ਮੌਬ ਲਿਚਿੰਗ: ਸ਼ਾਹਰਖ਼ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਮੁਕਾਇਆ

    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਬੀਬੀਸੀ ਲਈ

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ 'ਚ ਕੁਝ ਲੋਕਾਂ ਨੇ ਇੱਕ ਨੌਜਵਾਨ ਨੂੰ ਕਥਿਤ ਤੌਰ 'ਤੇ ਮੱਝ ਚੋਰੀ ਕਰਨ ਦੇ ਦੋਸ਼ 'ਚ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਨੇ ਇਸ ਮਾਮਲੇ 'ਚ ਲਗਭਗ ਦੋ ਦਰਜਨ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ, ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਘਟਨਾ ਬਰੇਲੀ ਦੇ ਕੈਂਟ ਥਾਣਾ ਇਲਾਕੇ ਦੇ ਡਿੰਡੋਲਿਆ ਪਿੰਡ ਦੀ ਹੈ।

ਬਰੇਲੀ ਦੇ ਐਸਪੀ ਅਭਿਨੰਦਨ ਸਿੰਘ ਮੁਤਾਬਕ, ''ਸ਼ਾਹਰੁਖ਼ ਅਤੇ ਉਸਦੇ ਤਿੰਨ ਦੋਸਤ ਮੱਝ ਚੋਰੀ ਕਰਕੇ ਭੱਜ ਰਹੇ ਸਨ, ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੌੜਾ ਲਿਆ, ਰਾਹ 'ਚ ਪਾਣੀ ਭਰਿਆ ਹੋਣ ਕਾਰਨ ਹੋਰ ਮੁੰਡੇ ਤੈਰ ਕੇ ਭੱਜ ਗਏ, ਪਰ ਸ਼ਾਹਰੁਖ਼ ਨੂੰ ਤੈਰਨਾ ਨਹੀਂ ਆਉਂਦਾ ਸੀ ਇਸ ਲਈ ਪਿੰਡ ਵਾਲਿਆਂ ਨੇ ਉਸਨੂੰ ਫੜ ਲਿਆ ਅਤੇ ਕਈ ਲੋਕਾਂ ਨੇ ਉਸਦੀ ਕੁੱਟ ਮਾਰ ਕਰ ਦਿੱਤੀ। ਪੋਸਟ ਮਾਰਟਮ ਰਿਪੋਰਟ 'ਚ ਵੀ ਅੰਦਰੂਨੀ ਹਿੱਸਿਆਂ 'ਚ ਮੌਬ ਲਿੰਚਿੰਗ ਦੀ ਵਜ੍ਹਾ ਨਾਲ ਵੱਧ ਸੱਟਾਂ ਦੇ ਸਾਹਮਣੇ ਆਉਣ ਦੀ ਪੁਸ਼ਟੀ ਹੋਈ ਹੈ।''

ਇਹ ਵੀ ਪੜ੍ਹੋ:

ਪੁਲਿਸ ਨੇ ਸ਼ਾਹਰੁਖ਼ ਦੇ ਭਰਾ ਦੀ ਸ਼ਿਕਾਇਤ 'ਤੇ ਕਤਲ ਦੇ ਦੋਸ਼ 'ਚ 20 ਤੋਂ 35 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਸਪੀ ਸਿਟੀ ਅਭਿਨੰਦਨ ਸਿੰਘ ਨੇ ਦੱਸਿਆ ਕਿ ਜਿਸਦੀ ਮੱਝ ਚੋਰੀ ਹੋਈ ਸੀ, ਉਸ ਵੱਲੋਂ ਸ਼ਾਹਰੁਖ਼ ਦੇ ਸਾਥੀਆਂ ਦੇ ਖ਼ਿਲਾਫ਼ ਵੀ ਮੱਢ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ 17 ਸਾਲ ਦੇ ਸ਼ਾਹਰੁਖ਼ ਦੁਬਈ 'ਚ ਕੰਮ ਕਰਦੇ ਸਨ ਅਤੇ ਬਕਰੀਦ ਮੌਕੇ 'ਤੇ ਘਰ ਆਏ ਸਨ। ਸ਼ਾਹੁਰਖ਼ ਦੇ ਭਰਾ ਫ਼ਿਰੋਜ਼ ਖ਼ਾਨ ਨੇ ਬੀਬੀਸੀ ਨੂੰ ਦੱਸਿਆ, ''ਮੰਗਲਵਾਰ ਦੀ ਸ਼ਾਮ ਮੁਹੱਲੇ ਦੇ ਹੀ ਦੋ-ਤਿੰਨ ਮੁੰਡੇ ਉਸਨੂੰ ਆਪਣੇ ਨਾਲ ਲੈ ਆਏ। ਉਹ ਦੇਰ ਰਾਤ ਤੱਕ ਘਰ ਨਹੀਂ ਆਇਆ, ਬੁੱਧਵਾਰ ਦੀ ਸਵੇਰ ਕੈਂਟ ਥਾਣੇ ਦੇ ਲੋਕ ਸਾਡੇ ਘਰ ਆਏ ਕਿ ਸ਼ਾਹਰੁਖ਼ ਜ਼ਿਲ੍ਹਾ ਹਸਪਤਾਲ 'ਚ ਭਰਤੀ ਹਨ। ਅਸੀਂ ਦੇਖਣ ਗਏ ਤਾਂ ਉਸਦੇ ਸਾਹ ਚੱਲ ਰਹੇ ਸਨ, ਪਰ ਉਹ ਕੁਝ ਬੋਲ ਨਹੀਂ ਸਕਿਆ।''

'ਮੱਝ ਚੋਰੀ ਦੇ ਦੋਸ਼ 'ਤੇ ਯਕੀਨ ਨਹੀਂ'

ਫ਼ਿਰੋਜ਼ ਦਾ ਕਹਿਣਾ ਹੈ ਕਿ ਮੱਝ ਚੋਰੀ ਦੀ ਗੱਲ 'ਤੇ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿਉਂਕਿ ਉਹ ਤਾਂ ਦੁਬਈ 'ਚ ਕਮਾਉਂਦਾ ਸੀ ਅਤੇ ਕੁਝ ਹੀ ਦਿਨਾਂ ਬਾਅਦ ਮੁੜ ਵਾਪਿਸ ਜਾਣ ਵਾਲਾ ਸੀ, ਅਜਿਹੇ 'ਚ ਉਹ ਮੱਝ ਕਿਉਂ ਚੋਰੀ ਕਰੇਗਾ।

ਫ਼ਿਰੋਜ਼ ਮੁਤਾਬਕ, ''ਉਸਦੇ ਦੋਸਤ ਆਪਣੇ ਨਾਲ ਲੈ ਕੇ ਗਏ ਸਨ, ਜਦੋਂ ਲੜਾਈ-ਝਗੜਾ ਹੋਇਆ ਤਾਂ ਦੋਸਤ ਭੱਜ ਗਏ। ਫੜੇ ਜਾਣ 'ਤੇ ਅਤੇ ਇਕੱਲਾ ਦੇਖ ਕੇ ਲੋਕਾਂ ਨੇ ਉਸਦੀ ਡਾਂਗਾਂ ਨਾਲ ਕੁੱਟਮਾਰ ਕੀਤੀ।''

ਫ਼ਿਰੋਜ਼ ਮੁਤਾਬਕ ਸ਼ਾਹਰੁਖ਼ ਪੰਜ ਭਰਾ ਅਤੇ ਦੋ ਭੈਣਾਂ 'ਚੋਂ ਸਭ ਤੋਂ ਛੋਟਾ ਸੀ, ਫ਼ਿਰੋਜ਼ ਨੇ ਦੱਸਿਆ, ''ਪਿਤਾ ਬਿਮਾਰ ਰਹਿੰਦੇ ਹਨ ਅਤੇ ਖਿਡੌਣੇ ਵੇਚਣ ਦਾ ਕੰਮ ਕਰਦੇ ਹਨ, ਅਸੀਂ ਸਾਰੇ ਛੋਟੇ-ਮੋਟੇ ਕੰਮ ਕਰਕੇ ਆਪਣੇ ਢਿੱਡ ਪਾਲਦੇ ਹਾਂ ਪਰ ਕਦੇ ਕਿਤੇ ਚੋਰੀ ਨਹੀਂ ਕੀਤੀ, ਸ਼ਾਹਰੁਖ਼ ਤਾਂ ਵੈਸੇ ਵੀ ਬਹੁਤ ਸਿੱਧਾ ਜਿਹਾ ਮੁੰਡਾ ਸੀ।''

ਦੂਜੇ ਪਾਸੇ ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਾਹਰੁਖ਼ ਨੂੰ ਆਪਣੇ ਨਾਲ ਲੈ ਜਾਣ ਵਾਲੇ ਮਾਜਿਦ ਅਤੇ ਕੁਝ ਹੋਰ ਲੋਕ ਮੱਝ ਚੋਰੀ ਵਰਗੀਆਂ ਘਟਨਾਵਾਂ 'ਚ ਪਹਿਲਾਂ ਵੀ ਸ਼ਾਮਿਲ ਰਹੇ ਹਨ। ਪੁਲਿਸ ਵੀ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਪਿੰਡ 'ਚ ਘਟਨਾ ਤੋਂ ਬਾਅਦ ਤਣਾਅ ਦੇਖਦੇ ਹੋਏ ਵੱਡੀ ਗਿਣਤੀ 'ਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ।

ਪਰਿਵਾਰ ਵਾਲਿਆਂ ਅਤੇ ਪਿੰਡ ਦੇ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਨੇ ਪਹਿਲਾਂ ਇਸ ਘਟਨਾ ਨੂੰ ਗੰਭੀਰਤਾ ਤੋਂ ਲਿਆ ਹੀ ਨਹੀਂ, ਪਰ ਜਦੋਂ ਸ਼ਾਹਰੁਖ਼ ਦੀ ਮੌਤ ਹੋ ਗਈ ਉਦੋਂ ਜਾ ਕੇ ਘਟਨਾ ਦੀ ਰਿਪੋਰਟ ਦਰਜ ਕੀਤੀ ਗਈ।

ਬਰੇਲੀ ਦੇ ਸਥਾਨਰਕ ਪੱਤਰਕਾਰ ਮਨਵੀਰ ਸਿੰਘ ਦੱਸਦੇ ਹਨ, ''ਪਹਿਲਾਂ ਤਾਂ ਪੁਲਿਸ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਸ਼ਾਹਰੁਖ਼ ਦੀ ਮੌਤ ਮੌਬ ਲਿੰਚਿੰਗ ਦੀ ਵਜ੍ਹਾ ਨਾਲ ਹੋਈ ਹੈ। ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਅਤੇ ਖ਼ੁਦ ਐਸਪੀ ਸਿਟੀ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।

ਪੋਸਟ ਮਾਰਟਮ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪਿੰਡ ਵਾਲਿਆਂ ਨੇ ਸ਼ਾਹਰੁਖ਼ ਦੀ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਜਿਸ ਨਾਲ ਉਸਦੇ ਸਰੀਰ 'ਚ ਕਾਫ਼ੀ ਸੱਟਾਂ ਆਈਆਂ ਅਤੇ ਅਗਲੇ ਹੀ ਦਿਨ ਉਸਦੀ ਮੌਤ ਹੋ ਗਈ। ਮੌਤ ਨਾ ਹੋਈ ਹੁੰਦੀ ਤਾਂ ਸ਼ਾਇਦ ਕੁੱਟ ਮਾਰ ਦੀ ਰਿਪੋਰਟ ਦਰਜ ਹੀ ਨਾ ਹੁੰਦੀ ਅਤੇ ਮਾਮਲਾ ਮੱਝ ਚੋਰੀ ਦਾ ਕਹਿ ਕੇ ਰਫ਼ਾ-ਦਫ਼ਾ ਕਰ ਦਿੱਤਾ ਜਾਂਦਾ।''

ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)