You’re viewing a text-only version of this website that uses less data. View the main version of the website including all images and videos.
ਨੇਜੇਬਾਜ਼ੀ ਦਾ ਚੈਂਪੀਅਨ ਮੁਲਕ ਛੱਡਣ ਨੂੰ ਮਜਬੂਰ
- ਲੇਖਕ, ਸਰਬਜੀਤ ਸਿੰਘ
- ਰੋਲ, ਬੀਬੀਸੀ ਪੰਜਾਬੀ
ਕਰਜ਼ੇ ਦੀ ਪੰਡ ਕਾਰਨ ਜੈਵਲਿਨ ਥ੍ਰੋਅ (ਨੇਜੇਬਾਜ਼ੀ) ਦਾ ਕੌਮਾਂਤਰੀ ਖਿਡਾਰੀ ਦੇਸ਼ ਛੱਡਣ ਦੀ ਸੋਚ ਰਿਹਾ ਹੈ।
ਦਵਿੰਦਰ ਸਿੰਘ ਕੰਗ ਜੈਵਲਿਨ ਥ੍ਰੋਅ ਦੇ ਵਿਸ਼ਵ ਚੈਂਪੀਅਨਸ਼ਿਪ ਮੁਕਾਬਲੇ ਦੇ ਫਾਈਨਲ 'ਚ ਪਹੁੰਚਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ। ਕੰਗ ਹੁਣ ਇਟਲੀ 'ਚ ਵਸਣ ਲਈ ਸੋਚ ਵਿਚਾਰ ਕਰ ਰਿਹਾ ਹੈ।
ਦਵਿੰਦਰ ਸਿੰਘ ਦੀ ਨਿਰਾਸ਼ਾ ਇਸ ਕਰਕੇ ਵੀ ਹੈ ਕਿਉਂਕਿ ਕੇਂਦਰੀ ਖੇਡ ਮੰਤਰਾਲੇ ਵੱਲੋਂ ਟਾਰਗੇਟ ਓਲਪਿੰਕ ਪੋਡੀਅਮ ਸਕੀਮ (TOPS) ਲਈ ਚੁਣੇ ਗਏ 17 ਖਿਡਾਰੀਆਂ ਦੀ ਸੂਚੀ ਵਿੱਚ ਉਸ ਨਾਂ ਨਹੀਂ ਹੈ।
ਇਸ ਲਈ ਕੰਗ ਹੁਣ ਭਾਰਤ ਦੀ ਥਾਂ ਇਟਲੀ ਵਿੱਚ ਵਸ ਕੇ ਉੱਥੋਂ ਦੀ ਨੁਮਾਇੰਦਗੀ ਬਾਰੇ ਮਨ ਬਣਾ ਰਹੇ ਹਨ। ਇਸ ਦਾ ਕਾਰਨ ਇੱਕ ਤਾਂ ਉਨ੍ਹਾਂ ਦੀ ਨਿਰਾਸ਼ਾ ਹੈ ਦੂਜਾ ਉਸ ਦੇ ਸਿਰ ਚੜ੍ਹਿਆ ਕਰਜ਼ਾ ਹੈ।
ਪਟਿਆਲਾ ਦੇ ਐਨਆਈਐਸ 'ਚ ਟਰੇਨਿੰਗ ਕਰ ਰਹੇ ਦਵਿੰਦਰ ਸਿੰਘ ਕੰਗ ਨੇ ਫ਼ੋਨ ਉੱਤੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਹਨ, ''ਖੇਡ ਮੰਤਰਾਲੇ ਦੀ ਸੰਭਾਵੀ ਓਲਪਿੰਕ ਖਿਡਾਰੀਆਂ ਦੀ ਸੂਚੀ ਵਿੱਚ ਆਪਣਾ ਨਾਮ ਨਾ ਦੇਖ ਕੇ ਹੈਰਾਨ ਹਾਂ।''
ਸਰਕਾਰ ਨੂੰ ਕੰਗ ਦੀ ਡੈੱਡਲਾਈਨ
ਕੰਗ ਮੁਤਾਬਕ ਜੇਕਰ 15 ਅਕਤੂਬਰ ਤੱਕ ਸਰਕਾਰ ਨੇ ਉਸ ਦੀ ਸਾਰ ਨਹੀਂ ਲਈ ਤਾਂ ਉਹ ਦੇਸ ਛੱਡਣ ਲਈ ਮਜਬੂਰ ਹੋ ਜਾਵੇਗਾ। ਦਵਿੰਦਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਟਲੀ ਦੇ ਇੱਕ ਕਲੱਬ ਨੇ ਨੁਮਾਇੰਦਗੀ ਕਰਨ ਦਾ ਸੱਦਾ ਦਿੱਤਾ ਹੈ।
ਨਾਗਰਿਕਤਾ ਦੇ ਨਾਲ-ਨਾਲ 10 ਤੋਂ 12 ਲੱਖ ਰੁਪਏ ਪ੍ਰਤੀ ਮਹੀਨਾ, ਘਰ , ਗੱਡੀ ਅਤੇ ਖੇਡ ਲਈ ਹੋਰ ਸਹੂਲਤਾਂ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।
ਜੈਵਲਿਨ ਦੇ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਉਹ ਪਹਿਲਾ ਭਾਰਤੀ ਹੈ। ਦਵਿੰਦਰ ਮੁਤਾਬਕ ਇਹ ਮੁਕਾਮ ਹਾਸਲ ਕਰਨ ਲਈ ਉਸ ਨੇ ਆਪਣੇ ਪੱਲੇ ਤੋਂ ਪੈਸੇ ਖ਼ਰਚ ਕੀਤੇ ਹਨ।
ਇਸ ਲਈ ਉਸਨੂੰ ਕਰਜ਼ਾ ਲੈਣਾ ਪਿਆ। ਮਾੜੀ ਆਰਥਿਕ ਕਾਰਨ ਉਸ ਨੂੰ ਕਿਸੇ ਹੋਰ ਦੇਸ ਵੱਲ ਦੇਖਣਾ ਪੈ ਰਿਹਾ ਹੈ।
ਕੀ ਹੈ ਟਾਰਗੇਟ ਓਲਪਿੰਕ ਪੋਡੀਅਮ ਸਕੀਮ (TOPS) ?
ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ 2018 ਦੀਆਂ ਏਸ਼ੀਅਨ ਖੇਡਾਂ ਅਤੇ 2020 ਦੀਆਂ ਟੋਕੀਓ ਓਲਪਿੰਕ ਖੇਡਾਂ ਅਤੇ ਕਾਮਨਵੈਲਥ ਖੇਡਾਂ ਲਈ ਖਿਡਾਰੀਆਂ ਦੀ ਇੱਕ ਸੰਭਾਵੀ ਲਿਸਟ ਬਣਾਈ ਹੈ।
ਸੂਚੀ ਵਿੱਚ ਸ਼ਾਮਲ ਖਿਡਾਰੀਆਂ ਨੂੰ ਸਰਕਾਰ ਵੱਲੋਂ ਹਰ ਮਹੀਨੇ ਪੰਜਾਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਟਰੇਨਿੰਗ ਦਿੱਤੀ ਜਾਵੇਗੀ।
ਸਕੀਮ ਇੱਕ ਸਤੰਬਰ ਤੋਂ ਲਾਗੂ ਵੀ ਹੋ ਗਈ ਹੈ। ਅਥਲੈਟਿਕਸ ਦੇ ਵਰਗ ਵਿੱਚ 17 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸੀ ਸੂਚੀ ਵਿੱਚ ਆਪਣਾ ਨਾਮ ਨਾ ਦੇਖ ਕੇ ਦਵਿੰਦਰ ਸਿੰਘ ਕੰਗ ਮਾਯੂਸ ਹੈ।
ਕੰਗ ਦਾ ਕਹਿਣਾ ਹੈ ਕਿ ਉਸ ਦੀ ਏਸ਼ੀਅਨ ਅਤੇ ਕਾਮਨਵੈਲਥ ਰੈਂਕਿੰਗ ਚੌਥੇ ਨੰਬਰ 'ਤੇ ਹੈ ਜਦਕਿ ਵਰਲਡ ਰੈਂਕਿੰਗ 'ਚ ਉਸ ਦਾ ਸਥਾਨ 20ਵਾਂ ਹੈ।
ਦਵਿੰਦਰ ਸਿੰਘ ਕੰਗ ਦਾ ਦਾਅਵਾ ਹੈ ਕਿ ਸੂਚੀ ਵਿੱਚ ਅਜਿਹੇ ਖਿਡਾਰੀ ਵੀ ਸ਼ਾਮਲ ਕੀਤੇ ਗਏ ਜਿਨ੍ਹਾਂ ਦਾ ਪ੍ਰਦਰਸ਼ਨ ਉਸ ਤੋਂ ਕਿਤੇ ਘੱਟ ਹੈ।
ਕਿਉਂ ਲਿਆ ਕਰਜ਼ਾ?
ਦਵਿੰਦਰ ਸਿੰਘ ਮੁਤਾਬਕ ਵਿਸ਼ਵ ਅਥੈਲਿਟਕਸ ਚੈਂਪੀਅਨਸ਼ਿਪ ਵਿੱਚ ਜਾਣ ਲਈ ਉਸ ਦੇ ਪਿਤਾ ਨੇ 2016 ਵਿੱਚ ਪੰਜ ਲੱਖ ਰੁਪਏ ਬੈਂਕ ਤੋਂ ਕਰਜ਼ਾ ਲਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਤੋਂ ਸਪਲੀਮੈਂਟ ਅਤੇ ਖ਼ੁਰਾਕ ਲਈ ਸੱਤ ਲੱਖ ਰੁਪਏ ਉਧਾਰੇ ਲਏ।
ਜੋ ਖਿਡਾਰੀ ਦਵਿੰਦਰ ਸਿੰਘ ਕੰਗ ਦੇ ਜੂਨੀਅਰ ਹਨ ਉਨ੍ਹਾਂ ਨੇ ਵੀ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਲਈ ਚਾਰ ਲੱਖ ਰੁਪਏ ਕਰਜ਼ੇ ਦੇ ਰੂਪ ਵਿੱਚ ਦਿੱਤੇ। ਦਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪ੍ਰਤੀ ਮਹੀਨਾ ਉਸ ਦਾ ਇੱਕ ਲੱਖ ਤੀਹ ਹਜ਼ਾਰ ਰੁਪਏ ਖ਼ੁਰਾਕ, ਸਪਲੀਮੈਂਟ ਤੇ ਟਰੇਨਿੰਗ ਦਾ ਖ਼ਰਚਾ ਹੈ।
ਭਾਰਤੀ ਫੌਜ 'ਚ ਜੇਸੀਓ ਦੇ ਅਹੁਦੇ ਨੌਕਰੀ ਕਰ ਰਹੇ ਦਵਿੰਦਰ ਸਿੰਘ ਲਈ ਘੱਟ ਤਨਖ਼ਾਹ 'ਤੇ ਸਾਰਾ ਖ਼ਰਚਾ ਚੁੱਕਣਾ ਮੁਸ਼ਕਿਲ ਹੈ। ਦਵਿੰਦਰ ਸਿੰਘ ਮੁਤਾਬਕ ਉਸ ਨੇ ਆਪਣੀ ਭੈਣ ਦੇ ਵਿਆਹ 'ਤੇ ਵੀ ਆਪਣੇ ਮਹਿਕਮੇ ਤੋਂ ਕਰਜ਼ਾ ਲਿਆ ਸੀ ਜਿਸ ਦੀ ਕਿਸ਼ਤ ਵੀ ਪ੍ਰਤੀ ਮਹੀਨਾ ਉਹ ਅਦਾ ਕਰ ਰਿਹਾ ਹੈ।
ਹਾਲਾਂਕਿ, ਪੰਜਾਬ ਸਰਕਾਰ ਨੇ ਉਸ ਦੀਆਂ ਪ੍ਰਾਪਤੀਆਂ ਨੂੰ ਦੇਖ ਹੋਏ ਇਸ ਸਾਲ ਮਈ ਮਹੀਨੇ ਵਿੱਚ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਰਕਮ 'ਚੋਂ ਢਾਈ ਲੱਖ ਰੁਪਏ ਉਸ ਨੇ ਬੈਂਕ ਦਾ ਕਰਜ਼ਾ ਅਤੇ ਢਾਈ ਲੱਖ ਰੁਪਏ ਖ਼ੁਰਾਕ ਵਾਲੇ ਨੂੰ ਵਾਪਸ ਕੀਤੇ।
'ਭਰੋਸੇ ਤੋਂ ਇਲਾਵਾ ਕੁਝ ਨਹੀਂ ਮਿਲਿਆ'
ਦਵਿੰਦਰ ਸਿੰਘ ਕੰਗ ਮੁਤਾਬਕ ਸੂਚੀ ਨੂੰ ਦੇਖ ਕੇ ਉਹ ਸਦਮੇ ਵਿੱਚ ਹੈ। ਇਸ ਸਬੰਧ ਵਿੱਚ ਉਹ ਕਾਂਗਰਸੀ ਵਿਧਾਇਕ ਤੇ ਸਾਬਕਾ ਓਲੰਪੀਅਨ ਪ੍ਰਗਟ ਸਿੰਘ ਨੂੰ ਮਿਲੇ, ਪਰ ਸਿਰਫ ਭਰੋਸਾ ਮਿਲਿਆ।
ਕੰਗ ਨੇ ਕੇਂਦਰੀ ਖੇਡ ਮੰਤਰਾਲੇ ਨਾਲ ਵੀ ਸੰਪਰਕ ਕੀਤਾ ਹੈ, ਪਰ ਉੱਥੋਂ ਕੋਈ ਜਵਾਬ ਨਹੀਂ ਮਿਲਿਆ। ਕੰਗ ਨੇ ਔਨਲਾਈਨ ਪਟੀਸ਼ਨ CHANGE.ORG ਵੀ ਸ਼ੁਰੂ ਕੀਤੀ ਹੈ।
'ਸੁਪਨਾ ਮੁਲਕ ਲਈ ਸੋਨ ਤਗਮਾ ਜਿੱਤਣਾ ਹੈ'
ਭਾਰਤੀ ਫੌਜ 'ਚ ਜੇਸੀਓ ਦੇ ਅਹੁਦੇ ਤਾਇਨਾਤ ਦਵਿੰਦਰ ਸਿੰਘ ਕੰਗ ਪੰਜਾਬ ਦੇ ਜਲੰਧਰ ਲਾਗਲੇ ਪਿੰਡ ਚੱਕ ਸ਼ੁਕਰ ਦਾ ਜੰਮਪਲ ਹੈ।
ਕੰਗ ਦਾ ਕਹਿਣਾ ਹੈ ਕਿ ਉਸ ਦਾ ਇੱਕੋ ਇੱਕ ਸੁਪਨਾ ਓਲਪਿੰਕ ਵਿੱਚ ਭਾਰਤ ਲਈ ਸੋਨਾ ਤਗਮਾ ਜਿੱਤਣਾ ਹੈ, ਪਰ ਉਸ ਦਾ ਕਰਜ਼ਾ ਉਸ ਦੀ ਹਿੰਮਤ ਤੋੜ ਰਿਹਾ ਹੈ।