ਅੰਮ੍ਰਿਤਸਰ 'ਚ ਬਾਦਲ ਤੇ ਹੋਰ ਅਕਾਲੀ ਗੁਰੂ ਦੇ ਦਰ 'ਤੇ ਬਖਸ਼ਾ ਰਹੇ ਨੇ ਭੁੱਲਾਂ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 93ਵੇਂ ਜਨਮਦਿਨ ਮੌਕੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਜਾਣੇ-ਅਣਜਾਣੇ' ਕੀਤੀਆਂ ਭੁੱਲਾਂ ਦੀ ਮੁਆਫੀ ਮੰਗਣ ਪਹੁੰਚੀ ਹੋਈ ਹੈ।

ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ ਗਈ ਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਸੰਗਤਾਂ ਦੇ ਜੋੜੇ ਝਾੜ ਕੇ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬੀਬੀ ਜਗੀਰ ਕੌਰ ਨੇ ਲੰਗਰ ਵਿਚ ਪ੍ਰਸ਼ਾਦੇ ਬਣਾ ਕੇ ਸੇਵਾ ਕੀਤੀ।

ਇਸ ਮੌਕੇ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਸ ਸਾਲ ਦੇ ਰਾਜ ਦੌਰਾਨ ਅਤੇ ਅਕਾਲੀ ਦਲ ਦੇ ਬਤੌਰ ਸਮਾਜਿਕ ਜਥੇਬੰਦੀ ਅਣਜਾਣੇ ਵਿਚ ਕਈ ਵਾਰ ਭੁੱਲਾਂ ਹੋ ਜਾਂਦੀਆਂ ਹਨ। ਸਿੱਖ ਰਵਾਇਤ ਮੁਤਾਬਕ ਹੀ ਅਕਾਲੀ ਦਲ ਵੀ ਅਜਿਹਾ ਕਰ ਰਿਹਾ ਹੈ। ਉਨ੍ਹਾਂ ਕਿਸੇ ਖਾਸ ਘਟਨਾ ਜਾਂ ਭੁੱਲ ਜਾ ਜਿਕਰ ਨਹੀਂ ਕੀਤਾ।

ਦੂਜੇ ਪਾਸੇ ਵਿਰੋਧੀ ਧਿਰਾਂ ਦੇ ਆਗੂ ਅਤੇ ਸੋਸ਼ਲ ਮੀਡੀਆ ਉੱਤੇ ਆਮ ਲੋਕ ਅਕਾਲੀ ਲੀਡਰਸ਼ਿਪ ਨੂੰ ਸਵਾਲ ਕਰ ਰਹੇ ਹਨ ਕਿ ਇਹ ਭੁੱਲ ਕਿਸ ਗਲਤੀ ਲਈ ਮੰਨਵਾਈ ਜਾ ਰਹੀ ਹੈ। ਹਰ ਸਿਆਸੀ ਪਾਰਟੀ ਆਪੋ -ਆਪਣੇ ਹਿਸਾਬ ਨਾਲ ਅਕਾਲੀ ਦਲ ਦੀਆਂ ਭੁੱਲਾਂ ਗਿਣਾ ਰਹੇ ਹਨ।

ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਉਹ ਅਜੇ ਕੁਝ ਨਹੀਂ ਕਹਿਣਗੇ। ਸੋਮਵਾਰ ਨੂੰ ਅਖੰਡ ਪਾਠ ਦਾ ਭੋਗ ਪੈਣ ਉਪਰੰਤ ਪ੍ਰੈਸ ਕਾਨਫਰੰਸ ਕਰਕੇ ਸਭ ਸੁਆਲਾ ਦੇ ਜਵਾਬ ਦਿੱਤੇ ਜਾਣਗੇ।ਉਦੋਂ ਤੱਕ ਬਾਣੀ ਸਰਵਣ ਤੇ ਸੇਵਾ ਦਾ ਦੌਰ ਹੀ ਚੱਲੇਗਾ।

ਇਹ ਵੀ ਪੜ੍ਹੋ :

ਅਕਾਲੀ ਲੀਡਰਸ਼ਿਪ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਪਰਮਿੰਦਰ ਢੀਂਡਸਾ ਸ਼ਾਮਿਲ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬੀਬੀ ਜਗੀਰ ਕੌਰ ਵੀ ਅੰਮ੍ਰਿਤਸਰ ਪਹੁੰਚੇ ਹੋਏ ਹਨ।

ਅਕਾਲੀ ਦਲ ਦੀ ਲੀਡਰਸ਼ਿਪ ਧਾਰਮਿਕ ਕਾਰਜਾਂ ਵਿੱਚ ਤਾਂ ਲੱਗੀ ਹੋਈ ਹੈ ਪਰ ਮੀਡੀਆ ਨਾਲ ਕਿਸੇ ਤਰੀਕੇ ਦੀ ਗੱਲਬਾਤ ਨਹੀਂ ਕਰ ਰਹੀ ਹੈ ਇਸ ਲਈ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਮੁਆਫੀ ਕਿਸ ਲਈ ਮੰਗੀ ਜਾ ਰਹੀ ਹੈ। ਅਕਾਲੀ ਦਲ ਦੀ ਲੀਡਰਸ਼ਿਪ ਦਰਬਾਰ ਸਾਹਿਬ ਵਿੱਚ ਤਿੰਨ ਦਿਨ ਤੱਕ ਰਹੇਗੀ।

ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ, "ਰੱਬ ਨੇ ਸਾਨੂੰ 10 ਸਾਲ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੁਆਫੀ ਮੰਗਣਾ ਸਾਡੀ ਧਾਰਮਿਕ ਕਿਰਿਆ ਹੈ। ਅਸੀਂ ਜਾਣੇ-ਅਣਜਾਣੇ ਵਿੱਚ ਕੀਤੀਆਂ ਭੁੱਲਾਂ ਲਈ ਮੁਆਫੀ ਮੰਗ ਰਹੇ ਹਾਂ।''

ਸਿਆਸੀ ਵਿਰੋਧੀਆਂ ਵੱਲੋਂ ਤਿੱਖੇ ਸਵਾਲ

ਅਕਾਲੀ ਦਲ ਵੱਲੋਂ ਦਰਬਾਰ ਸਾਹਿਬ ਜਾ ਕੇ ਜਿਵੇਂ ਹੀ ਅਕਾਲੀਆਂ ਵੱਲੋਂ ਭੁੱਲਾਂ ਬਖਸ਼ਾਉਣ ਦੀਆਂ ਖ਼ਬਰਾਂ ਮੀਡੀਆ ਉੱਤੇ ਨਸ਼ਰ ਹੋਈਆਂ ਤਾਂ ਵਿਰੋਧੀ ਪਾਰਟੀਆਂ ਨੇ ਅਕਾਲੀ ਦਲ ਉੱਤੇ ਤਿੱਖੇ ਹਮਲੇ ਕੀਤੇ।

ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਹਿਲਾ ਅਕਾਲੀ ਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਹੜੀਆਂ ਭੁੱਲਾਂ ਦੀ ਮਾਫ਼ੀ ਮੰਗ ਰਿਹਾ ਹੈ।

ਸਾਬਕਾ ਵਿਰੋਧੀ ਧਿਰ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਭੁੱਲ ਬਖਸ਼ਾਉਣ ਦਾ ਅਰਥ ਹੈ ਕਿ ਬਾਦਲਾਂ ਨੇ ਆਪਣੇ ਗੁਨਾਹ ਮੰਨ ਲਏ ਹਨ ਅਤੇ ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਅਕਾਲੀਆਂ ਨੂੰ ਮਾਫ ਨਾ ਕਰਨ।

'ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ , ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ', ਇਹ ਸ਼ਬਦ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਵਾਲੇ ਦਿਨ ਦਰਬਾਰ ਸਾਹਿਬ ਜਾ ਕੇ ਭੁੱਲਾਂ ਬਖ਼ਸ਼ਾ ਰਹੇ ਅਕਾਲੀਆਂ ਉੱਤੇ ਭਗਵੰਤ ਮਾਨ ਨੇ ਕਾਫ਼ੀ ਸਖ਼ਤ ਟਿੱਪਣੀਆਂ ਕੀਤੀਆਂ।

ਆਪਣੇ ਫੇਸਬੁੱਕ ਪੇਜ਼ ਤੋਂ ਲਾਇਵ ਹੁੰਦਿਆਂ ਭਗਵੰਤ ਮਾਨ ਨੇ ਕਿਹਾ, ' ਅਕਾਲੀ ਦੱਸਣ ਕਿ ਉਹ ਕਿਸ ਗਲਤੀ ਦੀ ਭੁੱਲ਼ ਬਖ਼ਸ਼ਾ ਕਰੇ ਹਨ, ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੈ, ਇਸ ਦਿਨ ਤਾਂ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਚਾਹੀਦੀਆਂ ਸਨ, ਪਰ ਅਕਾਲੀ ਦਲ ਵਾਲੇ ਭੁੱਲਾਂ ਬਖ਼ਸ਼ਾ ਰਹੇ ਹਨ। ਜੇਕਰ ਬਾਦਲ ਦੇ ਜਨਮ ਦਿਨ ਦੀ ਭੁੱਲ਼ ਬਖ਼ਸਾਈ ਜਾ ਰਹੀ ਹੈ ਤਾਂ ਸਾਨੂੰ ਵੀ ਦੱਸ ਦਿੰਦੇ ਅਸੀਂ ਵੀ ਆ ਜਾਂਦੇ।'

ਵਿਰੋਧੀਆਂ ਦੇ ਸਵਾਲਾਂ ਉੱਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, 'ਵਿਰੋਧੀਆਂ ਦਾ ਕੀ ਹੈ , ਇਨ੍ਹਾਂ ਤਾਂ ਗੁਰੂ ਨਹੀਂ ਬਖ਼ਸ਼ੇ ਸਾਨੂੰ ਕੀ ਬਖਸ਼ਣਗੇ। ਬਾਦਲ ਨੇ ਕਿਹਾ ਕਿ ਸੋਮਵਾਰ ਨੂੰ ਹਰ ਸਵਾਲ ਦਾ ਜਵਾਬ ਦੇਣਗੇ।'

ਮਾਫ਼ੀ ਤੇ ਸਿਆਸਤ

2007 ਦੀ ਸ਼ੁਰੂਆਤ ਵਿੱਚ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਦਸਵੀਂ ਪਾਤਸ਼ਾਹੀ ਵਰਗੀ ਪੋਸ਼ਾਕ ਵਿੱਚ ਤਸਵੀਰ ਸਾਹਮਣੇ ਆਈ।ਮਈ 2007 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰਮੀਤ ਰਾਮ ਰਹੀਮ ਨਾਲ ਕਿਸੇ ਵੀ ਤਰੀਕੇ ਦੀ ਸਾਂਝ ਨਾ ਰੱਖਣ ਦਾ ਹੁਕਮ ਸੁਣਾਇਆ ਸੀ।

24 ਸਤੰਬਰ 2015 ਨੂੰ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਸੀ।ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ 16 ਅਕਤੂਬਰ ਨੂੰ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਵਾਪਸ ਲੈ ਲਈ ਸੀ।

2017 ਵਿੱਚ ਚੋਣਾਂ ਤੋਂ ਬਾਅਦ ਸਿਆਸੀ ਆਗੂਆਂ ਵੱਲੋਂ ਚੋਣਾਂ ਦੌਰਾਨ ਡੇਰੇ ਤੋਂ ਵੋਟਾਂ ਮੰਗਣ ਦੀਆਂ ਤਸਵੀਰਾਂ ਜਨਤਕ ਹੋਈਆਂ ਜਿਸ ਤੋਂ ਅਕਾਲ ਤਖਤ ਸਾਹਿਬ ਵੱਲੋਂ 44 ਸਿਆਸੀ ਆਗੂਆਂ ਨੂੰ ਸੰਮਨ ਕੀਤਾ ਗਿਆ।

ਇਨ੍ਹਾਂ ਆਗੂਆਂ ਵਿੱਚ 29 ਅਕਾਲੀ ਦਲ, 14 ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਦਾ ਆਗੂ ਸ਼ਾਮਿਲ ਸੀ।

ਇਨ੍ਹਾਂ ਆਗੂਆਂ ਵਿੱਚ ਮੌਜੂਦਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਪਰਮਿੰਦਰ ਢੀਂਡਸਾ ਵੀ ਸ਼ਾਮਿਲ ਸਨ।

ਸ਼ਨੀਵਾਰ ਨੂੰ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਗਏ ਜਿਨ੍ਹਾਂ ਦੇ ਭੋਗ 10 ਦਸੰਬਰ ਨੂੰ ਪੈਣਗੇ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)