You’re viewing a text-only version of this website that uses less data. View the main version of the website including all images and videos.
ਇੰਝ ਬਣਦਾ ਹੈ ਮੋਟਾਪਾ ਕੈਂਸਰ ਦੀ ਵਜ੍ਹਾ
- ਲੇਖਕ, ਐਲੈਕਸ ਥੇਰੀਅਨ
- ਰੋਲ, ਬੀਬੀਸੀ ਪੱਤਰਕਾਰ
ਇੱਕ ਅਧਿਐਨ ਮੁਤਾਬਕ ਮੋਟਾਪਾ ਕੈਂਸਰ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਜਦਕਿ ਸਿਗਰਟ ਪੀਣ ਨਾਲ ਹੋਣ ਵਾਲੇ ਕੈਂਸਰਾਂ ਦਾ ਅੰਕੜਾ ਘੱਟ ਹੋਇਆ ਹੈ।
ਯੂ.ਕੇ. ਦੀ ਇੱਕ ਖੋਜ ਵਿੱਚ ਪਤਾ ਲੱਗਿਆ ਹੈ ਕਿ ਕੈਂਸਰ ਦੇ ਸਾਰੇ ਕੇਸਾਂ ਦਾ ਇੱਕ ਤਿਹਾਈ ਹਿੱਸਾ ਮੋਟਾਪੇ ਕਰਕੇ ਹੋ ਰਿਹਾ ਹੈ। ਇਹ ਅੰਕੜਾ ਇੱਕ ਲੱਖ 35 ਹਜ਼ਾਰ ਦੇ ਕਰੀਬ ਹੈ।
ਇੱਕ ਚੈਰਿਟੀ ਵੱਲੋਂ ਕੀਤੀ ਗਈ ਖੋਜ ਵਿੱਚ ਇਹ ਪਤਾ ਲਗਿਆ ਹੈ ਕਿ ਮੋਟਾਪੇ ਕਾਰਨ ਹੋਣ ਵਾਲੇ ਕੈਂਸਰ ਵਧ ਕੇ 6.3 ਫ਼ੀਸਦ ਹੋ ਗਏ ਹਨ। ਇਹ ਅੰਕੜਾ 2011 ਵਿੱਚ 5.5 ਫ਼ੀਸਦ ਸੀ। ਮੋਟਾਪੇ ਨੂੰ ਸਿਹਤ ਲਈ ਵੱਡਾ 'ਖ਼ਤਰਾ' ਮੰਨਿਆ ਜਾ ਰਿਹਾ ਹੈ।
ਕੈਂਸਰ ਰਿਸਰਚ ਵਿੱਚ ਦੇਖਿਆ ਗਿਆ ਹੈ ਕਿ ਸਕਾਟਲੈਂਡ ਵਿੱਚ 41.5 ਫ਼ੀਸਦ, ਉੱਤਰ ਆਇਰਲੈਂਡ ਵਿੱਚ 38 ਫ਼ੀਸਦ, ਵੇਲਜ਼ ਵਿੱਚ 37.8 ਫ਼ੀਸਦ ਅਤੇ ਇੰਗਲੈਂਡ ਵਿੱਚ 37.3 ਫ਼ੀਸਦ ਕੇਸ ਸਾਹਮਣੇ ਆਏ ਹਨ।
ਯੂਕੇ ਵਿੱਚ ਸਿਗਰਟ ਨਾਲ ਹੋਣ ਵਾਲੇ ਕੈਂਸਰ ਦੀ ਗਿਣਤੀ ਘਟੀ ਹੈ। 2011 ਵਿੱਚ ਇਹ ਅੰਕੜਾ 19.4 ਫ਼ੀਸਦ ਸੀ ਜੋ ਹੁਣ ਘਟ ਕੇ 15.1 ਫ਼ੀਸਦ ਹੋ ਗਿਆ ਹੈ।
'ਮੈਂ ਖ਼ੁਦ ਨੂੰ ਜ਼ਿੰਮੇਵਾਰ ਮੰਨਦੀ ਹਾਂ'
ਕਾਰਲਿਸਲ ਦੀ ਜੈਨਟ ਬੋਕ 51 ਸਾਲ ਦੀ ਉਮਰ ਵਿੱਚ ਬੱਚੇਦਾਨੀ ਦੇ ਕੈਂਸਰ ਦੀ ਸ਼ਿਕਾਰ ਹੋ ਗਈ, ਪੀਰੀਅਡਜ਼ ਬੰਦ ਹੋਣ ਤੋਂ 4 ਸਾਲ ਬਾਅਦ ਉਸਨੂੰ ਖ਼ੂਨ ਦੇ ਨਿਸ਼ਾਨ ਦਿਖਾਈ ਦਿੱਤੇ ਸੀ ਜਿਸ ਨਾਲ ਉਸ ਨੂੰ ਆਪਣੇ ਕੈਂਸਰ ਦਾ ਪਤਾ ਲੱਗਿਆ।
ਬੱਚੇਦਾਨੀ ਕਢਵਾਉਣ ਤੋਂ ਬਾਅਦ ਉਸਦਾ ਕੈਂਸਰ ਠੀਕ ਹੋਇਆ।
ਚੈਕਅਪ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਸਦਾ ਮੋਟਾਪਾ ਕੈਂਸਰ ਦੀ ਠੋਸ ਵਜ੍ਹਾ ਬਣਿਆ। ਉਸ ਸਮੇਂ ਉਸਦੇ 20 ਸਟੋਨ ਸੀ।
55 ਸਾਲਾਂ ਜੈਨਟ ਦਾ ਕਹਿਣਾ ਹੈ,'' ਮੈਨੂੰ ਮਹਿਸੂਸ ਹੋਇਆ ਕਿ ਆਪਣੀ ਇਸ ਹਾਲਤ ਲਈ ਮੈਂ ਖ਼ੁਦ ਜ਼ਿੰਮੇਵਾਰ ਹਾਂ।''
''ਮੈਂ ਸ਼ਾਇਦ ਅਜਿਹੀ ਹਾਲਤ ਵਿੱਚ ਨਾ ਹੁੰਦੀ ਜੇਕਰ ਮੈਂ ਆਪਣੀ ਜੀਵਨ-ਸ਼ੈਲੀ ਵਿੱਚ ਕੁਝ ਸੁਧਾਰ ਲਿਆਏ ਹੁੰਦੇ।''
ਜੈਨਟ ਨੇ ਜਦੋਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਬਦਲਾਅ ਲਿਆਂਦਾ ਤਾਂ ਉਸਦੇ 7 ਸਟੋਨ ਘੱਟ ਗਏ। ਉਸ ਨੇ ਸ਼ੂਗਰ ਲੈਣੀ ਬਹੁਤ ਘੱਟ ਕਰ ਦਿੱਤੀ, ਸਿਹਤਮੰਦ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਅਤੇ ਪਹਿਲਾਂ ਨਾਲੋਂ ਵੱਧ ਚੁਸਤ ਹੋ ਗਈ।
ਕੈਂਸਰ ਦੀ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਯੂਵੀ ਰੇਡੀਏਸ਼ਨ ਸਕਿੱਨ ਕੈਂਸਰ ਲਈ ਇੱਕ ਵੱਡਾ ਖ਼ਤਰਾ ਬਣ ਰਿਹਾ ਹੈ। ਅਜਿਹੇ 13 ਹਜ਼ਾਰ 600 ਕੇਸ ਪਾਏ ਗਏ। ਕੈਂਸਰ ਦੇ ਸਾਰੇ ਕੇਸਾਂ ਵਿੱਚ 3.8 ਫ਼ੀਸਦ ਕੈਂਸਰ ਇਸ ਕਾਰਨ ਹੋ ਰਹੇ ਹਨ।
ਕੁਝ ਕੈਂਸਰ ਦੇ ਕੇਸ ਸ਼ਰਾਬ ਪੀਣ ਕਾਰਨ ਅਤੇ ਕੁਝ ਕੇਸ ਅਜਿਹੇ ਸਨ ਜਿਹੜੇ ਆਪਣੇ ਫਾਈਬਰ ਦੀ ਬਹੁਤ ਘੱਟ ਮਾਤਰਾ ਲੈਣ ਕਾਰਨ ਹੋ ਰਹੇ ਹਨ।
ਇਹ ਸਾਰੀਆਂ ਚੀਜ਼ਾਂ ਕੈਂਸਰ ਦਾ ਕਾਰਨ ਬਣਦੀਆਂ ਹਨ
ਤੰਬਾਕੂ- 15.1% (54,271)
ਮੋਟਾਪਾ- 6.3% (22,761)
ਯੂਵੀ ਰੇਡੀਏਸ਼ਨ-3.8% (13,558)
ਇਨਫੈਕਸ਼ਨ-3.6% (13,086)
ਸ਼ਰਾਬ-3.3% (11,894)
ਫਾਈਬਰ ਦੀ ਘੱਟ ਮਾਤਰਾ ਲੈਣਾ-3.3% (11,693)
ਪੱਕਿਆ ਹੋਇਆ ਮੀਟ- 1.5% (5,352)
ਹਵਾ ਪ੍ਰਦੂਸ਼ਣ-1% (3,591)
ਸਰੀਰਕ ਕਸਰਤ ਘੱਟ ਕਰਨਾ-0.5% (1,917)
ਸਰੋਤ: ਕੈਂਸਰ ਰਿਸਰਚ ਯੂਕੇ
ਯੂਕੇ ਦੀ ਕੈਂਸਰ ਰਿਸਰਚ ਰੋਕਥਾਮ ਦੀ ਮਾਹਿਰ ਲਿੰਡਾ ਬੌਲਡ ਦਾ ਕਹਿਣਾ ਹੈ,'' ਮੋਟਾਪੇ ਨੂੰ ਕੈਂਸਰ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਅਤੇ ਜੇਕਰ ਇਸ ਨੂੰ ਰੋਕਣ ਲਈ ਕੁਝ ਨਾ ਕੀਤਾ ਗਿਆ ਤਾਂ ਇਹ ਸਿਰਫ਼ ਮਾੜਾ ਹੀ ਸਾਬਤ ਹੋਵੇਗਾ।''
ਇੰਸਟੀਚਿਊਟ ਆਫ਼ ਕੈਂਸਰ ਰਿਸਰਚ ਦੇ ਪ੍ਰੋਫੈਸਰ ਮੈਲ ਗਰੀਵਸ ਦਾ ਕਹਿਣਾ ਹੈ,'' ਜੇਕਰ ਮੋਟਾਪੇ ਨੂੰ ਅਣਦੇਖਾ ਕੀਤਾ ਗਿਆ ਤਾਂ ਇਹ ਕੈਂਸਰ ਦਰ ਨੂੰ ਵਧਾ ਸਕਦਾ ਹੈ।''