ਪੀਟੀਆਈ ਦੀ ਖ਼ਬਰ ਮੁਤਾਬਕ ਪ੍ਰਤੱਖਦਰਸ਼ੀਆਂ ਨੇ ਪੁਲਿਸ ਨੂੰ ਇਸ ਘਟਨਾ ਬਾਰੇ ਦੱਸਿਆ ਸੀ।

ਪਰਿਵਾਰ ਦਾ ਦਾਅਵਾ ਹੈ ਕਿ ਦੋਵਾਂ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਮਾਰਨ ਦੀ ਧਮਕੀ ਦਿੱਤੀ। ਫਿਰ ਗੁਰਪ੍ਰੀਤ ਅਤੇ ਮਨਿੰਦਰ ਨੇ ਝਗੜੇ 'ਚ ਪੈਣ ਨਾਲੋਂ ਉੱਥੋਂ ਨਿਕਲਣਾ ਬਿਹਤਰ ਸਮਝਿਆ।

ਹਾਲਾਂਕਿ ਉਸ ਨੇ ਦੋਹਾਂ ਦਾ ਪਿੱਛਾ ਕੀਤਾ ਅਤੇ ਦੋਹਾਂ ਨੂੰ ਏਮਜ਼ ਨੇੜੇ ਗੱਡੀ ਨਾਲ ਟੱਕਰ ਮਾਰੀ। ਉਸ ਨੇ ਇੱਕ ਆਟੋ ਰਿਕਸ਼ਾ ਅਤੇ ਕਾਰ ਨੂੰ ਵੀ ਟੱਕਰ ਮਾਰੀ।

ਪੁਲਿਸ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਇਹ ਹਾਦਸਾ ਹੈ ਜਾਂ ਮੁਲਜ਼ਮਾਂ ਨੇ ਜਾਣ-ਬੁੱਝ ਕੇ ਟੱਕਰ ਮਾਰੀ।

ਮੁਲਜ਼ਮ ਰੋਹਿਤ ਕ੍ਰਿਸ਼ਨ ਮਹੰਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਉਹ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ।

ਗੁਰਪ੍ਰੀਤ ਦੀ ਮੌਤ ਤੋਂ ਬਾਅਦ ਪੁਲਿਸ ਨੇ ਧਾਰਾ 304( ਗੈਰ-ਇਰਾਦਾ ਕਤਲ) ਦਾ ਮਾਮਲਾ ਦਰਜ ਕਰ ਲਿਆ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)