ਬੱਚੇਦਾਨੀ ਦੇ ਮੂੰਹ ਦੇ ਕੈਂਸਰ ਬਾਰੇ ਜਾਣਨ ਲਈ ਤੁਸੀਂ ਵੀ ਟੈਸਟ ਕਰਵਾਉਣ 'ਚ ਅਣਗਹਿਲੀ ਕਰ ਰਹੇ ਹੋ

ਕਈ ਅੰਗਰੇਜ਼ੀ ਨਾਟਕਾਂ ਵਿੱਚ ਕੰਮ ਕਰ ਚੁੱਕੀ ਮਿਸ਼ੈਲ ਕੀਗਨ ਨੇ ਇੱਕ ਇੰਸਟਾਗਰਾਮ ਪੋਸਟ ਰਾਹੀਂ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਵੀਕਲ ਕੈਂਸਰ ਲਈ ਲਾਜ਼ਮੀ ਸਮੀਅਰ ਟੈਸਟ ਜ਼ਰੂਰ ਕਰਵਾਉਣ।

ਉਨ੍ਹਾਂ ਨੇ ਪੋਸਟ ਵਿੱਚ ਦੱਸਿਆ ਕਿ ਉਨ੍ਹਾਂ ਨੇ ਖੁਦ ਵੀ ਇਹ ਟੈਸਟ ਕਰਵਾਇਆ ਹੈ ਜੋ ਕਿ ਉਹ 'ਕਾਫੀ ਲੰਮੇ ਸਮੇਂ ਤੋਂ' ਇਸ ਟੈਸਟ ਨੂੰ ਲਟਕਾ ਰਹੇ ਸਨ।

ਮਿਸ਼ੈਲ ਨੇ ਲਿਖਿਆ, "ਮੈਂ ਬਹੁਤ ਘਬਰਾਈ ਹੋਈ ਸੀ ਅਤੇ ਕਾਫੀ ਵਿਅਸਤ ਹੋਣ ਦੇ ਬਹਾਨੇ ਬਣਾਉਂਦੀ ਰਹਿੰਦੀ ਸੀ।"

ਪਰ ਇੰਸਟਾਗਰਾਮ ਉੱਤੇ ਟੈਸਟ ਤੋਂ ਬਾਅਦ ਇੱਕ ਵੀਡੀਓ ਸਾਂਝਾ ਕੀਤਾ ਅਤੇ ਦੱਸਿਆ ਕਿ ਇਹ ਕਿੰਨਾ ਸੌਖਾ ਸੀ ਅਤੇ ਕਿੰਨੀ ਜਲਦੀ ਹੋ ਗਿਆ।

31 ਸਾਲਾ ਅਦਾਕਾਰਾ ਨੇ ਦੱਸਿਆ, "ਮੈਂ ਕਮਰੇ ਵਿੱਚ ਸਿਰਫ ਪੰਜ ਮਿੰਟ ਲਈ ਕਮਰੇ ਵਿੱਚ ਰਹੀ ਅਤੇ ਬੈੱਡ ਉੱਤੇ ਸਿਰਫ਼ 2 ਮਿੰਟ ਦੇ ਲਈ। ਇਹ ਕਾਫ਼ੀ ਜਲਦੀ ਹੋ ਗਿਆ। ਇਹ ਕੁਝ ਅਸੁਖਾਵਾਂ ਸੀ।"

ਉਨ੍ਹਾਂ ਅੱਗੇ ਕਿਹਾ, "ਮੈਂ ਅਖੀਰ ਟੈਸਟ ਕਰਵਾਇਆ ਤੇ ਇਹ 2 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਹੋ ਗਿਆ। ਮੈਂ ਥੋੜ੍ਹਾ ਅਸਹਿਜ ਹੋਈ ਪਰ ਬਿਲਕੁਲ ਵੀ ਪੀੜ ਨਹੀਂ ਸੀ।"

"ਮੈਂ ਕਹਿਣਾ ਚਾਹੁੰਦੀ ਹਾਂ ਕਿ ਸਮੀਅਰ ਟੈਸਟ ਜ਼ਿੰਦਗੀ ਬਚਾਉਂਦੇ ਹਨ। ਮੇਰੀ ਸਲਾਹ ਹੈ ਕਿ ਬਹਾਨੇ ਛੱਡੋ ਅਤੇ ਸਮੀਅਰ ਟੈਸਟ ਕਰਵਾਓ। ਸਮੀਅਰ ਟੈਸਟ 5 ਮਿੰਟ ਵਿੱਚ ਹੁੰਦਾ ਹੈ ਜਦੋਂਕਿ ਸਰਵੀਕਲ ਕੈਂਸਰ ਉਮਰ ਭਰ ਰਹਿੰਦਾ ਹੈ।"

ਇਹ ਵੀ ਪੜ੍ਹੋ:

ਭਾਰਤ ਵਿੱਚ ਸਰਵੀਕਲ ਕੈਂਸਰ

ਇੰਡੀਅਲ ਜਰਨਲ ਆਫ ਮੈਡੀਕਲ ਐਂਡ ਪੈਡਿਐਟਰਿਕ ਔਨਕੌਲੋਜੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ, ਭਾਰਤ ਵਿੱਚ ਔਰਤਾਂ ਨੂੰ ਹੋਣ ਵਾਲੇ ਕੈਂਸਰਾਂ ਵਿੱਚੋਂ 6-29 ਫੀਸਦੀ ਮਾਮਲੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਹੁੰਦੇ ਹਨ। ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਕੈਂਸਰ ਕਰਕੇ ਹੋਣ ਵਾਲੀਆਂ ਔਰਤਾਂ ਦੀਆਂ ਮੌਤਾਂ ਵਿੱਚੋ ਬਹੁਤੀਆਂ ਇਸੇ ਕਾਰਨ ਹੁੰਦੀਆਂ ਹਨ ਜਦਕਿ ਇੱਕ ਚੌਥਾਈ ਤੋਂ ਵਧੇਰੇ ਵਿਕਾਸਸ਼ੀਲ ਦੇਸਾਂ ਵਿੱਚ ਹੁੰਦੀਆਂ ਹਨ। ਭਾਰਤ ਵਿੱਚ ਹਾਲਾਂਕਿ ਇਸ ਦੇ ਕੇਸ ਬਹੁਤ ਚਿੰਤਾਜਨਕ ਗਿਣਤੀ ਵਿੱਚ ਸਾਹਮਣੇ ਆਉਂਦੇ ਹਨ ਪਰ ਸਰਕਾਰੀ ਪੱਧਰ ਤੇ ਇਸਦੀ ਜਾਂਚ ਦੀ ਕੋਈ ਲਹਿਰ ਨਹੀਂ ਚਲਾਈ ਜਾਂਦੀ।

ਸਰਵੀਕਲ ਕੈਂਸਰ ਬਾਰੇ ਮੁੱਢਲੀ ਜਾਣਕਾਰੀ

ਸਰਵੀਕਲ ਦਾ ਕੈਂਸਰ ਜਾਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਆਮ ਤੌਰ 'ਤੇ 30 ਤੋਂ 45 ਸਾਲ ਦੀਆਂ ਔਰਤਾਂ ਵਿੱਚ ਹੁੰਦਾ ਹੈ। ਇਹ ਔਰਤਾਂ ਦੀ ਮਾਹਵਾਰੀ ਅਤੇ ਸੰਭੋਗ ਵਿੱਚ ਕਿਰਿਆਸ਼ੀਲਤਾ ਦੀ ਉਮਰ ਹੁੰਦੀ ਹੈ।

ਸਰਵੀਕਲ ਕੈਂਸਰ ਦੇ ਲੱਛਣ

ਸ਼ੁਰੂਆਤ ਵਿੱਚ ਇਸ ਦੇ ਲੱਛਣ ਸਾਹਮਣੇ ਨਹੀਂ ਆਉਂਦੇ। ਇਸ ਦਾ ਆਮ ਲੱਛਣ ਤਾਂ ਹੈ ਯੋਨੀ ਵਿੱਚੋਂ ਤਰਲ ਦਾ ਅਨਿਯਮਿਤ ਵਹਾਅ। ਇਹ ਤਰਲ ਸੰਭੋਗ ਦੌਰਾਨ ਜਾਂ ਉਸ ਤੋਂ ਬਾਅਦ, ਦੋ ਮਾਹਵਾਰੀਆਂ ਦੇ ਵਿਚਕਾਰ ਅਤੇ ਮੀਨੋਪੌਜ਼ ਤੋਂ ਬਾਅਦ ਵੀ ਨਿਕਲ ਸਕਦਾ ਹੈ।

ਹਾਲਾਂਕਿ ਇਸ ਤਰਲ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਇਹ ਕੈਂਸਰ ਵੀ ਹੋਵੇ ਪਰ ਜਾਂਚ ਕਰਵਾ ਲੈਣੀ ਚਾਹੀਦੀ ਹੈ।

ਹਿਊਮਨ ਪੈਪੀਲੋਮਾ ਵਾਇਰਸ

ਇਹ ਵਾਇਰਸਾਂ ਦੇ ਸਮੂਹ ਨੂੰ ਦਿੱਤਾ ਜਾਣ ਵਾਲਾ ਸਾਂਝਾ ਨਾਮ ਹੈ ਜਿਸ ਵਿੱਚ 100 ਤੋਂ ਵਧੇਰੇ ਕਿਸਮਾਂ ਸ਼ਾਮਲ ਹਨ।

ਕੁਝ ਔਰਤਾਂ ਨੂੰ ਇਸ ਦੀ ਲਾਗ ਤਾਂ ਹੁੰਦੀ ਹੈ ਪਰ ਕੋਈ ਨੁਕਸ ਪੈਦਾ ਨਹੀਂ ਹੁੰਦਾ।

ਕਈ ਵਾਰ ਇਹ ਲਾਗ ਆਪਣੇ-ਆਪ ਖ਼ਤਮ ਹੋ ਜਾਂਦੀ ਹੈ ਪਰ ਜੇ ਵਾਰ-ਵਾਰ ਹੁੰਦੀ ਰਹੇ ਤਾਂ ਸਰਵੀਕਲ ਕੈਂਸਰ ਦੀ ਵਜ੍ਹਾ ਬਣ ਸਕਦੀ ਹੈ।

ਹਾਲਾਂਕਿ ਸਰਵੀਕਲ ਕੈਂਸਰ ਦੇ 99.7 ਫੀਸਦੀ ਕੇਸ ਹਿਊਮਨ ਪੈਪੀਲੋਮਾ ਵਾਇਰਸ ਕਾਰਨ ਹੁੰਦੇ ਹਨ ਪਰ ਸਰਵੀਕਲ ਕੈਂਸਰ ਦੇ ਲਗਪਗ 80 ਫੀਸਦੀ ਕੇਸਾਂ ਨੂੰ ਇਸ ਦੇ ਟੀਕੇ ਰਾਹੀਂ ਰੋਕਿਆ ਜਾ ਸਕਦਾ ਹੈ।

ਸਰਵੀਕਲ ਕੈਂਸਰ ਦੀ ਜਾਂਚ

  • ਸਭ ਤੋਂ ਸਰਲ ਤਰੀਕਾ ਤਾਂ ਸਮੀਅਰ ਟੈਸਟ ਕਰਵਾਉਣਾ ਹੈ।
  • ਇਸ ਦੌਰਾਨ ਬੱਚੇਦਾਨੀ ਦੇ ਮੂੰਹ ਵਿੱਚੋਂ ਇੱਕ ਨਮੂਨਾ ਲਿਆ ਜਾਂਦਾ ਹੈ, ਜਿਸ ਦੀ ਕੈਂਸਰ ਜਾਂ ਕਈ ਵਾਰ ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ) ਲਈ ਜਾਂਚ ਕੀਤੀ ਜਾਂਦੀ ਹੈ।
  • ਰਿਪੋਰਟ ਵਿੱਚ ਕੋਈ ਨੁਕਸ ਨਿਕਲਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੈਂਸਰ ਹੋਵੇ, ਕਈ ਵਾਰ ਇਹ ਨੁਕਸ ਐਚਪੀਵੀ ਕਾਰਨ ਵੀ ਹੋ ਸਕਦਾ ਹੈ ਜਿਸ ਦਾ ਇਲਾਜ ਸੰਭਵ ਹੈ।

ਸਰਵੀਕਲ ਕੈਂਸਰ ਦੇ ਕਾਰਨ

  • ਜ਼ਿਆਦਾਤਰ ਇਹ ਕੈਂਸਰ ਹਿਊਮਨ ਪੈਪੀਲੋਮਾ ਵਾਇਰਸਕਾਰਨ ਹੁੰਦਾ ਹੈ। ਐਚਪੀਵੀ ਸੰਭੋਗ ਦੌਰਾਨ ਫੈਲਦਾ ਹੈ।
  • ਇਸ ਵਾਇਰਸ ਦੀਆਂ 100 ਤੋਂ ਵਧੇਰੇ ਕਿਸਮਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ।
  • ਇਸ ਵਾਇਰਸ ਦੀਆਂ ਕੁਝ ਕਿਸਮਾਂ ਸਰਵੀਕਲ ਦੇ ਸੈਲਾਂ ਵਿੱਚ ਬਦਲਾਅ ਦਾ ਕਾਰਨ ਬਣਦੀਆਂ ਹਨ। ਜਿਸ ਕਰਕੇ ਕੈਂਸਰ ਵਿਕਸਿਤ ਹੋ ਸਕਦਾ ਹੈ।
  • ਕੰਡੋਮ ਦੀ ਵਰਤੋਂ ਨਾਲ ਐਚਪੀਵੀ ਦੀ ਲਾਗ ਤੋਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ।

ਸਰਵੀਕਲ ਕੈਂਸਰ ਦਾ ਇਲਾਜ

ਜਲਦੀ ਪਤਾ ਲੱਗ ਜਾਵੇ ਤਾਂ ਅਪ੍ਰੇਸ਼ਨ ਜ਼ਰੀਏ ਠੀਕ ਕੀਤਾ ਜਾ ਸਕਦਾ ਹੈ।

ਕੁਝ ਹਾਲਤਾਂ ਵਿੱਚ ਤਾਂ ਬੱਚੇਦਾਨੀ ਨੂੰ ਛੇੜਨ ਦੀ ਲੋੜ ਨਹੀਂ ਪੈਂਦੀ ਪਰ ਕਈ ਵਾਰ ਇਹ ਕੱਢਣੀ ਵੀ ਪੈ ਸਕਦੀ ਹੈ।

ਕੀਮੋਥੈਰਪੀ ਨੂੰ ਵੀ ਸਰਜਰੀ ਦੇ ਪੂਰਕ ਵਜੋਂ ਵਰਤਿਆ ਜਾਂਦਾ ਹੈ।

ਹਾਲਾਂਕਿ ਕਈ ਇਲਾਜਾਂ ਦੇ ਦੂਰ ਰਸੀ ਪ੍ਰਭਾਵ ਹੋ ਸਕਦੇ ਹਨ ਜਿਵੇਂ ਸਮੇਂ ਤੋਂ ਪਹਿਲਾਂ ਮੀਨੋਪੌਜ਼ ਅਤੇ ਬਾਂਝਪਣ।

ਕੈਂਸਰ ਬਾਰੇ ਇਹ ਫੀਚਰ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)