ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਦੀ ਗੁਗਲੀ 'ਚ ਨਹੀਂ ਫਸਣਾ - ਸੁਸ਼ਮਾ ਸਵਰਾਜ

ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਾਰਾਜ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਕਿਹਾ ਹੈ,"ਅਸੀਂ ਤੁਹਾਡੀ ਗੁਗਲੀ ਵਿੱਚ ਨਹੀਂ ਫਸਾਂਗੇ"

ਸੁਸ਼ਮਾ ਨੇ ਆਪਣੇ ਟਵੀਟ ਵਿੱਚ ਲਿਖਿਆ," ਪਾਕਿਸਤਾਨ ਦੇ ਸ਼੍ਰੀਮਾਨ ਵਿਦੇਸ਼ ਮੰਤਰੀ-ਤੁਹਾਡੀ ਗੁਗਲੀ ਵਾਲੀ ਗੱਲ ਨਾਲ ਕੋਈ ਹੋਰ ਨਹੀਂ ਸਗੋਂ ਤੁਸੀਂ ਆਪ ਹੀ ਉਜਾਗਰ ਹੋਏ ਗਏ ਹੋ। ਇਹ ਦੱਸਦਾ ਹੈ ਕਿ ਸਿੱਖ ਭਾਵਨਾਵਾਂ ਬਾਰੇ ਤੁਹਾਡਾ ਕੋਈ ਸਨਮਾਨ ਨਹੀਂ ਹੈ, ਤੁਸੀਂ ਸਿਰਫ਼ ਗੁਗਲੀ ਖੇਡਦੇ ਹੋ।"

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੁਸ਼ਮਾ ਨੇ ਇਹ ਬਿਆਨ ਪਾਕਿਸਤਾਨੀ ਵਿਦੇਸ਼ ਮੰਤਰੀ ਦੇ ਉਸ ਬਿਆਨ ਦੇ ਜਵਾਬ ਵਿੱਚ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਹ ਗੁਗਲੀ ਮਾਰੀ ਕਿ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਮੌਕੇ ਆਪਣੇ ਦੋ ਮੰਤਰੀ ਭੇਜਣੇ ਪਏ।

ਸੁਸ਼ਮਾ ਸਵਰਾਜ ਨੇ ਅੱਗੇ ਕਿਹਾ, "ਮੈਂ ਤੁਹਾਨੂੰ ਇਹ ਸਾਫ ਕਰ ਦੇਣਾ ਚਾਹੁੰਦੀ ਹਾਂ ਕਿ ਅਸੀਂ ਤੁਹਾਡੀ ਗੁਗਲੀ ਵਿੱਚ ਨਹੀਂ ਆਉਣ ਵਾਲੇ। ਸਾਡੇ ਦੋ ਸਿੱਖ ਮੰਤਰੀ ਪਵਿੱਤਰ ਗੁਰਦੁਆਰੇ ਵਿੱਚ ਅਰਦਾਸ ਕਰਨ ਲਈ ਕਰਤਾਰਪੁਰ ਸਾਹਿਬ ਗਏ ਸਨ।

ਮਹਿਮੂਦ ਕੁਰੈਸ਼ੀ ਨੇ ਇਸ ਲਾਂਘੇ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਇੱਕ ਵੱਡੀ ਕਾਮਯਾਬੀ ਦੱਸਿਆ ਸੀ।

ਇਹ ਬਿਆਨ ਉਨ੍ਹਾਂ ਨੇ ਇਮਰਾਨ ਸਰਕਾਰ ਦੇ 100 ਦਿਨ ਪੂਰੇ ਹੋਣ ਵਾਲੇ ਦਿਨ ਦਿੱਤਾ ਸੀ।

ਇਸ ਮਗਰੋਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੋ ਟਵੀਟ ਕਰਕੇ ਆਪਣਾ ਪੱਖ ਰੱਖਿਆ।

ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਨੇ ਕਰਤਾਰਪੁਰ ਲਈ ਪਾਕਿਸਤਾਨ ਦੇ ਸੱਦੇ ਨੂੰ ਇਹ ਕਹਿ ਕੇ ਖਾਰਿਜ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਪ੍ਰੋਗਰਾਮ ਪਹਿਲਾਂ ਤੋਂ ਬਣਿਆ ਹੋਇਆ ਹੈ।

ਉਨ੍ਹਾਂ ਦੀ ਥਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਪ ਵਿਦੇਸ਼ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਸੀ।

ਸੁਸ਼ਮਾ ਨੇ ਇਸ ਮਗਰੋਂ ਇਹ ਵੀ ਕਿਹਾ ਸੀ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਮਤਲਬ ਇਹ ਕਤਈ ਨਹੀਂ ਕਿ ਭਾਰਤ ਪਾਕਿਸਤਾਨ ਨਾਲ ਦੁਵੱਲੀ ਗੱਲਬਾਤ ਵੀ ਮੁੜ ਸ਼ੁਰੂ ਕਰ ਦੇਵੇਗਾ।

ਉਨ੍ਹਾਂ ਕਿਹਾ ਸੀ ਕਿ ਗੱਲਬਾਤ ਪਾਕਿਸਤਾਨ ਵੱਲੋਂ ਭਾਰਤ ਖਿਲਾਫ ਜਾਰੀ ਅੱਤਵਾਦੀ ਕਾਰਵਾਈਆਂ ਬੰਦ ਹੋਣ ਮਗਰੋਂ ਹੀ ਮੁੜ ਸ਼ੁਰੂ ਹੋ ਸਕੇਗੀ।

ਇੱਧਰ ਸਿੱਧੂ ਦੀ ਪਾਕ ਫੇਰੀ ਨੂੰ ਲੈ ਕੇ ਸਿਆਸਤ

ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ। ਉਸ ਫੇਰੀ ਦੌਰਾਨ ਉਹ ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫ਼ੀ ਪਾਉਣ ਕਾਰਨ ਵਿਵਾਦਾਂ ਵਿੱਚ ਘਿਰ ਗਏ ਸਨ।

ਉਸ ਮਗਰੋਂ ਸਿੱਧੂ ਪਾਕਿਸਤਾਨ ਫੇਰੀ ਬਾਰੇ ਗਾਹੇ-ਬਗਾਹੇ ਸਫਾਈ ਦਿੰਦੇ ਹੀ ਨਜ਼ਰ ਆਉਂਦੇ ਹਨ ਅਤੇ ਇਸ ਵਿਵਾਦ ਨੇ ਹਾਲੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ।

ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਪੰਜਾਬ ਵਿਚ ਕੈਪਟਨ ਨੂੰ ਆਪਣਾ ਆਗੂ ਹੀ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਸਿੱਧੂ ਨੇ ਕੀ ਕਿਹਾ ਸੀ, "ਮੇਰੇ ਕੈਪਟਨ ਰਾਹੁਲ ਗਾਂਧੀ ਹਨ, ਉਨ੍ਹਾਂ ਨੇ ਹੀ ਤਾਂ ਭੇਜਿਆ ਹੈ ਹਰ ਥਾਂ। ਕੀ ਗੱਲ ਕਰ ਰਹੇ ਹੋ ਯਾਰ ਕਿਹੜੇ ਕੈਪਟਨ ਦੀ ਗੱਲ ਕਰ ਰਹੇ ਹੋ, ਅੱਛਾ-ਅੱਛਾ ਕੈਪਟਨ ਅਮਰਿੰਦਰ ਸਿੰਘ ਤਾਂ ਫੌਜ ਦੇ ਕੈਪਟਨ ਹਨ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਸਾਹਬ ਹਨ। ਕੈਪਟਨ ਅਮਰਿੰਦਰ ਮੇਰੇ ਬੌਸ ਨੇ ਅਤੇ ਰਾਹੁਲ ਗਾਂਧੀ ਕੈਪਟਨ"

ਕਰਤਾਰਪੁਰ ਲਾਂਘੇ ਨਾਲ ਜੁੜੀਆਂ ਇਹ ਵੀ ਖ਼ਬਰਾਂ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)